ਕੈਨੇਡਾ ਦੇ ਸੁਪਨੇ ਨੇ ਬਰਬਾਦ ਕੀਤਾ ਸਮਾਂ ਤੇ ਪੈਸਾ, ਪੰਜਾਬੀ ਵਿਦਿਆਰਥੀਆਂ ਨੇ ਸਾਂਝਾ ਕੀਤਾ ਦਰਦ

ਇਸੇ ਸੰਬੰਧੀ ਗੱਲ ਕਰਦਿਆਂ 23 ਸਾਲਾ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਕੈਨੇਡਾ ਦੇ ਓਂਟਾਰੀਓ ‘ਚ ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਕੈਨੇਡਾ ਆਉਣ ਤੋਂ ਪਹਿਲਾਂ ਉਹ ਕੰਪਿਊਟਰ ਸਾਇੰਸ ‘ਚ ਗ੍ਰੈਜੂਏਸ਼ਨ ਕਰਕੇ ਆਇਆ ਸੀ ਪਰ ਪੰਜਾਬ ਅਤੇ ਕੈਨੇਡਾ ਦੀ ਪੜ੍ਹਾਈ ‘ਚ ਕਾਫੀ ਫਰਕ ਹੈ। ਉਹ ਲੁਧਿਆਣੇ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਹ ਜਨਵਰੀ 2019 ‘ਚ ਹੋਰ ਕੋਰਸ ਵੀ ਕਰੇਗਾ ਤਾਂ ਕਿ ਚੰਗੀ ਨੌਕਰੀ ਮਿਲ ਸਕੇ।
ਮਨਜੋਤ ਸਿੰਘ ਜੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਹੁਣ ਉਹ ਕੈਨੇਡਾ ‘ਚ ਪੜ੍ਹ ਰਿਹਾ ਹੈ। ਉਹ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਕੇ ਕੈਨੇਡਾ ਆਇਆ ਹੈ ਅਤੇ ਹੁਣ ਇੱਥੇ ਵੀ ਪੜ੍ਹ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਨੌਜਵਾਨਾਂ ਨੂੰ ਚੰਗੀ ਨੌਕਰੀ ਲਈ ਚੰਗੀ ਪੜ੍ਹਾਈ ਕਰਨੀ ਪੈਂਦੀ ਹੈ ਤਾਂ ਕਿ ਅੱਗੇ ਜਾ ਕੇ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ।
27 ਸਾਲਾ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦੇ ਮਾਨਸਾ ਤੋਂ ਹੈ ਅਤੇ ਕੈਨੇਡਾ ‘ਚ ਪ੍ਰੋਜੈਕਟ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਹੈ। ਭਾਰਤ ‘ਚ ਉਹ ਮਕੈਨੀਕਲ ਇੰਜੀਨੀਅਰ ਰਿਹਾ ਹੈ। ਉਸ ਨੇ ਦੱਸਿਆ ਕਿ ਕੈਨੇਡਾ ਦੇ ਕਿਸੇ ਕਾਲਜ ‘ਚ ਦਾਖਲਾ ਲੈਣਾ ਔਖਾ ਨਹੀਂ ਹੈ ਪਰ ਅਜਿਹੇ ਕਾਲਜ ‘ਚ ਦਾਖਲਾ ਲੈਣਾ ਔਖਾ ਹੈ ਜੋ ਤੁਹਾਡਾ ਕਰੀਅਰ ਬਣਾਉਣ ਦੀ ਗਰੰਟੀ ਦਿੰਦਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ‘ਚ ਵਿਦਿਆਰਥੀਆਂ ਨੂੰ ਅਜਿਹੇ ਕਈ ਕੌਂਸਲਰ ਮਿਲਦੇ ਹਨ ਜੋ ਉਨ੍ਹਾਂ ਨੂੰ ਡਿਪਲੋਮਾ ਕੋਰਸ ਕਰਨ ਦੀ ਸਲਾਹ ਦੇ ਦਿੰਦੇ ਹਨ ਪਰ ਉਨ੍ਹਾਂ ਦਾ ਕੈਨੇਡਾ ‘ਚ ਕੋਈ ਫਾਇਦਾ ਹੀ ਨਹੀਂ ਹੁੰਦਾ। ਅਜਿਹੇ ‘ਚ ਵਿਦਿਆਰਥੀਆਂ ਨੂੰ ਜਾਂ ਤਾਂ ਹੋਰ ਪੈਸਾ ਖਰਚ ਕੇ ਨੌਕਰੀ ਮੁਤਾਬਕ ਪੜ੍ਹਾਈ ਕਰਨੀ ਪੈਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਵਾਪਸ ਮੁੜਨਾ ਪੈਂਦਾ ਹੈ। ਦੋਹਾਂ ਹਲਾਤਾਂ ‘ਚ ਵਿਦਿਆਰਥੀਆਂ ਦਾ ਸਮਾਂ ਅਤੇ ਪੈਸਾ ਬਰਬਾਦ ਹੋ ਜਾਂਦਾ ਹੈ। ਉਨ੍ਹਾਂ ਨੂੰ ਇੱਥੇ ਲੇਬਰ ‘ਚ ਨੌਕਰੀਆਂ ਕਰਨੀਆਂ ਪੈਂਦੀਆਂ ਹਨ ਤੇ ਕਈਆਂ ਨੂੰ ਉਹ ਵੀ ਨਹੀਂ ਮਿਲਦੀਆਂ। ਇਸੇ ਲਈ ਇਨ੍ਹਾਂ ਵਿਦਿਆਰਥੀਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ ਤਾਂ ਇੱਥੋਂ ਦੀ ਜ਼ਰੂਰਤ ਮੁਤਾਬਕ ਪੜ੍ਹਾਈ ਕਰਨ ਤਾਂ ਕਿ ਅੱਗੇ ਜਾ ਕੇ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਝੱਲਣਾ ਪਵੇ।

Be the first to comment

Leave a Reply