ਅੱਜ ਦੀ ਸੁਪਰਹਿੱਟ ਗਾਇਕ ਜੋੜੀ : ਆਤਮਾ ਤੇ ਰੋਜ਼ੀ

ਚਮਚਿਆਂ ਨਾਲ ਸ਼ਰਾਬਾਂ ਹੁੰਦੇ ਨੇ ਚੋਜ਼ ਅਮੀਰਾਂ ਦੇ, ਵਿਆਹ ਕਰਵਾ ਕੇ ਮਗਰੋਂ ਪੁੱਛਦਾ ਕੌਣ ਵਿਚੋਲਿਆਂ ਨੂੰ, ਬੋਲਾਂ ਨੇ ਮੇਰੇ ‘ਤੇ ਅਜਿਹਾ ਜਾਦੂ ਕੀਤਾ ਕਿ ਮੈਂ ਤਾਂ ਕੀ ਬਲ ਕੇ ਸਾਰੇ ਲੋਕ ਇਸ ਜੋੜੀ ਦੇ ਬਣ ਕੇ ਰਹਿ ਗਏ। ਦੂਰਦਰਸ਼ਨ ਜਲੰਧਰ ਵੱਲੋਂ ਤਿਆਰ ਕੀਤੇ ਨਵੇਂ ਸਾਲ ਦੇ ਰੰਗਾ-ਰੰਗ ਪ੍ਰੋਗਰਾਮ ਵਿਚ ਇਕ ਅਜਿਹਾ ਡਿਊਟ ਗੀਤ ਆਇਆ, ਜਿਸ ਦੀ ਆਵਾਜ਼ ਦੇ ਬੋਲਾਂ ਤੇ ਸਾਜ਼ਾਂ ਦੀਆਂ ਧੁਨਾਂ ਨੇ ਟੀ. ਵੀ. ਦੇਖਣ ਵਾਲਿਆਂ ਨੂੰ ਨੱਚਣ-ਟੱਪਣ ਲਈ ਮਜਬੂਰ ਕਰ ਦਿੱਤਾ। ਗੀਤ ਦੇ ਬੋਲ ਸਨ ‘ਲਿਖੀ ਜੱਟ ਦੇ ਮੁਕੱਦਰਾਂ ‘ਚ ਐਸ਼ ਰੱਬ ਨੇ।’ ਜੇਕਰ ਸਾਡੇ ਸੱਭਿਆਚਾਰ ਦੇ ਰਖਵਾਲਿਆਂ ਦੇ ਮੁਕਾਬਲੇ ਕਰਵਾਏ ਜਾਣ ਤਾਂ ਸਹਿਜੇ ਹੀ ਇਹ ਜੋੜੀ ਪਹਿਲੇ ਨੰਬਰ ‘ਤੇ ਆਵੇਗੀ ਕਿਉਂਕਿ ਇਨ੍ਹਾਂ ਦੇ ਗੀਤਾਂ ਵਿਚ ਅਕਸਰ ਹੀ ਘੱਗਰੇ, ਫੁਲਕਾਰੀਆਂ, ਚਰਖੇ ਤੇ ਲੱਸੀ ਆਦਿ ਦਾ ਜ਼ਿਕਰ ਹੁੰਦਾ ਹੈ। ਸੋ, ਜ਼ਿਆਦਾ ਬੁਝਾਰਤਾਂ ਨਾ ਪਾਉਂਦਾ ਹੋਇਆ ਤੁਲਸੀ ਦੇ ਪੱਤੇ ਵਰਗੀ ਗੁਣਕਾਰੀ, ਕੁਲਕੰਦ ਵਰਗੀ ਮਿੱਠੀ, ਸੱਜਰੀ ਵਿਆਹੀ ਦੇ ਮੇਕਅੱਪ ਵਰਗੀ ਸੋਹਣੀ ਸੁਨੱਖੀ ਜੋੜੀ ਜੋ ਕਿ ਮਾਝੇ ਦਾ ਮਾਣ ਤੇ ਦੁਆਬੇ ਦੀ ਸ਼ਾਨ ਦਾ ਨਾਂਅ ਹੈ ਮਿਸਟਰ ਆਤਮਾ ਸਿੰਘ ਤੇ ਮੈਡਮ ਅਮਨ ਰੋਜ਼ੀ। ਜੇਕਰ ਇਨ੍ਹਾਂ ਦੇ ਸੰਗੀਤਕ ਜੀਵਨ ਵੱਲ ਧਿਆਨ ਮਾਰਿਆ ਜਾਵੇ ਤਾਂ ਆਤਮਾ ਤੇ ਰੋਜ਼ੀ ਆਪਣੀ ਮਿਹਨਤ ਤੇ ਇਮਾਨਦਾਰੀ ਅਤੇ ਗਾਇਕੀ ਦੇ ਜ਼ਰੀਏ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਵਿਚ ਵੀ ਧੁੰਮਾਂ ਪਾ ਕੇ ਆਪਣੀ ਗਾਇਕੀ ਦਾ ਲੋਹਾ ਮੰਨਵਾ ਆਏ ਹਨ। ਬਹੁਤ ਹੀ ਜਲਦੀ ਸਰੋਤਿਆਂ ਦੀ ਮੰਗ ‘ਤੇ ਗੀਤਾਂ ਦਾ ਗੁਲਦਸਤਾ ਲਾਈਵ ਟੂ ਬਹੁਤ ਹੀ ਜਲਦੀ ਮਾਰਕੀਟ ਵਿਚ ਦੇ ਰਹੀ ਹੈ। ਜਿਥੇ ਆਤਮਾ ਇਕ ਐਨਾ ਵਧੀਆ ਗਾਇਕ ਹੈ, ਉਥੇ ਉਹ ਉਸ ਤੋਂ ਵੀ ਵਧੀਆ ਲੇਖਕ ਤੇ ਇਨਸਾਨ ਹੈ। ਚਮਕੀਲੇ ਵਾਂਗ ਆਪ ਹੀ ਸਾਰੇ ਗੀਤ ਲਿਖਦਾ ਹੈ। ਇਸ ਜੋੜੀ ਦਾ ਮਾਰਕੀਟ ਵਿਚ ਜਾਂ ਟੀ. ਵੀ. ‘ਤੇ ਆਏ ਗੀਤਾਂ ਅਤੇ ਸਟੇਜ ‘ਤੇ ਵੀ ਇਨ੍ਹਾਂ ਵੱਲੋਂ ਗਾਈਆਂ ਗਈਆਂ ਆਈਟਮਾਂ ਸਰੋਤਿਆਂ ਲਈ ਗਰਮੀ ਵਿਚ ਏ. ਸੀ. ਅਤੇ ਸਰਦੀ ਵਿਚ ਹੀਟਰ ਦਾ ਕੰਮ ਕਰਦੀਆਂ ਹਨ।

ਜਿਹੜੇ ਲੋਕ ਡਿਊਟ ਜੋੜੀਆਂ ਨੂੰ ਅਸ਼ਲੀਲ ਸਮਝਦੇ ਹਨ ਤਾਂ ਉਹ ਆਤਮੇ ਤੇ ਰੋਜ਼ੀ ਦਾ ਅਖਾੜਾ ਸੁਣ ਕੇ ਆਪਣਾ ਭਰਮ ਦੂਰ ਕਰ ਸਕਦੇ ਹਨ। ਸਾਰੀਆਂ ਰਚਨਾਵਾਂ ਪਰਿਵਾਰਕ ਹੋਣ ਦੇ ਨਾਲ-ਨਾਲ ਅਨੰਦਮਈ ਤੇ ਸਮਾਜ ਪ੍ਰਤੀ ਵਧੀਆ ਸੇਧ ਵੀ ਦਿੰਦੀਆਂ ਹਨ। ਅਖਾੜਾ ਸ਼ੁਰੂ ਹੋਣ ਤੋਂ ਅਖੀਰ ਤੱਕ ਲੋਕਾਂ ਨੂੰ ਮਦਾਰੀ ਦੇ ਤਮਾਸ਼ੇ ਵਾਂਗ ਕੀਲ ਕੇ ਬਿਠਾਉਣ ਦਾ ਜਾਦੂ ਇਸ ਜੋੜੀ ਦੇ ਕੋਲ ਹੈ। ਆਤਮੇ ਤੇ ਰੋਜ਼ੀ ਕੋਲ ਪ੍ਰੋਗਰਾਮਾਂ ਦਾ ਵੀ ਏਨਾ ਰਸ਼ ਹੈ ਜਿਵੇਂ ਇਕੱਤੀ ਮਾਰਚ ਨੂੰ ਟੁੱਟੇ ਹੋਏ ਸ਼ਰਾਬ ਦੇ ਠੇਕਿਆਂ ‘ਤੇ। ਸੋ, ਪਰਮਾਤਮਾ ਅੱਗੇ ਅਰਦਾਸਾਂ ਕਰਦੇ ਹਾਂ ਕਿ ਦੁਨੀਆ ਦੀਆਂ ਭੈੜੀਆਂ ਤੋਂ ਭੈੜੀਆਂ ਨਜ਼ਰਾਂ ਤੋਂ ਬਚਾਅ ਕੇ ਰੱਖੀਂ। ਮੈਂ ਤਾਂ ਸਿਰਫ਼ ਇਹੀ ਕਹਾਂਗਾ ਕਿ ਹਰ ਕੰਮ ਵਿਚ ਤੂੰ, ਹਰ ਗਮ ਵਿਚ ਤੂੰ, ਕੀ ਦੱਸਾਂ ਆਤਮੇ ਹਰ ਦਮ ਵਿਚ ਤੂੰ।

-ਸੁਰਿੰਦਰਪਾਲ ਸਿੰਘ ਐਸ. ਪੀ

Be the first to comment

Leave a Reply