ਚੋਣਾਂ ਦਾ ਬਿਗਲ ਵਜਦਿਆਂ ਹੀ, ਪੁਰਾਣੇ ਸਾਥੀਆਂ ਦੇ ਪਾਪ ਤੇ ਘਪਲੇ ਫਰੋਲਣ ਵਾਲੇ, ਕਿਸ ਲੋਕ-ਰਾਜ ਨੂੰ ਮਜ਼ਬੂਤ ਕਰ ਰਹੇ ਹਨ?

ਕਾਂਗਰਸ ਵਿਚੋਂ ਕੱਢੇ ਹੋਏ ਆਗੂ ਜਗਮੀਤ ਬਰਾੜ ਨੇ ਧਮਕੀ ਦਿਤੀ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਬਾਰੇ ਇਕ ਵੱਡਾ ਪ੍ਰਗਟਾਵਾ ਕਰਨ ਵਾਲੇ ਹਨ ਜਿਸ ਨਾਲ ਕੈਪਟਨ ਪ੍ਰਵਾਰ ਦਾ ਕਰੋੜਾਂ ਦਾ ਘਪਲਾ ਸਾਹਮਣੇ ਆ ਜਾਵੇਗਾ। ਉਹ ਇਹ ਪ੍ਰਗਟਾਵਾ ਵੀ ਕਰਨਗੇ ਤੇ ਅਪਣੀ ਇਕ ਨਵੀਂ ਪਾਰਟੀ ਵੀ ਬਣਾਉਣਗੇ, ਜਿਸ ਵਾਸਤੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਦਿਤਾ ਹੈ। ਨਵਜੋਤ ਸਿੰਘ ਸਿੱਧੂ ਨੇ ਅਪਣੀ ਪਾਰਟੀ ਭਾਜਪਾ ਉਤੇ ਦੋਸ਼ ਲਾਇਆ ਹੈ ਕਿ ਭਾਜਪਾ ਵਲੋਂ ਉਨ੍ਹਾਂ ਨੂੰ ਪੰਜਾਬ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ ਸੀ। ਸਿੱਧੂ ਜੀ ਨੇ ਪੰਜਾਬ ਲਈ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ, ਪਰ ਜਦ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਤਾਂ ਉਨ੍ਹਾਂ ਨੂੰ ਇਕ ਲਾਪਤਾ ਸੰਸਦ ਮੈਂਬਰ ਆਖਿਆ ਜਾਂਦਾ ਸੀ ਜਿਨ੍ਹਾਂ ਨੇ ਅੰਮ੍ਰਿਤਸਰ ਵਾਸਤੇ ਕੋਈ ਕੰਮ ਨਹੀਂ ਸੀ ਕੀਤਾ। ਬਸ ਬਤੌਰ ਇਕ ਹਾਸਰਸ ਕਲਾਕਾਰ, ਟੀ.ਵੀ. ਉਤੇ ਹੀ ਠਹਾਕੇ ਮਾਰਦੇ ਰਹੇ। ਸਿੱਧੂ ਜੋੜੇ ਵਲੋਂ ਅਕਾਲੀ-ਭਾਜਪਾ ਸਰਕਾਰ ਨੂੰ ਦਸਾਂ ਵਿਚੋਂ ਤਿੰਨ ਅੰਕ ਦਿਤੇ ਗਏ ਹਨ, ਪਰ ਉਹ ਦੋਵੇਂ ਅਜੇ ਵੀ ਭਾਜਪਾ ਦਾ ਹਿੱਸਾ ਹਨ ਕਿਉਂਕਿ ਕਿਸੇ ਹੋਰ ਪਾਰਟੀ ਨਾਲ ਗਲਬਾਤ ਅਜੇ ਤਕ ਸਿਰੇ ਨਹੀਂ ਚੜ੍ਹੀ।

ਅੱਜ ਜਦ ਪੰਜਾਬ ਚੋਣਾਂ ਦੇ ਕੰਢੇ ‘ਤੇ ਆ ਖੜਾ ਹੋਇਆ ਹੈ, ਇਹ ਮੌਕਾਪ੍ਰਸਤੀ ਕੀ ਸਾਨੂੰ ਫ਼ਾਇਦਾ ਪਹੁੰਚਾਏਗੀ ਜਾਂ ਨੁਕਸਾਨ? ਜੇ ਜਗਮੀਤ ਬਰਾੜ ਕੈਪਟਨ ਪ੍ਰਵਾਰ ਦੇ ਕਿਸੇ ਘਪਲੇ ਬਾਰੇ ਜਾਣਦੇ ਸਨ ਤਾਂ ਉਨ੍ਹਾਂ ਨੇ ਇਹ ਪ੍ਰਗਟਾਵੇ ਪਹਿਲਾਂ ਕਿਉਂ ਨਾ ਕੀਤੇ? ਪਾਰਟੀ ਵਿਰੁਧ ਕੰਮ ਕਰਨ ਕਾਰਨ ਉਨ੍ਹਾਂ ਨੂੰ ਪਾਰਟੀ ‘ਚੋਂ ਕਢਿਆ ਗਿਆ ਤਾਂ ਅੱਜ ਉਨ੍ਹਾਂ ਨੂੰ ਅਪਣੇ ਹੀ ਸਤਿਕਾਰਤ ਲੀਡਰਾਂ/ਸਾਥੀਆਂ ਦੇ ਵੱਡੇ ਘਪਲੇ ਯਾਦ ਆ ਗਏ। ਸਿੱਧੂ ਜੋੜਾ ਨੌਂ ਸਾਲਾਂ ਤੋਂ ਵੱਧ ਸਮੇਂ ਤੋਂ ਅਕਾਲੀ-ਭਾਜਪਾ ਸਰਕਾਰ ਦਾ ਹਿੱਸਾ ਬਣੀ ਬੈਠਾ ਸੀ, ਫਿਰ ਅੱਜ ਹੀ ਪਾਰਟੀ ਕਿਉਂ ਛੱਡੀ?

ਕੇਜਰੀਵਾਲ ਨੇ ਦਿੱਲੀ ਚੋਣਾਂ ਤੋਂ ਪਹਿਲਾਂ ਭ੍ਰਿਸ਼ਟ ਨੇਤਾਵਾਂ ਦੀ ਇਕ ਸੂਚੀ ਮੰਚ ਤੋਂ ਉੱਚੀ ਆਵਾਜ਼ ਵਿਚ ਜਾਰੀ ਕੀਤੀ ਸੀ, ਜਿਸ ਵਿਚ ਪ੍ਰਣਬ ਮੁਖਰਜੀ ਦਾ ਨਾਮ ਵੀ ਸ਼ਾਮਲ ਦਸਿਆ ਗਿਆ ਸੀ। ਕੇਜਰੀਵਾਲ ਜਿੱਤ ਗਏ ਪਰ ਅੱਜ ਤਕ ਇਕ ਵੀ ਭ੍ਰਿਸ਼ਟ ਆਗੂ ਫੜਿਆ ਨਹੀਂ ਗਿਆ।

ਇਨ੍ਹਾਂ ਆਗੂਆਂ ਦੀ ਗਿਣਤੀ ਦੋ ਤਕ ਹੀ ਸੀਮਤ ਨਹੀਂ ਹੈ, ਸਗੋਂ ਅਨੇਕਾਂ ਹਨ ਜੋ ਚੋਣਾਂ ਨੇੜੇ ਆ ਕੇ ਇਕ ਖ਼ਰਗੋਸ਼ ਵਾਂਗ ਮਿੱਠੀਆਂ ਗਾਜਰਾਂ ਦੀ ਭਾਲ ਵਿਚ ਨਵੇਂ ਖੇਤ ਲੱਭਣ ਲਗਦੇ ਹਨ। ਪਰ ਫਿਰ ਵੀ ਇਹ ਸਾਡੇ ਲੀਡਰ ਕਹਾਉਣ ਦੇ ਹੱਕਦਾਰ ਹਨ। ਕੀ ਇਹ ਸੱਚ ਦੇ ਪੁਜਾਰੀ ਹਨ ਜਾਂ ਮੌਕਾਪ੍ਰਸਤ ਆਗੂ, ਜੋ ਅਪਣੇ ਫ਼ਾਇਦੇ ਵਾਸਤੇ ਕੁੱਝ ਵੀ ਬਿਆਨ ਦੇਣ ਨੂੰ ਤਿਆਰ ਰਹਿੰਦੇ ਹਨ, ਭਾਵੇਂ ਉਹ ਸੱਚ ਹੋਵੇ ਭਾਵੇਂ ਝੂਠ। ਬਸ ਮਕਸਦ ਵੋਟ ਤੋੜਨੀ ਤੇ ਕੁਰਸੀ ਹਾਸਲ ਕਰਨੀ ਹੀ ਹੁੰਦਾ ਹੈ।

ਅੱਜ ਪੰਜਾਬ ਦੇ ਵੋਟਰਾਂ ਨੂੰ ਕਈ ਧਿਰਾਂ ਵਿਚ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤਾਂ ਜੋ ਕੋਈ ਸ਼ਾਤਰ ਸਿਆਸਤਦਾਨ ਉਸ ਦਾ ਫ਼ਾਇਦਾ ਲੈ ਸਕੇ। ਇਸ ਤਰ੍ਹਾਂ ਪੰਜਾਬ ਵਿਚ ਹੀ ਨਹੀਂ ਬਲਕਿ ਹਰ ਸੂਬੇ ਵਿਚ ਹੁੰਦਾ ਹੈ। ਉੱਤਰਾਖੰਡ ਤੇ ਅਰੁਣਾਂਚਲ ਪ੍ਰਦੇਸ਼ ਨੇ ਦਲ ਬਦਲਣ ਦੀ ਕੀਮਤ ਹੁਣੇ ਹੀ ਚੁਕਾਈ ਹੈ।

ਲੋੜ ਹੈ ਕਿ ਪਾਰਟੀ ਵਿਚ ਰਹਿ ਕੇ ਹੀ ਸੱਚ ਬੋਲਣ ਦੀ ਹਿੰਮਤ ਵਿਖਾਈ ਜਾਇਆ ਕਰੇ। ਚੋਣਾਂ ਨੇੜੇ ਆ ਕੇ ਸਿਆਸੀ ਚਾਲਬਾਜ਼ੀ ਨੂੰ ਠੁਕਰਾ ਦੇਣਾ ਤਾਂ ਜਨਤਾ ਦੇ ਹੱਥ ਵਿਚ ਹੈ। ਇਸ ਵੋਟ ਵੰਡ ਦੀ ਸਾਜ਼ਸ਼ ਨੂੰ ਸਮਝੋ ਤੇ ਉਨ੍ਹਾਂ ਪਾਰਟੀਆਂ ਵਲ ਧਿਆਨ ਦੇਵੋ ਜਿਨ੍ਹਾਂ ਵਿਚ ਰਾਜ ਕਰਨ ਦੀ ਕਾਬਲੀਅਤ ਹੈ, ਨਾ ਕਿ ਉਨ੍ਹਾਂ ਵਲ ਜਿਨ੍ਹਾਂ ਨੇ ਇਕ-ਦੋ ਸੀਟਾਂ ਜਿੱਤ ਕੇ ਅਪਣੀ ਸੀਟ ਕਿਸੇ ਵੱਡੀ ਪਾਰਟੀ ਨੂੰ ਵੇਚ ਦੇਣੀ ਹੈ। ਪੰਜਾਬ ਨੂੰ ਮੁੜ ਖੜਾ ਕਰਨ ਵਾਸਤੇ, ਰਾਜਨੀਤੀ ਦੇ ਗੰਦ ਨੂੰ ਸਾਫ਼ ਕਰਨ ਦਾ ਜ਼ਿੰਮਾ ਹੁਣ ਜਨਤਾ ਦੇ ਮੋਢਿਆਂ ਉਤੇ ਹੈ।

Be the first to comment

Leave a Reply