ਜੇ ਅੱਗੇ ਵਧਣਾ ਹੈ ਤਾਂ ਅਪਣੇ ਇਤਿਹਾਸ ਵਿਚ ਬੀਜੇ ਗ਼ਲਤ ਬੀਜਾਂ ਨੂੰ ਲੱਭੋ ਤੇ ਕੱਢ ਸੁੱਟੋ, ਵਰਤਮਾਨ ਸੁਧਰ ਜਾਏਗਾ

ਜੇ ਅੱਜ ਕੋਈ ਇਹ ਸਮਝਦਾ ਹੈ ਕਿ ਦੁਨੀਆ ਵਿਚ ਹੱਦ ਤੋਂ ਜ਼ਿਆਦਾ ਮੁਸ਼ਕਲਾਂ ਤੇ ਛਲ-ਕਪਟ ਭਰ ਗਏ ਹਨ ਤਾਂ ਉਸ ਨੂੰ ਪੁੱਛੋ ਕਿ ਸਾਡੇ ਇਤਿਹਾਸ ਵਿਚ ਛਲ-ਕਪਟ ਨਾ ਹੁੰਦਾ ਤਾਂ ਦੁਸਹਿਰਾ ਕਿਸ ਤਰ੍ਹਾਂ ਮਨਾਇਆ ਜਾਂਦਾ? ਵਕਤ ਬਦਲਦਾ ਆ ਰਿਹਾ ਹੈ, ਵਿਗਿਆਨ ਫੱਲ ਫੁਲ ਰਿਹਾ ਹੈ, ਤਕਨੀਕਾਂ ਤੇਜ਼ ਹੋ ਰਹੀਆ ਹਨ ਪਰ ਇਨਸਾਨ ਅਜੇ ਵੀ ਉਸੇ ਤਰ੍ਹਾਂ ‘ਮਿੱਟੀ ਦਾ ਬਾਵਾ’ ਹੀ ਹੈ- ਗ਼ਲਤੀਆਂ, ਹਉਮੈ ਪਿਆਰ, ਨਫ਼ਰਤ, ਮੁਹੱਬਤਾਂ ਤੇ ਲਾਲਚਾਂ ਵਿਚ ਘਿਰਿਆ। ਆਬਾਦੀ ਏਨੀ ਵਧ ਗਈ ਹੈ ਕਿ ਸਾਨੂੰ ਹਰ ਚੀਜ਼ ਵਾਧੂ ਨਜ਼ਰ ਆਉਂਦੀ ਹੈ।

ਮਹਾਂਭਾਰਤ ਦੀ ਲੜਾਈ ਛਲ ਕਪਟ ਦੀ ਲੜਾਈ ਸੀ ਤੇ ਅਜ ਸਾਡੀ ਸਿਆਸਤ ਉਸੇ ਵਿਚਾਰਧਾਰਾ ਅਧੀਨ ਚਲ ਰਹੀ ਹੈ। ਪੰਜਾਬ, ਫ਼ਰੀਦਕੋਟ ਵਿਚ ਇਕ ਹੋਰ ਦਲਿਤ ਨੌਜਵਾਨ, ਸ਼ਰਾਬ ਮਾਫ਼ੀਆ ਹੱਥੋਂ ਹਲਾਕ ਹੋਇਆ ਹੈ, ਪਰ ਅਖੌਤੀ ਨੀਚ ਜਾਤ ਦੇ ਲੋਕਾਂ ਨਾਲ ਬਦਸਲੂਕੀ ਦਾ ਸਿਲਸਿਲਾ ਤਾਂ ਸ਼ਾਸਤਰਾਂ ਤੇ ਹੋਰ ਧਰਮ-ਪੁਸਤਕਾਂ (ਗ੍ਰੰਥਾਂ) ਦੇ ਲਿਖਣ ਨਾਲ ਹੀ ਸ਼ੁਰੂ ਹੋ ਗਿਆ ਸੀ। ਦੂਜਿਆਂ ਨੂੰ ‘ਨੀਵੀਂ ਜਾਤ’ ਵਾਲੇ ਕਹਿਣ ਤੇ ਮੰਨਣ ਵਾਲਿਆਂ ਨੂੰ ਇਸੇ ਲਈ ਯੁਗ ਪੁਰਸ਼ ਬਾਬੇ ਨਾਨਕ ਨੇ, ਅਪਣੇ ਖ਼ਾਸ ਅੰਦਾਜ਼ ਵਿਚ ਆਖਿਆ ਸੀ ਕਿ : ਪੁਰਾਣੇ ਸਮਿਆਂ ਨੂੰ ਯਾਦ ਕਰਨ ਵਾਲੇ ਆਖਦੇ ਤਾਂ ਹਨ ਕਿ ਉਹ ਵੇਲੇ, ਕਿੰਨੇ ਭਲੇ ਤੇ ਕਿੰਨੇ ਚੰਗੇ ਸਨ, ਪਰ ਮਨੁੱਖੀ ਅਧਿਕਾਰਾਂ ਨੂੰ ਰੋਂਦਣ ਵਾਲਾ ਬੀਜ, ਭਲੇ ਵੇਲਿਆਂ ਵਿਚ ਹੀ ਬੀਜਿਆ ਗਿਆ ਸੀ, ਅੱਜ ਨਵਾਂ ਨਹੀਂ ਉਗਿਆ ਤੇ ਸਾਡੀ ਅੱਜ ਦੀ ਸੋਚ ਵੀ ਉਸੇ ਨਜ਼ਰੀਏ ਅਨੁਸਾਰ ਹੀ ਅੱਗੇ ਚਲ ਰਹੀ ਹੈ। ਸੁਧਾਰ ਆਉਂਦਾ ਜ਼ਰੂਰ ਹੈ ਪਰ ਕੁੱਝ ਕਦਮ ਅੱਗੇ ਚਲ ਕੇ, ਫ਼ਿਰ ਤੋਂ ਪਿਛੇ ਹਟਣ ਲੱਗ ਪੈਂਦੇ ਹਾਂ। ਸ਼ਾਇਦ ਸਾਡੀ ਸੋਚ ਸਿਰਫ਼ ਦੋ ਰੰਗਾਂ ਨੂੰ ਹੀ ਪਹਿਚਾਣਦੀ ਹੈ, ਚਿੱਟਾ ਤੇ ਕਾਲਾ ਤੇ ‘ਮੈਂ’ ਦੀਆਂ ਅੱਖਾਂ ਹਮੇਸ਼ਾ ਖ਼ੁਦ ਨੂੰ ਹੀ ਸਾਫ਼ ਸੁਥਰਾ ਸਮਝਦੀਆਂ ਹਨ। ਮਨੁੱਖੀ ਰਿਸ਼ਤੇ ਦੇਸ਼ਾਂ, ਸਰਹੱਦਾਂ ਤੇ ਪਰਵਾਰਾਂ ਦੀਆਂ ਨੀਹਾਂ ਦਾ ਕੰਮ ਕਰਦੇ ਹਨ ਅਤੇ ਜੇ ਮੈਂ ਦੀ ਬੁਨਿਆਦ ਹੀ ਕਮਜ਼ੋਰ ਹੋਵੇ ਤਾਂ ਇਮਾਰਤ ਕਮਜ਼ੋਰ ਹੀ ਨਿਕਲੇਗੀ। ਅਸੀਂ ਦੂਜੇ ਦੀ ਬੁਰਾਈ ਉਤੇ ਤੀਰ ਚਲਾਉਂਦੇ ਹਾਂ ਪਰ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਉਸ ਨੂੰ ਬੁਰਾ ਬਣਾਉਣ ਵਿਚ ਕੀ ਕਿਰਦਾਰ ਨਿਭਾਇਆ ਸੀ। ਇਨਸਾਨ ਅਪਣੀਆਂ ਕਮਜ਼ੋਰੀਆਂ ਕਾਰਨ ਕਿਸੇ ਹੋਰ ਨੂੰ ਹੈਵਾਨ ਬਣਾ ਲੈਂਦਾ ਹੈ। ”ਅਬਲਾ ਨਾਰੀ” ਨਾਮ ਹੇਠ ਦੱਬੀਆਂ ਰਹਿ ਕੇ, ਔਰਤਾਂ ਮਰਦਾਂ ਦੀ ਹਰ ਗੱਲ, ਬਿਨਾਂ ਕੋਈ ਸਵਾਲ ਕੀਤੇ, ਮੰਨਦੀਆਂ ਹਨ। ਤੇ ਫਿਰ ਅੰਨ੍ਹੀ ਅਧੀਨਗੀ ਜੇ ਪਤੀ ਨੂੰ ਹੈਵਾਨ ਬਣਾ ਦੇਵੇ ਤਾਂ ਗਲਤੀ ਕਿਸ ਦੀ ਮੰਨੀ ਜਾਵੇਗੀ? ਕਸ਼ਮੀਰ ਦੇ ਹਾਲਾਤ ਵਿਗੜਨ ਲਈ ਕੌਣ ਜ਼ਿੰਮੇਵਾਰ ਹੈ? ਹਿੰਦੁਸਤਾਨ ਜਾਂ ਪਾਕਿਸਤਾਨ ਚੋਂ ਦੋਸ਼ ਕਿਸੇ ਦੇ ਵੀ ਮੱਥੇ ਮੜ੍ਹ ਸਕਦੇ ਹਾਂ ਜਾਂ ਉਸ ਵਿਚ ਅਪਣੇ ਇਤਿਹਾਸ ਵਿਚ ਹੋਈਆਂ ਗ਼ਲਤੀਆਂ ਦਾ ਸੁਧਾਰ ਕਰਨ ਨਾਲ, ਆਪਣੇ ਲੋਕਾਂ ਦਾ ਦਿਲ ਜਿੱਤ ਸਕਦੇ ਹਾਂ। ਬੁਰਾਈ ਵਿਰੁਧ ਜੰਗ ਕਰਨ ਵਾਲੇ ਇਹ ਸਮਝ ਲੈਣ ਕਿ ਇਨਸਾਨੀਅਤ ਵਿਚ ਜਿੰਨੀਆਂ ਵੀ ਚੰਗੀਆਂ ਤਬਦੀਲੀਆਂ ਆਈਆਂ ਹਨ, ਉਹ ਜੰਗ ਨਾਲ ਨਹੀਂ ਬਲਕਿ ਪਿਆਰ ਨਾਲ ਆਈਆਂ ਹਨ।

Be the first to comment

Leave a Reply