ਕਾਮੇਡੀ ਤੇ ਰੋਮਾਂਸ ਦਾ ਸੁਮੇਲ ਹੋਵੇਗੀ ‘ਸਰਦਾਰ ਜੀ 2’

ਇਕ ਪੰਜਾਬੀ ਫ਼ਿਲਮ ਰਿਲੀਜ਼ ਕਰਨ ਵਾਲੇ ਬੈਨਰ ‘ਵ੍ਹਾਈਟ ਹਿੱਲ ਪ੍ਰੋਡਕਸ਼ਨ’ ਵੱਲੋਂ 24 ਜੂਨ ਨੂੰ ਦਿਲਜੀਤ ਦੋਸਾਂਝ ਦੀ ਅਦਾਕਾਰੀ ਵਾਲੀ ਨਵੀਂ ਪੰਜਾਬੀ ਫ਼ਿਲਮ ‘ਸਰਦਾਰ ਜੀ 2’ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫ਼ਿਲਮ ‘ਚ ਜਸਵਿੰਦਰ ਭੱਲਾ, ਸੋਨਮ ਬਾਜਵਾ, ਮੋਨਿਕਾ ਗਿੱਲ, ਯਸ਼ਪਾਲ ਸ਼ਰਮਾ ਸਮੇਤ ਕਈ ਹੋਰ ਮੰਝੇ ਹੋਏ ਅਦਾਕਾਰਾਂ ਦੀ ਅਦਾਕਾਰੀ ਦੇਖਣ ਨੂੰ ਮਿਲੇਗੀ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ‘ਸਰਦਾਰ ਜੀ’ ਨੇ ਕਮਾਈ ਪੱਖੋਂ ਰਿਕਾਰਡ ਤੋੜ ਸਫ਼ਲਤਾ ਹਾਸਲ ਕੀਤੀ ਸੀ ਤੇ ਹੁਣ ਉਸ ਦਾ ਅਗਲਾ ਹਿੱਸਾ ਰਿਲੀਜ਼ ਕੀਤਾ ਜਾ ਰਿਹਾ ਹੈ। ‘ਸਰਦਾਰ ਜੀ 2’ ਇੱਕ ਅਜਿਹੇ ਨੌਜਵਾਨ ਕਿਸਾਨ ਦੀ ਕਹਾਣੀ ਹੈ, ਜਿਹੜਾ ਜੈਵਿਕ ਖੇਤੀ ਨਾਲ ਜੁੜਦਾ ਹੈ ਅਤੇ ਫੇਰ ਆਪਣੇ ਪਿੰਡ ਦੇ ਕਿਸੇ ਮਸਲੇ ਦੇ ਹੱਲ ਲਈ ਆਸਟ੍ਰੇਲੀਆ ਪਹੁੰਚਦਾ ਹੈ।

ਇਸ ਫ਼ਿਲਮ ਸਬੰਧੀ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਰੋਹਿਤ ਜੁਗਰਾਜ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ‘ਸਰਦਾਰ ਜੀ’ ਤੋਂ ਵੀ ਦੋ ਕਦਮ ਅੱਗੇ ਹੋਵੇਗੀ। ਇਸ ਵਿਚ ਹਰ ਵਰਗ ਦੀ ਪਸੰਦ ਵਾਲਾ ਮਸਾਲਾ ਪੇਸ਼ ਕੀਤਾ ਗਿਆ ਹੈ। ਫ਼ਿਲਮ ਪੂਰੀ ਤਰ੍ਹਾਂ ਪਰਿਵਾਰਕ ਹੈ ਤੇ ਦਰਸ਼ਕਾਂ ਨੂੰ ਹਸਾਉਣ ਦੇ ਨਾਲ ਨਾਲ ਸੰਦੇਸ਼ ਦੇਣ ਵਿਚ ਵੀ ਸਫ਼ਲ ਹੋਵੇਗੀ।

‘ਸਰਦਾਰ ਜੀ 2’ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਦਿਲਜੀਤ ਦੋਸਾਂਝ ਨਾਲ ਉਨ੍ਹਾਂ ਵੱਲੋਂ ਹੁਣ ਤੱਕ ‘ਜੱਟ ਐਂਡ ਜੂਲੀਅਟ’, ‘ਜੱਟ ਐਂਡ ਜੂਲੀਅਟ 2’, ‘ਪੰਜਾਬ 1984’ ਤੇ ‘ਸਰਦਾਰ ਜੀ’ ਫ਼ਿਲਮਾਂ ਕੀਤੀਆਂ ਜਾ ਚੁੱਕੀਆਂ ਹਨ ਤੇ ਹੁਣ ਉਨ੍ਹਾਂ ਵੱਲੋਂ ‘ਸਰਦਾਰ ਜੀ 2’ ਰਿਲੀਜ਼ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਨਿਰਮਾਤਾ ਮਨਮੋੜ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਅੱਜ ਤੱਕ ਜਿੰਨੀਆਂ ਵੀ ਫ਼ਿਲਮਾਂ ਰਿਲੀਜ਼ ਕੀਤੀਆਂ, ਸਭ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਗਿਆ। ਉਨ੍ਹਾਂ ਦੇ ਬੈਨਰ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਪੰਜਾਬੀ ਸਿਨੇਮਾ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇ ਤੇ ਉਹ ਆਪਣੇ ਵੱਲੋਂ 100 ਫ਼ੀਸਦੀ ਕੰਮ ਕਰ ਰਹੇ ਹਨ।

Be the first to comment

Leave a Reply