ਕਿਉਂ ਨਾ ਨਗਰ ਕੀਰਤਨਾ ਦਾ ਲੇਖਾ ਜੋਖਾ ਕੀਤਾ ਜਾਵੇ?

ਕੇਵਲ ਇਕੱਲੇ ਓਨਟਰੀਓ ਵਿਚ ਹੀ ਨਿਕਲਦੇ ਸਾਰੇ ਨਗਰ ਕੀਰਤਨਾ ਦਾ ਲੇਖਾ ਜੋਖਾ ਕਰੀਏ ਤਾਂ ਮੋਟੇ ਅੰਦਾਜੇ ਮੁਤਾਬਕ ਸਾਰੇ ਨਗਰ ਕੀਰਤਨ ਪਾ ਕੇ ਕੋਈ ਪੰਜ ਕੁ ਲੱਖ ਬੰਦਾ ਇੱਕਠਾ ਹੋ ਜਾਂਦਾ ਹੋਵੇਗਾ। ਪੰਜ ਲੱਖ ਬੰਦੇ ਦਾ ਔਸਤਨ ਖਰਚਾ ਕੱਢੀਏ ਜਿਸ ਵਿਚ ਉਨ੍ਹਾਂ ਦਾ ਖਾਣ ਪੀਣ, ਉਨ੍ਹਾਂ ਦਾ ਸਮਾ, ਗੱਡੀ ਦੀ ਪਾਰਕਿੰਗ, ਗੱਡੀ ਦਾ ਤੇਲ ਆਦਿ ਤਾਂ 15 ਡਾਲਰ ਕੁ ਤਾਂ ਬਣਦਾ ਹੈ। ਪੰਜ ਲੱਖ ਨੂੰ ਤੁਸੀਂ 15 ਨਾਲ ਜਦ ‘ਮਲਟੀਪਲਾਈ’ ਕਰਦੇ ਹੋਂ ਤਾਂ 75 ਲੱਖ ਡਾਲਰ ਬਣ ਜਾਂਦਾ ਹੈ!!

ਗਰਮੀਆਂ ਦੇ ਕੁਝ ਮਹੀਨਿਆਂ ਵਿਚ ਨਗਰ ਕੀਰਤਨਾ ਦੇ ਨਾਂ ਤੇ ਸੜਕਾਂ ਤੇ ਫਿਰ ਕੇ, ਪਕੌੜੇ ਖਾ ਕੇ ਘਰ ਜਾਣ ਦੀ ਕੀਮਤ ਅਸੀਂ ਤਾਰਦੇ ਹਾਂ 75 ਲੱਖ ਡਾਲਰ! ਬਹੁਤਾ ਪਿੱਛੇ ਨਾ ਜਾਓ ਪਰ ਵੀਹ ਸਾਲ ਤੋਂ ਤਾਂ ਇਹ ਵਰਤਾਰਾ ਆਮ ਹੈ। ਹਰੇਕ ਗੁਰਦੁਆਰਾ ਸੜਕਾਂ ਤੇ ਤੁਰਿਆ ਹੋਇਆ। ਹਰੇਕ ਸਾਲ ਕੋਈ ਨਾ ਕੋਈ ਨਵਾਂ ਨਗਰ ਕੀਰਤਨ ਕੱਢ ਮਾਰਦੇ। ਤੁਸੀਂ ਇਸ 75 ਨੂੰ ਜਦ 20 ਨਾਲ ਮਲਟੀਪਲਾਈ ਕਰਦੇ ਹੋਂ ਪਤਾ ਕਿੰਨਾ ਬਣਦਾ? 1500 ਲੱਖ??? ਯਾਣੀ ਪਿੱਛਲੇ ਵੀਹ ਸਾਲਾਂ ਵਿਚ ਅਸੀਂ 1500 ਲੱਖ ਡਾਲਰ ਸੜਕਾਂ ਉਪਰ ਫਿਰ ਕੇ ਫੂਕ ਛੱਡਿਆ? ਤੇ ਇਨ੍ਹਾਂ 1500 ਲੱਖ ਡਾਲਰ ਨੂੰ ਜੇ ਤੁਸੀਂ ਹਿੰਦੋਸਤਾਨੀ ਰੁਪਈਆਂ ਨਾਲ ਮਲਟੀਪਲਾਈ ਕਰੋ ਤਾਂ ਸਿਫਰਾਂ ਮੁੱਕ ਜਾਦੀਆਂ ਤੇ ਤੁਹਾਡਾ ਸਿਰ ਘੁੰਮ ਜਾਂਦਾ!

ਯਾਣੀ 1500 ਲੱਖ ਡਾਲਰ ਪਿੱਛਲੇ ਵੀਹ ਸਾਲਾਂ ਵਿਚ ਅਸੀਂ ਸੜਕਾਂ ਤੇ ਫਿਰ ਕੇ ਪਕੌੜੇ ਖਾ ਕੇ ਘਰ ਮੁੜ ਜਾਣ ਤੇ ਖਰਚਿਆ। ਜੇ ਇੰਝ ਕਹਿਣ ਨਾਲ ਤੁਸੀਂ ਸਹਿਮਤ ਨਹੀ ਤਾਂ ਤੁਸੀਂ ਦੱਸ ਦਿਓ ਕਿ ਕਾਹਦੇ ਉਪਰ ਖਰਚਿਆ। ਹਾਂਅ! ਇੱਕ ਹੋਰ ਵੱਡੀ ਪ੍ਰਾਪਤੀ ਸੀ ਇਸ ਵਿਚ। ਉਹ ਕਿ ਤੁਹਾਡੇ ਗੁਰਦੁਆਰਿਆਂ ਦੇ ਚੌਧਰੀਆਂ ਦੀਆਂ ਖੱਟੀਆਂ ਪੱਗਾਂ, ਜੈਕਟਾਂ ਤੇ ਚਿੱਟੇ ਕੁੜਤੇ ਪੰਜਾਮਿਆਂ ਵਾਲੀਆਂ ਮੂਰਤੀਆਂ ਜਰੂਰ ਲੱਗ ਗਈਆਂ ਅਖਬਾਰਾਂ ਵਿਚ ਤੇ ਦੂਜੀ ‘ਵੱਡੀ’ ਪ੍ਰਾਪਤੀ ਕਿ ਕੁਝ ਗੁਰੂ ਘਰਾਂ ਦੇ ‘ਰਜਵਾੜਿਆਂ’ ਦੇ ਰਾਜਨੀਤਕ ਲੋਕਾਂ ਨਾਲ ਘਣੇ ਸਬੰਧ ਸਥਾਪਤ ਹੋ ਗਏ ਜਿੰਨਾ ਗੁਰੂ ਦੇ ਨਾਂ ਤੇ ਇਕੱਠੇ ਹੋਏ ਲੋਕਾਂ ਨੂੰ ਅਪਣੇ ਅਕਾਊ ਭਾਸ਼ਣ ਸੁਣਾ ਕੇ ਤੁਹਾਡੇ ਸਮੇ ਦੀ ਬਰਬਾਦੀ ਕੀਤੀ!
ਇਨ੍ਹਾਂ ਪਾ੍ਰਪਤੀਆਂ’ ਤੋਂ ਇਲਾਵਾ ਜੇ ਕੋਈ ਹੋਰ ਗੱਲ ਤੁਹਾਨੂੰ ਨਜਰ ਆਈ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ। ਕੌਮ ਦਾ ਸਰਮਾਇਆ ਤਾਂ ਜਾਇਆ ਹੋਇਆ ਹੀ ਹੋਇਆ ਪਰ ਇੱਕ ਹੋਰ ਵੱਡਾ ਨੁਕਸਾਨ ਕੀਤਾ। ਉਹ ਪਤਾ ਕੀ? ਉਹ ਇਹ ਕਿ ਜਦ ਤੁਸੀਂ ਤੀਜੇ ਕੁ ਦਿਨ ਸੜਕਾਂ ਘੇਰੀ ਰੱਖਦੇ ਹੋਂ ਤਾਂ ਟਰੈਫਿਕ ਵਿਚ ਫਸੇ ਦੂਜੇ ਭਾਈਚਾਰਿਆਂ ਦੇ ਲੋਕ ਤੁਹਾਨੂੰ ਸਲਾਮ ਕਰਕੇ ਨਹੀ ਲੰਘਦੇ ਯਾਣੀ ਤੁਸੀਂ ਕੌਮ ਦਾ ਇਮਿਜ ਘ੍ਰਿਣਤ ਕੀਤਾ ਲੋਕਾਂ ਵਿਚ!!
ਇਹ ਕੇਵਲ ਇਕੱਲੇ ਓਨਟੇਰੀਓ ਦੀ ਤਸਵੀਰ ਸੀ ਸਾਰੇ ਸੰਸਾਰ ਵਿਚਲੇ ਸਿੱਖਾਂ ਦੀ ਅਕਲ ਨੂੰ ‘ਮਲਟੀਪਲਾਈ’ ਕਰੋ ਤਾਂ ਤੁਸੀਂ ‘ਧੰਨ’ ਕਹਿਣੋਂ ਨਹੀ ਰਹਿ ਸਕੋਂਗੇ। ਤੁਹਾਡਾ ਕਹਿਣ ਜਾਂ ਮੰਨ ਲੈਣ ਦਾ ਹੱਕ ਹੈ ਕਿ ਕੀ ਇਹ ਸਭ ਫਿਰ ਫਜੂਲ ਸੀ? ਪਰ ਜੇ ਫਜੂਲ ਨਹੀ ਸੀ ਤਾਂ ਤੁਸੀਂ ਦੱਸ ਦਿਓ ਕਿ ਫਜੂਲ ਕਿਵੇਂ ਨਹੀ ਸੀ?

ਕਿਉਂਕਿ ਇਨੇ ਸਰਮਾਏ ਨੂੰ ਇਕੱਠਾ ਕਰਕੇ ਜੇ ਢੰਗ ਨਾਲ ਵਰਤਿਆ ਜਾ ਸਕਿਆ ਹੁੰਦਾ ਤਾਂ ਤੁਸੀਂ ਕੀ ਨਹੀ ਸੀ ਕਰ ਸਕਦੇ। ਸਿੱਖਾਂ ਦੇ ਅਪਣੇ ਕਾਲਜ-ਯੂਨੀਵਰਸਟੀਆਂ ਚਲ ਸਕਦੀਆਂ ਸਨ ਇਕੱਲੇ ਟਰੰਟੋ ਵਿਚ ਸੜਕਾਂ ਤੇ ਜਾਇਆ ਕੀਤੇ ਸਰਮਾਏ ਨਾਲ! ਇਹ ਮੂਰਖਤਾ ਹਰੇਕ ਸਾਲ ਦੁਹਰਾਈ ਜਾਂਦੀ ਹੈ ਤੇ ਵਾਰ ਵਾਰ ਦੁਹਰਾਈ ਜਾਂਦੀ ਹੈ।

ਚੌਧਰੀਆਂ ਦੀ ਈਗੋ ਦੇ ਭਾਰੇ ਬੂਟ ਹਰੇਕ ਸਾਲ ਤੁਹਾਡੀ ਸ਼ਰਧਾ ਨੂੰ ਕੁਚਲਦੇ ਲੰਘਦੇ ਹਨ। ਤੁਸੀਂ ਰੱਬ ਦੇ ਨਾਂ ਤੇ, ਗੁਰੂ ਦੇ ਨਾਂ ਤੇ ਹਰੇਕ ਵਾਰੀ ਇਨ੍ਹਾਂ ਅਪਣੇ ਉਪਰੋਂ ਦੀ ਲੰਘ ਜਾਣ ਦਿੰਦੇ ਹੋ। ਤੁਹਾਡੀਆਂ ਮੀਚੀਆਂ ਅੱਖਾਂ ਨੂੰ ਪਤਾ ਵੀ ਨਹੀ ਲੱਗਦਾ ਕਿ ਇਹ ਕਦ ਵਾਰ ਵਾਰ ਤੁਹਾਨੂੰ ਲਿਤਾੜਦੇ ਲੰਘੀ ਤੁਰੇ ਜਾਂਦੇ ਹਨ।

ਸ਼ਰਧਾ ਨਾਲ ਜੁੜੇ ਤੁਹਾਡੇ ਹੱਥਾਂ ਨੂੰ ਕਦੇ ਪਤਾ ਨਹੀ ਚਲਣਾ ਕਿ ਤੁਹਾਡੇ ਹੀ ਹੱਥੋਂ ਕਿੰਨਾ ਵੱਡਾ ਸਰਮਾਇਆ ਫੂਕ ਕੇ ਤੁਹਾਡੇ ਦੁਨੀਆਂ ਦੇ ਹਾਣੀ ਹੋ ਕੇ ਅੱਗੇ ਵੱਧਣ ਦੇ ਰਾਹ ਬੰਦ ਕਰ ਦਿੱਤੇ ਜਾਂਦੇ ਹਨ। 5 ਲੱਖ ਲੋਕਾ ਦੇ 15 ਡਾਲਰ ਨਾਲ ਪੂਰੀ ਦੁਨੀਆਂ ਦੇ ਸਿੱਖਾਂ ਵਿਚ ਨਵੀ ਰੂਹ ਫੂਕੀ ਜਾ ਸਕਦੀ ਸੀ ਪਰ ਤੁਹਾਡੀ ਅਕਲ ਕਿਤੇ ਸੱਚੀਂ ਸਹੀ ਪਾਸੇ ਤੁਰ ਕੇ ਸਿੱਖ ਨੂੰ ਜਿਉਂਦਾ ਨਾ ਕਰ ਦਏ, ਇਹ ਕਦੇ ਨਹੀ ਹੋਣ ਦਿੱਤਾ ਜਾਵੇਗਾ ਕਿਉਂਕਿ ਤੁਸੀਂ ਅਪਣੇ ਬੇੜੇ ਦੇ ਚੱਪੂ ਉਨ੍ਹਾਂ ਮੁਹਾਣਿਆ ਹੱਥ ਦੇ ਦਿੱਤੇ ਹੋਏ ਨੇ ਜਿਹੜੇ ਜ਼ਿਦ ਜ਼ਿਦ ਕੇ ਇਸ ਨੂੰ ਡੋਬਣ ਤੁਰੇ ਹੋਏ ਨੇ! ਨਹੀ?-ਗੁਰਦੇਵ ਸਿੰਘ ਸੱਧੇਵਾਲੀਆ

Be the first to comment

Leave a Reply