ਹਿੰਦੂਤਵੀ ਅਤਿਵਾਦ ਦਾ ਵਿਰੋਧ ਕਰਨ ਵਾਲੀ ਗੌਰੀ ਲੰਕੇਸ਼ ਦੇ ਕਤਲ ਵਿਰੁਧ ਸਰੀ ਅਤੇ ਭਾਰਤ ਭਰ ‘ਚ ਪ੍ਰਦਰਸ਼ਨ

ਸਰੀ:- ਭਾਰਤ ਵਿੱਚ ਹਿੰਦੂਤਵੀ ਤਾਕਤਾਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਖ਼ਿਲਾਫ਼ ਸਰੀ ਦੇ ਹੌਲੈਂਡ ਪਾਰਕ ਵਿੱਚ ਦੱਖਣੀ ਏਸ਼ਿਆਈ ਕਾਰਕੁਨਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬੁਲਾਰਿਆਂ ਨੇ ਇਕਮੱਤ ਨਾਲ ਲੰਕੇਸ਼ ਦੀ ਹੱਤਿਆ ਅਤੇ ਮੋਦੀ ਸਰਕਾਰ ਦੀ ਸਰਪ੍ਰਸਤੀ ਮਾਣ ਰਹੇ ਹਿੰਦੂ ਕੱਟੜਪੰਥੀਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਦੀ ਨਿਖੇਧੀ ਕੀਤੀ। ਹਿੰਦੂਤਵਾ ਅਤਿਵਾਦ ਦੀ ਨਿਖੇਧੀ ਵਾਲੇ ਬੈਨਰ ਤੇ ਤਖ਼ਤੀਆਂ ਚੁੱਕੀ ਖੜ੍ਹੇ ਪ੍ਰਦਰਸ਼ਨਕਾਰੀਆਂ ਨੇ ਧਾਰਮਿਕ ਫਿਰਕੂਪੁਣੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ‘ਇੰਡੀਅਨਜ਼ ਅਬਰੌਡ ਫਾਰ ਪਲੂਰਲਿਸਟ ਇੰਡੀਆ’ (ਆਈਏਪੀਆਈ) ਵੱਲੋਂ ਕਰਵਾਈ ਇਸ ਰੈਲੀ ਵਿੱਚ ਵੱਖ ਵੱਖ ਭਾਈਚਾਰਿਆਂ ਤੇ ਪ੍ਰਗਤੀਸ਼ੀਲ ਜਥੇਬੰਦੀਆਂ ਨੇ ਹਿੱਸਾ ਲਿਆ। ਰੈਲੀ ਨੂੰ ਸਰੀ ਗਰੀਨਟਿੰਬਰਜ਼ ਤੋਂ ਐਨਡੀਪੀ ਦੀ ਵਿਧਾਇਕ ਰਚਨਾ ਸਿੰਘ, ਦਸਮੇਸ਼ ਦਰਬਾਰ ਗੁਰਦੁਆਰੇ ਦੇ ਬੁਲਾਰੇ ਗਿਆਨ ਸਿੰਘ ਗਿੱਲ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਬਾਨੀ ਰਣਜੀਤ ਸਿੰਘ ਖ਼ਾਲਸਾ, ਅਕਾਲੀ ਦਲ (ਅ) ਦੇ ਆਗੂ ਸਰਬਜੀਤ ਸਿੰਘ, ਭਾਰਤ ਤੋਂ ਦ੍ਰਾਵਿੜ ਕਾਰਕੁਨ ਵਾਮਨ ਮੇਸ਼ਰਾਮ, ਮੁਸਲਿਮ ਕਾਰਕੁਨ ਸੱਯਾਦ ਵਜਾਹਤ, ਦਲਿਤ ਕਾਰਕੁਨ ਕਮਲੇਸ਼ ਅਹੀਰ, ਧਰਮ ਨਿਰਪੱਖ ਕਾਰਕੁਨ ਸੁਨੀਲ ਕੁਮਾਰ ਅਤੇ ਭਾਰਤੀ ਤਰਕਸ਼ੀਲ ਸੁਸਾਇਟੀ ਦੇ ਆਗੂ ਅਵਤਾਰ ਗਿੱਲ ਨੇ ਸੰਬੋਧਨ ਕੀਤਾ। ਇਹ ਵੀ ਇਤਫ਼ਾਕ ਰਿਹਾ ਕਿ ਰੈਲੀ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਨ ਦੀ ਬਰਸੀ ਵਾਲੇ ਦਿਨ ਹੋਈ। ਇਸ ਮੌਕੇ ਸ੍ਰੀ ਖਾਲੜਾ ਨੂੰ ਵੀ ਯਾਦ ਕੀਤਾ ਗਿਆ। ਚੇਤੇ ਰਹੇ ਭਾਰਤ ਭਰ ਹੀ ਨਹੀਂ ਸਮੁੱਚੀ ਦੁਨੀਆਂ ਦੇ ਅਜ਼ਾਦੀ ਪਸੰਦ ਲੋਕਾਂ ਖ਼ਾਸ ਕਰ ਕੇ ਪੱਤਰਕਾਰਾਂ ਵਿਚ ਗੁੱਸਾ ਹੈ। ਇਸ ਕਤਲ ਵਿਰੁਧ ਪੱਤਰਕਾਰਾਂ ਅਤੇ ਸਮਾਜਕ ਸਮੂਹਾਂ ਨੇ ਦਿੱਲੀ, ਬੰਗਲੌਰ, ਮੁੰਬਈ ਅਤੇ ਦੇਸ਼ ਦੇ ਕਈ ਦੂਜੇ ਸ਼ਹਿਰਾਂ ‘ਚ ਪ੍ਰਦਰਸ਼ਨ ਕੀਤਾ। ਸਿਆਸੀ ਪਾਰਟੀਆਂ ਨੇ ਵੀ ਘਟਨਾ ਦੀ ਨਿੰਦਾ ਕੀਤੀ।

ਪੱਤਰਕਾਰਾਂ ਨੇ ਦਿੱਲੀ ਸਥਿਤੀ ਪ੍ਰੈੱਸ ਕਲੱਬ ਆਫ਼ ਇੰਡੀਆ ‘ਚ ਵਿਰੋਧ ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਨੇ ਗੌਰੀ ਲਈ ਇਨਸਾਫ਼ ਦੀ ਮੰਗ ਕੀਤੀਅਤੇ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਨਾਲ ਡੱਟ ਕੇ ਮੁਕਾਬਲਾ ਕਰਨ ਦਾ ਸੱਦਾ ਦਿਤਾ। ਲੇਖਕ ਅਤੇ ਸੀਨੀਅਰ ਪੱਤਰਕਾਰ ਪਰਾਜੇ ਗੁਹਾ ਠਾਕੁਰਤਾ ਨੇ ਗੌਰੀ ਦੇ ਕਤਲ ਨੂੰ ਭਾਰਤੀ ਮੀਡੀਆ ਦੇ ਇਤਿਹਾਸ ‘ਚ ‘ਫ਼ੈਸਲਾਕੁੰਨ ਪਲ’ ਕਰਾਰ ਦਿਤਾ। ਉਨ੍ਹਾਂ ਕਿਹਾ, ”ਅਸੀ ਵੇਖ ਰਹੇ ਹਾਂ ਕਿ ਖੁੱਲ੍ਹੀ ਸੋਚ ਦੀ ਗੁੰਜਾਇਸ਼ ਘੱਟ ਹੁੰਦੀ ਜਾ ਰਹੀ ਹੈ। ਉਹ ਅਜਿਹੇ ਲੋਕਾਂ ਨੂੰ ਚੁਪ ਕਰਾਉਣਾ ਚਾਹੁੰਦੇ ਹਨ ਜੋ ਸੱਤਾ ਦਾ ਸਾਹਮਣਾ ਸੱਚ ਨਾਲ ਕਰਵਾਉਣਾ ਚਾਹੁੰਦੇ ਹਨ। ਅਸੀ ਚੁਪ ਨਹੀਂ ਰਹਿ ਸਕਦੇ ਕਿਉਂਕਿ ਉਹ ਤਾਂ ਇਹੀ ਚਾਹੁੰਦੇ ਹਨ। ਬਿਲਕੁਲ ਚੁਪ ਨਾ ਰਹੋ। ਇਹ ਉਨ੍ਹਾਂ ਦੀ ਕਾਮਯਾਬੀ ਹੋਵੇਗੀ।ਵਰਨਣਯੋਗ ਹੈ ਕਿ 2014 ‘ਤੋਂ ਭਾਰਤ ‘ਚ ਭਾਜਪਾ ਸਰਕਾਰ ਆਉਣ ਮਗਰੋਂ ਪਨਸਾਰੇ, ਦਾਭੋਲਕਰ, ਕਲਬੁਰਗੀ ਮਗਰੋਂ ਹੁਣ ਗੌਰੀ ਲੰਕੇਸ਼ ਨੂੰ ਉਨ੍ਹਾਂ ਦੇ ਆਜ਼ਾਦ ਵਿਚਾਰਾਂ ਕਰ ਕੇ ਨਿਸ਼ਾਨਾ ਬਣਾਇਆ ਗਿਆ। ਪਾਰਟੀ ਨੇ ਕਿਹਾ ਕਿ 2014 ਤੋਂ ਬਾਅਦ ਤੋਂ ਦੇਸ਼ ‘ਚ ਅਸਹਿਣਸ਼ੀਲਤਾ ਅਤੇ ਡਰ ਦਾ ਜੋ ਮਾਹੌਲ ਬਣਾਇਆ ਗਿਆ ਹੈ ਉਸ ਕਰ ਕੇ ਇਹ ਘਟਨਾਵਾਂ ਹੋ ਰਹੀਆਂ ਹਨ।

ਦੂਜੇ ਪਾਸੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਬੀ.ਜੇ.ਪੀ. ਅਤੇ ਪ੍ਰਧਾਨ ਮੰਤਰੀ ਵਿਰੁਧ ‘ਫ਼ਰਜ਼ੀ’ ਦੋਸ਼ ਲਾਉਣਾ ਉਨ੍ਹਾਂ ਦੀ ਪਾਰਟੀ ਪ੍ਰਤੀ ਅਨਿਆਂ ਅਤੇ ਲੋਕਤੰਤਰ ਲਈ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ, ਬੀ.ਜੇ.ਪੀ. ਜਾਂ ਇਸ ਦੇ ਕਿਸੇ ਸੰਗਠਨ ਦਾ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਨਾਲ ਕੋਈ ਸਬੰਧ ਨਹੀਂ ਹੈ। ਉਧਰ ਨਵੀਂ ਦਿੱਲੀ ‘ਚ ਸਥਿਤੀ ਅਮਰੀਕੀ ਸਫ਼ਾਰਤਖ਼ਾਨੇ ਨੇ ਵੀ ਇਸ ਕਤਲ ਦੀ ਆਲੋਚਨਾ ਕੀਤੀ ਹੈ। ਸਫ਼ਾਰਤਖ਼ਾਨੇ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਕਤਲ ਵਿਰੁਧ ਭਾਰਤ ਸਮੇਤ ਦੁਨੀਆਂ ਭਰ ‘ਚ ਪ੍ਰੈੱਸ ਦੀ ਆਜ਼ਾਦੀ ਦੇ ਹਵਾਲੇ ਨਾਲ ਹੋ ਰਹੀ ਆਲੋਚਨਾ ‘ਚ ਅਮਰੀਕੀ ਸਫ਼ਾਰਤਖ਼ਾਨਾ ਅਪਣਾ ਸੁਰ ਮਿਲਾਉਂਦਾ ਹੈ।

ਸਫ਼ਾਰਤਖ਼ਾਨੇ ਨੇ ਲੰਕੇਸ਼ ਕਤਲਕਾਂਡ ਉਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ55 ਸਾਲਾਂ ਦੀ ਇਸ ਕੰਨੜ ਪੱਤਰਕਾਰ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਉਹ ਖੱਬੇ ਪੱਖੀ ਝੁਕਾਅ ਅਤੇ ਹਿੰਦੂਤਵ ਦੀ ਸਿਆਸਤ ਵਿਰੁਧ ਸਪੱਸ਼ਟਵਾਦੀ ਵਿਚਾਰਾਂ ਲਈ ਮਸ਼ਹੂਰ ਸਨ। ਗੌਰੀ ਅਪਣੀ ਕਾਰ ਤੋਂ ਘਰ ਵਾਪਸ ਪਰਤੀ ਸੀ ਅਤੇ ਗੇਟ ਖੋਲ੍ਹ ਰਹੀ ਸੀ ਜਦੋਂ ਮੋਟਰਸਾਈਕਲ ਉਤੇ ਸਵਾਰ ਹਮਲਾਵਰਾਂ ਨੇ ਉਨ੍ਹਾਂ ਉਤੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ। ਕੰਨੜ ਪੱਤਰਕਾਰਿਤਾ ‘ਚ ਕੁੱਝ ਮਹਿਲਾ ਸੰਪਾਦਕ ‘ਚ ਸ਼ਾਮਲ ਗੌਰੀ ਸਰਗਰਮ ਕਾਰਕੁਨ ਸੀ ਜੋ ਕਿ ਨਕਸਲ ਹਮਾਇਤੀ ਅਤੇ ਖੱਬੇ ਪੱਖੀ ਵਿਚਾਰਾਂ ਨੂੰ ਖੁੱਲ੍ਹੇ ਤੌਰ ‘ਤੇ ਪ੍ਰਗਟਾਉਂਦੀ ਸੀ। ਸਾਲ 1962 ‘ਚ ਜੰਮੀ ਗੌਰੀ ਕੰਨੜ ਪੱਤਰਕਾਰ ਅਤੇ ਕੰਨੜ ਹਫ਼ਤਾਵਾਰੀ ਅਖ਼ਬਾਰ ‘ਗੌਰੀ ਲੰਕੇਸ਼ ਪੱਤਰਿਕਾ’ ਦੀ ਸ਼ੁਰੂਆਤ ਕੀਤੀ ਸੀ।

Be the first to comment

Leave a Reply