‘ਮਾਂ ਦੀ ਮਮਤਾ’, 10 ਸਾਲਾਂ ਤੋਂ ਲਾਪਤਾ ਪੁੱਤ ਦਾ ਮਨਾ ਰਹੀ ਹੈ ਜਨਮ ਦਿਨ

ਬ੍ਰਿਟਿਸ਼ ਕੋਲੰਬੀਆ— ਮਾਂਵਾਂ ਹਮੇਸ਼ਾ ਆਪਣੇ ਬੱਚਿਆਂ ਦੀ ਸੁੱਖ ਮੰਗਦੀਆਂ ਹਨ। ਭਾਵੇਂ ਬੱਚੇ ਉਨ੍ਹਾਂ ਬਾਰੇ ਸੋਚਣ ਵੀ ਨਾ ਅਤੇ ਉਨ੍ਹਾਂ ਨੂੰ ਦੁੱਖ ਦੇਣ ਪਰ ਮਾਂ ਦੀ ਮਮਤਾ ਕਦੇ ਨਹੀਂ ਮਰਦੀ। ਮਾਂ ਹਮੇਸ਼ਾ ਬੱਚਿਆਂ ਨੂੰ ਦੁਆਵਾਂ ਹੀ ਦਿੰਦੀ ਹੈ। ਬ੍ਰਿਟਿਸ਼ ਕੋਲੰਬੀਆ ‘ਚ ਰਹਿਣ ਵਾਲੀ ਇਕ ਮਾਂ ਦਾ ਪੁੱਤ 10 ਸਾਲ ਪਹਿਲਾਂ ਲਾਪਤਾ ਹੋ ਗਿਆ ਸੀ ਪਰ ਅਜੇ ਵੀ ਉਹ ਉਸ ਦਾ ਜਨਮ ਦਿਨ ਮਨਾਉਂਦੀ ਹੈ। ਇਸ ਮਾਂ ਨੂੰ ਆਸ ਹੈ ਕਿ ਉਸ ਦਾ ਪੁੱਤ ਵਾਪਸ ਆਵੇਗਾ। ਲੁਕਾਸ (ਲਿਊਕ) ਨਾਂ ਦਾ ਬੱਚਾ ਪ੍ਰਿੰਸ ਜੌਰਜ ਤੋਂ ਜੂਨ 2007 ‘ਚ ਲਾਪਤਾ ਹੋ ਗਿਆ ਸੀ। ਉਸ ਸਮੇਂ ਉਹ 14 ਸਾਲਾਂ ਦਾ ਸੀ। ਇਸ ਮਾਂ ਨੇ ਦੱਸਿਆ ਕਿ ਉਸ ਦੇ ਪੁੱਤ ਦਾ 25ਵਾਂ ਜਨਮ ਦਿਨ 29 ਜਨਵਰੀ ਨੂੰ ਹੈ ਅਤੇ ਉਹ ਉਸ ਦਾ ਜਨਮ ਦਿਨ ਹਰ ਵਾਰ ਵਾਂਗ ਮਨਾ ਰਹੀ ਹੈ। ਜ਼ਿਕਰਯੋਗ ਹੈ ਕਿ 2007 ਤਕ ਲੁਕਾਸ ਦੀ ਮਾਂ ਐਡਮਿੰਟਨ ‘ਚ ਪਰਿਵਾਰ ਨਾਲ ਚੰਗਾ ਜੀਵਨ ਜੀਅ ਰਹੀ ਸੀ ਪਰ ਫਿਰ ਲੁਕਾਸ ਗੈਂਗਸਟਰਾਂ ਨਾਲ ਮਿਲ ਗਿਆ। ਗਲਤ ਰਾਹੇ ਪਏ ਪੁੱਤ ਨੂੰ ਸੁਧਾਰਣ ਲਈ ਮਾਂ ਉਸ ਨੂੰ ਪ੍ਰਿੰਸ ਜੌਰਜ ਲੈ ਆਈ ਪਰ ਉਹ ਇੱਥੇ ਵੀ ਨਾ ਸੁਧਰਿਆ। ਉਸ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਸਕੂਲ ਵਾਲਿਆਂ ਨੇ 7 ਜੂਨ, 2007 ਨੂੰ ਉਸ ਦੀ ਮਾਂ ਨੂੰ ਸਕੂਲ ਸੱਦਿਆ। ਮੀਟਿੰਗ ਦੇ ਅਖੀਰ ‘ਚ ਲੁਕਾਸ ਨੂੰ ਇਕ ਕਮਰੇ ‘ਚ ਉਡੀਕ ਕਰਨ ਲਈ ਕਿਹਾ ਗਿਆ ਪਰ ਉਹ ਆਪਣੀ ਮਾਂ ਨੂੰ ਛੱਡ ਕੇ ਉੱਥੋਂ ਦੌੜ ਗਿਆ। ਮਾਂ ਨੂੰ ਲੱਗਾ ਕਿ ਲੁਕਾਸ ਇਕ ਰਾਤ ਆਪਣੇ ਦੋਸਤ ਕੋਲ ਰਹਿ ਕੇ ਸਵੇਰ ਨੂੰ ਘਰ ਆ ਜਾਵੇਗਾ ਪਰ ਉਹ ਮੁੜ ਕਦੇ ਨਾ ਆਇਆ। ਇਹ ਸੋਚ ਕੇ ਕਿ ਉਹ ਐਡਮਿੰਟਨ ਚਲਾ ਗਿਆ ਹੋਵੇਗਾ, ਮਾਂ ਉੱਥੇ ਗਈ ਪਰ ਉਸ ਦੀ ਕੋਈ ਖਬਰ ਨਾ ਮਿਲੀ। ਮਾਂ ਪੁੱਤ ਦਾ ਜਨਮ ਦਿਨ ਮਨਾਉਂਦੀ ਰਹੀ ਤੇ ਉਸ ਨੂੰ ਲੱਭਦੀ ਰਹੀ।
2014 ‘ਚ ਕਿਸੇ ਨੇ ਆਪਣੇ-ਆਪ ਨੂੰ ਲੁਕਾਸ ਦੱਸ ਕੇ ਫੋਨ ਕੀਤਾ ਸੀ ਪਰ ਉਸ ਮਗਰੋਂ ਕੋਈ ਫੋਨ ਵੀ ਨਹੀਂ ਆਇਆ। ਇਹ ਮਾਂ ਆਪਣੇ ਪੁੱਤ ਦੀ ਯਾਦ ‘ਚ ਦਿਨ-ਰਾਤ ਤੜਫਦੀ ਹੈ। ਉਸ ਨੇ ਕਿਹਾ,’’ਮੇਰੇ ਪੁੱਤ ਦੇ ਜਾਣ ਮਗਰੋਂ ਮੇਰੀ ਜ਼ਿੰਦਗੀ ਨਰਕ ਵਰਗੀ ਹੋ ਗਈ ਹੈ। ਮੈਂ ਉਸ ਦੇ ਵਾਪਸ ਆਉਣ ਦੀ ਆਸ ਲਗਾ ਕੇ ਬੈਠੀ ਹਾਂ ਅਤੇ ਇਸੇ ਆਸ ‘ਚ ਉਸ ਦੇ ਜਨਮ ਦਿਨ ਮਨਾਉਂਦੀ ਰਹਾਂਗੀ।‘’ ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਉਸ ਬਾਰੇ ਪਤਾ ਲੱਗੇ ਤਾਂ ਉਹ ਜ਼ਰੂਰ ਮਦਦ ਕਰਨ।

Be the first to comment

Leave a Reply