ਮਾਮਲਾ ਭਾਰਤੀ ਕਾਸਲ ਜਨਰਲ ਨੂੰ ਗੁਰਦੁਆਰਾ ਸਾਹਿਬ ‘ਚ ਜਾਣ ਤੋਂ ਰੋਕਣ ਦਾ:ਕਈ ਕਮੇਟੀਆ ਪਿਛੇ ਹਟੀਆਂ

ਟੋਰਾਂਟੋ, 4 ਜਨਵਰੀ (ਸਤਪਾਲ ਸਿੰਘ ਜੌਹਲ)-ਕੈਨੇਡਾ ‘ਚ ਟੋਰਾਂਟੋ ਵਿਖੇ ਸਥਿਤ ਕੁਝ ਗੁਰਦੁਆਰਿਆਂ ‘ਚ ਭਾਰਤੀ ਕਾਂਸਲ ਜਨਰਲ ਦੇ ਜਾਣ ਦੀ ਪਾਬੰਦੀ ਦੇ ਕੀਤੇ ਐਲਾਨ ਨਾਲ ਕਈ ਪ੍ਰਬੰਧਕ ਸਹਿਮਤ ਨਹੀਂ ਹਨ। ਬਰੈਂਪਟਨ ‘ਚ ਸਿੱਖ ਹੈਰੀਟੇਜ ਸੈਂਟਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ਼ੇਰਦਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਂਸਲ ਜਨਰਲ ‘ਤੇ ਕੋਈ ਪਾਬੰਦੀ ਨਹੀਂ ਹੈ ਤੇ ਉਹ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਸੰਬੋਧਨ ਵੀ ਕਰ ਸਕਦੇ ਹਨ। ਉਂਟਾਰੀਓ ਸਿੱਖ ਤੇ ਗੁਰਦੁਆਰਾ ਕਾਂਸਲ (ਓ.ਐਸ.ਜੀ.ਸੀ.) ਦੇ ਚੇਅਰਮੈਨ ਤੇ ਗੁਰਸਿੱਖ ਸਭਾ ਗੁਰਦੁਆਰਾ (ਸਕਾਰਬਰੋ) ਦੇ ਪ੍ਰਧਾਨ ਗੁਬਿੰਦਰ ਰੰਧਾਵਾ ਨੇ ਇਸ ਬਾਰੇ ਕਿਹਾ ਕਿ ਇਸ ਫ਼ੈਸਲੇ ਬਾਰੇ ਖਬਰਾਂ ਤੋਂ ਪਤਾ ਲੱਗਾ, ਪਰ ਉਨ੍ਹਾਂ ਕੋਲ ਅਜੇ ਵਿਸਥਾਰਤ ਜਾਣਕਾਰੀ ਨਹੀਂ ਹੈ। ਕੌਸਲ ਜਨਰਲ ਖ਼ਿਲਾਫ਼ ਇਸ ਫ਼ੈਸਲੇ ਬਾਰੇ ਓ.ਐਸ.ਜੀ.ਸੀ. ਦਾ ਸਮਰਥਨ ਪੁੱਛੇ ਜਾਣ ਮਗਰੋਂ ਸ. ਰੰਧਾਵਾ ਨੇ ਕਿਹਾ ਕਿ ਸਨਿਚਰਵਾਰ ਨੂੰ ਕਾਸਲ ਦੀ ਮੀਟਿੰਗ ਹੈ ਜਿਸ ਵਿਚ ਇਸ ਮੁੱਦੇ ਨੂੰ ਵਿਚਾਰਿਆ ਜਾਵੇਗਾ। ਮਾਲਟਨ ਸਥਿਤ ਗੁਰਦੁਆਰਾ ਸਾਹਿਬ ਦੇ ਸਟੇਜ ਸਕੱਤਰ ਭਾਈ ਜਸਬੀਰ ਸਿੰਘ ਬੋਪਾਰਾਏ ਜਿਨ੍ਹਾਂ ਨੇ ਕਿਹਾ ਸੀ ਕਿ ਗੁਰਦੁਆਰਾ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਕਾਸਲੇਟ ਜਨਰਲ ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮਾਂ ਤੋਂ ਬਿਲਕੁਲ ਪਾਬੰਦਿਤ ਹਨ, ਨੇ ਕਿਹਾ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਦਾ ਆਪਣਾ ਕੋਈ ਸਬੰਧ ਨਹੀਂ ਹੈ, ਉਨ੍ਹਾਂ ਉਹੀ ਫ਼ੈਸਲਾ ਸੰਗਤ ਨੂੰ ਦੱਸਿਆ ਜੋ ਪ੍ਰਬੰਧਕਾਂ ਨੇ ਕਿਹਾ ਸੀ। ਟੋਰਾਂਟੋ ‘ਚ ਰਿਵਾਲਡਾ ਰੋਡ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਜਨਰਲ ਸਕੱਤਰ ਸੇਵਕ ਸਿੰਘ ਮਾਣਕ ਨੇ ਕਿਹਾ ਹੈ ਕਿ ਰਿਵਾਲਡਾ ਰੋਡ ਗੁਰਦੁਆਰਾ ਸਾਹਿਬ ‘ਚ ਭਾਰਤੀ ਕਾਂਸਲ ਜਨਰਲ ਆ ਸਕਦੇ ਹਨ।

Be the first to comment

Leave a Reply