ਕੈਨੇਡਾ ਦੀਆ ਗੁਰਦਵਾਰਾ ਕਮੇਟੀਆਂ ਨੇ ਲਿਆ ਸਖਤ ਸਟੈਂਡ

ਰਣਜੀਤ ਸਿੰਘ ਕਮਿਸ਼ਨ ਰਿਪੋਰਟ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ

ਵੈਨਕੂਵਰ/ਟਰੰਟੋ:-ਕੁਝ ਦਿਨ ਪਹਿਲਾਂ ਰਣਜੀਤ ਕਮਿਸ਼ਨ ਦੀ ਰਿਪੋਰਟ ਬਾਹਰ ਆਈ ਹੈ ਤੇ ਸਿੱਖ ਪੰਥ ਵਿੱਚ ਉਸ ਦੀ ਕਾਫੀ ਗੱਲਬਾਤ ਹੋ ਰਹੀ ਹੈ। ਸਿੱਖ ਪੰਥ ਨੂੰ ਪਹਿਲੋਂ ਹੀ ਪਤਾ ਸੀ ਕਿ ਕਿਹੜੇ ਲੋਕ ਇਸ ਮਸਲੇ ਵਿੱਚ ਸ਼ਾਮਲ ਸੀ (ਪ੍ਰਕਾਸ਼ ਅਤੇ ਸੁਖਬੀਰ ਬਾਦਲ ਵਰਗੇ) ਤੇ ਰਣਜੀਤ ਕਮਿਸ਼ਨ ਦੀ ਰਿਪੋਰਟ ਨੇ ਹੁਣ ਇਸ ਗੱਲ ਨੂੰ ਸਥਾਪਤ ਕਰ ਦਿੱਤਾ ਹੈ ਕਿ ਇਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਚ, ਨਿਹੱਥੇ ਸਿੱਖਾਂ ਉੱਤੇ ਗੋਲੀ ਚਲਾਉਣ ਵਿਚ ਅਤੇ 2 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਿੱਚ ਸ਼ਾਮਲ ਸਨ।ਇੱਕ ਪਾਸੇ ਇਹ ਚੰਗੀ ਗੱਲ ਹੈ ਕਿ ਰਣਜੀਤ ਕਮਿਸ਼ਨ ਰਿਪੋਰਟ ਨੇ ਬੜੇ ਸਿੱਧੇ ਤਰੀਕੇ ਨਾਲ ਦੋਸ਼ੀਆਂ ਉੱਤੇ ਉਂਗਲ ਉਠਾਈ ਹੈ, ਪਰ ਦੂਜੇ ਪਾਸੇ ਸਿੱਖ ਪੰਥ ਨੂੰ ਕੋਈ ਆਸ ਨਹੀਂ ਹੈ ਕਿ ਹਿੰਦੁਸਤਾਨ ਦੇ ਕਾਨੂੰਨੀ ਕਾਰਵਾਈਆਂ ਵਿੱਚ ਕੋਈ ਵੀ ਇਨਸਾਫ਼ ਸਿੱਖ ਪੰਥ ਨੂੰ ਮਿਲ ਸਕਦਾ ਹੈ ਕਿਉਂਕਿ ਪਿਛਲੇ 3 ਦਹਾਕਿਆਂ ਤੋਂ ਜ਼ਾਲਮ ਪੁਲੀਸ ਅਫ਼ਸਰਾਂ ਅਤੇ ਪਾਲੀਟਿਸ਼ਨਾ ਨੂੰ ਕੋਈ ਵੀ ਸਜ਼ਾ ਨਹੀਂ ਮਿਲੀ, ਜਿਨ੍ਹਾਂ ਨੇ ਨੌਜਵਾਨ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ। ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਸਬੰਧ ਵਿੱਚ 10 ਕਮਿਸ਼ਨਾਂ ਅਤੇ ਸਿੱਟ ਕਮੇਟੀ ਬੈਠੀਆਂ ਹਨ ਤੇ ਕੋਈ ਵੀ ਕਾਂਗਰਸ ਪਾਰਟੀ ਦੇ ਮੋਹਰੀਆਂ ਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਅਤੇ ਹੋਰ ਦੋਸ਼ੀ ਜਿਹੜੇ ਕਿ ਹਿੰਦੂਤਵੀ ਆਰ.ਐੱਸ.ਐੱਸ. ਤੇ ਪੁਲੀਸ ਦੇ ਸਨ, ਉਨ੍ਹਾਂ ਨੂੰ ਵੀ ਕੋਈ ਸਜ਼ਾ ਨਹੀਂ। ਫਿਰ ਸਿੱਖ ਪੰਥ ਨੂੰ ਕੀ ਆਸ ਹੈ ਕਿ ਰਣਜੀਤ ਕਮਿਸ਼ਨ ਦੀ ਰਿਪੋਰਟ ਰਾਹੀਂ ਦੋਸ਼ੀਆਂ ਨੂੰ ਇਹੋ ਜਿਹੀ ਸਜ਼ਾ ਮਿਲੇਗੀ, ਜਿਹੜੀ ਸਿੱਖ ਪੰਥ ਨੂੰ ਪ੍ਰਵਾਨ ਹੋਵੇਗੀ ?
ਸਿੱਖ ਪੰਥ ਇਹ ਮੰਨਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮੌਤ ਤੋਂ ਥੱਲੇ ਕੋਈ ਵੀ ਸਜ਼ਾ ਥੋੜ੍ਹੀ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰੇਕ ਸਿੱਖ ਦੀ ਜ਼ਿੰਦਗੀ ਵਿੱਚ ਮਾਤਾ ਪਿਤਾ ਦੇ ਰਿਸ਼ਤੇ ਤੋਂ ਵੀ ਵੱਧ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਜਾਣ ਬੁੱਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤੇ ਹਾਲੇ ਵੀ ਹੋ ਰਹੀ ਹੈ, ਕੋਈ ਵੀ ਸਿੱਖ ਚੁੱਪ ਨਹੀਂ ਬੈਠੇਗਾ, ਹੋਰ ਕਮਿਸ਼ਨਾਂ ਅਤੇ ਰਿਪੋਰਟਾਂ ਦੇ ਇੰਤਜ਼ਾਰ ਵਿੱਚ, ਜਿਸ ਵਿੱਚ ਕਈ ਸਾਲ ਲੰਘ ਸਕਦੇ ਹਨ ਤੇ ਅੰਤ ਨੂੰ ਕਿਸੇ ਵੀ ਦੋਸ਼ੀ ਨੂੰ ਇਹੋ ਜਿਹੀ ਸਜ਼ਾ ਨਾ ਮਿਲੇ, ਜਿਹੜੀ ਕਿ ਸਿੱਖ ਪੰਥ ਨੂੰ ਪ੍ਰਵਾਨ ਹੋਵੇ। ਪੁਰਾਤਨ ਸਮੇਂ ਤੋਂ ਸਿੱਖ ਪੰਥ ਆਪ ਹੀ ਇਨਸਾਫ ਲੈਂਦਾ ਆਇਆ ਹੈ ਤੇ ਦੋਸ਼ੀਆਂ ਨੂੰ ਸਜ਼ਾ ਦਿੰਦਾ ਆਇਆ ਹੈ ਤੇ ਅੱਗੇ ਵੀ ਇਸ ਮਾਰਗ ਤੇ ਚੱਲਣ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹੈ।
ਪੰਜਾਬ ਦੇ ਸਿੱਖ ਬੜੇ ਸੁਹਿਰਦ ਅਤੇ ਸੂਝਵਾਨ ਹਨ ਤੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੋਸ਼ੀ ਕੌਣ ਹਨ ਤੇ ਉਨ੍ਹਾਂ ਦੇ ਨਾਲ ਕਿਹੋ ਜਿਹਾ ਸਲੂਕ ਹੋਣਾ ਚਾਹੀਦਾ ਹੈ। ਅਸੀਂ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਗੀ ਜਥਿਆਂ ਅਤੇ ਮੁਲਾਜ਼ਮਾਂ ਦੇ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਗੁਰੂ ਪੰਥ ਦਾ ਸਾਥ ਦਿੰਦੇ ਹੋਏ ਬਾਦਲ ਦੇ ਥਾਪੇ ਹੋਏ ਜਥੇਦਾਰ ਗੁਰਬਚਨ ਸਿੰਘ ਦਾ ਵਿਰੋਧ ਕੀਤਾ ਅੰਮ੍ਰਿਤਸਰ ਵਿੱਚ। ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕੌਂਸਲ ਅਤੇ ਓਨਟਾਰੀਓ ਗੁਰਦੁਆਰਾਜ਼ ਕਮੇਟੀ ਗੁਰਬਚਨ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਮੰਨਦੇ ਤੇ ਹਰੇਕ ਉਹ ਸਿੱਖ ਅਤੇ ਪੰਥਕ ਜਥੇਬੰਦੀ ਦੇ ਧੰਨਵਾਦੀ ਹਾਂ, ਜਿਹੜੇ ਸੰਘਰਸ਼ ਜਾਰੀ ਰੱਖ ਰਹੇ ਹਨ, ਉਨ੍ਹਾਂ ਦੇ ਖਿਲਾਫ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ।
ਸਮੁੱਚੇ ਸਿੱਖ ਪੰਥ ਨੂੰ ਬੇਨਤੀ ਹੈ ਕਿ ਜੋ ਵੀ ਕੁਝ ਪੰਜਾਬ ਵਿੱਚ ਅਤੇ ਰਣਜੀਤ ਕਮਿਸ਼ਨ ਦੀ ਰਿਪੋਰਟ ਦੇ ਨਾਲ ਹੋ ਰਿਹਾ ਹੈ, ਉਸ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਅਤੇ ਅੰਦਰਖਾਤੇ ਜੋ ਰਾਜਨੀਤੀ ਚੱਲ ਰਹੀ ਹੈ, ਉਸ ਦਾ ਸ਼ਿਕਾਰ ਨਾ ਬਣਨਾ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਸਿੱਖ ਪੰਥ ਹਮੇਸ਼ਾ ਤਰ੍ਹਾਂ ਚੜ੍ਹਦੀ ਕਲਾ ਵਿੱਚ ਅੱਗੇ ਤੁਰਦਾ ਜਾਵੇਗਾ ਤੇ ਇਸ ਵਕਤ ਸਿੱਖ ਪੰਥ ਦਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖ ਪ੍ਰਤੀ ਜਵਾਬ ਉੱਤੇ ਰਹੇ।-ਮੋਨਿੰਦਰ ਸਿੰਘ ਅਮਰਜੀਤ ਸਿੰਘ ਮਾਨ-ਬੁਲਾਰੇ (ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕੌਂਸਲ ਓਨਟਾਰੀਓ ਗੁਰਦੁਆਰਾਜ਼ ਕਮੇਟੀ 604-724-7264 647-822-3608

Be the first to comment

Leave a Reply