ਤਰਕਸ਼ੀਲ ਸੁਸਾਇਟੀ ਦੀ ਸਲਾਨਾ ਚੋਣ ਸਰਬ ਸੰਮਤੀ ਨਾਲ ਹੋਈ

ਸਰੀ:- ਤਰਕਸ਼ੀਲ ਕਲਚਰਲ ਸੁਸਾਇਟੀ ਆਫ ਕੈਨੇਡਾ ਦੀ ਜਨਰਲ ਬਾਡੀ ਮੀਟਿੰਗ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿੱਚ ਬਾਈ ਅਵਤਾਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੁਰਾਣੇ ਮੈਂਬਰਾਂ ਦੇ ਨਾਲ ਕਈ ਨਵੇਂ ਬਣੇ ਨੌਜਵਾਨ ਮੈਂਬਰਾਂ ਨੇ ਵੀ ਬੜੇ ਉਤਸ਼ਾਹ ਨਾਲ ਹਿਸਾ ਲਿਆ। ਮੀਟਿੰਗ ਦੀ ਸ਼ੁਰੂਆਤ ਭਰਾਤਰੀ ਜਥੇਬੰਦੀ ਬੀ ਸੀ ਹਿਊਮਨਿਸਟ ਐਸੋਸੀਏਸ਼ਨ ਦੇ ਆਗੂ ਗੌਰਡਨ ਦੇ ਆਪਣੀ ਜਥੇਬੰਦੀ ਵਲੋਂ ਭੇਜੇ ਗਏ ਸੁਭ ਇਛਾਵਾਂ ਵਾਲੇ ਸੁਨੇਹੇ ਦੇ ਪੜ੍ਹਨ ਨਾਲ ਹੋਈ। ਇਸ ਉਪਰੰਤ ਸਕੱਤਰ ਗੁਰਮੇਲ ਗਿੱਲ ਵਲੋਂ ਸਾਲ ਭਰ ਦੀਆਂ ਸਰਗਰਮੀਆਂ ਦੀ ਰਿਪੋਰਟ ਤੇ ਸਲਾਨਾ ਹਿਸਾਬ ਕਿਤਾਬ ਹਾਊਸ ਸਾਹਮਣੇ ਪੇਸ਼ ਕੀਤੇ ਗਏ ਜਿਸ ਵਿੱਚ ਮੈਂਬਰਾਂ ਵਲੋਂ ਦੋ ਤਰਮੀਮਾਂ ਪੇਸ਼ ਕੀਤੀਆਂ ਗਈਆਂ ਜਿਸ ਨੂੰ ਸਰਬ ਸੰਮਤੀ ਨਾਲ ਮੰਨ ਲਿਆ ਗਿਆ। ਇਸ ਦੇ ਨਾਲ ਹੀ ਬਾਈ ਅਵਤਾਰ ਗਿਲ ਵਲੋਂ ਪਿਛਲੀ ਐਗਜੈਕਟਿਵ ਕਮੇਟੀ ਨੂੰ ਭੰਗ ਕਰ ਦਿਤਾ ਗਿਆ ਤੇ ਨਵੀਂ ਕਮੇਟੀ ਦੀ ਚੋਣ ਦੀ ਕਾਰਵਾਈ ਸੁਰਿੰਦਰ ਮਲ੍ਹੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਜਿਸ ਵਿੱਚ ਬਾਈ ਅਵਤਾਰ ਗਿਲ ਪ੍ਰਧਾਨ, ਜਗਰੂਪ ਧਾਲੀਵਾਲ ਐਬੋਟਸਫੋਰਡ ਮੀਤ ਪ੍ਰਧਾਨ, ਗੁਰਮੇਲ ਗਿੱਲ ਸਕੱਤਰ, ਸੁੱਖੀ ਗਰਚਾ ਸਹਾਇਕ ਸਕੱਤਰ, ਜਸਵਿੰਦਰ ਹੇਅਰ ਖਜਾਨਚੀ ਅਤੇ ਸਵਰਨ ਚਾਹਲ, ਸਾਧੂ ਸਿੰਘ ਐਬੋਟਸਫੋਰਡ, ਬੀਬੀ ਪਰਮਜੀਤ ਗਿੱਲ , ਭੁਪਿੰਦਰ ਗਰਚਾ, ਇਕਬਾਲ ਪਾਹਲ ਤੇ ਤਪਿੰਦਰ ਢਿਲੋਂ ਐਗਜੈਕਟਿਵ ਕਮੇਟੀ ਮੈਂਬਰ ਸਰਬ ਸੰਮਤੀ ਨਾਲ ਚੁਣੇ ਗਏ। ਮੀਟਿੰਗ ਵਿੱਚ ਸ਼ਾਮਲ ਸਾਰੇ ਸਾਥੀਆਂ ਵਲੋਂ ਜਥੇਬੰਦੀ ਨੂੰ ਨੌਜਵਾਨਾਂ ਵਲੋਂ ਮਿਲ ਰਹੇ ਹੁੰਘਾਰੇ ਤੇ ਆਪਣੀ ਕਮਿਉਨਿਟੀ ਦੇ ਨਾਲ ਨਾਲ ਮੇਨ ਸਟਰੀਮ ਕਮਿਉਨਿਟੀ ਵਿੱਚ ਵੀ ਇਸ ਦੀ ਵੱਧ ਰਹੀ ਮਕਬੂਲੀਅਤ ਤੇ ਖੁਸ਼ੀ ਤੇ ਤਸੱਲੀ ਦਾ ਇਜ਼ਹਾਰ ਕੀਤਾ। ਇਸ ਮਗਰੋਂ ਜ਼ਿੰਦਗੀ ਭਰ ਲਈ ਇਨਕਲਾਬ ਨੂੰ ਸਮਰਪਤ ਰਹੇ ਜੰਗਜੂ ਕਵੀ ਦਰਸ਼ਣ ਖਟਕੜ ਦੀ ਜੀਵਨ ਸਾਥਣ ਬੀਬੀ ਅਰੁਨੇਸ਼ਵਰ ਕੌਰ ਦੀ ਬੇਵਕਤੀ ਮੌਤ ਤੇ ਹਾਊਸ ਵਲੋਂ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਸ਼ੋਕ ਮਤਾ ਪਾਸ ਕੀਤਾ ਗਿਆ। ਮੀਟਿੰਗ ਦੀ ਸਮਾਪਤੀ ਨਵੀਂ ਕਮੇਟੀ ਵਲੋਂ ਅੰਧ ਵਿਸਵਾਸ਼, ਧਾਰਮਿਕ ਜਨੂੰਨੀ ਕਟੜਤਾ, ਨਸਲੀ ਤੇ ਲਿੰਗ ਭੇਦ ਭਾਵ, ਫਿਰਕਾਪ੍ਰਸਤੀ ਤੇ ਸਥਾਨਿਕ, ਪ੍ਰੋਵਿੰਸ਼ਲ ਤੇ ਫੈਡਰਲ ਸਰਕਾਰਾਂ ਵਲੋਂ ਧਰਮਾਂ ਦੀ ਕੀਤੀ ਜਾਂਦੀ ਸਰਪ੍ਰਸਤੀ ਖਿਲਾਫ਼ ਬੇਕਿਰਕ ਸੰਘਰਸ਼ ਜਾਰੀ ਰਖਣ ਦੇ ਅਹਿਦ ਨਾਲ ਖਤਮ ਹੋਈ।

Be the first to comment

Leave a Reply