ਫੋਰਟ ਮੈਕਮਰੀ ਲਈ ਰਾਹਤ ਕਾਰਜਾਂ ਵਾਸਤੇ ਇੱਕਠੇ ਹੋਏ 54 ਮਿਲੀਅਨ ਡਾਲਰ : ਰੈੱਡ ਕਰਾਸ

ਓਟਵਾ,: ਕੈਨੇਡੀਅਨ ਰੈੱਡ ਕਰਾਸ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਫੋਰਟ ਮੈਕਮਰੀ ਵਿੱਚ ਲੱਗੀ ਅੱਗ ਉੱਤੇ ਕਾਬੂ ਪਾਉਣ ਲਈ ਜਾਰੀ ਰਾਹਤ ਕਾਰਜਾਂ ਵਾਸਤੇ 54 ਮਿਲੀਅਨ ਡਾਲਰ ਦੀ ਆਰਥਿਕ ਮਦਦ ਹਾਸਲ ਹੋ ਚੁੱਕੀ ਹੈ। ਇਨ੍ਹਾਂ ਫੰਡਾਂ ਵਿੱਚ ਪ੍ਰੋਵਿੰਸ਼ੀਅਲ ਜਾਂ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਮਦਦ ਦਾ ਕੋਈ ਹਿੱਸਾ ਸ਼ਾਮਲ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ 31 ਮਈ ਤੱਕ ਰੈੱਡ ਕਰਾਸ ਕੋਲ ਇੱਕਠੀ ਹੋਣ ਵਾਲੀ ਦਾਨ ਦੀ ਰਕਮ ਦੇ ਬਰਾਬਰ ਰਕਮ ਓਟਵਾ ਵੱਲੋਂ ਦਿੱਤੀ ਜਾਵੇਗੀ। ਟਰੂਡੋ ਨੇ ਸੋਮਵਾਰ ਨੂੰ ਟਵਿੱਟਰ ਉੱਤੇ ਆਖਿਆ ਕਿ ਫੋਰਟ ਮੈਕਮਰੀ ਦੇ ਲੋਕਾਂ ਲਈ ਫਰਾ^ਦਿਲੀ ਨਾਲ ਮਦਦ ਕਰਨ ਵਾਲੇ ਕੈਨੇਡੀਅਨਾਂ ਦਾ ਉਹ ਤਹੇ ਦਿਲੋਂ ਸ਼ੁਕਰੀਆ ਅਦਾ ਕਰਦੇ ਹਨ। ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਪ੍ਰਸ਼ਨ ਕਾਲ ਦੌਰਾਨ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਸੰਕਟ ਦੀ ਇਸ ਘੜੀ ਵਿੱਚ ਰੈੱਡ ਕਰਾਸ ਵੱਲੋਂ ਕੀਤੇ ਗਏ ਉਮਦਾ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਫੋਰਟ ਮੈਕਮਰੀ ਦੀ ਹਰ ਪੱਖੋਂ ਮਦਦ ਲਈ ਫੈਡਰਲ ਸਰਕਾਰ ਸਾਰੀਆਂ ਸੰਭਾਵਨਾਵਾਂ ਨੂੰ ਮੁੱਖ ਰੱਖ ਕੇ ਵਿਚਾਰ ਕਰੇਗੀ। ਐਟਲਾਂਟਿਕ ਪ੍ਰੋਵਿੰਸਾਂ ਨੇ ਵੀ ਕੈਨੇਡੀਅਨ ਰੈੱਡ ਕਰਾਸ ਲਈ 250,000 ਡਾਲਰ ਦੀ ਮਦਦ ਦੇਣ ਦਾ ਤਹੱਈਆ ਪ੍ਰਗਟਾਇਆ ਹੈ। ਕੈਨੇਡੀਅਨ ਰੈੱਡ ਕਰਾਸ ਦੇ ਐਮਰਜੰਸੀ ਆਪਰੇਸ਼ਨਜ਼ ਦੇ ਡਾਇਰੈਕਟਰ ਜੀਨ ਪਿਏਰੇ ਟੈਸਚੈਰੀਊ ਨੇ ਆਖਿਆ ਕਿ ਇਸ ਸਮੇਂ ਸਾਡੀ ਸੰਸਥਾ ਫੋਰਟ ਮੈਕਮਰੀ ਨੂੰ ਛੱਡ ਕੇ ਆਏ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਦੇ ਰਹੀ ਹੈ।

Be the first to comment

Leave a Reply