ਟਰੂਡੋ ਨੂੰ ‘ਨੈਤਿਕਤਾ’ ਦਾ ਘੇਰਾ:ਮੰਗੀ ਮੁਆਫੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਰਿਵਾਰ ਨਾਲ ਪ੍ਰਾਈਵੇਟ ਟਾਪੂ ‘ਤੇ ਮਨਾਈਆਂ ਗਈਆਂ ਛੁੱਟੀਆਂ ਨੈਤਿਕਤਾ ਦੇ ਘੇਰੇ ‘ਚ ਆ ਗਈਆਂ ਹਨ। ਅਰਬਪਤੀ ਸਮਾਜ ਸੇਵੀ ਅਤੇ ਧਾਰਮਿਕ ਆਗੂ ਆਗਾ ਖ਼ਾਨ ਦੇ ਟਾਪੂ ‘ਤੇ ਛੁੱਟੀਆਂ ਮਨਾਉਣ ਸਬੰਧੀ ਨਿਯਮਾਂ ਦੀ ਉਲੰਘਣਾ ਦਾ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਟਰੂਡੋ ਨੇ ਇਸ ਗਲਤੀ ਲਈ ਮੁਆਫ਼ੀ ਮੰਗੀ ਹੈ। ਨੈਤਿਕਤਾ ਕਮਿਸ਼ਨਰ ਮੈਰੀ ਡਾਅਸਨ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਟਰੂਡੋ ਪਰਿਵਾਰ ਵੱਲੋਂ ਪਿਛਲੇ ਸਾਲ ਕ੍ਰਿਸਮਸ ਤੋਂ ਬਾਅਦ ਮਨਾਈਆਂ ਗਈਆਂ ਛੁੱਟੀਆਂ ਹਿੱਤਾਂ ਦੇ ਟਕਰਾਅ ਐਕਟ ਤਹਿਤ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮਾਰਚ 2016 ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੈੱਲਜ਼ ਕੇਅ ਦੇ ਕੀਤੇ ਗਏ ਦੌਰੇ ਨੇ ਵੀ ਪ੍ਰਧਾਨ ਮੰਤਰੀ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕੈਨੇਡੀਅਨ ਹਿੱਤਾਂ ਸਬੰਧੀ ਟਕਰਾਅ ਦਾ ਕਾਨੂੰਨ ਅਹੁਦੇਦਾਰਾਂ ਨੂੰ ਤੋਹਫ਼ੇ ਸਵੀਕਾਰ ਕਰਨ ਤੋਂ ਰੋਕਦਾ ਹੈ। ਵਿਰੋਧੀ ਧਿਰ ਕੰਜ਼ਰਵੇਟਿਵ ਦੇ ਆਗੂ ਐਂਡਰਿਉ ਸ਼ੀਰ ਨੇ ਕਿਹਾ ਕਿ ਲਿਬਰਲਜ਼ ਸੋਚਦੇ ਹਨ ਕਿ ਉਨ੍ਹਾਂ ਲਈ ਵੱਖਰੇ ਨਿਯਮ ਹਨ ਅਤੇ ਆਮ ਲੋਕਾਂ ਲਈ ਹੋਰ ਹਨ। ਨਿਊ ਡੈਮੋਕਰੇਟਿਕ ਪਾਰਟੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਇਸ ਵਿਵਾਦ ਤੋਂ ਉਜਾਗਰ ਹੋ ਗਿਆ ਹੈ ਕਿ ਕੈਨੇਡਾ ‘ਚ ਮੱਧ ਅਤੇ ਕੁਲੀਨ ਵਰਗ ‘ਚ ਵੱਡਾ ਪਾੜਾ ਹੈ। ਇਸ ਦੌਰਾਨ ਟਰੂਡੋ ਨੇ ਸਪੱਸ਼ਟ ਕੀਤਾ ਕਿ ਉਹ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਆਪਣੇ ਪਰਿਵਾਰ ਦੀਆਂ ਸਾਰੀਆਂ ਛੁੱਟੀਆਂ ਨੈਤਿਕਤਾ ਕਮਿਸ਼ਨਰ ਕੋਲੋਂ ਪਾਸ ਕਰਾਉਣਗੇ।

Be the first to comment

Leave a Reply