ਮਾਮਲਾ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਦਾ…

ਉਨਟਾਰੀਓ ਖ਼ਾਲਸਾ ਦਰਬਾਰ ਦੇ 4 ਡਾਇਰੈਕਟਰਾਂ ਵੱਲੋਂ ਚਿੱਠੀ ਜਾਰੀd

ਟੋਰਾਂਟੋ(ਸਤਪਾਲ ਸਿੰਘ ਜੌਹਲ)-ਕੈਨੇਡਾ ‘ਚ ਗੁਰਦੁਆਰਾ ਸਾਹਿਬ ਵਿਖੇ ਆਪਣੇ ਰੁਤਬੇ ਦੀ ਹੈਸੀਅਤ ਵਿਚ ਜਾਣ ਵਾਲੇ ਭਾਰਤੀ ਦੂਤਾਂ ਅਤੇ ਅਧਿਕਾਰੀਆਂ ‘ਤੇ ਰੋਕ ਲਗਾਏ ਜਾਣ ਦੇ ਐਲਾਨ ਦੀ ਪਹਿਲ ਕਦਮੀ ਨਵੇਂ ਸਾਲ ਦੀ ਆਮਦ ਮੌਕੇ ਉਂਟਾਰੀਓ ਖ਼ਾਲਸਾ ਦਰਬਾਰ (ਡਿਕਸੀ ਰੋਡ) ਗੁਰਦੁਆਰਾ ਸਾਹਿਬ, ਮਿਸੀਸਾਗਾ ‘ਚ ਹੋਈ ਸੀ, ਜਿੱਥੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਨੇ ਇਸ ਬਾਰੇ ਐਲਾਨ ਕੀਤਾ ਸੀ।
ਹੁਣ ਇਸ ਬਾਰੇ ਉਂਟਾਰੀਓ ਖ਼ਾਲਸਾ ਦਰਬਾਰ ਦੇ 4 ਡਾਇਰੈਕਟਰਾਂ ਦੇ ਨਾਵਾਂ ਹੇਠ ਇਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿਚ ਗੁਰਿੰਦਰ ਸਿੰਘ ਭੁੱਲਰ, ਨਵਜੀਤ ਸਿੰਘ ਪਰਮਜੀਤ ਸਿੰਘ ਬੋਲੀਨਾ ਅਤੇ ਅਮਰੀਕ ਸਿੰਘ ਦਿਓਲ ਦੇ ਨਾਂਅ ਲਿਖੇ ਗਏ ਹਨ। ਚਿੱਠੀ ਵਿਚ ਉਪਰੋਕਤ ਡਾਇਰੈਕਟਰਾਂ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਉਹ ਇਸ ਫ਼ੈਸਲੇ ਤੋਂ ਅਣਜਾਣ ਸਨ, ਇਹ ਮਸਲਾ ਕਮੇਟੀ ਦੀ ਮੀਟਿੰਗ ਵਿਚ ਕਦੇ ਵਿਚਾਰਿਆ ਨਹੀਂ ਗਿਆ ਤੇ ਨਾ ਕੋਈ ਮਤਾ ਪਾਸ ਕੀਤਾ ਗਿਆ।
ਲਿਖਿਆ ਗਿਆ ਕਿ (ਜੋ ਐਲਾਨ ਪ੍ਰਧਾਨ ਸ: ਬੱਲ ਨੇ ਕੀਤਾ ਸੀ) ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ, ਕਮੇਟੀ ਦਾ ਫ਼ੈਸਲਾ ਨਹੀਂ ਹੈ। ਇਸ ਬਾਰੇ ਸ: ਭੁੱਲਰ ਨੇ ਦੱਸਿਆ ਕਿ ਸਾਡੀ ਸਹਿਮਤੀ ਨਹੀਂ ਲਈ ਗਈ ਤੇ ਜੇਕਰ ਇਹ ਮੁੱਦਾ ਕਮੇਟੀ ਦੀ ਮੀਟਿੰਗ ਵਿਚ ਲਿਆਂਦਾ ਜਾਂਦਾ ਤਾਂ ਸਾਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲਦ।
ਉਨ੍ਹਾਂ ਕਿਹਾ ਕਿ ਇਹ ਚਿੱਠੀ ਜਨਤਕ ਕਰਨ ਦਾ ਮਕਸਦ ਸੰਗਤਾਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਣਾ ਹੈ ।ਉਨ੍ਹਾਂ ਇਹ ਵੀ ਕਿਹਾ ਕਿ ਲਗਾਈ ਗਈ ਪਾਬੰਦੀ ‘ਚ ਨਵਾਂ ਕੁਝ ਨਹੀਂ, ਭਾਰਤੀ ਦੂਤਾਂ ਤੇ ਅਧਿਕਾਰੀਆਂ ਨੂੰ ਸਟੇਜ ਤੋਂ ਬੋਲਣ ਦੀ ਮਨਾਹੀ ਤਾਂ ਪਹਿਲਾਂ ਹੀ ਹੈ।
ਸ: ਭੁੱਲਰ ਨੇ ਦੱਸਿਆ ਕਿ ਉਨ੍ਹਾਂ ਕੁਝ ਹੋਰ ਕਮੇਟੀ ਮੈਂਬਰਾਂ ਤੋਂ ਵੀ ਪਤਾ ਕੀਤਾ, ਜਿਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀ ਨਹੀਂ ਪੁੱਛਿਆ ਗਿਆ।
ਉਂਟਾਰੀਓ ਖ਼ਾਲਸਾ ਦਰਬਾਰ ਦੀ ਕਾਰਜਕਾਰਨੀ ਦੇ ਇਕ ਅਹੁਦੇਦਾਰ ਨੇ ਦੱਸਿਆ ਕਿ ਪਾਬੰਦੀ ਬਾਰੇ ਮੀਟਿੰਗ ਵਾਕਿਆ ਹੀ ਨਹੀਂ ਹੋਈ, ਪਰ ਚਿੱਠੀ ਜਾਰੀ ਕਰਨ ਵਾਲੇ 4 ਡਾਇਰੈਕਟਰ ਕਾਰਜਕਾਰਨੀ ਦੇ ਮੈਂਬਰ ਨਹੀਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਰਾਜਨੀਤਕ ਅਖਾੜਾ ਬਣਾਉਣ ਦੀ ਲੋੜ ਨਹੀਂ। ਉਂਟਾਰੀਓ ਖ਼ਾਲਸਾ ਦਰਬਾਰ ਦੇ 11 ਡਾਇਰੈਕਟਰ ਹਨ, ਜਿਨ੍ਹਾਂ ‘ਚੋਂ ਪ੍ਰਧਾਨ ਤੇ ਸਕੱਤਰ ਸਣੇ ਕਾਰਜਕਾਰਨੀ ਦੇ 6 ਅਹੁਦੇਦਾਰ ਹਨ।

Be the first to comment

Leave a Reply