ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕੀਤਾ ਵਾਧਾ

ਓਟਵਾ:-ਬੈਂਕ ਆਫ ਕੈਨੇਡਾ ਨੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਆਪਣੀਆਂ ਵਿਆਜ਼ ਦਰਾਂ ਵਿੱਚ ਦੂਜੀ ਵਾਰ ਵਾਧਾ ਕੀਤਾ। ਅਜਿਹਾ ਆਰਥਿਕ ਗਤੀ ਨਾਲ ਤਾਲਮੇਲ ਬਿਠਾਉਣ ਲਈ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਰਾਤੋ ਰਾਤ ਉਧਾਰ ਦਰ ਵਿੱਚ ਇੱਕ ਫੀ ਸਦੀ ਦਾ ਵਾਧਾ ਹੋ ਗਿਆ। ਜੁਲਾਈ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਦੂਜੀ ਵਾਰੀ ਵਾਧਾ ਹੋਇਆ ਹੈ। ਦੂਜੀ ਤਿਮਾਹੀ ਵਿੱਚ ਕੈਨੇਡਾ ਦੇ ਆਰਥਿਕ ਵਿਕਾਸ ਵਿੱਚ 4.5 ਫੀ ਸਦੀ ਦਾ ਵਾਧਾ ਹੋਣ ਤੋਂ ਇੱਕ ਹਫਤੇ ਦੇ ਅੰਦਰ ਅੰਦਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ। ਬੈਂਕ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਤਾਜ਼ਾ ਰਿਪੋਰਟਾਂ ਮਜ਼ਬੂਤ ਅਰਥਚਾਰੇ ਦੇ ਦਾਅਵੇ ਕਰ ਰਹੀਆਂ ਹਨ ਤੇ ਬੈਂਕ ਦਾ ਵੀ ਇਹੋ ਨਜ਼ਰੀਆ ਹੈ ਕਿ ਕੈਨੇਡਾ ਵਿੱਚ ਆਰਥਿਕ ਵਿਕਾਸ ਮਜ਼ਬੂਤੀ ਨਾਲ ਹੋ ਰਿਹਾ ਹੈ। ਬੈਂਕ ਨੇ ਇਹ ਵੀ ਆਖਿਆ ਕਿ ਮਜ਼ਬੂਤ ਇੰਪਲਾਇਮੈਂਟ ਤੇ ਵੇਜ ਗ੍ਰੋਥ ਕਾਰਨ ਵੀ ਕੰਜ਼ਿਊਮਰ ਵੱਲੋਂ ਕੀਤੇ ਜਾ ਰਹੇ ਖਰਚੇ ਵਿੱਚ ਤੇਜ਼ੀ ਆਈ ਹੈ। ਇਸ ਤੋਂ ਇਲਾਵਾ ਕਾਰੋਬਾਰੀ ਨਿਵੇਸ਼ ਤੇ ਐਕਸਪੋਰਟਸ ਵਿੱਚ ਵੀ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ। ਲੂਨੀ ਵਿੱਚ ਵੀ ਇਸੇ ਲਈ ਤੇਜ਼ੀ ਆਈ ਹੈ ਤੇ ਅਮਰੀਕੀ ਡਾਲਰ ਦੇ ਮੁਕਾਬਲੇ ਲੂਨੀ 82 ਸੈਂਟ ਨੂੰ ਵੀ ਟੱਪ ਗਿਆ ਹੈ। ਬੈਂਕ ਵੱਲੋਂ ਵਿਆਜ਼ ਦਰਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ ਕਈ ਮਾਹਿਰ ਹੈਰਾਨ ਹਨ। ਵਿਸ਼ਲੇਸ਼ਕਾਂ ਨੂੰ ਉਮੀਦ ਸੀ ਕਿ ਬੈਂਕ ਬੁੱਧਵਾਰ ਨੂੰ ਆਪਣੀਆਂ ਵਿਆਜ਼ ਦਰਾਂ ਵਿੱਚ ਕੋਈ ਵਾਧਾ ਨਹੀਂ ਕਰੇਗਾ ਤੇ ਸਗੋਂ ਅਕਤੂਬਰ ਦੇ ਅਖੀਰ ਵਿੱਚ ਪਾਲਿਸੀ ਮੀਟਿੰਗ ਸਮੇਂ ਹੀ ਇਸ ਵੱਲੋਂ ਵਿਆਜ਼ ਦਰਾਂ ਵਧਾਈਆਂ ਜਾਣਗੀਆਂ। ਟੀਡੀ ਦੇ ਸੀਨੀਅਰ ਇਕਨਾਮਿਸਟ ਬ੍ਰਾਇਨ ਡੀਪਰੈਟੋ ਦਾ ਕਹਿਣਾ ਹੈ ਕਿ ਲੱਗਦਾ ਹੈ ਬੈਂਕ ਆਪਣੇ ਵੱਲੋਂ ਪਹਿਲਾਂ ਦਿੱਤੇ ਬਿਆਨ ਮੁਤਾਬਕ ਹੀ ਚੱਲ ਰਿਹਾ ਹੈ, ਜਿਸ ਵਿੱਚ ਉਸ ਵੱਲੋਂ ਆਖਿਆ ਗਿਆ ਸੀ ਕਿ ਉਹ ਡਾਟਾ ਦੇ ਹਿਸਾਬ ਨਾਲ ਸੇਧ ਲੈ ਕੇ ਹੀ ਕੰਮ ਕਰੇਗਾ। ਬੈਂਕ ਨੇ ਅਰਥਚਾਰੇ ਦੀ ਸਮਰੱਥਾ, ਜੌਬ ਮਾਰਕਿਟ ਦੇ ਹਾਲਾਤ ਤੇ ਉਧਾਰ ਲੈਣ ਦੀਆਂ ਉੱਚੀਆਂ ਦਰਾਂ ਤੋਂ ਕੈਨੇਡੀਅਨਾਂ ਨੂੰ ਹੋਣ ਵਾਲੇ ਕਿਸੇ ਵੀ ਖਤਰੇ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕਰਨ ਦਾ ਤਹੱਈਆ ਪ੍ਰਗਟਾਇਆ ਸੀ।

Be the first to comment

Leave a Reply