ਵਰਤਮਾਨ ਮਸੰਦਾਂ ਦਾ ਕੀ ਕਰੀਏ…?

ਜਸਪਾਲ ਸਿੰਘ ਹੇਰਾਂ

19 ਸਤੰਬਰ 1689 ਈਸਵੀਂ ਨੂੰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨਾਂ ਮਸੰਦਾਂ ਨੂੰ ਜਿਹੜੇ ਸਿੱਖ ਧਰਮ ਦੇ ਨਿਆਰੇਪਣ ਨੂੰ ਖੋਰਾ ਲਾ ਕੇ ਮੁੜ ਤੋਂ ਪਾਖੰਡਵਾਦ, ਆਡੰਬਰਵਾਦ ਤੇ ਲੁੱਟ-ਖਸੁੱਟ ਸ਼ੁਰੂ ਕਰ ਲਈ ਸੀ, ਉਨਾਂ ਨੂੰ ਸਜ਼ਾ ਦਿੱਤੀ ਅਤੇ ਇਹ ਸੰਦੇਸ਼ ਦਿੱਤਾ ਕਿ ਸਿੱਖੀ ਦੇ ਨਿਆਰੇਪਣ ਨੂੰ ਖੋਰਾ ਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾ ਸਕਦਾ। ਪ੍ਰੰਤੂ ਅੱਜ ਜਦੋਂ ਸਿੱਖੀ ‘ਚ ਮੁੜ ਤੋਂ ਮਹੰਤਾਂ ਦਾ ਬੋਲ-ਬਾਲਾ ਹੋ ਗਿਆ ਹੈ ਤਾਂ ਕੌਮ ਨੂੰ ਗੁਰੂ ਸਾਹਿਬ ਵੱਲੋਂ ਦਿੱਤੀ ਹਕੀਕੀ ਸਿੱਖਿਆ ਬਾਰੇ ਸੋਚਣਾ ਪਵੇਗਾ। ਮਸੰਦਾਂ ਵਾਗੂੰ ਅੱਜ ਵੀ ਸਿੱਖੀ ‘ਚ ਨਿੱਜਵਾਦ ਦੀ ਪੂਜਾ ਸ਼ੁਰੂ ਹੋ ਗਈ ਹੈ। ਬਾਬਿਆਂ ਵੱਲੋਂ ਆਪੋ-ਆਪਣੀ ਸੰਗਤ ਪੈਦਾ ਕਰ ਲਈ ਗਈ। ਇੱਥੋਂ ਤੱਕ ਕਿ ਅੰਮ੍ਰਿਤ ਦੀ ਦਾਤ ਨੂੰ ਵੰਡ ਲਿਆ ਗਿਆ ਹੈ। ਗੁਰੂ ਘਰ ਵੀ ਜਾਤ-ਪਾਤ ‘ਚ ਵੰਡ ਦਿੱਤੇ ਗਏ ਹਨ। ਨਿੱਜੀ ਚੌਧਰ ਦੀ ਭੁੱਖ ਭਾਰੂ ਹੋ ਗਈ ਹੈ। ਗੁਰੂ ਘਰਾਂ ‘ਚ ਪਾਖੰਡ ਦਾ ਬੋਲ-ਬਾਲਾ ਸ਼ੁਰੂ ਹੋ ਗਿਆ ਹੈ। ਸੇਵਾ ਤੇ ਸਿਮਰਨ ਸਿਰਫ਼ ਵਿਖਾਵੇ ਤੱਕ ਸੀਮਿਤ ਹੋ ਗਿਆ, ਕਿਉਂਕਿ ਤੋਤਾ ਰਟਨ, ਸਿੱਖੀ ‘ਚ ਭਾਰੂ ਹੋ ਗਿਆ ਹੈ। ਵਿਦੇਸ਼ਾਂ ‘ਚ ਬੈਠੇ ਸਿੱਖ ”ਇੰਟਰਨੈਟ” ‘ਤੇ ਸ੍ਰੀ ਆਖੰਡ ਪਾਠ ਸਾਹਿਬ ਬੁੱਕ ਕਰਵਾਉਂਦੇ ਹਨ ਅਤੇ ਇੰਟਰਨੈਂਟ ਤੇ ਹੀ ਸਮਾਪਤੀ ਦਾ ਹੁਕਮਨਾਮਾ ਪ੍ਰਾਪਤ ਕਰ ਲੈਂਦੇ ਹਨ। ਬਹੁਤੇ ਰਾਗੀ, ਗ੍ਰੰਥੀ, ਪਾਠੀ, ਕਥਾਵਾਚਕ ਵਪਾਰੀ ਵਧੇਰੇ ਹੋ ਗਏ ਹਨ। ਅੱਜ ਸਿੱਖ ਧਰਮ ‘ਚ ਧਰਮ ਦੇ ਠੇਕੇਦਾਰਾਂ ਦੀ ਇਕ ਨਵੀਂ ਲੋਭੀ ਕੌਮ ਪੈਂਦਾ ਹੋ ਰਹੀ ਹੈ, ਜਿਹੜੀ ਉਹ ਸਾਰੇ ਪਾਖੰਡ ਕਰਦੀ ਹੈ, ਜਿਹੜੇ ਉਸ ਸਮੇਂ ਦੇ ਮਸੰਦ ਕਰਦੇ ਸਨ। ਪੂਜਾ ਦਾ ਧਾਨ, ਉਨਾਂ ਨੂੰ ਆਰਾਮ ਨਾਲ ਹਜ਼ਮ ਹੋ ਰਿਹਾ ਹੈ ਅਤੇ ਗੋਲਕ ਲਈ ਇਹ ਸ਼੍ਰੇਣੀ ਕ੍ਰਿਪਾਨਾਂ ਤੱਕ ਵੀ ਕੱਢ ਲੈਂਦੀ ਹੈ।

ਅੱਜ ਸਿੱਖੀ ਦੇ ਪ੍ਰਚਾਰ ਲਈ ਟੀ. ਵੀ. ਚੈਨਲ, ਨਗਰ ਕੀਰਤਨ, ਕੀਰਤਨ ਦਰਬਾਰ ਦਾ ਇਕ ਤਰਾਂ ਹੜ ਆਇਆ ਹੋਇਆ ਹੈ, ਪ੍ਰੰਤੂ ਸਿੱਖੀ ਦੇ ਠੇਕੇਦਾਰਾਂ ਦੇ ਕਿਰਦਾਰ ‘ਚ ਆਈ ਗਿਰਾਵਟ ਕਾਰਣ ਇਹ ਸਾਰਾ ਪ੍ਰਚਾਰ ਬੇਅਸਰ ਸਾਬਤ ਹੋ ਰਿਹਾ ਹੈ। ਅਸਲ ‘ਚ ਅੱਜ ਇਨਾਂ ਆਧੁਨਿਕ ਮਸੰਦਾਂ ਨੂੰ ਸਜ਼ਾ ਦੇਣ ਲਈ ਕੋਈ ਨਹੀਂ ਰਿਹਾ, ਕਿਉਂਕਿ ਧਰਮ, ਰਾਜਨੀਤੀ ਦੀ ਤਾਬਿਆ ਚਲਾ ਗਿਆ ਹੈ ਅਤੇ ਰਾਜਸੀ ਲੋਕ, ਧਰਮ ਦੀ ਵਰਤੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਕਰਦੇ ਹਨ। ਗੁਰੂ ਦੀ ਮੰਨਣ ਵਾਲਿਆਂ ਦੀ ਗਿਣਤੀ ਨਾ ਦੇ ਬਰਾਬਰ ਹੋ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੇ ਇਕ ਸਿਆਸੀ ਧਿਰ ਦੇ ਕਬਜ਼ੇ ‘ਚ ਹੋਣ ਕਾਰਣ ਹਰ ਤਰਾਂ ਦੀ ਗਿਰਾਵਟ ਇਸ ਧਾਰਮਿਕ ਸੰਸਥਾ ‘ਚ ਵੀ ਆ ਗਈ ਹੈ, ਜਿਸ ਕਾਰਣ ਗੁਰੂ ਘਰਾਂ ‘ਚ ਧਾਗੇ, ਤਵੀਤ, ਟੂਣੇ-ਟਾਮਣ ਤੱਕ ਹੋਣ ਲੱਗ ਪਏ ਹਨ। ਜਿਸ ਪਾਖੰਡਵਾਦ ਤੇ ਆਡੰਬਰਵਾਦ, ਵਹਿਮਾਂ-ਭਰਮਾਂ, ੳੂਚ-ਨੀਚ ਤੇ ਜਾਤਾਂ-ਪਾਤਾਂ ‘ਚੋਂ ਕੱਢਣ ਲਈ ਸਿੱਖੀ ਦੇ ਨਿਆਰੇ ਮਹਿਲ ਦੀ ਸਥਾਪਨਾ ਕੀਤੀ ਗਈ ਸੀ, ਉਹ ਪੂਰੀ ਤਰਾਂ ਢਹਿ-ਢੇਰੀ ਹੋ ਗਿਆ ਹੈ। ਸਵੈਮਾਣ ਤੇ ਜਿੳੂਂਦੀ ਜ਼ਮੀਰ ਆਲੋਪ ਹੋ ਗਈ ਹੈ। ਬ੍ਰਾਹਮਣਵਾਦ ਦਾ ਪੂਰਾ-ਪੂਰਾ ਰਲਾਅ ਅੱਜ ਸਿੱਖੀ ‘ਚ ਮੁੜ ਤੋਂ ਹੋ ਗਿਆ ਹੈ। ਇਸ ਲਈ ਅੱਜ ਦੇ ਦਿਨ ਹਰ ਸਿੱਖ ਨੂੰ ਇਸ ਵਿਸ਼ੇ ‘ਤੇ ਜ਼ਰੂਰ ਸੋਚਣਾ ਪਵੇਗਾ ਕਿ ਜੇ ਦਸ਼ਮੇਸ਼ ਪਿਤਾ ਨੇ ਪਾਖੰਡੀ ਮਸੰਦਾਂ ਨੂੰ ਸਜ਼ਾ ਦਿੱਤੀ ਸੀ ਤਾਂ ਉਹ ਦੂਰਗਾਮੀ ਸੋਚ ਸਦਕਾ ਸੀ ਤਾਂ ਕਿ ਖਾਲਸਾ ਪੰਥ ਮਸੰਦਾਂ ਨੂੰ ਸਿੱਖੀ ‘ਚ ਘੁਸਪੈਠ ਨਾ ਕਰਨ ਦੇਵੇ ਅਤੇ ਨਿਆਰੇ ਪੰਥ ਦੇ ਨਿਆਰੇਪਣ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇ।

Be the first to comment

Leave a Reply