‘ਮੈਂ ਸਿੱਖਾਂ ਦੀ ਤਰੱਕੀ ਲਈ ਹਮੇਸ਼ਾਂ ਯਤਨ ਕਰਦਾ ਰਹਾਂਗਾ’: ਸ. ਜੀ ਕੇ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ ਨੇ ਕੱਲ੍ਹ ਉਸ ਸਮੇਂ ਸਾਡੇ ਅਖਬਾਰ ‘ਪੰਜਾਬ ਗਾਰਡੀਅਨ’ ਦਫਤਰ ਵਿਚ ਸ਼ਿਰਕਤ ਕੀਤੀ ਜਦ ਅਖਬਾਰ ਦਾ ਪ੍ਰੈ੍ਸ ਟਾਈਮ ਸੀ।ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿਚ ਸਿੱਖਾਂ ਦੇ ਪੜ੍ਹੇ ਲਿਖੇ ਧਾਰਮਿਕ ਆਗੂ ਜੋ ਪੰਜਾਬ ਦੀ ਸਮਾਜਿਕ ਤੇ ਰਾਜਨੀਤਕ ਰਗ ਰਗ ਤੋਂ ਵੀ ਪੂਰੀ ਤਰ੍ਹਾਂ ਜਾਣੂ ਹਨ, ਨਾਲ ਅਖਬਾਰ ਦੇ ਛਪਦੇ ਛਪਦੇ ਕਾਹਲੀ ਨਾਲ ਕੀਤੀ ਭੇਟ ਵਾਰਤਾ ਦੇ ਕੁਝ ਅੰਸ਼ ਅਸੀਂ ਪੰਜਾਬ ਗਾਰਡੀਅਨ ਦੇ ਪਾਠਕਾਂ ਦੀ ਭੇਂਟ ਕਰ ਰਹੇ ਹਾਂ।ਆਸ ਕਰਦੇ ਹਾਂ ਕਿ ਪਾਠਕਾਂ ਦਾ ਹੁੰਗਾਰਾ ਭਰਪੂਰ ਰਹੇਗਾ-ਸੰਪਾਦਕ

ਸਵਾਲ:- ਤੁਹਾਡਾ ਇਸ ਫੇਰੀ ਦਾ ਕੀ ਮਕਸਦ ਹੈ?

ਮਨਜੀਤ ਸਿੰਘ:- ਸਭ ਨੂੰ ਪਤਾ ਹੈ ਕਿ 2019 ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਅਵਤਾਰ ਪੁਰਬ ਆ ਰਿਹਾ ਹੈ। ਮੇਰੀ ਇਸ ਫੇਰੀ ਦਾ ਮਕਸਦ ਹੈ ਕਿ ਸਮੂਹ ਸਿੱਖ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਦਿਹਾੜਾ ਇਸ ਤਰੀਕੇ ਨਾਲ ਮਨਾਵੇ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਸਕੇ ਕਿ ਗੁਰੂ ਨਾਨਕ ਦਾ ਸ਼ੰਦੇਸ਼ ਕੀ ਹੈ।ਮੈਂ ਜਦੋਂ ਯੂਰਪ,ਅਮਰੀਕਾ,ਕੈਨੇਡਾ, ਅਸਟਰੇਲੀਆ ਜਾਂ ਦੁਨੀਆ ਦੇ ਬਹੁਤੇ ਮੁਲਕਾਂ ਦੇ ਸੰਵਿਧਾਨ ਪੜ੍ਹਦਾ ਹਾਂ ਤਾਂ ਉਨਾ ਵਿੱਚ ਅਸਲ ਤੱਥ ਉਹ ਮਿਲਦਾ ਹੈ ਜੋ ਗੁਰੂ ਨਾਨਕ ਜੀ ਨੇ 500 ਸਾਲ ਪਹਿਲਾਂ ਬਰਾਬਰਤਾ ਦਾ ਸੰਦੇਸ਼ ਦਿਤਾ ਇਹੀ ਉਨਾ ਵਿੱਚ ਦਰਜ਼ ਹੈ। ਪਰ ਅਸੀਂ ਦੁਨੀਆ ਨੂੰ ਦੱਸਣ ਲਈ ਫੇਲ ਹੋ ਗਏ ਕਿ ਸਿੱਖ ਕੌਮ ਦੇ ਬਾਨੀ ਗੁਰੂ ਨਾਨਕ ਦਾ ਧਰਮ ਕੀ ਕਹਿੰਦਾ ਹੈ।ਗੁਰੂ ਨਾਨਕ ਦੇਵ ਜੀ ਮੁਸਲਮਾਨਾਂ ਦੇ ਮੁਖ ਸਥਾਨ ਮੱਕੇ ,ਹਿੰਦੂਆਂ ਦੇ ਮੁਖ ਸਥਾਨਾਂ ਤੇ ਬੋਧੀਆਂ ਦੇ ਸਥਾਨਾਂ ਬਰਮਾ ਤਿੱਬਤ ਤੇ ਸ੍ਰੀ ਲੰਕਾ ਗਏ।ਇਸੇ ਤਰਾਂ ਨਵੀਂ ਖੋਜ ਆ ਰਹੀ ਹੈ ਕਿ ਉਹ ਰੁਮਾਨੀਆ ਵੀ ਗਏ ਜੇ ਗੁਰੂ ਨਾਨਕ ਜੀ ਹੋਰਾਂ ਧਰਮਾਂ ਦੇ ਮੁਖ ਸਥਾਨਾਂ ਤੇ ਜਾ ਸਕਦੇ ਹਨ ਤਾਂ ਉਹ ਈਸਾਈਆਂ ਦੇ ਵੈਟੀਟਨ ਵੀ ਗਏ ਹੋਣਗੇ।ਇਹ ਖੋਜ ਚੱਲ ਰਹੀ ਹੈ।ਪਿਛਲੇ ਸਾਲਾਂ ਵਿੱਚ ਅਸੀਂ ਦਿੱਲੀ ਵਿੱਚ ਵੱਡੇ ਸਮਾਗਮ ਕੀਤੇ।ਜਿਵੇਂ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਤੇ ਉਨ੍ਹਾਂ ਦੀ ਦੇਣ ਬਾਰੇ ਸਿੱਖ ਕੌਮ ਅਤੇ ਹੋਰ ਲੋਕਾਂ ਨੂੰ ਜਾਗਰਿਤ ਕੀਤਾ।ਦਿੱਲੀ ਫਤਹਿ ਦਿਵਸ,ਬਾਬਾ ਬਘੇਲ ਸਿੰਘ,ਜੱਸਾ ਸਿੰਘ ਰਾਮਗੜੀਆ ਦੀ ਕੁਰਬਾਨੀ ਬਾਰੇ ਦਿੱਲੀ ਅਤੇ ਮੁਲਕ ਭਰ ਵਿੱਚ ਵੱਡੇ ਸਮਾਗਮ ਕੀਤੇ ਗਏ ਤਾਂ ਕਿ ਸਿੱਖਾਂ ਦੇ ਇਤਿਹਾਸ ਬਾਰੇ ਲੋਕਾਂ ਨੂੰ ਦੱਸਿਆ ਜਾਵੇ।ਇਹੀ ਕਾਰਣ ਸੀ ਕਿ ਭਾਰਤ ਸਰਕਾਰ ਨੇ ਵੀ ਗੁਰੂ ਗਬਿੰਦ ਸਿੰਘ ਜੀ ਦਾ 350 ਸਾਲਾ ਦਿਹਾੜਾ ਵਿਸ਼ਵ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ।ਹੁਣ ਵੀ ਅਸੀਂ ਚਾਹੁੰਦੇ ਕਿ ਪਹਿਲੇ ਪਾਤਸ਼ਾਹ ਜੀ ਦੇ 550 ਸਾਲਾ ਅਵਤਾਰ ਦਿਵਸ ਉਪਰ ਗੁਰੁੂ ਨਾਨਕ ਦੀ ਸਿੱਖੀ ਨੂੰ ਦੁਨੀਆਂ ਭਰ ਵਿੱਚ ਉਜਗਰ ਕਰੀਏ।

ਸਵਾਲ :ਦਿੱਲੀ ਵਿੱਚ ਦਿਆਲ ਸਿੰਘ ਕਾਲਜ ਦਾ ਨਾਂ ਬਦਲਿਆ ਗਿਆ ਹੈ ਉਸ ਬਰੇ ਕੀ ਕਹਿਣਾ ਚਾਹੋ ਗੇ?

ਮਨਜੀਤ ਸਿੰਘ:-ਮੈਂ ਪਹਿਲਾ ਦਸ ਦਿਆਂ ਕਿ ਇਸ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ ਹੈ। ਇਹ ਮੈਨੇਜਮੈਂਟ ਪੱਧਰ ਦਾ ਹੀ ਫੈਸਲਾ ਸੀ ਪਰ ਅਸੀਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ।ਉਨਾ ਨੂੰ ਸਰਦਾਰ ਦਿਆਲ ਸਿੰਘ ਦੀ ਦੇਣ ਬਾਰੇ ਦੱਸਿਆ।ਅਸੀਂ ਕਿਹਾ ਕਿ ਬਹੁਤ ਸਾਰੇ ਇੰਸਟੀਚਿਊਟ ਹਿੰਦੂਆਂ ਦੇ ਹਨ ਉਨ੍ਹਾਂ ਦੇ ਨਾਂ ਵੀ ਬਦਲੋ।ਇੰਦਰਾ ਗਾਂਧੀ ਦੇ ਨਾਂ ਤੇ ਅਦਾਰੇ ਹਨ ਮੋਤੀ ਲਾਲ ਨਹਿਰੂ ਦੇ ਨਾਂ ਤੇ ਅਦਾਰਿਆ ਦੇ ਨਾਮ ਤਾਂ ਬਦਲੇ ਨਹੀਂ ਜਾ ਰਹੇ ਪਰ ਸਿੱਖ ਅਦਾਰੇ ਦਾ ਨਾ ਕਿਉਂ ਬਦਲਿਆ।ਸਮਝੋ ਇਹ ਮਸਲਾ ਲਗਭੱਗ ਹੱਲ ਕਰ ਲਿਆ ਗਿਆ ਹੈ।

ਸਵਾਲ:ਇਹ ਕਿਹਾ ਜਾ ਰਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਰ.ਐਸ.ਐਸ.ਦੀ ਘੁਸ ਪੈਠ ਹੈ?

ਮਨਜੀਤ ਸਿੰਘ :- ਬਿਲਕੁਲ ਗਲਤ ਪ੍ਰਚਾਰ ਵਿਰੋਧੀ ਕਰਦੇ ਹਨ।ਪਿਛਲੇ ਮਹੀਨੇ ਆਰ.ਐਸ.ਐਸ ਨੇ ਸਮਾਗਮ ਕੀਤਾ ਸਾਡਾ ਇੱਕ ਵੀ ਬੰਦਾ ਸ਼ਾਮਲ ਨਹੀਂਂ ਹੋਇਆ।ਸਿੱਖ ਅਤੇ ਸਾਡੇ ਗੁਰਦਵਾਰੇ ਗੁਰੂ ਨਾਨਕ ਦੇ ਹੁਕਮ ਤੇ ਚਲਦੇ ਹਨ।ਬੀ.ਜੇ.ਪੀ ਵਿਚ ਰੋਹੰਗਿਆ ਦੇ ਮੁਸਲਮਾਨਾਂ ਨੂੰ ਦੇਸ਼ ਵੜਨ ਨਹੀਂਂ ਦਿੰਦੀ ਸੀ ਪਰ ਅਸੀਂਂ ਖਾਲਸਾ ਏਡ ਦੀ ਖੁਲ ਕੇ ਹਮਾਇਤ ਕੀਤੀ।ਉਨ੍ਹਾਂ ਦੇ ਸਟਾਲ ਬੰਗਲਾ ਸਾਹਿਬ ਅਤੇ ਹੋਰ ਗੁਰਦਵਾਰਿਆਂ ਵਿਚ ਲਵਾਏ।ਨੇਪਾਲ ਵਿੱਚ ਭੁਚਾਲ ਆਏ ਉਸ ਸਮੇਂ ਸਿੱਖਾਂ ਨੇ ਦਿਲ ਖੋਲ੍ਹ ਕੇ ਮਦਦ ਕੀਤੀ ।ਉਥੋਂ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨੇ ਫੋਨ ਕਰਕੇ ਸਿੱਖਾਂ ਦਾ ਧੰਨਵਾਦ ਕੀਤਾ ਕਿ ਜਿਸ ਤਰਾਂ ਸਿੱਖਾਂ ਨੇ ਮੱਦਦ ਕੀਤੀ ਇਸ ਤਰਾਂ ਲਗਦਾ ਸੀ ਕਿ ਢਹੇ ਮੰਦਰਾਂ ਵਿੱਚੋਂ ਸਿੱਖਾਂ ਦੇ ਰੂਪ ਵਿੱਚ ਦੇਵਤੇ ਆ ਕੇ ਸਾਡੀ ਮੱਦਦ ਕਰ ਰਹੇ ਹੋਣ।ਗੁਰੂ ਘਰ ਸਿੱਖੀ ਸੋਚ ਨਾਲ ਚਲਦੇ ਹਨ।ਸਭ ਨੇ ਰਵੀਸ਼ ਕੁਮਾਰ ਦਾ ਪ੍ਰੋਗ੍ਰਾਮ ਦੇਖਿਆ ਉਥੇ ਅਸੀਂਂ ਕਿਹਾ ਸਿੱਖ ਗੁਰਦਵਾਰਿਆ ਦੇ ਦਵਾਰ ਸਭ ਲਈ ਖੁਲ਼ੇ ਹਨ।ਲੰਗਰ ਗੁਰੂ ਨਾਨਕ ਦਾ ਹੈ ਕੋਈ ਵੀ ਛੱਕ ਛਕਦਾ ਹੈ। ਮੈ ਫਿਰ ਕਹਿਨਾ ਕਿ ਸਿੱਖਾਂ ਦੇ ਗੁਰਦਵਾਰਿਆਂ ਵਿੱਚ ਹੁਕਮ ਗੁਰੂ ਨਾਨਕ ਦਾ ਚੱਲਣਾ ਹੈ।ਪਰ ਮੈਂ ਇੱਕ ਸਵਾਲ ਪੁਛਣਾ ਚਹੁੰਦਾ ਕਿ ਬਰਗਾੜੀ ਕਾਂਡ ਵੇਲੇ ਜੋ ਲੋਕ ਮੁਜਾਹਰੇ ਕਰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿਛੇ ਬਾਦਲਾਂ ਦਾ ਹੱਥ ਹੈ।ਪਰ ਹੁਣ ਕੈਪਟਨ ਦੇ ਰਾਜ਼ ਵਿੱਚ 14 ਬੇਅਦਬੀ ਦੀਆ ਘਟਨਾਵਾਂ ਹੋ ਗਈਆਂ ਹੁਣ ਉਹ ਸੰਤ ਜਾਂ ਜੋ ਆਗੂ ਧਰਨੇ ਦਿੰਦੇ ਸੀ ਕਿੱੱਥੇ ਹਨ?

ਸਵਾਲ:ਪਤਾ ਲੱਗਾ ਹੈ ਕਿ ਬਲੈਕ ਲਿਸਟ ਖਤਮ ਕਰਵਾਉਣ ਲਈ ਆਪ ਯਤਨ ਕਰ ਰਹੇ ਹੋ?

ਮਨਜੀਤ ਸਿੰਘ:- ਲੰਮੇੇ ਸਮੇਂ ਤੋਂ ਇਹ ਮਸਲਾ ਗੰਭੀਰ ਬਣਿਆਂ ਹੋਇਆ ਸੀ। ਜੇਕਰ ਆਰ ਟੀ ਆਈ ਰਾਹੀਂ ਪੁਛਿਆ ਜਾਂਦਾ ਸੀ ਕਿ ਕਿਹੜੇ ਸਿੱਖ ਬਲੈਕ ਲਿਸਟ ਵਿੱਚ ਹਨ ਤਾਂ ਸਰਕਾਰ ਨੈਸ਼ਨਲ ਸਕਿਉਰਟੀ ਦਾ ਬਹਾਨਾ ਬਣਾ ਕੇ ਕੁੱਛ ਹੱਥ ਪੱਲਾ ਨਹੀਂ ਸੀ ਫੜਾਉਂਦੀ।ਫਿਰ ਅਸੀਂ ਅਦਾਲਤ ਦਾ ਸਹਾਰਾ ਲਿਆ 23 ਨਵੰਬਰ ਨੂੰ ਜਸਟਿਸ ਗੀਤਾ ਮਿੱਤਲ ਨੇ ਹੋਮ ਮਨਿਸਟਰੀ ਨੂੰ ਇਸ ਇਸ ਬਾਰੇ ਕਟਹਿਰੇ ਵਿੱਚ ਖੜਾ ਕੀਤਾ ਹੈ।ਇਹ ਮਸਲਾ ਪੱਕੇ ਤੌਰ ਤੇ ਹੱਲ ਕਰਕੇ ਹੀ ਸਾਹ ਲਵਾਂਗੇ।

ਸਵਾਲ: ਕੀ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੇਲ਼ਾਂ ਵਿੱਚ ਬੈਠੇ ਸਿੱਖਾਂ ਦੀ ਮਦਦ ਕਰਦੀ ਹੈ?

ਜਵਾਬ:- ਇਹ ਤੁਸੀਂਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਪੁਛੋ। ਚਾਹੇ ਦਇਆ ਸਿੰਘ ਲਹੌਰੀਆ ਹੋਵੇ ਜਾਂ ਭਾਈ ਜਗਤਾਰ ਸਿੰਘ ਹਵਾਰਾ ਅਸੀਂ ਹਰ ਇੱਕ ਦੀ ਮੱਦਦ ਕਰਦੇ ਹਾਂ। ਪਿਛਲੇ ਦਿਨੀ ਭਾਈ ਜਗਤਾਰ ਸਿੰਘ ਹਵਾਰਾ ਨਾਲ ਜੇਲ ਦੇ ਸੀ.ਸੀ.ਟੀ.ਵੀ ਕੈਮਰੇ ਬੰਦ ਕਰਕੇ ਬਦਸਲੂਕੀ ਕੀਤੀ ਗਈ ।ਅਸੀ ਹਾਈ ਕੋਰਟ ਗਏ। ਹੁਣ ਸਾਰੀ ਤਫਤੀਸ਼ ਹੋ ਰਹੀ ਹੈ ਕਿ ਕਿਸਨੇ ਕੈਮਰੇ ਬੰਦ ਕੀਤੇ ।ਹਵਾਰਾ ਜੋ ਵੀ ਸੁਨੇਹਾ ਦਿੰਦਾ ਪੂਰਾ ਕਰਦੇ ਹਾਂ।ਚਾਹੇ ਜੇਲਾਂ ਵਿੱਚ ਗੁਰਪੁਰਬ ਮਨਾਉਂਣੇ ਹੋਣ ਜਾਂ ਹੋਰ ਕੋਈ ਵੀ ਲੋੜ ਹੋਵੇ।

ਸਵਾਲ ਨਸਲਕੁਸ਼ੀ 84 ਦੇ ਪੀੜਤਾਂ ਲਈ ਕੀ ਕਰ ਰਹੇ ਹੋ?

ਜਵਾਬ:-ਇਹ ਪੁਛੋ ਕੀ ਨਹੀਂਂ ਕੀਤਾ।ਸਰਨੇ ਨੇ ਵਿਧਵਾਵਾਂ ਦੀਆਂ ਪੈਨਸ਼ਨਾ ਬੰਦ ਕੀਤੀਆਂ ਪਰ ਅਸੀਂ ਦਿੱਲੀ ਵਿੱਚ 750,ਕਾਨਪੁਰ 132,ਬੋਕਾਰੋ 30 ਵਿਧਵਾਵਾਂ ਨੂੰ ਪੈਨਸ਼ਨਾ ਦੇ ਰਹੇ ਹਾਂ।ਚਾਹੇ ਪੀੜਤਾਂ ਦੀ ਤੀਜ਼ੀ ਪੀੜੀ ਜਵਾਨ ਹੋ ਰਹੀ ਹੈ ਪਰ ਫੇਰ ਵੀ ਇਨਾ ਦੇ ਬੱਚਿਆਂ ਦੀ ਐਜੂਕੇਸਨ ਫਰੀ ਹੈ। ਸ਼ਾਦੀ ਗਮੀ ਵਿੱਚ ਮੱਦਦ ਕੀਤੀ ਜਾਂਦੀ ਹੈ।ਇਸਤੋਂ ਇਲਾਵਾ ਦਿਲੀ ਗੁਰਦਵਾਰਾ ਕਮੇਟੀ ਦੇ ਇੰਸਟੀਚਿਊਟਾਂ ਵਿੱਚ ਦਾਖਲੇ ਅਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।

1985 ਵਿੱਚ ਟ੍ਰਾਜਿਟ ਬੰਬ ਕਾਂਡ ਹੋਇਆ ਸੀ 50 ਸਿੱਖ ਮੁੰਡੇ ਫਸੇ ਹੋਏ ਹਨ ਉਨਾ ਨੂੰ ਵਕੀਲ ਦਿੱਤੇ ਹੋਏ ਹਨ।ਇਥੇ ਹੀ ਬੱਸ ਨਹੀਂਂ ਸਿੱਖ ਕਾਲਜਾਂ ਨੂੰ ‘ਮਨਿਉਰਟੀ ਦਰਜ਼ਾ’ ਦਿਵਾਇਆ ਜੋ ਪਹਿਲਾਂ ਨਹੀਂ ਸੀ।ਜਿਵੇਂ ਗੁਰੂ ਤੇਗ ਬਹਾਦਰ ਇੰਜਨੀਅਰ ਕਾਲਜ ਹੈ ਉਥੇ 600 ਸੀਟ ਹੈ ਉਥੇ ਅਸੀਂ ਸਿੱਖ ਬੱਚਿਆਂ ਨੂੰੂ ਪਹਿਲ ਦੇ ਅਧਾਰ ਤੇ ਦਾਖਲਾ ਦੇ ਸਕਦੇ ਹਾਂ।ਹਰੇਕ ਸਾਲ 600 ਸਿੱਖ ਬੱਚਾ ਇੰਜਨੀਅਰ ਬਣਦਾ ਹੈ। ਇਥੇ ਇਲੈਕਟਰੋਨਿਸ,ਮਕੈਨੀਕਲ ਪਲੰਬਿੰਗ ਆਦਿ ਦੇ ਕੋਰਸ ਹਨ ਫਿਰ ਉਨਾ ਲਈ ਨੌਕਰੀਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਦਿੱਲੀ ਕਮੇਟੀ ਦੇ ਚਾਰ ਹੋਰ ਕਾਲਜ਼ ਸਕੂਲ ਹਨ। ਜਿਥੇ ਸਾਡੇ ਬੱਚੇ ਪੜ੍ਹ ਰਹੇ ਹਨ।ਮਨਿਉਰਟੀ ਦਰਜੇ ਕਾਰਣ ਉਨਾ ਦੀ ਐਡਮਿਸ਼ਨ ਪਹਿਲ ਦੇ ਅਧਾਰ ਤੇ ਹੁੰਦੀ ਹੈ।ਇਸ ਤੋਂ ਇਲਾਵਾ ਅਫਗਾਨਿਸਤਾਨ, ਪਾਕਿਸਤਾਨ ਤੋਂ ਆਏ ਸਿੱਖਾਂ ਤੇ ਹਿੰਦੂਆ ਨੂੰੂ ਭਾਰਤੀ ਨਾਗਰਿਕਾ ਦਿਵਉਂਣ ਦਾ ਮਸਲਾ ਸੀ, ਉਸ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਕੀ ਨਸਲਕੁਸ਼ੀ 84 ਦੇ ਪੀੜਤਾ ਨੂੰ ਇਨਸਾਫ ਮਿਲੇਗਾ?

ਮਨਜੀਤ ਸਿੰਘ: ਇਨਸਾਫ ਦੀ ਆਸ ਮੱਧਮ ਹੈ।ਪਹਿਲੀ ਗੱਲ ਇਹ ਕਿ 33 ਸਾਲਾ ਵਿੱਚ ਸਬੂਤ ਮਿਟਾ ਦਿੱਤੇ ਗਏ ਹਨ।ਦੂਸਰਾ ਜੇ ਗਵਾਹ ਭੁਗਤਣ ਤਾਂ ਤਿੰਨ ਚਾਰ ਬੰਦੇ ਅੰਦਰ ਜਾ ਸਕਦੇ ਹਨ ।ਪਰ ਗਵਾਹਾਂ ਨੂੰ ਅਸੀਂ ਸਹੂਲਤਾਂ ਦਿੰਦੇ ਰਹਿ ਜਾਂਦੇ ਹਾਂ ਪਰ ਉਹ ਅਦਾਲਤ ਵਿੱਚ ਜਾਂਦੇ ਹੀ ਨਹੀਂ,ਸਾਨੂੰ ਹੀ ਬਲੈਕ ਮੇਲ ਕਰਦੇ ਹਨ ।ਇਥੇ ਇਹ ਵੀ ਦੱਸ ਦਿਆਂ ਕਿ ਬੀ.ਜੇ.ਪੀ ਦਾ ਵੀ ਨਸਲਕੁਸ਼ੀ ਸਬੰਧੀ ਮਾਈਂਡ ਸੈਟ ਕਾਂਗਰਸ ਵਾਲਾ ਹੀ ਹੈ।ਇਨਾ ਨੇ ਵੀ ਕਾਂਗਰਸ ਵਾਂਗ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਪਰ ਜਦੋਂ ਦਬਾਅ ਬਣਿਆ ਫਿਰ ਵਾਪਸ ਲੈ ਲਈ।ਜਦੋਂ ਸਰਨੇ ਵਰਗੇ ਲੋਕ ਕਾਂਗਰਸੀਆਂ ਨੂੰ ਸਟੇਜਾਂ ਤੇ ਲਿਆਉਂਣਗੇ ਅਤੇ ਇਹੀ ਕਾਂਗਰਸੀ ਗਵਾਹ ਨੂੰ ਪੈਸੇ ਦੇ ਕੇ ਮੁਕਰਾਉਂਦੇ ਹਨ ਫਿਰ ਇਨਸਾਫ ਕਿਵੇਂ ਮਿਲੇ।ਸਬੂਤ ਹਨ ਕਿ ਇਨਾ ਨੇ ਪੈਸੇ ਦੇ ਕੇ ਗਵਾਹ ਬਾਹਰਲੇ ਮੁਲਕਾਂ ਵਿੱਚ ਸੈ੍ਨਟ ਕੀਤੇ ਹਨ।ਸਾਡੀ ਮਿਸਾਲ ਹੈ ਕਿ 2013 ਤੋਂ ਬਾਅਦ ਅਸੀਂ ਕਿਸੇ ਲੀਡਰ ਨੂੰ ਗੁਰਦਵਾਰਾ ਸਟੇਜ ਤੇ ਨਹੀਂ ਚੜਨ ਦਿੱਤਾ ਚਾਹੇ ਸਾਡੀ ਸਹਿਯੋਗੀ ਪਾਰਟੀ ਦਾ ਕਿਉਂ ਨਾ ਹੋਵੇ।

ਸਵਾਲ:ਜਦੋਂ ਹਿੰਦੂ ਆਗੂ ਕਹਿੰਦੇ ਹਨ ਕਿ ਇਹ ਮੁਲਕ ਹਿੰਦੂਆਂ ਦਾ ਹੈ, ਤਾਂ ਤੁਹਾਡਾ ਕੀ ਪ੍ਰਤੀਕਰਮ ਹੁੰਦਾ ਹੈ?

ਮਨਜੀਤ ਸਿੰਘ:- ਪਿਛਲੇ ਸਮੇਂ ਦਾ ਭਾਰਤ ਦਾ ਕੋਈ ਅਖਬਾਰ ਚੁੱਕੋ ਮੈਂ ਕਿਹਾ ਇਹ ਮੁਲਕ ਕਿਸੇ ਦੀ ਜਗੀਰ ਨਹੀਂ ਹੈ।ਜਿਨੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆ ਕਿਸੇ ਹੋਰ ਕੌਮ ਦੀਆਂ ਦੱਸੋ ਤਾਂ ਸਹੀ? ਸਿਰਫ 2 ਪ੍ਰਤੀਸ਼ਤ ਹੋਣ ਦੇ ਬਾਵਜੂਦ ਇਸ ਦੇਸ਼ ਦੀ ਅਜ਼ਾਦੀ ਲਈ ਫਾਂਸੀਆਂ ਅਤੇ ਜੇਲਾਂ ਵਿੱਚ ਕੌਣ ਰੁਲ਼ੇ।ਅਜ਼ਾਦੀ ਤੋਂ ਬਾਅਦ ਚਾਰ ਜੰਗਾਂ ਹੋਈਆਂ ਮੂਹਰੇ ਹੋ ਕੇ ਸਿੱਖ ਹੀ ਲੜੇ ਤੇ ਮਰੇ।ਇਹ ਮੁਲਕ ਸਾਡਾ ਵੀ ਉੰਨਾ ਹੀ ਹੈ ਜਿੰਨਾ ਕਿਸੇ ਹੋਰ ਦਾ।ਇਸ ਲਈ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ।

ਅਖੀਰ ਵਿੱਚ ਕੈਨੇਡਾ ਦੇ ਸਿੱਖਾਂ ਨੂੰ ਕੀ ਕਹਿਣਾ ਚਾਹੋਗੇ?

ਮਨਜੀਤ ਸਿੰਘ: ਪਹਿਲੀ ਗੱਲ ਤਾਂ ਇਹ ਕਿ ਚਾਹੇ ਅਕਾਲੀ, ਕਾਂਗਰਸੀ,ਬੀ.ਜੇ.ਪੀ ਜਾਂ ਆਮ ਆਦਮੀ ਪਾਰਟੀ ਕਿਸੇ ਨੂੰ ਆਪਣੀ ਕਮਾਈ ਨਾ ਲੁਟਾਉ। ਇਹੀ ਡਾਲਰਾਂ ਨਾਲ ਆਪਣੇ ਬੱਚੇ ਪੜਾਉ।ਬੇਸ਼ਕ ਬਾਹਰਲੇ ਮੁਲਕਾਂ ਵਿੱਚ ਸਿੱਖ ਚੰਗੇ ਅਹੁਦਿਆਂ ਤੇ ਹਨ ਪਰ ਯਹੂਦੀ ਸਾਡੇ ਨਾਲੋਂ ਘੱਟ ਹੋਣ ਦੇ ਬਾਵਜੂਦ ਵੀ ਦੁਨੀਆਂ ਦੇ ਹਰ ਫੈਸਲੇ ਵਿੱਚ ਉਨ੍ਹਾਂ ਦਾ ਪੱਖ ਅਹਿਮ ਹੁੰਦਾ ਹੈ।ਦੂਸਰੀ ਪਿਛਲੇ ਸਮੇਂ ਕੈਨੇਡਾ ਮੁਲਕ ਨੇ ਸੀਰੀਆ ਦੇ ਲੋਕਾਂ ਨੂੰ ਪਨਾਹ ਦਿੱਤੀ।ਅਫਗਾਨਿਸਤਾਨ,ਪਾਕਿਸਤਾਨ ਅਤੇ ਕਸ਼ਮੀਰ ਵਿੱਚ ਸਾਡੇ ਸਿੱਖਾਂ ਦੀ ਹਾਲਤ ਮਾੜੀ ਹੈ।ਕੈਨੇਡਾ ਸਰਕਾਰ ਵੀ ਇਨ੍ਹਾਂ ਮੁਲਕਾਂ ਦੇ ਸਿੱਖਾਂ ਨੂੰ ਇਥੇ ਲਿਆਵੇ।ਸਾਡੇ ਰਾਜਨੀਤਕ ਆਗੂ ਟਰੂਡੋ ਸਰਕਾਰ ਤੇ ਦਬਾਅ ਬਣਾਉਣ।ਤੀਸਰੀ ਕੈਨੇਡਾ ਵਿੱਚ ਸਿੱਖ ਰੈਜਮੈਂਟ ਬਣੇ।ਕਿਉਂਕਿ ਪਹਿਲੀ ਸੰਸਾਰ ਜੰਗ ਅਤੇ ਦੂਸਰੀ ਸੰਸਾਰ ਜੰਗ ਵਿੱਚ ਤਕਰੀਬਨ ਦੁਨੀਆਂ ਦੇ ਹਰ ਕੋਨੇ ਵਿੱਚ ਸਿੱਖ ਰੈਜਮੈਂਟਾਂ ਨੇ ਜੰਗਾਂ ਲੜੀਆਂ ਅੱਜ ਸਿੱਖ ਫੌਜੀਆਂ ਦੇ ਥਾਂ ਥਾਂ ਤੇ ਬੁੱਤ ਲੱਗ ਰਹੇ ਹਨ। ਕੈਨੇਡਾ ਵਿੱਚ ਸਿੱਖ ਰਜਮੈਂਟ ਜਰੂਰ ਬਣਨੀ ਚਾਹੀਦੀ ਹੈ ਇਸ ਮੁਲਕ ਦੀਆਂ ਸਰਹੱਦਾਂ ਸੁਰਖਿਅਤ ਰਹਿਣਗੀਆਂ।ਅਖੀਰ ਵਿੱਚ ਮੈਂ ਸਿੱਖ ਕੌਮ ਨੂੰ ਬੇਨਤੀ ਕਰਦਾਂ ਹਾਂ ਕਿ ਸਾਨੂੰ ਸੁਝਾਅ ਦਿਉ ਤਾਂ ਕਿ ਆਪਾਂ ਸਾਰੇ ਰਲ਼ ਮਿਲਕੇ ਕੌਮ ਦੀ ਤਰੱਕੀ ਵਿੱਚ ਹਿੱਸਾ ਪਾ ਸਕੀਏ।

Be the first to comment

Leave a Reply