ਪੰਜਾਬ ਭਵਨ ਸਰੀ ‘ਕੈਨੇਡਾ” ਦੇ ਸੰਸਥਾਪਕ ਸੁੱਖੀ ਬਾਠ ਦਾ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵਿਖੇ ਸਵਾਗਤ

ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਸ਼ਤਾਬਦੀ ਵਰ੍ਹੇ (1917-2017) ਮੁਕੰਮਲ ਹੋਣ ਦੇ ਅਵਸਰ ‘ਤੇ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਪਰਵਾਸੀ ਪੰਜਾਬੀ ਸਾਹਿਤ ਅਧਿਅਨ ਕੇਂਦਰ ਅਤੇ ਪੰਜਾਬ ਭਵਨ ਸਰੀ ਕੈਨੇਡਾ ਦੇ ਪ੍ਰਸਪਰ ਸਹਿਯੋਗ ਸਦਕਾ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ 16 ਜਨਵਰੀ 2018 ਨੂੰ ਆਯੋਜਨ ਕੀਤਾ ਗਿਆ।
ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਬਤੌਰ ਪ੍ਰਧਾਨਗੀ ਵਜੋਂ ਸਤਿਕਾਰਯੋਗ ਸ੍ਰ. ਨਵਜੋਤ ਸਿੰਘ ਸਿੱਧੂ, ਮਾਣਯੋਗ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰਕ ਵਿਭਾਗ ਪੰਜਾਬ ਸਰਕਾਰ ਨੇ ਸ਼ਿਰਕਤ ਕੀਤੀ। ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਉਦਘਾਟਨ ਪਦਮਸ੍ਰੀ ਡਾ. ਦਲੀਪ ਕੌਰ ਟਿਵਾਣਾ ਨੇ ਕੀਤਾ। ਡਾ. ਅੰਮ੍ਰਿਤਪਾਲ ਕੌਰ, ਡੀਨ ਭਾਸ਼ਾਵਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ੍ਰੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ‘ਕੈਨੇਡਾ’ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਡਾ. ਸ. ਪ. ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਨਿੱਘੇ ਰੂਪ ਵਿਚ ਸਵਾਗਤ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਦਾ ਮੂਲ ਮਨੋਰਥ ਇਹੋ ਹੀ ਹੈ ਕਿ ਵਿਦੇਸ਼ਾਂ ਵਿਚ ਰਚੇ ਜਾ ਰਹੇ ਪਰਵਾਸੀ ਪੰਜਾਬੀ ਸਾਹਿਤ ਦੇ ਵੱਖ ਵੱਖ ਸਰੋਕਾਰਾਂ ਨੂੰ ਨਵੇਂ ਪਰਿਪੇਖ ਵਿਚ ਸਮਝਣ ਦਾ ਯਤਨ ਕੀਤਾ ਜਾਵੇ।
ਉਨ੍ਹਾਂ ਨੇ ਕਾਨਫਰੰਸ ਦੇ ਮਹੱਤਵ ਨੂੰ ਪ੍ਰਗਟਾਉਂਦਿਆਂ ਕਿਹਾ ਕਿ ਕਾਲਜ ਦਾ ਪਰਵਾਸੀ ਸਾਹਿਤ ਅਧਿਅਨ ਕੇਂਦਰ ਅਤੇ ਪੰਜਾਬ ਭਵਨ ਸਰੀ ਕੈਨੇਡਾ ਦੋਵੇਂ ਸੰਸਥਾਵਾਂ ਪੰਜਾਬੀ ਭਾਸ਼ਾ, ਸਾਹਿਤ ਸਭਿਆਚਾਰ ਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹਨ। ਸ੍ਰੀ ਸੁੱਖੀ ਬਾਠ, ਸੰਸਥਾਪਕ ਪੰਜਾਬ ਭਵਨ ਸਰੀ ‘ਕੈਨੇਡਾ’ ਨੇ ਇਹ ਭਰੋਸਾ ਦਿਵਾਇਆ ਕਿ ਇਹ ਦੋਵੇ ਸੰਸਥਾਵਾਂ ਦਾ ਪ੍ਰਸਪਰ ਸਹਿਯੋਗ ਮਾਂ ਬੋਲੀ ਵਿਚ ਰਚੇ ਜਾ ਰਹੇ ਸਾਹਿਤ ਨੂੰ ਪ੍ਰਫੁਲਿਤ ਕਰਨ ਵਿਚ ਵਚਨਬੱਧ ਹਨ। ਪਦਮਸ੍ਰੀ ਡਾ. ਦਲੀਪ ਕੌਰ ਟਿਵਾਣਾ ਨੇ ਦੋਹਾਂ ਸੰਸਥਾਵਾਂ ਵੱਲੋਂ ਮਾਂ ਬੋਲੀ ਦੀ ਸੇਵਾ ਲਈ ਅਜਿਹੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਡਾ. ਗੁਰਭਜਨ ਸਿੰਘ ਗਿੱਲ, ਸਾਬਕਾ ਪ੍ਰਧਾਨ, ਪੰਜਾਬੀ ਅਕੈਡਮੀ, ਲੁਧਿਆਣਾ ਤੇ ਦੋਹਾਂ ਸੰਸਥਾਵਾਂ ਨਾਲ ਜੁੜੇ ਹੋਏ ਪ੍ਰੋਫੈਸਰ ਗਿੱਲ ਨੇ ਕਿਹਾ ਕਿ ਸਾਡੀਆਂ ਇਹ ਦੋਵੇਂ ਸੰਸਥਾਵਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਹਨ। ਨਿਰਸੰਦੇਹ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਇਹ ਦੋਵੇਂ ਸੰਸਥਾਵਾਂ ਕਰਵਾਉਂਦੀਆਂ ਰਹਿਣਗੀਆਂ।
ਸੁੱਖੀ ਬਾਠ ਜੀ ਨੇ ਜਿੱਥੇ ਪੰਜਾਬ ਭਵਨ ਵਿਚ ਹੋ ਰਹੀਆਂ ਗਤੀਵਿਧੀਆਂ ਦੇ ਹਵਾਲੇ ਨਾਲ ਪੰਜਾਬੀ ਅਤੇ ਪੰਜਾਬੀ ਸਹਿਤ ਦੀ ਪ੍ਰਫੁੱਲਿਤਾ ਤੇ ਵਚਨਵਧਤਾ ਪ੍ਰਗਟਾਈ ਉੱਥੇ ਉਹਨਾਂ ਨੇ ਪੰਜਾਬ ਵਿਚ ਵੀ ਸਮਾਜ ਸੇਵਾ ਦਾ ਨਾਲ-ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਸਦਾ ਤਤਪਰ ਰਹਿਣ ਦਾ ਅਹਿਮ ਲਿਆ।

Be the first to comment

Leave a Reply