ਪਦਮਾਵਤੀ’ ਨੂੰ ਸਾਧਵੀ ਠਾਕੁਰ ਨੇ ਦਿੱਤੀ ‘ਸੀਰੀਅਸ’ ਧਮਕੀ, ਕਿਹਾ ਦੀਪਿਕਾ ਦੇ ਨਾਚ ਨੇ ਸਵੈਮਾਣ ਪਹੁੰਚਾਈ ਠੇਸ

ਕੈਥਲ: ਫ਼ਿਲਮ ‘ਪਦਮਾਵਤੀ’ ਨੂੰ ਹੱਦੋਂ ਵੱਡੀਆਂ ਧਮਕੀਆਂ ਦੇਣ ਵਾਲੀ ਹਰਿਆਣਵੀ ਸੰਸਥਾ ਕਰਣੀ ਸੈਨਾ ਦੇ ਸੂਬਾ ਮੁਖੀ ਭਵਾਨੀ ਠਾਕੁਰ ਨਾਲ ਪਹੁੰਚੀ ਸਾਧਵੀ ਦੇਵਾ ਠਾਕੁਰ ਨੇ ਪਦਮਾਵਤੀ ਦੀ ਰਿਲੀਜ਼ ਬਾਰੇ ਸਿਨੇਮਾ ਫੂਕਣ ਦੀ ਧਮਕੀ ਨੂੰ ਦੇਸ਼ ਵਿਆਪੀ ਪੁੱਠ ਚਾੜ੍ਹ ਦਿੱਤੀ। ਸਾਧਵੀ ਨੇ ਕਿਹਾ ਕਿ ਜੇਕਰ ‘ਪਦਮਾਵਤੀ’ ਦੇਸ਼ ਦੇ ਕਿਸੇ ਵੀ ਸਿਨੇਮਾ ਵਿੱਚ ਰਿਲੀਜ਼ ਕੀਤੀ ਜਾਂਦੀ ਹੈ ਤਾਂ ਉਹ ਸਿਨੇਮਾ ਨੂੰ ਸਾੜ ਦਿੱਤਾ ਜਾਵੇਗਾ।ਆਪਣੀ ਇਸ ਗੱਲ ਦਾ ਅਸਰ ਮੌਜੂਦ ਪੱਤਰਕਾਰਾਂ ਦੇ ਚਿਹਰਿਆਂ ‘ਤੇ ਨਾ ਵੇਖ ਸਾਧਵੀ ਨੇ ਇਹ ਵੀ ਕਿਹਾ ਕਿ ਉਸ ਦੀ ਗੱਲ ਨੂੰ ‘ਸੀਰੀਅਸ’ ਲਿਆ ਜਾਵੇ ਕਿ ਦੇਸ਼ ਦਾ ਹਰ ਉਹ ਸਿਨੇਮਾ ਸਾੜਿਆ ਜਾਵੇਗਾ ਜਿੱਥੇ ‘ਪਦਮਾਵਤੀ’ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਸਾਧਵੀ ਦੇਵਾ ਠਾਕੁਰ ਨੇ ‘ਪਦਮਾਵਤੀ’ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ‘ਰਾਖ਼ਸ਼’ ਕਹਿ ਦਿੱਤਾ।

ਉਸ ਨੇ ਊਧਵ ਠਾਕਰੇ ਬਾਰੇ ਅਸਿੱਧੇ ਢੰਗ ਨਾਲ ਬੋਲਦਿਆਂ ਕਿਹਾ ਕਿ ਹਿੰਦੂਆਂ ਦੇ ਮਸਲੇ ਚੁੱਕਣ ਵਾਲੇ ਲੋਕ ਹੁਣ ਫ਼ਿਲਮ ‘ਪਦਮਾਵਤੀ’ ਬਾਰੇ ਚੁੱਪ ਕਿਉਂ ਹੈ? ਜਦੋਂ ਪੱਤਰਕਾਰਾਂ ਨੇ ਸਾਧਵੀ ਨੂੰ ਫ਼ਿਲਮ ਦਾ ਵਿਰੋਧ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਡੀਆਂ ਰਾਣੀਆਂ ‘ਘੂਮਰ’ (ਇੱਕ ਲੋਕ ਨਾਚ) ਨਹੀਂ ਸਨ ਕਰਦੀਆਂ, ਜੋ ਇਸ ਫ਼ਿਲਮ ਵਿੱਚ ਵਿਖਾਇਆ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਇਸ ਨਾਲ ਉਸ ਦੇ ਸਵੈਮਾਣ ਨੂੰ ਸੱਟ ਲੱਗੀ ਹੈ।ਜ਼ਿਕਰਯੋਗ ਹੈ ਕਿ ਸਾਧਵੀ ਦੇਵਾ ਠਾਕੁਰ ‘ਤੇ ਇੱਕ ਔਰਤ ਦੀ ਮੌਤ ਦਾ ਇਲਜ਼ਾਮ ਵੀ ਹੈ। ਬੀਤੇ ਸਾਲ ਨਵੰਬਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਦੇਵਾ ਠਾਕੁਰ ਤੇ ਉਸ ਦੇ ਸੰਗੀਆਂ ਨੇ ਫਾਇਰਿੰਗ ਕੀਤੀ ਸੀ। ਉਸ ਸਮੇਂ ਉਨ੍ਹਾਂ ਵਿੱਚੋਂ ਕਿਸੇ ਇੱਕ ਦਾ ਪਿਸਤੌਲ ਜਾਮ ਹੋ ਗਿਆ, ਜਿਸ ਨੂੰ ਠੀਕ ਕਰਨ ਸਮੇਂ ਗੋਲ਼ੀ ਚੱਲੀ ਤੇ 50 ਸਾਲਾ ਔਰਤ ਦੀ ਮੌਤ ਹੋ ਗਈ ਸੀ। ਦੇਵਾ ਠਾਕੁਰ ਉਦੋਂ ਉੱਥੋਂ ਭੱਜ ਗਈ ਸੀ ਤੇ ਬਾਅਦ ਵਿੱਚ ਸਮਰਪਣ ਕਰ ਦਿੱਤਾ ਸੀ। ਇਹ ਮਾਮਲਾ ਅਦਾਲਤ ਵਿੱਚ ਜਾਰੀ ਹੈ।

Be the first to comment

Leave a Reply