ਮੰਚ ਤੋਂ ਫ਼ਿਲਮਾਂ ਤੱਕ ਦੀ ਸਫ਼ਲ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ

ਗੁਰਪ੍ਰੀਤ ਕੌਰ ਭੰਗੂ ਪਿੰਡ ਪੱਧਰ ਤੋਂ ਉੱਭਰੀ ਇਕ ਅਜਿਹੀ ਹਸਤਾਖਰ ਹੈ ਜਿਸਨੇ ਆਮ ਵਾਂਗ ਜਿਊਂਈ ਜਾਂਦੀ ਜ਼ਿੰਦਗੀ ਦਾ ਖੋਲ ਤੋੜਦਿਆਂ, ਜਨ-ਚੇਤਨਾ ਨੂੰ ਪ੍ਰਣਾਏ ਸੈਂਕੜੇ ਹੀ ਨਾਟਕਾਂ ਤੋਂ ਲੈ ਕੇ ਛੋਟੇ ਅਤੇ ਵੱਡੇ ਪਰਦੇ ‘ਤੇ ਆਪਣੀ ਪਹਿਚਾਣ ਬਣਾਈ ਹੈ। ਹਿੰਦੀ ਫ਼ਿਲਮ ‘ਮੌਸਮ’, ‘ਮਿੱਟੀ’ ਅਤੇ ‘ਸ਼ਰੀਕ’ ਤੋਂ ਬਾਅਦ ਹਾਲ ਹੀ ਵਿਚ ਸਫ਼ਲ ਹੋਈਆਂ ਫ਼ਿਲਮਾਂ ‘ਅਰਦਾਸ’, ‘ਅੰਬਰਸਰੀਆ’, ਅਤੇ ‘ਵਿਸਾਖੀ ਲਿਸਟ’ ਰਾਹੀਂ ਦਰਸ਼ਕਾਂ ਵਿਚ ਆਪਣੀ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਭੰਗੂ ਆਉਣ ਵਾਲੀਆਂ ਫ਼ਿਲਮਾਂ ‘ਕੱਚ ਧਾਗੇ’ ਅਤੇ ‘ਗੇਲੋ’ ਰਾਹੀਂ ਆਪਣੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਹੈ। ਉਸਦੇ ਸਮਾਜ-ਸੇਵੀ ਅਤੇ ਜਨ-ਚੇਤਨਾ ਹਿਤ ਕੀਤੇ ਕੰਮਾਂ ਨੂੰ ਕਾਗਜ਼ ‘ਤੇ ਸਮੇਟਣਾ ਔਖਾ ਹੈ। 13 ਮਈ, 1959 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਹਨ ਸਿੰਘ ਵਾਲਾ ਵਿਖੇ ਇਕ ਸਾਧਾਰਨ ਕਿਸਾਨ ਸੁਖਦੇਵ ਸਿੰਘ ਸਿੱਧੂ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮੀ ਗੁਰਪ੍ਰੀਤ ਦੇ ਬਾਲਪਨ ਦੀਆਂ ਅਨੇਕਾਂ ਯਾਦਾਂ ਨੂੰ ਬਾਈਪਾਸ ਕਰਦਿਆਂ ਇਹੋ ਕਿਹਾ ਜਾ ਸਕਦਾ ਹੈ ਕਿ ਬਾਲਪਣ ਉਲੰਘ ਕੇ ਉਹ ਪੂਰੀਆਂ 16 ਜਮਾਤਾਂ ਪੜ੍ਹ ਗਈ। ਇਕ ਸਬੱਬ ਵਸ 17 ਜੁਲਾਈ, 1983 ਨੂੰ ਉਸ ਦੀ ਸ਼ਾਦੀ, ਉਸ ਸਮੇਂ ਦੇ ਪ੍ਰਗਤੀਸ਼ੀਲ ਨੌਜਵਾਨ ਸਵਰਨ ਸਿੰਘ ਭੰਗੂ ਨਾਲ ਹੋ ਗਈ। ਵਿਆਹ ਉਪਰੰਤ ਹੀ ਮਿਲੇ ਮੋਕਲੇ ਮਾਹੌਲ ਦੀਆਂ ਬਰਕਤਾਂ ਵਜੋਂ ਉਸਨੇ ਨੇ ਅਦਾਕਾਰਾ ਦੇ ਤੌਰ ‘ਤੇ ਨਾਟਕਾਂ ਵਿਚ ਕੋਮਲ ਕਲਾਵਾਂ ਆਰੰਭੀਆਂ ਅਤੇ ਆਪਣੀ ਯੋਗਤਾ ਮੁਕੰਮਲ ਕਰਦਿਆਂ ਹੀ 17 ਜੁਲਾਈ, 1987 ਨੂੰ ਸਰਕਾਰੀ ਅਧਿਆਪਕਾ ਬਣ ਗਈ।

ਕਾਲਜ ਵਿਚ ਪੜ੍ਹਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਵਿਚ ਸਰਗਰਮ ਹੁੰਦਿਆਂ ਹੀ ਇਲਾਕੇ ਦੇ ਨੌਜਵਾਨਾਂ ਨੂੰ ਨਾਲ ਲੈ ਕੇ 1996 ਵਿਚ ‘ਚੇਤਨਾ ਕਲਾ ਮੰਚ ਸ੍ਰੀ ਚਮਕੌਰ ਸਾਹਿਬ’ ਦੀ ਸਥਾਪਨਾ ਕੀਤੀ। ਪੰਜਾਬੀ ਨਾਟਕਾਂ ਦੇ ਬਾਬਾ ਬੋਹੜ ਭਾਅ ਜੀ ਗੁਰਸ਼ਰਨ ਸਿੰਘ ਦੀ ਅਗਵਾਈ ਵਿਚ ਚੱਲਦੇ ਚੰਡੀਗੜ੍ਹ ਸਕੂਲ ਆਫ ਡਰਾਮਾ ਵਿਚ ਵੀ ਕੰਮ ਕਰਨ ਦਾ ਮਾਣ ਕਮਾਇਆ। ਆਰਟ ਸੈਂਟਰ ਸਮਰਾਲਾ, ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਸੁਚੇਤਕ ਰੰਗ ਮੰਚ ਮੁਹਾਲੀ ਆਦਿ ਨਾਟਕ ਟੀਮਾਂ ਨਾਲ ਭਾਅ ਜੀ ਗੁਰਸ਼ਰਨ ਸਿੰਘ, ਪ੍ਰੋ: ਅਜਮੇਰ ਸਿੰਘ ਔਲਖ, ਦਵਿੰਦਰ ਦਮਨ, ਪਾਲੀ ਭੁਪਿੰਦਰ ਹੋਰਾਂ ਦੇ ਲਿਖੇ ਨਾਟਕਾਂ ਵਿਚ ਕੰਮ ਕੀਤਾ। ‘ਛਿਪਣ ਤੋਂ ਪਹਿਲਾਂ’, ‘ਮਿੱਟੀ ਨਾ ਹੋਵੇ ਮਤਰੇਈ’, ‘ਇਨ੍ਹਾਂ ਦੀ ਆਵਾਜ਼’, ‘ਜਦੋਂ ਮੈਂ ਸਿਰਫ ਔਰਤ ਹੁੰਦੀ ਹਾਂ’, ‘ਸੁੱਕੀ ਕੁੱਖ’, ‘ਜਦੋਂ ਬੋਹਲ ਰੋਂਦੇ ਹਨ’, ‘ਮਿੱਟੀ ਰੁਦਨ ਕਰੇ’ ਆਦਿ ਨਾਟਕਾਂ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਇਸ ਤੋਂ ਇਲਾਵਾ ‘ਤਰਕ ਦੀ ਸਾਣ ‘ਤੇ’ ਅਤੇ ‘ਕੱਚ ਦੀਆਂ ਵੰਗਾਂ’ ਸੀਰੀਅਲਾਂ ਵਿਚ ਅਤੇ ਅਨੇਕਾਂ ਟੈਲੀ-ਫਿਲਮਾਂ ਵਿਚ ਕੰਮ ਕੀਤਾ। ਪ੍ਰਸਿੱਧ ਸਾਹਿਤਕਾਰਾਂ ਗੁਰਦਿਆਲ ਸਿੰਘ ਅਤੇ ਵਰਿਆਮ ਸੰਧੂ ਦੀਆਂ ਅਨੁਭਵੀ ਰਚਨਾਵਾਂ ‘ਤੇ ਆਧਾਰਿਤ ਬਣੀਆਂ ਅਨੇਕਾਂ ਮਾਣ-ਸਨਮਾਨ ਜੇਤੂ ਫਿਲਮਾਂ ‘ਅੰਨੇ ਘੋੜੇ ਦਾ ਦਾਨ’ ਅਤੇ ‘ਚੌਥੀ ਕੂੰਟ’ ਵਿਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ। ਉਸਨੇ ਸਵਾਰਥ ਤਾਂ ਜਿਵੇਂ ਪਰ੍ਹਾਂ ਹੀ ਵਗਾਹ ਮਾਰਿਆ ਹੋਵੇ। ਉਹ ਜਨ-ਹਿਤਾਂ ਨੂੰ ਪ੍ਰਣਾਏ ਆਪਣੇ ਪਤੀ ਦੀ ਪ੍ਰੇਰਕ ਅਤੇ ਸਹਾਇਕ ਹੈ।

Be the first to comment

Leave a Reply