ਫੈਡਰਲ ਚੋਣਾਂ ‘ਤੇ ਵੱਡਾ ਅਸਰ ਪਾਉਣਗੇ ਓਨਟਾਰੀਓ ਚੋਣਾਂ ਦੇ ਨਤੀਜੇ : ਜਗਮੀਤ ਸਿੰਘ

ਬਰੈਂਪਟਨ — ਕੈਨੇਡਾ ਦੀ ਤੀਜੀ ਵੱਡੀ ਪਾਰਟੀ ਐੱਨ. ਡੀ. ਪੀ. ਦੇ ਪ੍ਰਧਾਨ ਜਗਮੀਤ ਸਿੰਘ ਨੇ ਕਿਹਾ ਹੈ ਕਿ 7 ਜੂਨ ਨੂੰ ਹੋਈਆਂ ਓਨਟਾਰੀਓ ਦੀਆਂ ਚੋਣਾਂ ਦੇ ਨਤੀਜਿਆਂ ਦਾ ਅਗਲੇ ਸਾਲ ਅਕਤੂਬਰ ‘ਚ ਹੋਣ ਵਾਲੀਆਂ ਫੈਡਰਲ ਚੋਣਾਂ ‘ਤੇ ਸਿੱਧਾ ਅਸਰ ਪਵੇਗਾ। ਬਰੈਂਪਟਨ ਵਿਖੇ ‘ਜਗ ਬਾਣੀ’ ਦੇ ਨਰੇਸ਼ ਕੁਮਾਰ ਅਤੇ ਰਮਨਦੀਪ ਸਿੰਘ ਸੋਢੀ ਨਾਲ ਖਾਸ ਮੁਲਾਕਾਤ ਦੌਰਾਨ ਜਗਮੀਤ ਨੇ ਕੈਨੇਡਾ ਦੀ ਸਿਆਸਤ, ਓਨਟਾਰੀਓ ਚੋਣਾਂ ‘ਚ ਐੱਨ. ਡੀ. ਪੀ ਦੇ ਪ੍ਰਦਰਸ਼ਨ, ਅਮਰੀਕਾ ਨਾਲ ਛਿੜੀ ਟ੍ਰੇਡ ਵਾਰ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੂੰ ਲੈ ਕੇ ਬੇਬਾਕੀ ਨਾਲ ਆਪਣੇ ਵਿਚਾਰ ਰੱਖੇ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼ :-

ਸਵਾਲ: ਕੀ ਓਨਟਾਰੀਓ ਚੋਣਾਂ ‘ਚ ਐੱਨ. ਡੀ. ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਅਤਿ ਆਤਮ-ਵਿਸ਼ਵਾਸ ਦਾ ਸ਼ਿਕਾਰ ਹੋ ਕੇ ਸਰਕਾਰ ਬਣਾਉਣ ਤੋਂ ਰਹਿ ਗਈ ਹੈ?
ਜਵਾਬ:  ਅਜਿਹਾ ਨਹੀਂ ਹੋਇਆ, ਅਸੀਂ ਇਨ੍ਹਾਂ ਚੋਣਾਂ ‘ਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀ. ਸੀ) ਦੀ ਜਿੱਤ ਦਾ ਫਰਕ ਘਟਾਉਣ ‘ਚ ਕਾਮਯਾਬ ਹੋਏ ਹਾਂ। ਦੋ ਮਹੀਨੇ ਪਹਿਲਾਂ ਪੀ. ਸੀ. ਜਿੱਤ ਹਾਸਲ ਕਰਦੇ ਹੋਏ ਨਜ਼ਰ ਆ ਰਹੀ ਸੀ ਪਰ ਸਾਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਪੀ. ਸੀ. ਇਨ੍ਹਾਂ ਚੋਣਾਂ ‘ਚ ਬਾਜ਼ੀ ਮਾਰ ਸਕਦੀ ਹੈ। ਲਿਹਾਜ਼ਾ ਅਸੀਂ ਪੂਰੀ ਮਿਹਨਤ ਨਾਲ ਪ੍ਰਚਾਰ ਕੀਤਾ ਅਤੇ ਐੱਨ. ਡੀ. ਪੀ. ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਦੁੱਗਣੀਆਂ ਸੀਟਾਂ ਹਾਸਲ ਹੋਈਆਂ। ਅਸੀਂ ਪੀ. ਸੀ. ਨੂੰ ਬਹੁਤ ਵੱਡੇ ਫਰਕ ਨਾਲ ਜਿੱਤ ਤੋਂ ਰੋਕਣ ‘ਚ ਕਾਮਯਾਬ ਹੋਏ ਹਾਂ, ਇਹੀ ਸਾਡੀ ਅਸਲੀ ਜਿੱਤ ਹੈ।

ਸਵਾਲ: ਕੀ ਓਨਟਾਰੀਓ ਚੋਣਾਂ ਦੇ ਨਤੀਜੇ ਫੈਡਰਲ ਚੋਣਾਂ ‘ਤੇ ਅਸਰ ਪਾਉਣਗੇ?
ਜਵਾਬ: ਬਿਲਕੁਲ, ਇਸ ਦਾ ਪੂਰਾ ਅਸਰ ਹੋਵੇਗਾ। ਪਹਿਲਾਂ ਸਾਨੂੰ ਲੋਕ ਗੰਭੀਰਤਾ ਨਾਲ ਨਹੀਂ ਸੀ ਲੈ ਰਹੇ ਪਰ ਇਨ੍ਹਾਂ ਚੋਣਾਂ ‘ਚ ਮਿਲੀਆਂ 40 ਸੀਟਾਂ ਨਾਲ ਇਹ ਗੱਲ ਸਾਬਤ ਹੋਈ ਹੈ ਕਿ ਐੱਨ. ਡੀ. ਪੀ. ਦੇ ਉਮੀਦਵਾਰ ਵੀ ਜਿੱਤਣ ਦੀ ਸਮਰੱਥਾ ਰੱਖਦੇ ਹਨ। ਲਿਹਾਜ਼ਾ ਬਹੁਤ ਸਾਰੇ ਹਲਕਿਆਂ ‘ਚ ਐੱਨ. ਡੀ. ਪੀ. ਦੀ ਟਿਕਟ ‘ਤੇ ਲੜਨ ਵਾਲਿਆਂ ਦੀ ਗਿਣਤੀ ਵਧੇਗੀ ਅਤੇ ਇਸ ਦਾ ਫੈਡਰਲ ਚੋਣਾਂ ‘ਤੇ ਅਸਰ ਪਵੇਗਾ। ਖਾਸ ਤੌਰ ‘ਤੇ ਬਰੈਂਪਟਨ ਅਤੇ ਟੋਰਾਂਟੋ ‘ਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਅਸੀਂ ਬਰੈਂਪਟਨ ਦੀਆਂ 5 ‘ਚੋਂ 3 ਸੀਟਾਂ ਜਿੱਤੇ ਹਾਂ ਅਤੇ ਟੋਰਾਂਟੋ ‘ਚ  ਵੀ ਪਾਰਟੀ ਨੂੰ ਕਈ ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ। ਫੈਡਰਲ ਚੋਣਾਂ ‘ਚ ਵੀ ਇਸ ਇਲਾਕੇ ‘ਚ ਐੱਨ. ਡੀ. ਪੀ. ਦਾ ਪ੍ਰਭਾਵ ਦੇਖਣ ਨੂੰ ਮਿਲੇਗਾ।

ਸਵਾਲ: ਕੀ ਤੁਸੀਂ ਇਨ੍ਹਾਂ ਨਤੀਜਿਆਂ ਤੋਂ ਸੰਤੁਸ਼ਟ ਹੋ?
ਜਵਾਬ: ਸਾਨੂੰ ਲੱਗਦਾ ਸੀ ਕਿ ਅਸੀਂ ਸਰਕਾਰ ਬਣਾਉਣ ‘ਚ ਕਾਮਯਾਬ ਹੋ ਸਕਦੇ ਹਾਂ ਅਤੇ ਕੋਈ ਵੀ ਸਿਆਸੀ ਪਾਰਟੀ ਸਰਕਾਰ ਬਣਾਉਣ ਵਾਸਤੇ ਹੀ ਚੋਣ ਲੜਦੀ ਹੈ। ਅਸੀਂ ਇਸ ‘ਤੇ ਪੂਰੀ ਮਿਹਨਤ ਵੀ ਕੀਤੀ ਪਰ ਪੀ. ਸੀ. ਦਾ ਪ੍ਰਦਰਸ਼ਨ ਬਿਹਤਰ ਰਿਹਾ। ਹਾਲਾਂਕਿ ਪੀ. ਸੀ. ਨੂੰ 23 ਲੱਖ ਵੋਟਾਂ ਅਤੇ ਸਾਨੂੰ 19 ਲੱਖ ਵੋਟਾਂ ਹਾਸਲ ਹੋਈਆਂ ਹਨ ਅਤੇ ਵੋਟਾਂ ‘ਚ ਸਿਰਫ 4 ਲੱਖ ਦਾ ਹੀ ਫਰਕ ਹੈ ਪਰ ਪੀ. ਸੀ. ਦੇ ਉਮੀਦਵਾਰਾਂ ਦੀ ਚੋਣ ਇਸ ਤਰੀਕੇ ਨਾਲ ਹੋਈ ਕਿ ਉਹ 4 ਲੱਖ ਵੋਟਾਂ ਜ਼ਿਆਦਾ ਲੈ ਕੇ ਵੀ 35 ਸੀਟਾਂ ਜ਼ਿਆਦਾ ਹਾਸਲ ਕਰ ਗਏ। ਸਾਡੇ ਲਈ ਇਨ੍ਹਾਂ ਚੋਣਾਂ ‘ਚ ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਸੀਟਾਂ ਦੀ ਗਿਣਤੀ ਦੁੱਗਣੀ ਕਰ ਲਈ ਹੈ ਅਤੇ ਲਿਬਰਲ ਦਾ ਇਨ੍ਹਾਂ ਚੋਣਾਂ ‘ਚ ਪੂਰੀ ਤਰ੍ਹਾਂ ਸਫਾਇਆ ਹੋ ਗਿਆ।

ਸਵਾਲ: ਲਿਬਰਲ ਪਾਰਟੀ ਦੀ ਇਨ੍ਹਾਂ ਚੋਣਾਂ ‘ਚ ਇੰਨੀ ਵੱਡੀ ਹਾਰ ਕਿਉਂ ਹੋਈ?
ਜਵਾਬ: ਦਰਅਸਲ ਲਿਬਰਲ ਪਾਰਟੀ ਨੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ। ਓਨਟਾਰੀਓ ‘ਚ ਬਿਜਲੀ ਦਾ ਸਿਸਟਮ ਜਨਤਾ ਦੇ ਹੱਥ ‘ਚ ਰਹਿਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਰਿਹਾ। ਲਿਬਰਲ ਦੀ ਸਰਕਾਰ ਨੇ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਫੰਡ ‘ਚ ਕਮੀ ਕੀਤੀ, ਜਿਸ ਨਾਲ ਲੋਕਾਂ ‘ਚ ਇਹ ਪ੍ਰਭਾਵ ਗਿਆ ਕਿ ਲਿਬਰਲ ਦੀ ਸਰਕਾਰ ਜਨ ਵਿਰੋਧੀ ਹੈ ਅਤੇ ਲੋਕਾਂ ਨੇ ਲਿਬਰਲ ਪਾਰਟੀ ਨੂੰ 7 ਸੀਟਾਂ ‘ਤੇ ਸਮੇਟ ਦਿੱਤਾ ਅਤੇ ਪਾਰਟੀ ਦਾ ਅਧਿਕਾਰਤ ਦਰਜਾ ਵੀ ਖੁਸ ਗਿਆ।

ਸਵਾਲ: ਕੀ ਤੁਹਾਡੇ ਲਈ ਬਤੌਰ ਸਿੱਖ ਕੈਨੇਡਾ ਦਾ ਪ੍ਰਧਾਨ ਮੰਤਰੀ ਬਣ ਕੇ ਸਰਕਾਰ ਬਣਾਉਣੀ ਆਸਾਨ ਹੋਵੇਗੀ?
ਜਵਾਬ: ਮੇਰਾ ਟੀਚਾ ਚੋਣ ਜਿੱਤ ਕੇ ਪ੍ਰਧਾਨ ਮੰਤਰੀ ਬਣਨਾ ਨਹੀਂ ਹੈ। ਸਮਾਜ ਦੀ ਭਲਾਈ ਲਈ ਕੰਮ ਕਰਨਾ ਮੇਰਾ ਮੁੱਖ ਟੀਚਾ ਹੈ। ਅਸੀਂ ਜਨਤਾ ਦੀ ਆਵਾਜ਼ ਬਣ ਕੇ ਜਨਤਾ ਨਾਲ ਜੁੜੇ ਮੁੱਦੇ ਚੁੱਕਾਂਗੇ, ਜਿਸ ਨਾਲ ਲੋਕਾਂ ਦਾ ਜੀਵਨ ਆਸਾਨ ਬਣ ਸਕੇ ਅਤੇ ਅਮੀਰ ਆਦਮੀ ਨੂੰ ਫਾਇਦਾ ਪਹੁੰਚਣ ਦੀ ਬਜਾਏ ਗਰੀਬ ਅਤੇ ਸਾਧਾਰਨ ਵਿਅਕਤੀ ਨੂੰ ਸਾਰੀਆਂ ਸਹੂਲਤਾਂ ਮਿਲਣ।

ਸਵਾਲ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ: ਜਸਟਿਨ ਟਰੂਡੋ ਨਾਲ ਭਾਰਤ ‘ਚ ਚੰਗਾ ਵਰਤਾਅ ਨਹੀਂ ਕੀਤਾ ਗਿਆ। ਉਨ੍ਹਾਂ ਨਾਲ ਬਿਹਤਰ ਵਰਤਾਅ ਹੋਣਾ ਚਾਹੀਦਾ ਸੀ ਪਰ ਇਹ ਵਤੀਰਾ ਗਲਤ ਹੈ। ਅਸੀਂ ਇਸ ਮਾਮਲੇ ‘ਚ ਟਰੂਡੋ ਨਾਲ ਹਾਂ ਪਰ ਭਾਰਤ ਦੀ ਉਨ੍ਹਾਂ ਦੀ ਫੇਰੀ ਤੋਂ ਕੈਨੇਡਾ ਦੇ ਨਜ਼ਰੀਏ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਹੈ। ਭਾਰਤ ਨੇ ਕੈਨੇਡਾ ਨਾਲ ਅਜਿਹੇ ਸਮਝੌਤੇ ਕੀਤੇ, ਜਿਸ ਦਾ ਕੈਨੇਡਾ ਨੂੰ ਜ਼ਿਆਦਾ ਅਤੇ ਭਾਰਤ ਨੂੰ ਘੱਟ ਫਾਇਦਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਭਾਰਤ ਨਾਲ ਕੀਤੇ ਗਏ ਸਮਝੌਤੇ ਸੰਤੁਲਿਤ ਹੋਣੇ ਚਾਹੀਦੇ ਸਨ। ਅਜਿਹੇ ਸਮਝੌਤਿਆਂ ਨਾਲ ਦੋਵਾਂ ਦੇਸ਼ਾਂ ਦਾ ਫਾਇਦਾ ਹੋ ਸਕਦਾ ਹੈ।

ਤੁਸੀਂ ਮਹਿਸੂਸ ਕਰਦੇ ਹੋ ਕਿ ਇਕ ਸਿੱਖ ਦੇ ਪ੍ਰਧਾਨ ਬਣਨ ਨਾਲ ਪਾਰਟੀ ‘ਤੇ ਭਾਰਤੀਆਂ ਦੀ ਪਾਰਟੀ ਹੋਣ ਦਾ ਠੱਪਾ ਲੱਗ ਗਿਆ ਹੈ?
ਸਾਡੀ ਪਾਰਟੀ ਸਭ ਲਈ ਹੈ । ਜਨਤਾ ‘ਚ ਇਸ ਗੱਲ ਦੀ ਕੋਈ ਧਾਰਨਾ ਨਹੀਂ ਹੈ, ਲੋਕ ਮੇਰੇ ਚਿਹਰੇ ਅਤੇ ਧਰਮ ਨੂੰ ਇਸ ਮਾਮਲੇ ‘ਚ ਰੁਕਾਵਟ ਨਹੀਂ ਸਮਝਦੇ । ਸਾਡੀ ਪਾਰਟੀ ਦੇ ਬਲਿਊ ਪ੍ਰਿੰਟ ‘ਚ ਸਾਰੇ ਧਰਮਾਂ ਅਤੇ ਸਾਰੇ ਵਰਗਾਂ ਲਈ ਇਕੋ ਜਿਹੀ ਨੀਤੀ ਹੈ । ਅਸੀਂ ਸਮਾਜ ਦੇ ਹਰ ਵਰਗ ਨੂੰ ਬਰਾਬਰ ਸਹੂਲਤਾਂ ਦੇਵਾਂਗੇ । ਲੋਕ ਸਾਡੀ ਨੀਤੀ ਨਾਲ ਜੁੜਨਗੇ ।

ਤਲਵਿੰਦਰ ਪਰਮਾਰ ਦੇ ਮਾਮਲੇ ‘ਤੇ ਤੁਸੀਂ ਕਾਫੀ ਵਿਵਾਦਾਂ ‘ਚ ਰਹੇ ਹੋ, ਕੀ ਕਹੋਗੇ?
ਮੈਂ ਹਰ ਤਰ੍ਹਾਂ ਦੇ ਅੱਤਵਾਦ ਦੇ ਖਿਲਾਫ ਹਾਂ, ਜੋ ਸਮਾਜ ਲਈ ਨੁਕਸਾਨਦੇਹ ਹੈ । ਇਹ ਗੱਲ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ।

ਗੱਲਬਾਤ ਦੇ ਆਖਿਰ ‘ਚ ਜਗਮੀਤ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦਾ ਕੋਈ ਪਤਾ ਨਹੀਂ ਲੱਗ ਰਿਹਾ। ਇਹ ਸਾਡੇ ਲਈ ਔਖਾ ਸਮਾਂ ਹੈ। ਟਰੰਪ ਗਲਤ ਕੰਮ ਕਰ ਰਹੇ ਹਨ। ਇਸ ਨਾਲ ਲੋਕਾਂ ਨੂੰ ਨੁਕਸਾਨ ਹੋਵੇਗਾ। ਬਹੁਤ ਸਾਰੇ ਲੋਕਾਂ ਦੀ ਨੌਕਰੀ ਜਾ ਸਕਦੀ ਹੈ, ਸਾਡੀ ਪਾਰਟੀ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਮੈਨੂੰ ਫੋਨ ਕਰ ਕੇ ਵੀ ਇਸ ਮਾਮਲੇ ‘ਚ ਮੇਰੇ ਤੋਂ ਸਹਿਯੋਗ ਮੰਗਿਆ ਹੈ ਅਤੇ ਮੈਂ ਉਨ੍ਹਾਂ ਨੂੰ ਇਸ ਮਾਮਲੇ ‘ਚ ਸੁਝਾਅ ਦਿੱਤੇ ਹਨ । ਉਮੀਦ ਹੈ ਕਿ ਉਹ ਮੇਰੇ ਸੁਝਾਵਾਂ ‘ਤੇ ਅਮਲ ਕਰਨਗੇ।

Be the first to comment

Leave a Reply