ਸਾਊਥ ਏਸ਼ੀਅਨ ਕੈਨੇਡੀਅਨ ਐਸੋਸੀਏਸ਼ਨ ਨੇ ਪ੍ਰਕਾਸ਼ ਦਿਹਾੜੇ ਤੇ ਕੁੱਝ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ

ਕੈਲਗਰੀ: ਸਾਊਥ ਏਸ਼ੀਅਨ ਕੈਨੇਡੀਅਨ ਐਸੋਸੀਏਸ਼ਨ ਕੈਲਗਰੀ ਦੀ, ਨਵੰਬਰ ਮਹੀਨੇ ਦੀ ਮੀਟਿੰਗ 5 ਨਵੰਬਰ ਨੂੰ, ਹਰਮੋਹਿੰਦਰ ਪਲਾਹਾ ਦੀ ਪ੍ਰਧਾਨਗੀ ਹੇਠ, ਦੇਸੀ ਬਾਜ਼ਾਰ ਵਿਖੇ, ਸੰਸਥਾ ਦੇ ਦਫ਼ਤਰ ਵਿੱਚ ਇੱਕ ਭਰਵੇਂ ਇਕੱਠ ਵਿੱਚ ਹੋਈ, ਜਿਸ ਵਿੱਚ ਮੰਤਰੀ ਇਰਫਾਨ ਸਬੀਰ ਉਚੇਚੇ ਤੌਰ ਤੇ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਇਹਨਾਂ ਦੇ ਨਾਲ ਵਾਈਸ ਪ੍ਰਧਾਨ ਹਰਦੀਪ ਸਿੰਘ ਸਿੱਧੂ, ਮਹਿੰਦਰ ਸਿੰਘ ਮੁੰਡੀ ਅਤੇ ਸੈਕਟਰੀ ਰਛਪਾਲ ਬੋਪਾਰਾਏ ਵੀ ਸ਼ੁਸ਼ੋਭਿਤ ਹੋਏ। ਇਹ ਮੀਟਿੰਗ ਭਾਵੇਂ- ‘ਜਗਤ ਗੁਰੂ ਬਾਬਾ’ ਸਾਹਿਬ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ ਪਰ ਇਸ ਵਿੱਚ ਕੁੱਝ ਸਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਗੁਰਪੁਰਬ ਦੀ ਖੁਸ਼ੀ ਵਿੱਚ ਸਭਾ ਦੇ ਮੈਂਬਰਾਂ ਲਈ ਵਧੀਆ ਲੰਚ ਦਾ ਪ੍ਰਬੰਧ ਕੀਤਾ ਗਿਆ ਸੀ। ਸੋ ਸਭ ਤੋਂ ਪਹਿਲਾਂ ਸਭ ਨੇ ਵੰਨ ਸੁਵੰਨੇ ਪਕਵਾਨਾਂ ਦਾ ਆਨੰਦ ਮਾਣਿਆਂ।

ਮੀਟਿੰਗ ਦੀ ਬਕਾਇਦਾ ਕਾਰਵਈ ਸ਼ੁਰੂ ਹੋਣ ਤੋਂ ਪਹਿਲਾਂ, ਪਲਾਹਾ ਸਾਹਿਬ ਨੇ ਸਾਰਿਆਂ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ਗੁਰਪੁਰਬ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ- ਗੁਰੂੁ ਸਾਹਿਬ ਦੀਆਂ ਸਿਖਿਆਵਾਂ, ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ ਤੇ ਕਰਦੀਆਂ ਰਹਿਣਗੀਆਂ। ਪਿਛਲੇ ਸਮਾਗਮ ਦੀ ਸਫਲਤਾ ਲਈ ਵੀ, ਉਹਨਾਂ ਸਮੂਹ ਮੈਂਬਰਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੀਟਿੰਗ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ। ਬੀਬੀ ਗੁਰਦੀਸ਼ ਕੌਰ ਗਰੇਵਾਲ ਨੇ, ਪਹਿਲੀ ਪਤਾਸ਼ਾਹੀ ਦੇ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਿਆਂ ਹੋਇਆਂ, ਸੰਸਥਾ ਦੇ ਰਹਿਨੁਮਾ ਹਰਮੋਹਿੰਦਰ ਪਲਾਹਾ ਦੀ ਤੰਦਰੱੁਸਤੀ ਲਈ ਸ਼ੁਕਰਾਨਾ ਤੇ ਪੂਰਨ ਦੇਹ ਅਰੋਗਤਾ ਤੇ ਚੜ੍ਹਦੀ ਕਲਾ ਤੋਂ ਇਲਾਵਾ ਇੰਡੀਆ ਜਾਣ ਵਾਲੇ ਮੈਂਬਰਾਂ ਦੀ ਯਾਤਰਾ ਦੀ ਸਫਲਤਾ ਅਤੇ ਸਮੂਹ ਮੈਂਬਰਾਂ ਦੀ ਪਰਿਵਾਰਕ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਉਪਰੰਤ ਸੰਸਥਾ ਵਲੋਂ ਇਰਫਾਨ ਸਬੀਰ ਦੀਆਂ ਕਮਿਊਨਿਟੀ ਪ੍ਰਤੀ ਸੇਵਾਵਾਂ ਲਈ, ਲੋਈ ਤੇ ਮੈਡਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਤਰੀ ਜੀ ਨੇ ਸੰਖੇਪ ਸ਼ਬਦਾਂ ਵਿੱਚ, ਸਭਾ ਦਾ ਧੰਨਵਾਦ ਕੀਤਾ। ਉਹਨਾਂ ਗੁਰਪੁਰਬ ਦੀ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ- ਗੁਰੂ ਨਾਨਕ ਦੇਵ ਜੀ ਪੀਰਾਂ ਦੇ ਪੀਰ ਸਨ ਤੇ ਉਹਨਾਂ ਦੀ ਬਾਣੀ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ ਹੈ। ਐਡਮੰਟਨ ਜਾਣ ਦੀ ਜਲਦੀ ਕਾਰਨ, ਉਹਨਾਂ ਸੰਸਥਾ ਤੋਂ ਮੁਆਫੀ ਮੰਗੀ। ਰੂਪ ਰਾਏ ਦੀ ਗੈਰਹਾਜ਼ਰੀ ਕਾਰਨ ਉਹਨਾਂ ਦੀ ਸਨਮਾਨ ਨਿਸ਼ਾਨੀ ਵੀ ਇਰਫਾਨ ਜੀ ਨੂੰ ਸੌਂਪੀ ਗਈ।

ਗੁਰਪੁਰਬ ਮਨਾਉਂਦਿਆਂ ਹੋਇਆਂ, ਸਭ ਤੋਂ ਪਹਿਲਾਂ ਰਵੀ ਪ੍ਰਕਾਸ਼ ਜਨਾਗਲ ਨੇ, ਸੰਤ ਰਾਮ ਉਦਾਸੀ ਦੀ ਰਚਨਾ, ਜੋ ਮਰਦਾਨੇ ਦੀ ਜੁਦਾਈ ਵਿੱਚ, ਮਰਦਾਨੇ ਦੀ ਬੀਵੀ ਦੇ ਦਿੱਲ ਦੀ ਹੂਕ ਦੇ ਤੌਰ ਤੇ ਸੀ-‘ਅਜੇ ਹੋਇਆ ਨਾ ਨਜ਼ਾਰਾ ਤੇਰੇ ਦੀਦ ਦਾ, ਅਸਾਂ ਮਸਾਂ ਹੈ ਲੰਘਾਇਆ ਚੰਨ ਈਦ ਦਾ’- ਤਰੰਨਮ ਵਿੱਚ ਪੇਸ਼ ਕਰਕੇ, ਖੂਬ ਰੰਗ ਬੰਨ੍ਹਿਆਂ। ਉਸ ਤੋਂ ਬਾਅਦ ਲੇਖਿਕਾ ਗੁਰਦੀਸ਼ ਕੌਰ ਗਰੇਵਾਲ ਨੇ, ਆਪਣੀ ਲਿਖੀ ਹੋਈ ਕਵਿਤਾ-‘ਸਤਿਗੁਰ ਨਾਨਕ ਪ੍ਰਗਟਿਆ’ ਜਿਸ ਦੇ ਬੋਲ ਕੁੱਝ ਇਸ ਤਰ੍ਹਾਂ ਸਨ-‘ਨਾਨਕ ਦਾ ਰੂਪ ਧਾਰ, ਵਿਲਕਦੀ ਮਨੁੱਖਤਾ ਲਈ, ਮਾਤ ਲੋਕ ਚਲ, ਭਗਵਾਨ ਆਪ ਆ ਗਿਆ..’ ਕਬਿੱਤ ਛੰਦ ਵਿੱਚ ਸੁਣਾ ਕੇ ਵਾਹਵਾ ਖੱਟੀ। ਸੰਸਥਾ ਵਲੋਂ ਰਵੀ ਅਤੇ ਗੁਰਦੀਸ਼ ਕੌਰ ਗਰੇਵਾਲ ਦਾ ਉਹਨਾਂ ਦੀਆਂ ਸੇਵਾਵਾਂ ਲਈ, ਮੈਡਲ ਨਾਲ ਸਨਮਾਨ ਕੀਤਾ ਗਿਆ। ਵੱਡੇ ਸਮਾਗਮਾਂ ਵਿੱਚ ਕਿਚਨ ਦੀ ਡਿਊਟੀ ਨਿਭਾਉਣ ਲਈ ਬਲਦੀਸ਼ ਕੌਰ ਮੁੰਡੀ ਤੇ ਗੁਰਦੀਪ ਕੌਰ ਵਾਹਰੇ ਦਾ ਵੀ ਫੁਲਾਂ ਦੇ ਗੁਲਦਸਤੇ ਦੇ ਕੇ ਮਾਣ ਵਧਾਇਆ ਗਿਆ।

ਪਿਛਲੇ ਕੁੱਝ ਸਮੇਂ ਤੋਂ ਚਲ ਰਹੇ ਪ੍ਰੌਜਕਟ ‘ਪੀਅਰ ਸਪੋਰਟ’ ਦੇ ਲੀਡਰਾਂ- ਗੁਰਦੀਸ਼ ਕੌਰ ਗਰੇਵਾਲ, ਗੁਰਤੇਜ ਸਿੱਧੂ, ਸੁਰਿੰਦਰ ਸੰਧੂ ਅਤੇ ਐਗਜ਼ੈਕਟਿਵ ਮੈਂਬਰ ਦਲਬੀਰ ਕੌਰ ਕੰਗ ਸਮੇਤ, ਹਰ ਹਫਤੇ ਹਾਜ਼ਰ ਹੋਣ ਵਾਲੇ ਸਮੂਹ ਮੈਂਬਰਾਂ ਨੂੰ, ਸੋਸ਼ਲ ਵਰਕਰ ਲਲਿਤਾ ਜੀ ਵਲੋਂ, ਫੁੱਲਾਂ ਦੇ ਗੁਲਦਸਤੇ ਭੇਟ ਕਰਕੇ, ਮਾਨਤਾ ਦਿੱਤੀ ਗਈ। ਉਹਨਾਂ ਇਸ ਪ੍ਰੌਜੈਕਟ ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ- ‘ਜਿਹਨਾਂ ਭੈਣਾਂ ਨੂੰ ਬੋਲਣ ਦੀ ਝਿਜਕ ਸੀ, ਉਹ ਇਹਨਾਂ ਹਫਤਾਵਾਰ ਮੀਟਿੰਗਾਂ ਵਿੱਚ ਵੱਖ ਵੱਖ ਵਿਸ਼ਿਆਂ ਤੇ ਹੁੰਦੀ ਬਹਿਸ ਵਿੱਚ ਖੁਲ੍ਹ ਕੇ ਭਾਗ ਲੈਣ ਲਗ ਪਈਆਂ ਹਨ ਜੋ ਕਿ ਸਾਡੀ ਪ੍ਰਾਪਤੀ ਹੈ’।

ਅੰਤ ਵਿੱਚ ਪਲਾਹਾ ਸਾਹਿਬ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਇੰਡੀਆ ਜਾ ਰਹੇ ਮੈਂਬਰਾਂ ਨੂੰ, ਸੁੱਖੀਂ ਸਾਂਦੀ ਵਾਪਿਸ ਪਰਤਣ ਲਈ ਸ਼ੁਭ ਇਛਾਵਾਂ ਦਿੱਤੀਆਂ। ਨਾਲ ਹੀ ਉਹਨਾਂ, ਇਸ ਮਹੀਨੇ ਵਿੱਚ ਆਉਣ ਵਾਲੇ ਜਨਮ ਦਿਨ ਵਾਲੇ ਮੈਂਬਰਾਂ ਨੂੰ ਕੇਕ ਕੱਟਣ ਲਈ ਸੱਦਾ ਦਿੱਤਾ। ਸਭ ਨੇ ਕੇਕ ਦਾ ਆਨੰਦ ਮਾਣਿਆਂ। ਫੋਟੋਗਰਾਫੀ ਦੀ ਸੇਵਾ- ਹਿਰਦੇਪਾਲ ਜੱਸਲ ਤੇ ਲਲਿਤਾ ਜੀ ਨੇ ਨਿਭਾਈ। ਇਸ ਤਰ੍ਹਾਂ ਇਹ ਮੀਟਿੰਗ ਯਾਦਗਾਰੀ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਹਰਮੋਹਿੰਦਰ ਪਲਾਹਾ ਨੂੰ- 403-479-8081 ਤੇ ਸੰਪਰਕ ਕੀਤਾ ਜਾ ਸਕਦਾ ਹੈ।

Be the first to comment

Leave a Reply