ਅਮਰੀਕਾ ਇਸ ‘ਗ਼ਲਤੀ’ ਨੂੰ ਸੁਧਾਰਨ ਲਈ ਉਠ ਖੜਾ ਹੋਇਆ!

ਜਿਵੇਂ-ਜਿਵੇਂ ਡੋਨਾਲਡ ਟਰੰਪ ਦੀ ਤਾਜਪੋਸ਼ੀ ਨੇੜੇ ਆਉਂਦੀ ਜਾ ਰਹੀ ਹੈ, ਅਮਰੀਕਾ ਸਮਝਦਾ ਜਾ ਰਿਹਾ ਹੈ ਕਿ ਉਸ ਕੋਲ ਇਸ ਸੱਚ ਨੂੰ ਸਵੀਕਾਰਨ ਤੋਂ ਬਿਨਾਂ, ਹੋਰ ਕੋਈ ਰਸਤਾ ਹੀ ਨਹੀਂ ਰਿਹਾ ਕਿ ਡੋਨਾਲਡ ਟਰੰਪ ਹੀ ਉਨ੍ਹਾਂ ਦਾ ਰਾਸ਼ਟਰਪਤੀ ਹੋਵੇਗਾ। ਸਾਰੇ ਰਸਤੇ ਬੰਦ ਹੁੰਦੇ ਵੇਖ ਕੇ ਅਮਰੀਕੀ ਸਮਾਜ ਵਿਚ ਸਮਝੌਤਾ ਨਹੀਂ ਬਲਕਿ ਇਕ ਦ੍ਰਿੜ੍ਹਤਾ ਵੇਖੀ ਜਾ ਰਹੀ ਹੈ। ਜੋ ਲੋਕ ਪਹਿਲਾਂ ਚੁਪ ਰਹਿੰਦੇ ਸਨ, ਹੁਣ ਬਾਹਰ ਨਿਕਲ ਕੇ ਅਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਵਿਚ ਆਮ ਅਮਰੀਕਨ ਦੀ ਆਵਾਜ਼ ਤਾਂ ਹੈ ਹੀ ਪਰ ਇਸ ਨੂੰ ਤਾਕਤ ਦੇ ਰਿਹਾ ਹੈ ਹਾਲੀਵੁੱਡ ਜੋ ਅਪਣੀ ਪ੍ਰਸਿੱਧੀ ਦੀ ਤਾਕਤ ਨੂੰ ਆਮ ਅਮਰੀਕਨ ਦੀ ਢਾਲ ਬਣਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਦੀ ਤਾਜਪੋਸ਼ੀ ਵਿਚ ਪਹਿਲੀ ਵਾਰ ਵੱਡੇ ਸਿਤਾਰਿਆਂ ਨੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ। ਪਰ ਸੱਭ ਤੋਂ ਬੁਲੰਦ ਆਵਾਜ਼ ਅਤੇ ਸੋਚ ਉਤੇ ਮਾਰੀਅਲ ਸਟਰੀਪ ਨੇ ਪਹਿਰਾ ਦਿਤਾ। ਉਨ੍ਹਾਂ ਨੇ ਅਪਣੀ ਜ਼ਿੰਦਗੀ ਵਿਚ ਬੜੇ ਅਹਿਮ ਕਿਰਦਾਰ ਨਿਭਾਏ ਹਨ ਅਤੇ ਕਈ ਇਨਾਮ ਵੀ ਜਿੱਤੇ ਹਨ ਪਰ ਉਨ੍ਹਾਂ ਦਾ ਗੋਲਡਨ ਗਲੋਬ ਐਵਾਰਡ ਮੌਕੇ ਦਿਤਾ ਭਾਸ਼ਣ ਉਨ੍ਹਾਂ ਦਾ ਸੱਭ ਤੋਂ ਯਾਦਗਾਰੀ ਭਾਸ਼ਣ ਰਹੇਗਾ। ਉਨ੍ਹਾਂ ਨੇ ਡੋਨਾਲਡ ਟਰੰਪ ਦਾ ਨਾਂ ਨਹੀਂ ਲਿਆ ਪਰ ਅਪਣੇ ਦੇਸ਼ ਦੀ ਸੱਭ ਤੋਂ ਅਹਿਮ ਕੁਰਸੀ ਬਾਰੇ ਹੀ ਗੱਲ ਕੀਤੀ। ਉਨ੍ਹਾਂ ਨੇ ਬੜੀ ਖ਼ੂਬਸੂਰਤੀ ਨਾਲ ਉਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਬਾਰੇ ਗੱਲ ਕੀਤੀ ਜਿਸ ਵਿਚ ਇਕ ਰਾਸ਼ਟਰਪਤੀ ਬਣਨ ਵਾਲਾ ਇਨਸਾਨ ਇਕ ਅਪਾਹਜ ਦੀ ਨਕਲ ਉਤਾਰਦਾ ਹੈ। ਉਸ ਦ੍ਰਿਸ਼ ਨੇ ਉਨ੍ਹਾਂ ਦਾ ਦਿਲ ਤੋੜ ਦਿਤਾ ਅਤੇ ਉਸ ਨੂੰ ਝੰਜੋੜ ਕੇ ਰੱਖ ਦਿਤਾ ਕਿਉਂਕਿ ਜਦੋਂ ਤਾਕਤਵਰ ਇਕ ‘ਬੁੱਲੀ’ ਬਣ ਜਾਂਦਾ ਹੈ ਤਾਂ ਇਸ ਨਾਲੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਹਿੰਸਾ ਸਿਰਫ਼ ਹਿੰਸਾ ਨੂੰ ਹੀ ਉਕਸਾਉਂਦੀ ਹੈ। ਉਨ੍ਹਾਂ ਨੇ ਡੋਨਾਲਡ ਟਰੰਪ ਦੀ, ਵਿਦੇਸ਼ੀਆਂ ਵਾਸਤੇ ਅਮਰੀਕਾ ਦੇ ਦਰਵਾਜ਼ੇ ਬੰਦ ਕਰਨ ਦੀ ਨੀਤੀ ਦਾ ਵਿਰੋਧ ਕਰ ਕੇ, ਹਾਲੀਵੁੱਡ ਦੀ ਸ਼ਾਨ ਨੂੰ ਚਾਰ ਚੰਨ ਲਾਉਣ ਵਾਲੇ ਵਿਦੇਸ਼ਾਂ ਵਿਚੋਂ ਆ ਵਸੇ ਪਰਵਾਸੀਆਂ ਦੀ ਤਾਰੀਫ਼ ਕੀਤੀ। ਅੰਤ ਵਿਚ ਉਨ੍ਹਾਂ ਆਮ ਅਮਰੀਕੀਆਂ ਦੀ ਡੋਨਾਲਡ ਟਰੰਪ ਵਿਰੁਧ ਜੰਗ ਵਿਚ ਅਭਿਨੇਤਾਵਾਂ ਵਲੋਂ ਪੱਤਰਕਾਰਾਂ ਦੇ ਸਮਰਥਨ ਦੀ ਕਮੇਟੀ ਦਾ ਐਲਾਨ ਕਰ ਕੇ ਇਹ ਦਸ ਦਿਤਾ ਕਿ ਅਮਰੀਕੀ ਜਨਤਾ ਡੋਨਾਲਡ ਦੀ ਤਾਕਤ ਦਾ ਸਾਹਮਣਾ ਸਿਤਾਰਿਆਂ ਦੀ ਚਮਕ ਨਾਲ ਕਰੇਗੀ। ਅਮਰੀਕਾ ਪੱਤਰਕਾਰਤਾ ਦੀ ਆਜ਼ਾਦੀ ਬਰਕਰਾਰ ਰੱਖਣ ਦੀ ਅਹਿਮੀਅਤ ਸਮਝਦਾ ਹੈ। ਡੋਨਾਲਡ ਟਰੰਪ ਦੇ ਆਉਣ ਨਾਲ ਸਿਰਫ਼ ਬਾਹਰੋਂ ਜਾ ਕੇ ਕੰਮ ਕਰਨ ਵਾਲੀ ਦੁਨੀਆਂ ਹੀ ਨਹੀਂ ਡਰੀ ਹੋਈ, ਬਲਕਿ ਆਮ ਅਮਰੀਕੀ ਜ਼ਿਆਦਾ ਘਬਰਾਏ ਹੋਏ ਹਨ ਕਿਉਂਕਿ ਅਮਰੀਕਾ ਅੱਜ ਸੱਚ ਤੇ ਖੜਾ ਹੈ। ਉਸ ਦੇ ਦੇਸ਼ ਵਿਚ ਰਾਸ਼ਟਰਪਤੀ ਦੀ ਗ਼ਲਤੀ ਵੀ ਉਸ ਨੂੰ ਕਟਹਿਰੇ ਵਿਚ ਖੜਾ ਕਰ ਸਕਦੀ ਹੈ। ਪ੍ਰੈੱਸ ਦੀ ਆਜ਼ਾਦੀ ਉਨ੍ਹਾਂ ਵਾਸਤੇ ਧਰਮ ਤੋਂ ਘੱਟ ਨਹੀਂ। ਅਸੀਂ ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ਦੀ ਅਹਿਮੀਅਤ ਨਹੀਂ ਸਮਝ ਪਾ ਰਹੇ। ਅੱਜ ਹਰ ਪਾਸੇ ਇਕੋ ਹੀ ਆਵਾਜ਼ ਗੂੰਜਦੀ ਹੈ ਅਤੇ ਇਸ ਆਵਾਜ਼ ਦਾ ਗੂੰਜਣਾ ਹੀ ਭਾਰਤੀ ਜਨਤਾ ਦੀ ਹਾਰ ਹੈ ਕਿਉਂਕਿ ਉਹ ਲੋਕਤੰਤਰ ਦੇ ਇਸ ਚੌਥੇ ਥੰਮ੍ਹ ਨੂੰ ਆਜ਼ਾਦ ਨਹੀਂ ਰਹਿਣ ਦੇਣਾ ਚਾਹੁੰਦੀ। ਅਮਰੀਕਾ ਹਮੇਸ਼ਾ ਹੀ ਦੁਨੀਆਂ ਤੋਂ ਅੱਗੇ ਸੀ, ਹੁਣ ਟਰੰਪ ਬਾਰੇ ਗ਼ਲਤ ਫ਼ੈਸਲਾ ਲੈ ਕੇ ਵੀ ਉਹ ਸ਼ਾਇਦ ਦੁਨੀਆਂ ਤੋਂ ਅੱਗੇ ਹੀ ਰਹੇਗਾ ਕਿਉਂਕਿ ਉਨ੍ਹਾਂ ਨੂੰ ਆਜ਼ਾਦੀ ਨਾਲ ਪਿਆਰ ਹੈ। ਭਾਰਤੀਆਂ ਨੇ ਤਾਂ ਅਸਲ ਆਜ਼ਾਦੀ ਘੱਟ ਹੀ ਵੇਖੀ ਹੈ। 1947 ਤੋਂ ਬਾਅਦ ਵੀ ਉਹ ਕਦੇ ਗ਼ਰੀਬੀ ਤੇ ਕਦੇ ਜਾਤ-ਪਾਤ ਦੀ ਗ਼ੁਲਾਮੀ ਕਰਦੇ ਆ ਰਹੇ ਹਨ। ਹਮੇਸ਼ਾ ਤੋਂ ਹੀ ਪੱਛਮ ਦੀ ਨਕਲ ਕਰਦੇ ਆ ਰਹੇ ਭਾਰਤ ਤੋਂ ਉਮੀਦ ਕਰਦੇ ਹਾਂ ਕਿ ਕਦੇ ਨਿਜੀ ਆਜ਼ਾਦੀ, ਪ੍ਰੈੱਸ ਦੀ ਆਜ਼ਾਦੀ ਅਤੇ ਸੱਭ ਦੀ ਬਰਾਬਰੀ ਵਿਚ ਵੀ ਪੱਛਮ ਦੀ ਨਕਲ ਕਰਨੀ ਸਿਖ ਲੈਣਗੇ।-ਸਪੋਕਸਮੈਨ ਚੰੰਡੀਗੜ੍ਹ

 

Be the first to comment

Leave a Reply