ਕੈਲਗਿਰੀ ‘ਚ ਢੱਡਰੀਆਂ ਵਾਲਿਆਂ ਦੇ ਦਿਵਾਨਾਂ ਦਾ ਵਿਰੋਧ

ਮੰਡੀ ਗੋਬਿੰਦਗੜ੍ਹ (ਮੱਗੋ) – ਕੈਲਗਿਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਚ 20 ਤੋਂ 22 ਜੂਨ ਤੱਕ ਆਯੋਜਿਤ ਹੋਣ ਵਾਲੇ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ ਪਟਿਆਲਾ ਦੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦਿਵਾਨਾਂ ਦਾ ਵਿਰੋਧ ਕਰਨ ਲਈ ਕੈਲਗਿਰੀ ਦੀ ਸਿੱਖ ਸੰਗਤ ਵਲੋਂ ਸਥਾਨਕ ਗੁਰ. ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਲਿਖਤੀ ਬੇਨਤੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਕੀਤਾ ਜਾਂਦਾ ਪ੍ਰਚਾਰ ਸਿੱਖ ਸਿਧਾਂਤਾਂ ‘ਤੇ ਸੰਪੂਰਨ ਰੂਪ ਵਿਚ ਕਿੰਤੂ-ਪ੍ਰੰਤੂ ਅਤੇ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਵਾਲਾ ਹੈ। ਵਿਰੋਧ ਕਰਨ ਵਾਲਿਆਂ ਨੇ ਇਸ ਸਬੰਧੀ ਕਿਸੇ ਨਾਲ ਵੀ ਬੈਠ ਕੇ ਵਿਚਾਰ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵਿਚ ਜਦੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਅਮਰੀਕਾ ਵਿਚ ਪ੍ਰਚਾਰ ਲਈ ਆਏ ਸਨ ਤਾਂ ਉਸ ਸਮੇਂ ਸਿੱਖ ਸੰਗਤ ਵਿਚ ਇਸ ਕਦਰ ਆਪਸੀ ਵਿਰੋਧ ਹੋਇਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਿੱਖ ਇਕ-ਦੁਜੇ ਦੀਆਂ ਪੱਗਾਂ ਤਕ ਉਤਾਰਨ ਲਈ ਤਿਆਰ ਹੋ ਗਏ ਸਨ। ਉਨ੍ਹਾਂ ਮੰਗ ਕੀਤੀ ਕਿ ਉਹ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦਾ ਮਾਹੌਲ ਕੈਲਗਿਰੀ ਦੇ ਗੁਰਦੁਆਰਾ ਸ੍ਰੀ ਦਸਮੇਸ਼ ਕਲਚਰ ਸੈਂਟਰ ਵਿਚ ਬਣੇ। ਇਸ ਲਈ ਉਨ੍ਹਾਂ ਦੀ ਪ੍ਰਬੰਧਕ ਕਮੇਟੀ ਨੂੰ ਸੰਤ ਢੱਡਰੀਆਂ ਵਾਲਿਆਂ ਦੇ 20, 21 ਅਤੇ 22 ਜੂਨ ਨੂੰ ਗੁਰ. ਦਸਮੇਸ਼ ਕਲਚਰ ਸੈਂਟਰ ਵਿਚ ਹੋਣ ਵਾਲੇ ਦਿਵਾਨਾਂ ਨੂੰ ਕੈਂਸਲ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਨਿਰਵੈਰ ਖਾਲਸਾ ਦਲ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁੱਝ ਲੋਕ ਨਿੱਜੀ ਸਵਾਰਥ ਕਾਰਨ ਵਿਰੋਧ ਕਰਦੇ ਰਹੇ ਹਨ ਜੋ ਕਿ ਪੰਜਾਬ ਵਿਚ ਵੀ ਕਰਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਦਿਵਾਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਜਿਹੜੀ ਸੰਗਤ ਸੰਤਾਂ ਨੂੰ ਪਿਆਰ ਕਰਦੀ ਹੈ ਅਤੇ ਉਨ੍ਹਾਂ ਤੋਂ ਗੁਰਬਾਣੀ ਸਰਵਣ ਕਰਨਾ ਚਾਹੁੰਦੀ ਹੈ ਉਸ ਨੂੰ ਇਸ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।

Be the first to comment

Leave a Reply