ਬਰੈਂਪਟਨ ‘ਚ ਪੰਜਾਬੀ ਮੁੰਡਿਆਂ ਦੀ ਲੜਾਈ ਤੋਂ ਲੋਕਾਂ ‘ਚ ਹਾਹਾਕਾਰ

ਦੋਸ਼ੀ ਵਿਦਿਅਰਥੀ ਕੱਢੇ ਜਾਣਗੇ ਕੈਨੇਡਾ ‘ਚੋਂ-ਰਾਜ ਗਰੇਵਾਲ

12ਵੀਂ ਪਾਸ ਮੁੰਡਿਆਂ ਨੂੰ ਕੈਨੇਡਾ ਦਾ ਸਟੱਡੀ ਪਰਮਿਟ ਨਾ ਦੇਣ ਦੀ ਮੰਗ ਉੱਠਣ ਲੱਗੀ

ਟੋਰਾਂਟੋ:(ਸਤਪਾਲ ਸਿੰਘ ਜੌਹਲ)-ਕੈਨੇਡਾ ‘ਚ ਪੰਜਾਬੀਆਂ ਅਤੇ ਪੰਜਾਬਣਾਂ ਦੇ ਚਹੇਤੇ ਸ਼ਹਿਰ ਬਰੈਂਪਟਨ ਵਿਚ ਕੁਝ ਅੱਖੜ ਮੁੰਡਿਆਂ ਵਿਚਕਾਰ ਲੜਾਈ ਦੀ ਘਟਨਾ ਦੇਸ਼ ਭਰ ਅੰਦਰ ਚਰਚਿਤ ਹੈ ਪਰ ਉਸ ਲੜਾਈ ਨੂੰ ਸੋਸ਼ਲ ਮੀਡੀਆ ਰਾਹੀਂ ਪੰਜਾਬ ਸਮੇਤ ਦੁਨੀਆ ਭਰ ਵਿਚ ਲੋਕਾਂ ਨੇ ਦੇਖਿਆ ਹੈ। ਦੋ ਕੁ ਮਿੰਟਾਂ ਦੀ ਉਸ ਕਲਿੱਪ ਵਿਚ ਬਰਫ਼ਬਾਰੀ ਵਾਲੇ ਮੌਸਮ ਮੌਕੇ ਰਾਤ ਨੂੰ ਇਕ ਪਲਾਜ਼ੇ ਦੀ ਪਾਰਕਿੰਗ ਵਿਚ ਸੋਟੇ ਤੇ ਕੁਟਾਈ ਵਾਲੇ ਕੁਝ ਹੋਰ ਹਥਿਆਰ ਚੁੱਕੀ ਫਿਰਦੇ ਦਰਜਨ ਤੋਂ ਵੱਧ ਪੰਜਾਬੀ ਮੁੰਡੇ ਲੜਾਈ ਦੇ ਰਾਅ ਵਿਚ ਨਜ਼ਰ ਆਉਂਦੇ ਹਨ। ਇਕ-ਦੂਜੇ ਉੱਪਰ ਵਾਰ ਕੀਤੇ ਜਾਂਦੇ ਹਨ ਅਤੇ ਉਹ ਗਾਲ੍ਹਾਂ ਉਗਲਦੇ ਸੁਣਾਈ ਦਿੰਦੇ ਹਨ। ਹਿੰਸਕ ਵਾਰਦਾਤ ਮਗਰੋਂ ਮੁੰਡੇ ਪਲਾਂ ਵਿਚ ਤਿੱਤਰ-ਬਿੱਤਰ ਹੋਣ ਲੱਗਦੇ ਹਨ। ਸਮੁੱਚੇ ਦਿ੍ਸ਼ ਤੋਂ ਸਪੱਸ਼ਟ ਲੱਗਦਾ ਹੈ ਕਿ ਇਕ ਧਿਰ ਨੇ ਕਿਸੇ ਰੰਜਿਸ਼ ਤਹਿਤ ਤਿਆਰੀ ਨਾਲ ਮੁੰਡਿਆਂ ਦੇ ਦੂਸਰੇ ਧੜੇ ਉੱਪਰ ਹਮਲਾ ਕੀਤਾ। ਇਹ ਘਟਨਾ ਸ਼ੈਰੀਡਨ ਕਾਲਜ ਦੇ ਨਜ਼ਦੀਕ ਵਾਪਰੀ ਜਿਸ ਬਾਰੇ ਆਮ ਸੁਣਨ ਨੂੰ ਮਿਲਦਾ ਹੈ ਕਿ ਖਰੂਦੀ ਮੁੰਡਿਆਂ ਦੇ ਤਹਿਲਕੇ ਤੋਂ ਸਹਿਮਦੇ ਹੋਏ ਕਈ ਬਰੈਂਪਟਨ ਵਾਸੀ, ਓਧਰ ਦਿਨ ਵੇਲੇ ਜਾਣ ਤੋਂ ਵੀ ਕਤਰਾਉਣ ਲੱਗੇ ਹਨ। ਮੁੰਡਿਆਂ ਦੀਆਂ ਢਾਣੀਆਂ ਤੇ ਟੋਲੀਆਂ ਤੋਂ ਦੂਰੀ ਬਣਾ ਕੇ ਰੱਖਣ ਨੂੰ ਪਹਿਲ ਦਿੱਤੀ ਜਾਣ ਲੱਗੀ ਹੈ ਕਿਉਂਕਿ ਉੱਥੋਂ ਤੂੰ-ਤੂੰ, ਮੈਂ-ਮੈਂ, ਲੜਾਈਆਂ ਅਤੇ ਕੁੜੀਆਂ ਨੂੰ ਤੰਗ ਕਰਨ ਦੀਆਂ ਘਟਨਾਵਾਂ ਵਾਪਰਨ ਬਾਰੇ ਪਤਾ ਲੱਗਦਾ ਰਹਿੰਦਾ ਹੈ। ਬਰੈਂਪਟਨ ਈਸਟ ਹਲਕੇ ਤੋਂ ਪਾਰਲੀਮੈਂਟ ਮੈਂਬਰ ਰਾਜ ਗਰੇਵਾਲ ਨੇ ਇਸ ਬਾਰੇ ਗੱਲਾਂ ਕਰਦਿਆਂ ਦੱਸਿਆ ਕਿ ਅਪਰਾਧ ਕਰਨ ਵਾਲੇ ਵਿਦੇਸ਼ੀਆਂ ਵਾਸਤੇ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰ। ਉਨ੍ਹਾਂ ਦੱਸਿਆ ਕਿ ਉਪਰੋਕਤ ਲੜਾਈ ਦੀ ਵੀਡੀਓ ਕਲਿੱਪ ਪੁਲਿਸ ਦੇ ਧਿਆਨ ਵਿਚ ਲਿਆਂਦੀ ਜਾ ਚੁੱਕੀ ਹੈ ਅਤੇ ਦੋਸ਼ੀਆਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਵੀਡੀਓ ਤੋਂ ਭਾਵੇਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਉਹ ਸਾਰੇ ਮੁੰਡੇ ਮੌਜੂਦਾ ਵਿਦਿਆਰਥੀ ਹਨ, ਪਰ ਇਹ ਪ੍ਰਭਾਵ ਪੱਕਾ ਹੁੰਦਾ ਹੈ ਕਿ ਉਹ ਸਾਰੇ ਪੰਜਾਬੀ ਮੁੰਡੇ ਹਨ। ਕਾਰ ਅੰਦਰ ਬੈਠ ਕੇ ਪਰਦੇ ਨਾਲ ਵੀਡੀਓ ਬਣਾਉਣ ਵਾਲੀਆਂ ਪੰਜਾਬੀ ਕੁੜੀਆਂ ਮੌਕੇ ‘ਤੇ ਹਨ ਜਿਨ੍ਹਾਂ ਦੀ ਬੋਲੀ-ਸ਼ੈਲੀ ਏਨੀ ਕੁ ਵਿਗੜੀ ਹੈ ਕਿ ਉਹ ਇਕ-ਦੂਸਰੀ ਨੂੰ ਸ਼ੁਗਲ ‘ਚ ਗਾਲ੍ਹਾਂ ਕੱਢਦੀਆਂ ਸੁਣਦੀਆਂ ਹਨ। ਬਰੈਂਪਟਨ ਵਿਚ ਦਹਾਕਿਆਂ ਤੋਂ ਰਹਿ ਰਹੇ ਅਤੇ ਕੁਝ ਸਥਾਪਤ ਪੰਜਾਬੀ ਵਿਅਕਤੀਆਂ ਰਾਹੀਂ ਪਤਾ ਲੱਗ ਰਿਹਾ ਹੈ ਕਿ ਕੈਨੇਡਾ ਵਿਚ ਵੱਡੀ ਸਮੱਸਿਆ ਵਿਦੇਸ਼ਾਂ ‘ਚੋਂ ਆਏ ਅੱਲੜ੍ਹ ਉਮਰ ਦੇ ਮੁੰਡੇ ਅਤੇ ਕੁੜੀਆਂ ਨੂੰ ਆਉਂਦੀ ਹੈ ਜਿਨ੍ਹਾਂ ਵਿਚ 12ਵੀਂ ਪਾਸ ਕਰ ਕੇ ਆਈਲਟਸ ਟੈਸਟ ਮਗਰੋਂ ਕੈਨੇਡਾ ‘ਚ ਪੜ੍ਹਨ ਪੁੱਜਣ ਵਾਲੇ ਵਿਦਿਆਰਥੀ/ਵਿਦਿਆਰਥਣਾਂ ਸ਼ਾਮਿਲ ਹਨ। ਜਿੱਥੇ 12ਵੀਂ ਤੋਂ ਬਾਅਦ ਪੜ੍ਹਾਈ ਕਰਨ ਵਾਲੇ ਮੁੰਡੇ ਤੇ ਕੁੜੀਆਂ ਦੀ ਗਿਣਤੀ ਪੰਜਾਬ ਸਥਿਤ ਵਿੱ ਦਿਅਕ ਅਦਾਰਿਆਂ ਵਿਚ ਘਟਦੀ ਜਾ ਰਹੀ ਹੈ ਉੱਥੇ ਕੈਨੇਡਾ ਵਿਚ ਉਨ੍ਹਾਂ ਦੀ ਹਾਜ਼ਰੀ ਹਰੇਕ ਸਾਲ ਵਧ ਰਹੀ ਹੈ। 18-20 ਸਾਲਾਂ ਤੋਂ ਘੱਟ ਉਮਰ ਦੇ ਲੜਕੇ ਅਤੇ ਲੜਕੀਆਂ ਜਦੋਂ ਮਾਪਿਆਂ ਦੀ ਦੇਖ-ਰੇਖ ਤੋਂ ਦੂਰ ਵਿਦੇਸ਼ ਵਿਚ ਜਾ ਬਿਰਾਜਦੇ ਹਨ ਤਾਂ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਕਰਨ ਦੇ ਰਾਹਾਂ ਵਿਚ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਲੀਕੇ ਵਿਚ ਰਹਿਣ ਦੀ ਪੂਰੀ ਜਾਚ ਅਜੇ ਉਨ੍ਹਾਂ ਨੇ ਸਿੱਖਣੀ ਹੁੰਦੀ ਹੈ। ਮਾਪਿਆਂ ਤੋਂ ਦੂਰ ਹੋ ਕੇ ਉਨ੍ਹਾਂ ਦੀ ਚੇਤਨਾ ਵਿਚ ਸ੍ਹੋਝੀ ਦਾ ਵਿਕਾਸ ਰੁਕ ਜਾਂਦਾ ਹੈ। ਆਜ਼ਾਦੀ ਮਿਲ ਜਾਣ ਤੋਂ ਬਾਅਦ ਸਗੋਂ ਉਨ੍ਹਾਂ ਦਾ ਸੁਭਾਅ ਢੀਠ ਅਤੇ ਮਨਆਈਆਂ ਕਰਨ ਵਾਲਾ ਬਣ ਜਾਂਦਾ ਹੈ। ਅਗਰ ਉਹ ਅਵਾਰਾਗਰਦੀ ਵਾਲੀ ਸੰਗਤ (ਜੋ ਉਨ੍ਹਾਂ ਨੂੰ ਪੈਰ-ਪੈਰ ‘ਤੇ ਮਿਲ ਸਕਦੀ ਹੁੰਦੀ ਹੈ) ਦੀ ਚੋਣ ਕਰ ਲੈਣ ਤਾਂ ਕੈਨੇਡਾ ਵਿਚ ਉਨ੍ਹਾਂ ਨੂੰ ਮਿਲਣ ਵਾਲੇ ਸਫਲਤਾ ਦੇ ਮੌਕੇ ਖੁੰਝਣ ਵਿਚ ਦੇਰ ਨਹੀਂ ਲੱਗਦੀ। ਬਰੈਂਪਟਨ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ ਵਿਚ ਸਖ਼ਤ ਮਿਹਨਤ ਨਾਲ ਸਫਲ ਹੋਣ ਵਾਲੇ ਪੰਜਾਬੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀ ਬਹੁਤਾਤ ਹੈ, ਪਰ ਉਨ੍ਹਾਂ ਵਿਚ ਵੱਡੀ ਗਿਣਤੀ ਪੰਜਾਬ ਤੋਂ ਬੀ. ਏ. ਜਾਂ ਇਸ ਤੋਂ ਵੱਧ ਪੜ੍ਹਾਈ ਕਰ ਕੇ ਜਾਣ ਵਾਲੇ ਨੌਜਵਾਨਾਂ ਦੀ ਹੈ। ਤਾਜ਼ਾ ਘਟਨਾ ਤੋਂ ਬਾਅਦ ਕੈਨੇਡੀਅਨ ਪੰਜਾਬੀ ਲੋਕ ਆਪਣੇ ਇਲਾਕੇ ਦੇ ਸੰਸਦ ਮੈਂਬਰਾਂ ਰਾਹੀਂ ਕੈਨੇਡਾ ਸਰਕਾਰ ਤੱਕ ਪਹੁੰਚ ਕਰ ਕੇ ਮੰਗ ਕਰਨ ਲੱਗੇ ਹਨ ਕਿ 12ਵੀਂ ਜਮਾਤ ਪਾਸ ਮੁੰਡੇ ਕੁੜੀਆਂ ਨੂੰ ਸਟੱਡੀ ਪਰਮਿਟ ਦੇਣ ਦੀ ਨੀਤੀ ਬੰਦ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਕੈਨੇਡਾ ਦੇ ਸਮਾਜਿਕ ਮਾਹੌਲ ਵਿਚ ਨੁਕਸ ਪੈਂਦੇ ਜਾ ਰਹੇ ਹਨ।

Be the first to comment

Leave a Reply