ਸਾਡੇ ਭਗਵਾਨ ਅਤੇ ਉਨ੍ਹਾਂ ਦੇ ਵਾਹਨ

ਸਾਡਾ ਦੇਸ਼ ਆਸਥਾ ਭਰਪੂਰ ਦੇਸ਼ ਹੈ। ਪੁਰਾਣੇ ਜ਼ਮਾਨੇ ਵਿਚ ਲੋਕ ਜਲ, ਅਗਨੀ ਅਤੇ ਵਾਯੂ ਦੀ ਪੂਜਾ ਕਰਦੇ ਸਨ। ਇਸ ਤੋਂ ਬਿਨਾਂ ਪਸ਼ੂ, ਪੰਛੀਆਂ ਅਤੇ ਜਾਨਵਰਾਂ ਨੂੰ ਵੀ ਪੂਜਦੇ ਸਨ ਜੋ ਸਾਡੇ ਦੇਵੀ-ਦੇਵਤਿਆਂ ਦੇ ਵਾਹਨਾਂ ਵਜੋਂ ਜਾਣੇ ਜਾਂਦੇ ਸਨ।

ਸਾਡੇ ਪ੍ਰਮੁੱਖ ਤਿੰਨ ਦੇਵਤੇ ਹਨ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼। ਇਹ ਸਾਡੀ ਸ੍ਰਿਸ਼ਟੀ ਦੇ ਉਤਪਾਦਕ, ਪਾਲਕ ਅਤੇ ਸੰਚਾਲਕ ਹਨ। ਇਨ੍ਹਾਂ ਦੀ ਦਯਾ ਦ੍ਰਿਸ਼ਟੀ ਨਾਲ ਹੀ ਸਾਡਾ ਸੰਸਾਰ ਚਲਦਾ ਹੈ। ਇਨ੍ਹਾਂ ਤਿੰਨਾਂ ਕੋਲ ਆਪੋ-ਅਪਣੇ ਵਾਹਨ ਹਨ। ਬ੍ਰਹਮਾ ਜੀ ਦਾ ਵਾਹਨ ਹੰਸ ਹੈ। ਇਹ ਬਹੁਤ ਹੀ ਸ਼ਾਂਤ ਸੁਭਾਅ ਦਾ ਜਾਨਵਰ ਹੈ। ਇਸ ਦੀ ਤੁਲਨਾ ਰਿਸ਼ੀਆਂ ਮੁਨੀਆਂ ਦੀ ਸ਼ਾਂਤ ਮੁਦਰਾ ਨਾਲ ਕੀਤੀ ਜਾਂਦੀ ਹੈ।

ਵਿਸ਼ਨੂੰ ਭਗਵਾਨ ਦਾ ਵਾਹਨ ਗਰੁੜ ਹੈ ਜਿਸ ਨੂੰ ਗਿੱਧ ਦੇ ਪਰਵਾਰ ‘ਚੋਂ ਹੀ ਸਮਝਿਆ ਜਾਂਦਾ ਹੈ। ਜਿਸ ਸਮੇਂ ਵਿਸ਼ਨੂੰ ਭਗਵਾਨ ਆਰਾਮ ਕਰ ਰਹੇ ਹੁੰਦੇ ਹਨ, ਉਸ ਸਮੇਂ ਉਹ ਹਮੇਸ਼ਾ ਸ਼ੇਸ਼ਨਾਗ ‘ਤੇ ਲੇਟੇ ਹੁੰਦੇ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੀ ਹੈ ਪਰ ਕਿਸੇ ਆਪਾਤ ਸਥਿਤੀ ਜਾਂ ਕਿਸੇ ਜੰਗ ਦੇ ਸਮੇਂ ਉਹ ਅਪਣੇ ਵਾਹਨ ‘ਤੇ ਬੈਠ ਕੇ ਯੁੱਧ ਕਰਦੇ ਹਨ। ਜਦੋਂ ਕੋਈ ਵੀ ਭਗਵਾਨ ਕਿਸੇ ਹੋਰ ਰੂਪ ਵਿਚ ਅਵਤਾਰ ਲੈਂਦਾ ਹੈ ਤਾਂ ਉਸ ਤੋਂ ਉਸ ਦਾ ਵਾਹਨ ਖੋਹ ਲਿਆ ਜਾਂਦਾ ਹੈ। ਇਹੀ ਕਾਰਨ ਸੀ ਕਿ ਜਦ ਤਰੇਤਾ ਯੁੱਗ ਵਿਚ ਭਗਵਾਨ ਵਿਸ਼ਨੂੰ ਸ੍ਰੀ ਰਾਮ ਚੰਦਰ ਜੀ ਦੇ ਰੂਪ ਵਿਚ ਆਏ ਸਨ ਤਾਂ ਇਨ੍ਹਾਂ ਕੋਲ ਅਪਣਾ ਕੋਈ ਵਾਹਨ ਨਹੀਂ ਸੀ। ਦੇਵਤਾਗਣ ਡੈਪੂਟੇਸ਼ਨ ‘ਤੇ ਧਰਤੀ ਉਤੇ ਆਏ ਹੁੰਦੇ ਹਨ।

ਮਹੇਸ਼ ਹੀ ਸ਼ਿਵਜੀ ਭਗਵਾਨ ਦਾ ਇਕ ਨਾਮ ਹੈ, ਇਨ੍ਹਾਂ ਦੇ ਵਾਹਨ ਬਾਰੇ ਤਾਂ ਸਾਰੇ ਵਾਕਫ਼ ਹਨ। ਇਨ੍ਹਾਂ ਦਾ ਵਾਹਨ ਨੰਦੀ ਬੈਲ ਹੈ। ਸ਼ਿਵਜੀ ਭਗਵਾਨ ਦੇ ਹਰ ਮੰਦਰ ਦੇ ਬਾਹਰ ਨੰਦੀ ਬੈਲ ਦੀ ਮੂਰਤੀ ਵਿਖਾਈ ਦਿੰਦੀ ਹੈ। ਇਨ੍ਹਾਂ ਨੇ ਕੈਲਾਸ਼ ਪਰਬਤ ਜਾਣਾ ਹੋਵੇ ਜਾਂ ਕਿਤੇ ਹੋਰ, ਇਹ ਨੰਦੀ ਦੀ ਸਵਾਰੀ ਕਰਦੇ ਹਨ। ਹਰ ਭਗਵਾਨ ਦੇ ਵਾਹਨ ਪਿੱਛੇ ਕੋਈ ਨਾ ਕੋਈ ਕਹਾਣੀ ਜੁੜੀ ਹੋਈ ਹੈ। ਇਸੇ ਤਰ੍ਹਾਂ ਇੰਦਰ ਦਾ ਵਾਹਨ ਇਰਾਵਤ ਹਾਥੀ ਹੈ ਜਿਸ ਦੇ 6.7 ਸੁੰਡ ਹੁੰਦੇ ਹਨ। ਇੰਦਰ ਇਕ ਪਦਵੀ ਦਾ ਨਾਮ ਹੈ। ਸੂਰਜ ਦੇਵਤਾ ਦਾ ਵਾਹਨ ਸੱਤ ਘੋੜਿਆਂ ਵਾਲਾ ਰੱਥ ਹੈ। ਮੌਤ ਦੇ ਦੇਵਤੇ ਯਮਰਾਜ ਦਾ ਵਾਹਨ ਝੋਟਾ ਹੈ ਜਿਸ ‘ਤੇ ਚੜ੍ਹ ਕੇ ਉਹ ਆਕਾਸ਼ ਤੋਂ ਧਰਤੀ ਤਕ ਅਣਗਿਣਤ ਚੱਕਰ ਲਗਾਉਂਦਾ ਹੈ। ਜਿਸ ਦਾ ਸਮਾਂ ਪੂਰਾ ਹੋ ਜਾਂਦਾ ਹੈ, ਇਹ ਉਸ ਦੇ ਘਰ ਆ ਧਮਕਦਾ ਹੈ। ਇਕ ਵਾਰ ਮੈਨੂੰ ਵੀ ਯਮਰਾਜ ਸੁਪਨੇ ਵਿਚ ਮਿਲੇ ਅਤੇ ਕਿਹਾ….
ਬਹੁਤ ਹੀ ਘੁੰਮਣ-ਘੇਰੀਆਂ ਜਹੀਆਂ ਗਲੀਆਂ ‘ਚ ਘਰ ਹੈ ਤੇਰਾ,ਕਈ ਵਾਰ ਤਾਂ ਭੈਂਸਾ ਵੀ ਚਲਦਾ ਚਲਦਾ ਆਕੜ ਗਿਆ ਮੇਰਾ।
ਮੈਂ ਕਿਹਾ ” ਸਰ! ਸਾਡਾ ਸ਼ਹਿਰ ਸੁਨਾਮ ਬੜਾ ਉੱਚਾ ਨੀਵਾਂ ਹੈ। ਇਥੇ ਤਾਂ ਚੰਗੇ-ਚੰਗੇ ਵਾਹਨ ਅੜ ਜਾਂਦੇ ਹਨ।”
”ਅੱਛਾ, ਬੱਚਾ ਚਲ ਬੈਠ ਭੈਂਸੇ ‘ਤੇ, ਤੇਰੇ ਦਿਨ ਪੂਰੇ ਹੋ ਚੁੱਕੇ ਹਨ।” ਮੈਂ ਕਿਹਾ, ”ਸਰ! ਮੇਰੀ ਤਾਂ ਅਜੇ ਉਮਰ ਬਹੁਤ ਛੋਟੀ ਹੈ ਅਤੇ ਨਾ ਹੀ ਉਮਰ ਕੋਈ ਮਾਪਦੰਡ ਹੈ ਮੌਤ ਲਈ। ਇਹ ਤਾਂ ਅਟਲ ਸਚਾਈ ਹੈ ਹਰ ਲਈ। ਮੈਂ ਯਮਰਾਜ ਨਾਲ ਬਹਿਸ ਰਿਹਾ ਸਾਂ ਕਿ ਪਤਨੀ ਨੇ ਜਗਾ ਦਿਤਾ। ਸੁਪਨੇ ਦਾ ਲਿੰਕ ਟੁੱਟ ਗਿਆ।”
ਕਈ ਦੇਵਤਿਆਂ ਦੇ ਵਾਹਨ ਤਾਂ ਅਸੁਰ ਹਨ। ਜਿਸ ਤਰ੍ਹਾਂ ਸ਼ਿਵਜੀ ਭਗਵਾਨ ਦੇ ਪੁੱਤਰ ਕਾਰਤੀਕੇ ਦਾ ਵਾਹਨ ਮੋਰ ਹੈ ਅਤੇ ਸ੍ਰੀ ਗਣੇਸ਼ ਜੀ ਦਾ ਵਾਹਨ ਚੂਹਾ ਹੈ ਜੋ ਅਸਲ ਵਿਚ ਦੈਂਤ ਸਨ ਅਤੇ ਇਸ ਤਰ੍ਹਾਂ ਦੇ ਪਸ਼ਚਾਤਾਪ ਵਜੋਂ ਉਨ੍ਹਾਂ ਨੂੰ ਇਹ ਰੂਪ ਪ੍ਰਾਪਤ ਹੋਏ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਦੇਵੀ ਜਾਂ ਦੇਵਤੇ ਦਾ ਵਾਹਨ ਮਾਦਾ ਨਹੀਂ, ਸਾਰੇ ਨਰ ਹੀ ਹਨ। ਸਾਡੀਆਂ ਦੇਵੀਆਂ ਕੋਲ ਵੀ ਅਪਣੇ ਵਾਹਨ ਹਨ। ਲਕਸ਼ਮੀ ਦੇਵੀ ਜਿਸ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ, ਦਾ ਵਾਹਨ ਉੱਲੂ ਨੂੰ ਸਮਝਿਆ ਜਾਂਦਾ ਹੈ ਪਰ ਇਹ ਪੂਰੀ ਤਰ੍ਹਾਂ ਠੀਕ ਨਹੀਂ ਕਿਹਾ ਜਾ ਸਕਦਾ। ਕੁੱਝ ਲੋਕ ਉੱਲੂ ਨੂੰ ਲਕਸ਼ਮੀ ਦੇਵੀ ਦੀ ਭੈਣ ਅਲਕਲਕਸ਼ਮੀ ਦਾ ਵਾਹਨ ਕਹਿੰਦੇ ਹਨ। ਉਂਜ ਵੇਖਦੇ ਹਾਂ ਕਿ ਲਕਸ਼ਮੀ ਜੀ ਦਾ ਵਾਹਨ ਸਫ਼ੈਦ ਹਾਥੀ ਹੈ। ਕਈ ਤਸਵੀਰਾਂ ਵਿਚ ਵੇਖਦੇ ਹਾਂ ਕਿ ਸਫ਼ੈਦ ਹਾਥੀ ਦੇਵੀ ਮਾਤਾ ਨੂੰ ਦੁਧ ਨਾਲ ਨਹਾ ਰਹੇ ਹੁੰਦੇ ਹਨ। ਇਸ ਕਰ ਕੇ ਇਨ੍ਹਾਂ ਦਾ ਵਾਹਨ ਹਾਥੀ ਹੈ।

ਇਨਸਾਨ ਐਵੇਂ ਨਹੀਂ ਦੇਵੀਆਂ ਦੀ ਪੂਜਾ ਕਰਦੇ। ਉਹ ਦੇਵੀਆਂ ਤੋਂ ਧਨ, ਸ਼ਕਤੀ, ਬੁੱਧੀ ਅਤੇ ਸ਼ੁੱਧੀ ਲਈ ਇਨ੍ਹਾਂ ਨੂੰ ਧਿਆਉਂਦੇ ਹਨ। ਇਸ ਕਰ ਕੇ ਇਨ੍ਹਾਂ ਦਾ ਮਹੱਤਵ ਵੀ ਬਹੁਤ ਹੈ। ਸਰਸਵਤੀ ਵਿਦਿਆ ਦੀ ਦੇਵੀ ਹੈ। ਸਰਸਵਤੀ ਦਾ ਵਾਹਨ ਵੀ ਹੰਸ ਹੈ ਪਰ ਇਹ ਬਗਲਾ ਕਿਸਮ ਦਾ ਹੈ ਜੋ ਹਮੇਸ਼ਾ ਅਪਣੇ ਹੀ ਧਿਆਨ ਵਿਚ ਗਵਾਚਿਆ ਮਿਲਦਾ ਰਹਿੰਦਾ ਹੈ।

ਮਾਤਾ ਸ਼ੇਰਾਂ ਵਾਲੀ ਜਿਸ ਨੂੰ ਦੁਰਗਾ ਮਾਤਾ ਕਿਹਾ ਜਾਂਦਾ ਹੈ, ਸ਼ਕਤੀ ਦੀ ਦੇਵੀ ਹੈ। ਇਸ ਦੀ ਸਵਾਰੀ ਸ਼ੇਰ ਹੈ। ਮਾਤਾ ਵੈਸ਼ਨੋ ਦੇਵੀ ਵੀ ਸ਼ੇਰ ਦੀ ਸਵਾਰੀ ਕਰਦੀ ਹੈ ਪਰ ਦੋਹਾਂ ਦੇ ਸ਼ੇਰਾਂ ਦੇ ਕੱਦ-ਕਾਠ ਵਿਚ ਫ਼ਰਕ ਹੈ। ਸਾਡੇ ਇਥੇ ਸ਼ੇਰ ਅਤੇ ਬਾਘ ਨੂੰ ਇਕੋ ਸਮਾਨ ਹੀ ਸਮਝਿਆ ਜਾਂਦਾ ਹੈ। ਔਰਤਾਂ ਮਾਤਾ ਦੇ ਨਰਾਤੇ ਰਖਦੀਆਂ ਹਨ ਅਤੇ ਲੋਕ ਘਰ ਦੀ ਸ਼ੁੱਧਤਾ ਲਈ ਜਗਰਾਤੇ ਕਰਵਾਉਂਦੇ ਹਨ ਅਤੇ ਮਾਤਾ ਨੂੰ ਧਿਆਉਂਦੇ ਹਨ।

ਮਾਤਾ ਕਾਲੀ ਨੂੰ ਵੀ ਪੰਜਾਬ ਅਤੇ ਬੰਗਾਲ ਵਿਚ ਬਹੁਤ ਪੂਜਿਆ ਜਾਂਦਾ ਹੈ। ਇਹ ਵੀ ਤਾਕਤ ਦੀ ਦੇਵੀ ਹੈ। ਇਸ ਨੂੰ ਚੰਡੀ ਵੀ ਕਿਹਾ ਜਾਂਦਾ ਹੈ। ਇਸ ਨੇ ਬਹੁਤ ਸਾਰੇ ਰਾਖ਼ਸ਼ਾਂ ਦਾ ਸੰਹਾਰ ਕੀਤਾ ਹੈ। ਅੰਦਰੂਨੀ ਤੌਰ ‘ਤੇ ਇਹ ਸਾਰੇ ਦੇਵੀ ਦੇਵਤੇ ਇਕ ਦੂਜੇ ਦੀ ਬਹੁਤ ਇੱਜ਼ਤ ਕਰਦੇ ਹਨ ਤੇ ਸੱਭ ਇਕ ਦੂਜੇ ਦੀ ਸਹਾਇਤਾਂ ਲਈ ਤਤਪਰ ਰਹਿੰਦੇ ਹਨ।

ਇਨਸਾਨ ਤਾਂ ਅਪਣੇ ਵਾਹਨ ਅਕਸਰ ਹੀ ਬਦਲਦੇ ਰਹਿੰਦੇ ਹਨ ਪਰ ਸਾਡੇ ਭਗਵਾਨ ਅਪਣੇ ਪੁਰਾਣੇ ਵਾਹਨਾਂ ਨਾਲ ਹੀ ਸੰਤੁਸ਼ਟ ਹਨ। ਲਗਦਾ ਹੈ ਇਨ੍ਹਾਂ ਦੇ ਵਾਹਨ ਵੀ ਇਨ੍ਹਾਂ ਨੂੰ ਛੱਡਣ ਲਈ ਤਿਆਰ ਨਹੀਂ। ਸਾਨੂੰ ਇਨ੍ਹਾਂ ਤੋਂ ਸਬਕ ਮਿਲਦਾ ਹੈ ਕਿ ਪਸ਼ੂ, ਪੰਛੀ ਅਤੇ ਜੀਵ ਜੰਤੂ, ਇਕੋ ਗੁਲਸ਼ਨ ਦਾ ਹਿੱਸਾ ਹਨ।

ਰਮੇਸ਼ ਕੁਮਾਰ ਸ਼ਰਮਾਂ

ਸੰਪਰਕ : 99888-73637

Be the first to comment

Leave a Reply