ਸਰਦਾਰ ਜੀ 2: ਕਾਮੇਡੀ ਤੇ ਮੁਹੱਬਤ ਦਾ ਸੁਮੇਲ

ਸਵਰਨ ਸਿੰਘ ਟਹਿਣਾ

ਪੰਜਾਬੀ ਸਿਨਮੇ ਵਿੱਚ ਬਹੁਤੀ ਵਾਰ ਇੱਕ ਪ੍ਰੋਡਿਊਸਰ ਦੂਜੀ ਵਾਰ ਕਿਸੇ ਫ਼ਿਲਮ ‘ਤੇ ਪੈਸਾ ਨਿਵੇਸ਼ ਕਰਦਾ ਦਿਖਾਈ ਨਹੀਂ ਦਿੰਦਾ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪ੍ਰੋਡਿਊਸਰ ਚਾਅ ਨਾਲ ਇੱਕ ਫ਼ਿਲਮ ‘ਤੇ ਪੈਸਾ ਭਾਵੇਂ ਖ਼ਰਚ ਦਿੰਦਾ ਹੈ ਪਰ ਇਸ ਖੇਤਰ ਦੀ ਨਾਸਮਝੀ ਤੇ ਹੋਰ ਮਾਮਲਿਆਂ ਦੀ ਅਣਜਾਣਤਾ ਉਸ ਦੀਆਂ ਉਮੀਦਾਂ ‘ਤੇ ਛੇਤੀ ਹੀ ਪਾਣੀ ਫੇਰ ਦਿੰਦੀ ਹੈ। ਸਿੱਟੇ ਵਜੋਂ ਮੁੜ ਉਹ ਨਿਰਮਾਤਾ ਕਿਸੇ ਫ਼ਿਲਮ ‘ਤੇ ਪੈਸਾ ਖ਼ਰਚ ਕਰਦਾ ਦਿਖਾਈ ਨਹੀਂ ਦਿੰਦਾ। ਇਸ ਤੋਂ ਉਲਟ ‘ਵ੍ਹਾਈਟ ਹਿੱਲ ਪ੍ਰੋਡਕਸ਼ਨ’ ਨੇ ਪੰਜਾਬੀ ਸਿਨਮਾ ਖੇਤਰ ਵਿੱਚ ‘ਯਸ਼ਰਾਜ ਬੈਨਰ’ ਵਾਲਾ ਨਾਮਣਾ ਖੱਟਿਆ ਹੈ। ਇਸ ਬੈਨਰ ਦੀਆਂ ਲਗਪਗ ਸਾਰੀਆਂ ਫ਼ਿਲਮਾਂ ਇੱਕ ਤੋਂ ਵਧ ਕੇ ਇੱਕ ਰਹੀਆਂ ਹਨ ਤੇ ਅੱਜ ਇਸ ਬੈਨਰ ਨਾਲ ਹਰ ਕਲਾਕਾਰ ਤੇ ਡਾਇਰੈਕਟਰ ਕੰਮ ਕਰਨਾ ਚਾਹੁੰਦਾ ਹੈ।

‘ਵ੍ਹਾਈਟ ਹਿੱਲ ਪ੍ਰੋਡਕਸ਼ਨ’ ਦੇ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਦੀ ਅਗਵਾਈ ‘ਚ ਤਿਆਰ ਹੋਈਆਂ ‘ਜੱਟ ਐਂਡ ਜੂਲੀਅਟ’, ‘ਜੱਟ ਐਂਡ ਜੂਲੀਅਟ-2’, ‘ਪੰਜਾਬ 1984’ ਤੇ ‘ਸਰਦਾਰ ਜੀ’ ਦਾ ਜ਼ਿਕਰ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਹਮੇਸ਼ਾਂ ਹੁੰਦਾ ਰਹੇਗਾ। ਹੁਣ ਇਸੇ ਬੈਨਰ ਦੀ ਫ਼ਿਲਮ ‘ਸਰਦਾਰ ਜੀ 2’ 24 ਜੂਨ ਨੂੰ ਸੰਸਾਰ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਪਿਛਲੇ ਸਾਲ ‘ਸਰਦਾਰ ਜੀ’ ਫ਼ਿਲਮ ਨੇ ਕਮਾਈ ਦੇ ਪੱਖ ਤੋਂ ਨਵਾਂ ਰਿਕਾਰਡ ਕਾਇਮ ਕੀਤਾ ਸੀ ਤੇ ਹੁਣ ਉਸੇ ਫ਼ਿਲਮ ਦਾ ਦੂਜਾ ਭਾਗ ਰਿਲੀਜ਼ ਹੋਣ ਲਈ ਤਿਆਰ ਹੈ। ਪਹਿਲੇ ਭਾਗ ਨਾਲੋਂ ਇਸ ਫ਼ਿਲਮ ਵਿੱਚ ਸਭ ਕੁਝ ਵੱਖਰਾ ਹੈ। ‘ਸਰਦਾਰ ਜੀ’ ਵਿੱਚ ਦਿਲਜੀਤ ਦੋਸਾਂਝ ਨੇ ਇੱਕ ਮਜ਼ਾਹੀਆ ਕਿਰਦਾਰ ਅਦਾ ਕੀਤਾ ਸੀ ਜਿਸ ਵਿੱਚ ਉਹ ਗ਼ੈਰਤ ਦਾ ਪ੍ਰਗਟਾਵਾ ਵੀ ਕਰਦਾ ਹੈ ਤੇ ਮੁਹੱਬਤੀ ਇਨਸਾਨ ਦਾ ਵੀ ਪਰ ‘ਸਰਦਾਰ ਜੀ 2’ ਇੱਕ ਅਜਿਹੇ ਨੌਜਵਾਨ ਕਿਸਾਨ ਦੀ ਕਹਾਣੀ ਹੈ ਜਿਹੜਾ ਪਿਤਾ ਪੁਰਖੀ ਕਿੱਤੇ ਖੇਤੀਬਾੜੀ, ਜ਼ਮੀਨ ਅਤੇ ਆਪਣੀਆਂ ਕਦਰਾਂ-ਕੀਮਤਾਂ ਨੂੰ ਬੇਹੱਦ ਪਿਆਰ ਕਰਦਾ ਹੈ। ਉਹ ਜ਼ਿੰਦਾਦਿਲ ਇਨਸਾਨ ਹੈ, ਜਿਹੜਾ ਮੁਸ਼ਕਿਲਾਂ ਨਾਲ ਮੱਥਾ ਲਾਉਂਦਾ ਹੈ ਤੇ ਜੈਵਿਕ ਖੇਤੀ ਨਾਲ ਜੁੜ ਕੇ ਪਰਿਵਾਰ ਦੀ ਜੀਵਿਕਾ ਚਲਾਉਂਦਾ ਹੈ।

ਫ਼ਿਲਮ ਦੇ ਮੁੱਖ ਨਾਇਕ ਦੇ ਰੂਪ ਵਿੱਚ ਦਿਲਜੀਤ ਦੋਸਾਂਝ ਇੱਕ ਵਾਰ ਮੁੜ ਦੇਖਣ ਨੂੰ ਮਿਲੇਗਾ। ਪਿਛਲੇ ਸਾਲ ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਨੂੰ ਬੋਤਲ ‘ਚ ਬੰਦ ਕਰ ਦਿੱਤਾ ਗਿਆ ਸੀ ਪਰ ਇਸ ਵਾਰ ਉਸ ਦਾ ਵੀ ਵੱਖਰਾ ਕਿਰਦਾਰ ਦੇਖਣ ਨੂੰ ਮਿਲੇਗਾ ਜਿਹੜਾ ਹਸਾਏਗਾ ਵੀ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰੇਗਾ। ‘ਸਰਦਾਰ ਜੀ 2’ ਵਿੱਚ ਦਿਲਜੀਤ ਕਿਸੇ ਪਰਿਵਾਰਕ ਮੁਸ਼ਕਿਲ ਨਾਲ ਨਜਿੱਠਣ ਲਈ ਪੈਸੇ ਕਮਾਉਣ ਵਾਸਤੇ ਆਸਟਰੇਲੀਆ ਜਾਂਦਾ ਹੈ ਅਤੇ ਉੱਥੇ ਉਸ ਨੂੰ ਕੀ-ਕੀ ਕਰਨਾ ਪੈਂਦਾ ਹੈ ਤੇ ਕਿਹੜੇ-ਕਿਹੜੇ ਹਾਲਾਤ ਨਾਲ ਉਹ ਜੂਝਦਾ ਹੈ, ਇਹ ਦਿਖਾਇਆ ਗਿਆ ਹੈ। ਫ਼ਿਲਮ ਦਾ ਟ੍ਰੇਲਰ ‘ਯੂ ਟਿਊਬ’ ‘ਤੇ ਕਾਫ਼ੀ ਪਹਿਲਾਂ ਰਿਲੀਜ਼ ਹੋ ਚੁੱਕਾ ਹੈ ਤੇ ਜਿਸ ਤਰ੍ਹਾਂ ਦਿਲਜੀਤ ਦੀ ਪੇਸ਼ਕਾਰੀ ਕੀਤੀ ਗਈ ਹੈ, ਦਰਸ਼ਕ ਦਾ ਧਿਆਨ ਇਕਦਮ ਉਸ ਵੱਲ ਖਿੱਚਿਆ ਜਾਂਦਾ ਹੈ। ਦਿਨਾਂ ਵਿੱਚ ਹੀ ਇਸ ਟ੍ਰੇਲਰ ਨੂੰ ਲੱਖਾਂ ਦੀ ਗਿਣਤੀ ਵਿੱਚ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਿਆ ਹੈ। ‘ਵ੍ਹਾਈਟ ਹਿੱਲ ਪ੍ਰੋਡਕਸ਼ਨ’ ਵੱਲੋਂ ਹਰ ਸਾਲ ਜੂਨ ਮਹੀਨੇ ਇੱਕ ਫ਼ਿਲਮ ਰਿਲੀਜ਼ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ‘ਸਰਦਾਰ ਜੀ 2’ ਦਾ ਪ੍ਰਚਾਰ ਜ਼ੋਰ ਫੜ ਚੁੱਕਾ ਹੈ, ਉਸ ਤੋਂ ਫ਼ਿਲਮ ਦੀ ਕਾਮਯਾਬੀ ਦੀ ਉਮੀਦ ਲਗਾਤਾਰ ਵਧ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ‘ਕੋਕ’ ਵੱਲੋਂ ਕਿਸੇ ਪੰਜਾਬੀ ਦਾ ਨਾਂ ਦੋ ਕਰੋੜ ਬੋਤਲਾਂ ‘ਤੇ ਲਿਖ ਕੇ ਪ੍ਰਚਾਰ ਕੀਤਾ ਜਾ ਰਿਹਾ ਹੋਵੇ। ਭਾਵ ਹਿੰਦੀ ਫ਼ਿਲਮਾਂ ਦੀ ਤਰਜ਼ ‘ਤੇ ਸਾਰਾ ਕੁਝ ਉਲੀਕਿਆ ਗਿਆ ਹੈ। ‘ਸਰਦਾਰ ਜੀ 2’ ਦੀ ਕਹਾਣੀ ਤੇ ਸਕਰੀਨ ਪਲੇਅ ਧੀਰਜ ਰਤਨ ਦੀ ਕਲਮ ਦੀ ਉਪਜ ਹੈ। ‘ਸਰਦਾਰ ਜੀ’ ਦੇ ਨਿਰਦੇਸ਼ਕ ਰੋਹਿਤ ਜੁਗਰਾਜ ਨੇ ਹੀ ਇਸ ਨੂੰ ਨਿਰਦੇਸ਼ਤ ਕੀਤਾ ਹੈ। ਯਸ਼ਪਾਲ ਸ਼ਰਮਾ, ਮੋਨਿਕਾ ਗਿੱਲ, ਸੋਨਮ ਬਾਜਵਾ ਤੇ ਹੋਰ ਕਲਾਕਾਰਾਂ ਨੇ ਵੀ ਦਿਲਜੀਤ ਤੇ ਜਸਵਿੰਦਰ ਭੱਲਾ ਨਾਲ ਵਧੀਆ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਸੰਵਾਦ ਜਤਿੰਦਰ ਲਾਲ ਦੇ ਲਿਖੇ ਹੋਏ ਹਨ ਤੇ ਗੀਤਕਾਰ ਰਣਬੀਰ ਸਿੰਘ ਤੇ ਵੀਤ ਬਲਜੀਤ ਹਨ। ਫ਼ਿਲਮ ਦੇ ਗੀਤ ਪਹਿਲਾਂ ਹੀ ਦਰਸ਼ਕਾਂ ਵੱਲੋਂ ਪਸੰਦ ਕੀਤੇ ਜਾ ਰਹੇ ਹਨ। ਪੰਜਾਬੀ ਸਿਨਮੇ ਸਬੰਧੀ ਗੁਣਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਾਡੇ ਬੈਨਰ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਚੋਣਵਾਂ ਪਰ ਚੰਗਾ ਕੰਮ ਕੀਤਾ ਜਾਵੇ। ਅਸੀਂ ਜਿੰਨੀਆਂ ਫ਼ਿਲਮਾਂ ਬਣਾਈਆਂ, ਸੁਥਰੇ ਮਨੋਰੰਜਨ ਵਾਲੀਆਂ ਕਮਰਸ਼ੀਅਲ ਫ਼ਿਲਮਾਂ ਬਣਾਈਆਂ ਤੇ ‘ਸਰਦਾਰ ਜੀ 2’ ਵੀ ਉਸੇ ਲੜੀ ਦਾ ਹਿੱਸਾ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਹਸਾਏਗੀ ਵੀ, ਐਕਸ਼ਨ ਦਾ ਆਨੰਦ ਵੀ ਦੇਵੇਗੀ ਤੇ ਥ੍ਰਿਲ ਵੀ ਪੈਦਾ ਕਰੇਗੀ। ਦਰਸ਼ਕ ਫ਼ਿਲਮ ਨਾਲ ਅਖੀਰ ਤਕ ਜੁੜਿਆ ਰਹੇਗਾ ਕਿ ਅਗਲੇ ਪਲ ਪਤਾ ਨਹੀਂ ਕੀ ਹੋ ਜਾਵੇ।

ਇਸੇ ਤਰ੍ਹਾਂ ਮਨਮੋੜ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਦਿਲਜੀਤ ਨਾਲ ਸਾਡੀ ਪੱਕੀ ਟੀਮ ਬਣੀ ਹੋਈ ਹੈ। ਇਹ ਫ਼ਿਲਮ ਅਸੀਂ ਪੰਜਾਬ ਦੀ ਕਿਸਾਨੀ ਨੂੰ ਸਮਰਪਿਤ ਕਰਦੇ ਹਾਂ। ਉਹ ਕਿਸਾਨੀ ਜੋ ਦਿਨ-ਰਾਤ ਖੇਤਾਂ ਵਿੱਚ ਰਹਿ ਕੇ ਦੇਸ਼ ਦਾ ਢਿੱਡ ਭਰਦੀ ਹੈ।

ਇਸ ਫ਼ਿਲਮ ਵਿੱਚ ਜ਼ਮੀਨ ਨਾਲ ਕਿਸਾਨ ਦੀ ਮੁਹੱਬਤ ਦੀ ਪੇਸ਼ਕਾਰੀ ਵੀ ਕੀਤੀ ਗਈ ਹੈ। ਇਹ ਫ਼ਿਲਮ ਮਜ਼ਾਹੀਆ ਤਾਂ ਹੈ ਹੀ, ਸੰਦੇਸ਼ ਭਰਪੂਰ ਵੀ ਹੈ ਜਿਸ ਨੂੰ ਦੇਖ ਕੇ ਸਿਨਮੇ ਵਿੱਚੋਂ ਬਾਹਰ ਨਿਕਲਦਾ ਦਰਸ਼ਕ ਨਿਰਾਸ਼ ਨਹੀਂ ਹੋਵੇਗਾ।

Be the first to comment

Leave a Reply