ਵੈਨਕੂਵਰ ਵਿੱਚ ਪੀ.ਯੂ. ਦੇ ਪਾੜ੍ਹਿਆਂ ਦਾ ਸਲਾਨਾ ਸਮਾਰੋਹ ਸਫਲ ਹੋ ਨਿੱਬੜਿਆ

ਵੀ.ਸੀ. ਡਾ ਅਰੁਣ ਗਰੋਵਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ

ਵੈਨਕੂਵਰ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਨੇਡਾ- ਅਮਰੀਕਾ ਵਿੱਚ ਰਹਿੰਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਸਰੀ ਸ਼ਹਿਰ ਵਿੱਚ ਕਰਵਾਇਆ ਗਿਆ ਚੌਥਾ ਸਲਾਨਾ ਸਮਾਗਮ ਸਫਲ ਹੋ ਨਿੱਬੜਿਆ । ਪਰਿਵਾਰਿਕ ਮਿਲਣੀ ਵਾਲੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪੂਰੇ ਉੱਤਰੀ ਅਮਰੀਕਾ ਵਿੱਚ ਵਸੇ ਨਵੇਂ -ਪੁਰਾਣੇ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ਭੇਜਿਆ ਗਿਆ ਸੀ । ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਸਟੂਡੈਂਟ ਅਲੂਮਨੀ ਰਜਿ: ਦੇ ਬੈਨਰ ਹੇਠ ਕਰਵਾਏ ਗੲੇ ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਮੌਯੂਦਾ ਉੱਪ ਕੁਲਪਤੀ ਡਾ: ਅਰੁਣ ਕੁਮਾਰ ਗਰੋਵਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਮੌਕੇ ਬੋਲਦਿਆਂ ਉਹਨਾਂ ਕੈਨੇਡਾ-ਅਮਰੀਕਾ ਰਹਿੰਦੇ ਵਿਦਿਆਰਥੀਆਂ ਦੇ ਯੂਨੀਵਰਸਿਟੀ ਨਾਲ ਜੁੜੇ ਰਹਿਣ ਅਤੇ ਵੈਨਕੂਵਰ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਸ਼ਲਾਘਾ ਕੀਤੀ । ਆਪਣੇ ਸੰਬੋਧਨ ਵਿੱਚ ਡਾ: ਗਰੋਵਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਭਾਰਤ ਦੀ ਵਾਹਦ ਅਜਿਹੀ ਯੂਨੀਵਰਸਿਟੀ ਹੈ ਜੋ ਪੂਰੀ ਤਰਾਂ ਸੂਬਾਈ ਅਤੇ ਕੇਂਦਰ ਸਰਕਾਰ ਦੇ ਅਧੀਨ ਨਹੀਂ ਹੈ । ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਇਸ ਨਿਵੇਕਲੇ ਰੁਤਬੇ ਨੂੰ ਕਾਇਮ ਰੱਖਿਆ ਜਾਵੇਗਾ ।ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਯੂਨਿਵਰਸਿਟੀ ਦੇ ਅਲੂਮਨੀ ਵਿਭਾਗ ਦੇ ਡੀਨ ਡਾ: ਅਨਿਲ ਮੌਗਾਂ ਨੇ ਵਿਦਿਆਰਥੀਆਂ ਨੂੰ ਅਲੂਮਨੀ ਵਿਭਾਗ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ । ਇਸ ਸਮਾਗਮ ਦੇ ਮੰਚ ਸੰਚਾਲਕ ਅਤੇ ਰੇਡੀਉ ਹੋਸਟ ਪ੍ਰੋਃ ਗੁਰਬਾਜ ਸਿੰਘ ਬਰਾੜ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਯੂਨੀਵਰਸਿਟੀ ਬਾਰੇ ਇਕ ਦਸਤਾਵੇਜ਼ੀ ਫਿਲਮ ਦਿਖਾਈ ਗੲੀ ਅਤੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਮਰਹੂਮ ਅਮਰਾਉ ਕਲੇਰ ਦੇ ਪਰਿਵਾਰ ਨੂੰ ਸਨਮਾਨਤ ਕੀਤਾ ਗਿਆ । ਅਖੀਰ ਵਿੱਚ ਪੰਜਾਬੀ ਲੋਕ ਨਾਚ ਭੰਗੜਾ,ਮਲਵਈ ਗਿੱਧਾ ਅਤੇ ਜਾਗੋ ਨੇ ਚੰਗਾ ਰੰਗ ਬੰਨਿਆਂ । ਸਮਾਗਮ ਨੂੰ ਹਰ ਪੱਖੋਂ ਸਫਲ ਬਣਾਉਣ ਲਈ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਹਰਜਿੰਦਰ ਥਿੰਦ ,ਬਲਜਿੰਦਰ ਸੰਘਾ, ਕੁਲਦੀਪ ਮਾਂਗਟ, ਹਰਮੀਤ ਖੁੱਡੀਆਂ, ਅਜੇਪਾਲ ਧਾਲੀਵਾਲ,ਮਨਜੀਤ ਮਾਂਗਟ ,ਅਮਰੀਕ ਬਾਠ ਅਤੇ ਹਰਜਿੰਦਰ ਦੁੱਲਟ ਨੇ ਭਰਵਾਂ ਯੋਗਦਾਨ ਪਾਇਆ ।

Be the first to comment

Leave a Reply