ਅਰਜਨ ਕਪੂਰ:ਅਰਦਾਸ ਕਰਾਂ

ਚਲੋ ਲੋਕਾਂ ਦਾ ਕੀ ਹੈ? ਅਰਜਨ ਕਪੂਰ ਦੇ ਦਾਅਵੇ ਅਨੁਸਾਰ ‘ਮੁਬਾਰਕਾਂ’ ਨੇ ਕਮਾਈ ਕਰਨੀ ਹੈ, ਕਰ ਰਹੀ ਹੈ ਤੇ ਕਰੇਗੀ। ਅਰਜਨ ਤਾਂ ਇਥੋਂ ਤੱਕ ਆਖ ਰਿਹਾ ਹੈ ਕਿ ਜ਼ਿੰਦਗੀ ਦਾ ਉਹ ਦਿਨ ਅਹਿਮ ਸੀ ਜਿਸ ਦਿਨ ਉਸ ਨੇ ‘ਮੁਬਾਰਕਾਂ’ ਸਾਈਨ ਕੀਤੀ ਸੀ। ਅਰਜਨ ਲਈ ਇਹ ਪ੍ਰਾਪਤੀ ਹੈ ਕਿ ਉਸ ਦੀ ਇਹ ਫ਼ਿਲਮ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਪਸੰਦ ਆ ਰਹੀ ਹੈ। ਅਨਿਲ ਚਾਚਾ ਜੀ ਨਾਲ ਭਤੀਜੇ ਅਰਜਨ ਦੀ ਜੋੜੀ ਤਾਂ ਉਸ ਦਾ ਵਿਚਾਰ ਹੈ ਕਿ ਚਾਚਾ ਭਤੀਜਾ ਕਈਆਂ ‘ਤੇ ਭਾਰੂ ਪਏ ਹਨ। ਅਰਜਨ ਤਾਂ ਬਹੁਤ ਦੂਰ ਦੀ ਗੱਲ ਕਹਿ ਰਿਹਾ ਹੈ ਕਿ ਸਲਮਾਨ-ਸ਼ਾਹਰੁਖ ਤੋਂ ਬਾਅਦ ਜੇ ਕੋਈ ਜੋੜੀ ਨੰਬਰ ਇਕ ‘ਤੇ ਕਾਮਯਾਬ ਹੈ ਤਾਂ ਉਹ ਹੈ ਚਾਚੇ ਭਤੀਜੇ ਦੀ ਇਹ ਜੋੜੀ। ਅਰਜਨ ਨੇ ਹਾਸੇ ‘ਚ ਇਹ ਵੀ ਕਹਿ ਦਿੱਤਾ ਕਿ ਉਸ ਦੇ ਯਾਰ ਰਣਵੀਰ ਸਿੰਘ ਨੂੰ ਇਸ ਚਾਚੇ-ਭਤੀਜੇ ਦੀ ਸਫ਼ਲ ਜੋੜੀ ਤੋਂ ਈਰਖਾ ਹੋ ਰਹੀ ਹੈ। ਖ਼ੈਰ ‘ਮੁਬਾਰਕਾਂ’ ਕਿਵੇਂ ਰਹੀ ਹੈ, ਸਭ ਨੂੰ ਪਤਾ ਹੈ ਪਰ ਅਰਜਨ ਨੂੰ ਕਹਿਣ ਦਾ ਹੱਕ ਹੈ ਤੇ ਅਸਲ ‘ਚ ਉਹ ਹੁਣ ਵਿਪੁਲ ਸ਼ਾਹ ਵੱਲ ਕੇਂਦਰਿਤ ਹੋ ਗਿਆ ਹੈ। ਅਰਜਨ ਨੇ ਵਿਪੁਲ ਸ਼ਾਹ ਨਾਲ ‘ਨਮਸਤੇ ਕੈਨੇਡਾ’ ਫ਼ਿਲਮ ‘ਤੇ ਮਿਹਨਤ ਕਰਨੀ ਸ਼ੁਰੂ ਕੀਤੀ ਹੈ। ‘ਨਮਸਤੇ ਕੈਨੇਡਾ’ ਵਿਚ ਉਸ ਨਾਲ ਪ੍ਰਣੀਤੀ ਚੋਪੜਾ ਹੀਰੋਇਨ ਹੈ। ‘ਨਮਸਤੇ ਕੈਨੇਡਾ’ ਲਈ ਅਰਜਨ ਫਿਰ ਪੰਜਾਬੀ ਬਣੇਗਾ ਤੇ ਪੰਜਾਬੀ ਰੰਗ ਵਿਚ ਰੰਗਿਆ ਜਾਏਗਾ। ਯੂਰਪ ਦੇ ਸਭ ਤੋਂ ਵੱਡੇ ਯੂ.ਕੇ. ਦੇ ਗੁਰਦੁਆਰੇ ‘ਚ ‘ਮੁਬਾਰਕਾਂ’ ਦੀ ਸ਼ੂਟਿੰਗ ਕਰਨ ਗਏ ਅਰਜਨ ਨੇ ਤਦ ਅਰਦਾਸ ਕੀਤੀ ਸੀ ਕਿ ਵਾਹਿਗੁਰੂ ਉਸ ਦੇ ਅੰਗ-ਸੰਗ ਰਹੇ। ‘ਨਮਸਤੇ ਕੈਨੇਡਾ’ ਦੀ ਸ਼ੂਟਿੰਗ ਦੌਰਾਨ ਅਰਜਨ ਫਿਰ ਇਸ ਗੁਰੂ ਘਰ ਜਾਏਗਾ ਤੇ ਅਸ਼ੀਰਵਾਦ ਲਵੇਗਾ। ਅਰਜਨ ਕਪੂਰ ਦਿਲੋਂ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ। ਯੂਰਪ ਦੇ ਇਸ ਗੁਰਦੁਆਰੇ ‘ਚ ਸੰਗਤ ‘ਚ ਬੈਠ ਕੇ ਛਕੇ ਲੰਗਰ ਨੇ ਉਸ ਅਨੁਸਾਰ ਉਸ ‘ਚ ਅਜੀਬ ਅਨਰਜੀ ਭਰੀ ਹੈ। ‘ਨਮਸਤੇ ਕੈਨੇਡਾ’ ਦੀ ਸ਼ੂਟਿੰਗ ਦੌਰਾਨ ਵੀ ਅਰਜਨ ਕਪੂਰ ਯੂ. ਕੇ. ਦੇ ਇਸ ਗੁਰੂ ਘਰ ਦੋ-ਤਿੰਨ ਵਾਰ ਜ਼ਰੂਰ ਜਾਏਗਾ। ਇਹੋ ਅਰਜਨ ਕਪੂਰ ਦੀ ਆਸਥਾ ਤੇ ਦਿਲੀ ਇੱਛਾ ਵੀ ਹੈ।–ਸੁਖਜੀਤ ਕੌਰ

Be the first to comment

Leave a Reply