Ad-Time-For-Vacation.png

1984 ਦਰਬਾਰ ਸਾਹਿਬ ਤੇ ਹਮਲਾ’ਹੰਝੂ ਜਿਸ ਦੀ ਡੂੰਘਾਈ ਨਹੀਂ ਨਾਪ ਸਕਦੇ

ਚੰਡੀਗੜ੍ਹ (ਗੁਰਦਰਸ਼ਨ ਸਿੰਘ ਢਿੱਲੋਂ ਹਿਸਟੋਰੀਅਨ): 3 ਜੂਨ, 1984 ਦਾ ਦਿਨ ਸੀ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ 378 ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਜਦੋਂ ਭਾਰਤੀ ਫ਼ੌਜੀ ਨੇ ‘ਆਪ੍ਰੇਸ਼ਨ ਬਲੂਸਟਾਰ’ ਦੇ ਅਜੀਬ ਨਾਂ ਹੇਠ ਸਿੱਖਾਂ ਦੇ ਸਭ ਤੋਂ ਪਵਿੱਤਰ ਧਰਮ ਅਸਥਾਨ ਉਤੇ ਫ਼ੌਜੀ ਹੱਲਾ ਬੋਲ ਦਿੱਤਾ ਸੀ। ਇਸ ਦਿਨ ਨੂੰ ਹੀ ਹਮਲਾ ਕਰਨ ਲਈ ਕਿਉਂ ਚੁਣਿਆ ਗਿਆ? ਇਹ ਕੋਈ ਅਚਾਨਕ ਵਰਤਿਆ ਭਾਣਾ ਨਹੀਂ ਸੀ ਕਿ ਹਮਲੇ ਲਈ ਚੁਣਿਆ ਗਿਆ ਦਿਨ ਇਕ ਇਤਿਹਾਸਕ ਦਿਨ ਸੀ। ਦੋ ਸਦੀਆਂ ਪਹਿਲਾਂ, 1736 ਦੀ ਦੀਵਾਲੀ ਵਾਲੇ ਦਿਨ ਮੁਗਲ ਫ਼ੌਜਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ। ਇਹ ਏਨੇ ਵੱਡੇ ਪੱਧਰ ਦਾ ਕਤਲੇਆਮ ਸੀ ਕਿ ਲੋਕ ਦੇਰ ਤੱਕ ਇਸ ਨੂੰ ‘ਖੂਨੀ ਦੀਵਾਲੀ’ ਕਰਕੇ ਯਾਦ ਕਰਦੇ ਰਹੇ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਤਾਂ ਉਸ ਨੇ ਵੀ ਵਿਸਾਖੀ ਦਾ ਦਿਨ ਚੁਣਿਆ ਤਾਂ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਸਕੇ, ਕਿਉਂਕਿ ਖਾਲਸੇ ਦਾ ਜਨਮ ਦਿਨ ਮਨਾਉਣ ਲਈ ਸਿੱਖ ਉਸ ਦਿਨ ਵੱਡੀ ਗਿਣਤੀ ਵਿਚ ਦਰਬਾਰ ਸਾਹਿਬ ਵਿਚ ਇਕੱਠੇ ਹੁੰਦੇ ਸਨ।ਹਰ ਕੋਈ ਜਾਣਦਾ ਹੈ ਕਿ ਜਲਿਆਂਵਾਲਾ ਬਾਗ ਅੰਮ੍ਰਿਤਸਰ ਦਾ ਸ਼ਹੀਦੀ ਸਾਕਾ ਵੀ ਵਿਸਾਖੀ ਵਾਲੇ ਦਿਨ ਹੀ ਹੋਇਆ ਅਰਥਾਤ 13 ਅਪ੍ਰੈਲ, 1919 ਨੂੰ। ਗੁਰਪੁਰਬ ਵਾਲੇ ਦਿਨ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਨੇ ਲੋਕਾਂ ਦੇ ਮਨਾਂ ਵਿਚ ਸਿੱਖ ਇਤਿਹਾਸ ਦੇ ਉਨ੍ਹਾਂ ਭੀਆਵਲੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਜਿਨ੍ਹਾਂ ਦਾ ਜ਼ਿਕਰ ਇਤਿਹਾਸ ਦੀਆਂ ਪੁਸਤਕਾਂ ਵਿਚ ਆਉਂਦਾ ਹੈ। ਮੁਹੰਮਦ ਗੌਰੀ, ਚੰਗੇਜ਼ ਖਾਂ, ਅਹਿਮਦ ਸ਼ਾਹ ਅਬਦਾਲੀ ਤੇ ਹੋਰ ਹਮਲਾਵਰਾਂ ਵਲੋਂ ਧਰਮ-ਅਸਥਾਨਾਂ ਦੀ ਕੀਤੀ ਬੇਹੁਰਮਤੀ ਅਤੇ ਲੁੱਟ ਮਾਰ ਦਾ ਸਭ ਨੂੰ ਪਤਾ ਹੈ ਪਰ ਇਤਿਹਾਸ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਅਮਨ ਦੇ ਸਮੇਂ ਵਿਚ ਕਿਸੇ ਘੱਟ-ਗਿਣਤੀ ਦੇ ਧਰਮ ਅਸਥਾਨ ਦੀ ਤਬਾਹੀ ਆਪਣੀ ਹੀ ਸਰਕਾਰ ਨੇ ਏਨੇ ਭਿਆਨਕ ਸਾਕੇ ਦੁਆਰਾ ਕੀਤੀ ਹੋਵੇ। ਬਲੂ-ਸਟਾਰ ਸਾਕਾ, ਭਾਰਤ ਦੇ, ਸਗੋਂ ਸੰਸਾਰ ਦੇ ਇਤਿਹਾਸ ਦਾ ਪਹਿਲਾ ਸਾਕਾ ਸੀ ਜਦੋਂ ਫ਼ੌਜਾਂ ਨੂੰ ਇਕ ਕੌਮ ਦੇ ਸਭ ਤੋਂ ਪਵਿੱਤਰ ਧਰਮ ਅਸਥਾਨ ਉਤੇ ਹਮਲਾ ਕਰਨ ਲਈ ਕਿਹਾ ਗਿਆ ਹੋਵੇ ਜਿਸ ਵਿਚ ਆਪਣੇ ਹੀ ਬੰਦਿਆਂ ਮਰਦਾਂ, ਔਰਤਾਂ ਤੇ ਬੱਚਿਆਂ-ਦਾ ਵੱਡੇ ਪੱਧਰ ਤੇ ਕਤਲੇਆਮ ਹੋਇਆ ਹੋਵੇ।
ਦਰਬਾਰ ਸਾਹਿਬ ਉਤੇ ਫ਼ੌਜ ਵਲੋਂ ਹਮਲਾ ਸ਼ੁਰੂ ਕਰਦੇ ਸਾਰ ਹੀ, ਸਾਰੇ ਪੰਜਾਬ ਨੂੰ ਇਕ ਤਰ੍ਹਾਂ ਬਾਕੀ ਦੇ ਸੰਸਾਰ ਨਾਲੋਂ ਕੱਟ ਦਿੱਤਾ ਗਿਆ। ਸਾਰੀਆਂ ਡਾਕ ਤੇ ਸੰਚਾਰ ਸੇਵਾਵਾਂ ਕੱਟ ਦਿੱਤੀਆਂ ਗਈਆਂ। 36 ਘੰਟੇ ਦਾ ਬੜਾ ਸਖਤ ਕਿਸਮ ਦਾ ਕਰਫੀਊ ਲਾ ਦਿੱਤਾ ਗਿਆ ਜੋ ਮਗਰੋਂ 30 ਘੰਟੇ ਲਈ ਹੋਰ ਵਧਾ ਦਿੱਤਾ ਗਿਆ। ਇਹ ਪਿੰਡਾਂ ਸਮੇਤ, ਪੰਜਾਬ ਦੇ ਇਕ ਕੋਨੇ ਤੋਂ ਦੂਜੇ ਕੋਨੇ ਤਕ ਲਾਗੂ ਸੀ। ਇਥੋਂ ਤੱਕ ਕਿ ਕੋਈ ਵਿਅਕਤੀ ਆਮ ਮਾਰਗ ਤੇ ਚਲ ਨਹੀਂ ਸੀ ਸਕਦਾ ਤੇ ਗਲੀ ਵੀ ਪਾਰ ਨਹੀਂ ਸੀ ਕਰ ਸਕਦਾ। ਕੋਈ ਕਰਫੀਊ ਪਾਸ ਜਾਰੀ ਨਹੀਂ ਸਨ ਕੀਤੇ ਗਏ ਅਤੇ ਮਸ਼ੀਨ ਗੰਨਾਂ ਬੀੜੀ ਫ਼ੌਜੀ ਟਰੱਕ, ਅਤੇ ਕਈ ਵਾਰੀ, ਟਰੱਕਾਂ ਉਤੇ ਟੈਂਕ ਰੱਖ ਕੇ ਸੜਕਾਂ ਉਤੇ ਗਸ਼ਤ ਕੀਤੀ ਜਾਂਦੀ ਸੀ-ਇਹ ਪ੍ਰਭਾਵ ਦੇਣ ਲਈ ਕਿ ਫ਼ੌਜ ਦਾ ਮੁਕੰਮਲ ਕਬਜ਼ਾ ਰਾਜ ਉਤੇ ਹੈ। ਦਰਬਾਰ ਸਾਹਿਬ ਦੇ ਆਲੇ ਦੁਆਲੇ ਰਹਿੰਦੇ ਲੋਕਾਂ ਨੂੰ ਕਰਫੀਊ ਵਾਲੇ ਦਿਨ ਆਪਣੇ ਘਰ ਅਤੇ ਦੁਕਾਨਾਂ ਖਾਲੀ ਕਰਨ ਲਈ ਕੇਵਲ ਪੰਜ ਮਿੰਟ ਦਾ ਸਮਾਂ ਦਿੱਤਾ ਗਿਆ ਸੀ। ਜਦ ਕੁੱਝ ਲੋਕਾਂ ਨੂੰ ਏਨੇ ਥੋੜੇ ਸਮੇਂ ਵਿਚ ਅਜਿਹਾ ਕਰਨਾ ਅਸੰਭਵ ਲੱਗਾ ਤਾਂ ਉਨ੍ਹਾਂ ‘ਚੋਂ ਕਈ ਲੋਕ ਡਰਦੇ ਮਾਰੇ ਘਰਾਂ ਦੀਆਂ ਛੱਤਾਂ ਤੋਂ ਛਾਲਾਂ ਮਾਰ ਕੇ ਭੱਜਣ ਦਾ ਯਤਨ ਕਰਦੇ ਮਾਰੇ ਗਏ। ਕਈ ਬਜ਼ੁਰਗ, ਔਰਤਾਂ ਤੇ ਬੱਚੇ ਜੋ ਭੱਜ ਨਾ ਸਕੇ, ਉਨ੍ਹਾਂ ਨੂੰ ਜੀਵਨ ਅਤੇ ਮੌਤ ਦੇ ਘੋਲ ‘ਚੋਂ ਲੰਘਣਾ ਪਿਆ, ਕਿਉਂਕਿ ਉਨ੍ਹਾਂ ਦੇ ਬਿਜਲੀ ਪਾਣੀ ਬੰਦ ਕਰ ਦਿੱਤੇ ਗਏ ਸਨ। ਸਾਰੇ ਗੈਰ-ਫ਼ੌਜੀ ਵਾਹਨਾਂ ਨੂੰ ਸੜਕ ਤੇ ਚਲਣੋਂ ਰੋਕ ਦਿੱਤਾ ਗਿਆ ਸੀ। ਜਿਵੇਂ ਕਿ ਮੌਕੇ ਦੇ ਇਕ ਗਵਾਹ ਨੇ ਦਸਿਆ, ”ਕੁੱਤਿਆਂ ਨੂੰ ਵੀ ਭੌਂਕਣ ਦੀ ਆਗਿਆ ਨਹੀਂ ਸੀ।”
ਖ਼ਬਰਾਂ ਉਤੇ ਦੋ ਮਹੀਨੇ ਲਈ ਸੈਂਸਰਸ਼ਿਪ ਬਿਠਾ ਦਿੱਤੀ ਗਈ ਸੀ। ਸਾਰੇ ਵਿਦੇਸ਼ੀ ਪੱਤਰਕਾਰਾਂ ਨੂੰ ਫੜ ਕੇ ਫ਼ੌਜ ਨੇ ਰਾਜ ਤੋਂ ਬਾਹਰ ਕੱਢ ਦਿੱਤਾ। ਇਥੋਂ ਤੱਕ ਕਿ ਰਾਜ ਦੇ ਸਾਰੇ ਪ੍ਰਮੁੱਖ ਅਖਬਾਰਾਂ ਨੂੰ ਤਿੰਨ ਦਿਨ ਤਕ ਲਈ ਛਪਾਈ ਬੰਦ ਕਰਨੀ ਪਈ। ਜੰਗ ਸਮੇਂ ਦਾ ਪੂਰਾ ਮਾਹੌਲ ਬਣਾ ਦਿੱਤਾ ਗਿਆ। ਜੀਵਨ ਪ੍ਰਵਾਹ ਰੁਕ ਜਿਹਾ ਗਿਆ। ਦਰਬਾਰ ਸਾਹਿਬ ਸਮੂਹ ਦੇ ਸਾਰੇ ਟੈਲੀਫੋਨ 2 ਜੂਨ ਨੂੰ ਕੱਟ ਦਿੱਤੇ ਗਏ ਸਨ ਅਤੇ ਪਾਣੀ, ਬਿਜਲੀ 3 ਜੂਨ ਨੂੰ ਕੱਟ ਦਿੱਤੇ ਗਏ।
1 ਜੂਨ ਨੂੰ ਸ਼ੁਰੂ ਹੋਈ ਗੋਲੀਬਾਰੀ ਅਗਲੇ ਦੋ ਦਿਨ ਰੁਕ ਰੁਕ ਕੇ ਚਲਦੀ ਰਹੀ ਤਾਂ ਕਿ ਜਵਾਬੀ ਗੋਲੀਬਾਰੀ ਰਾਹੀਂ ਪਤਾ ਲਾਇਆ ਜਾ ਸਕੇ ਕਿ ਕਿਹੜੀ ਕਿਹੜੀ ਥਾਂ ਤੋਂ ਮੁਕਾਬਲਾ ਕੀਤਾ ਜਾ ਰਿਹਾ ਹੈ। ਪਰ ਜਿਵੇਂ ਕਿ ਪਹਿਲਾਂ ਲਿਿਖਆ ਜਾ ਚੁੱਕਾ ਹੈ, ਕੋਈ ਜਵਾਬੀ ਗੋਲੀਬਾਰੀ ਨਹੀਂ ਹੋਈ।
ਦਰਬਾਰ ਸਾਹਿਬ ਸਮੂਹ ਨੂੰ ਜਦੋਂ ਫ਼ੌਜ ਨੇ ਘੇਰੇ ਵਿਚ ਲੈ ਲਿਆ ਤਾਂ ਇਕ ਪੱਤਰਕਾਰ ਸੁਭਾਸ਼ ਕਿਰਪੇਕਰ ਜੋ 3 ਜੂਨ ਨੂੰ ਸੰਤ ਭਿੰਡਰਾਂਵਾਲਿਆਂ ਨੂੰ ਮਿਿਲਆ, ਉਸ ਨੇ ਪੁਛਿਆ ਕਿ ਕੀ ਉਹ ਮੌਤ ਤੋਂ ਡਰਦੇ ਹਨ। ਸੰਤ ਭਿੰਡਰਾਂਵਾਲਿਆਂ ਨੇ ਉੱਤਰ ਦਿੱਤਾ, ”ਮੌਤ ਤੋਂ ਡਰਨ ਵਾਲਾ ਸਿੱਖ ਨਹੀਂ ਹੋ ਸਕਦਾ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਉਨ੍ਹਾਂ ਕਤਲਾਂ ਲਈ ਜ਼ਿੰਮੇਵਾਰ ਨਹੀਂ ਸਨ ਜਿਨ੍ਹਾਂ ਕਾਰਨ ਫ਼ੌਜ ਦਰਬਾਰ ਸਾਹਿਬ ਦੇ ਬੂਹੇ ਆ ਖੜੀ ਹੋਈ ਸੀ। ਜਦੋਂ ਕਿਰਪੇਕਰ ਨੇ ਪੁਛਿਆ ਕਿ ਹਿੰਸਾ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ”ਉਨ੍ਹਾਂ ਨੂੰ ਪੁੱਛੋ ਜਿਨ੍ਹਾਂ ਉਤੇ ਇਸ ਦੀ ਜ਼ਿੰਮੇਵਾਰੀ ਆਉਂਦੀ ਹੈ।” ਉਸ ਨੇ ਫਿਰ ਪੁਛਿਆ, ”ਤੁਸੀਂ ਕੀ ਸਮਝਦੇ ਹੋ ਕਿ ਸਿੱਖ ਇਸ ਦੇਸ਼ ਵਿਚ ਨਹੀਂ ਰਹਿ ਸਕਦੇ?” ਸੰਤ ਜੀ ਨੇ ਉੱਤਰ ਦਿੱਤਾ, ”ਹਾਂ ਉਹ ਨਾ ਭਾਰਤ ਅੰਦਰ ਰਹਿ ਸਕਦੇ ਹਨ, ਨਾ ਭਾਰਤ ਦੇ ਨਾਲ। ਜੇ ਬਰਾਬਰ ਦੇ ਸਮਝ ਕੇ ਚਲਣ ਤਾਂ ਸੰਭਵ ਹੋ ਸਕਦਾ ਹੈ। ਪਰ ਸੱਚੀ ਗੱਲ ਆਖਾਂ ਤਾਂ ਅਜਿਹਾ ਹੋਣਾ ਸੰਭਵ ਲੱਗਦਾ ਨਹੀਂ।” ਸੰਤ ਭਿੰਡਰਾਂਵਾਲਿਆਂ ਵਲੋਂ ਕਿਸੇ ਪੱਤਰਕਾਰ ਨੂੰ ਦਿੱਤੀ ਇਹ ਅੰਤਮ ਭੇਂਟ ਵਾਰਤਾ ਸੀ।
ਮੌਕੇ ਦੇ ਗਵਾਹਾਂ ਨੇ ਭੇਤ ਖੋਲ੍ਹਿਆ ਹੈ ਕਿ ਸੰਤ ਭਿੰਡਰਾਂਵਾਲਿਆਂ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਜਦ ਤਕ ਫ਼ੌਜਾਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਨਹੀਂ ਹੁੰਦੀਆਂ, ਇਕ ਵੀ ਗੋਲੀ ਨਾ ਚਲਾਈ ਜਾਏ। ਉਨ੍ਹਾਂ ਦੇ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਮੋਰਚੇ ਕਾਇਮ ਕਰ ਲਏ ਹੋਏ ਸਨ-ਕੇਵਲ ਬਚਾਅ ਵਜੋਂ ਹਮਲੇ ਲਈ ਨਹੀਂ। ਜਿਵੇਂ ਕਿ ਮੌਕੇ ਦੇ ਗਵਾਹਾਂ ਨੇ ਦਸਿਆ ਹੈ, ਸੰਤ ਭਿੰਡਰਾਂਵਾਲਿਆਂ ਦੇ ਆਦਮੀਆਂ ਨੇ ਗੋਲੀ ਕੇਵਲ ਉਦੋਂ ਚਲਾਈ ਜਦੋਂ ਫ਼ੌਜ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਗਈ। ਉਨ੍ਹਾਂ ਦੇ ਬੇਮਿਸਾਲ ਜਜ਼ਬੇ ਦੇ ਬਾਵਜੂਦ ਉਹ ਗਿਣਤੀ ਪੱਖੋਂ ਜਾਂ ਅਸਲੇ ਬਾਰੂਦ ਪੱਖੋਂ ਫ਼ੌਜ ਦਾ ਕਿਸੇ ਤਰ੍ਹਾਂ ਵੀ ਮੁਕਾਬਲਾ ਨਹੀਂ ਸਨ ਕਰ ਸਕਦੇ।
ਫ਼ੌਜ ਜਦੋਂ ਦਰਬਾਰ ਸਾਹਿਬ ਅੰਦਰ ਦਾਖਲ ਹੋਈ ਤਾਂ ਮੇਜਰ ਜਨਰਲ ਸ਼ਬੇਗ ਸਿੰਘ ਦੀ ਕਮਾਨ ਨੇ ਮੁਕਾਬਲਾ ਕੀਤਾ ਅਤੇ ਬੜੀ ਸਖਤ ਲੜਾਈ ਸ਼ੁਰੂ ਹੋ ਗਈ। ਫ਼ੌਜਾਂ, ਜੋ ਕਿ ਪਹਿਲੀ ਜੂਨ ਤੋਂ ਰੁਕ ਰੁਕ ਕੇ ਗੋਲੀਬਾਰੀ ਕਰ ਰਹੀਆਂ ਸਨ ਨੇ 4 ਜੂਨ ਤੋਂ ਗੋਲੀਬਾਰੀ ਬੜੀ ਤੇਜ਼ ਕਰ ਦਿੱਤੀ ਤੇ ਇਹ ਬਿਨਾਂ ਰੁਕੇ ਚਲਦੀ ਰਹੀ। ਲਾਈਟ ਮਸ਼ੀਨ ਗੰਨਾਂ ਤੇ ਮੀਡੀਅਮ ਮਸ਼ੀਨ ਗੰਨਾਂ ਦੀ ਵਰਤੋਂ ਦੇ ਨਾਲ ਨਾਲ ਫ਼ੌਜੀ ਜਵਾਨਾਂ ਨੇ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਅੰਦਰ ਕਈ ਥਾਵਾਂ ਤੇ ਹੱਥਗੋਲੇ ਅਤੇ ਜ਼ਹਿਰੀਲੀ ਗੈਸ ਦੇ ਗੋਲੇ ਵੀ ਦਾਗੇ। ਫ਼ੌਜੀ ਜਰਨੈਲਾਂ ਦਾ ਅਨੁਮਾਨ ਸੀ ਕਿ ਸਾਰੀ ਕਾਰਵਾਈ ਕੁੱਝ ਘੰਟਿਆਂ ਤੋਂ ਵੱਧ ਨਹੀਂ ਚਲੇਗੀ ਪਰ ਸਿੱਖ ਨੌਜਵਾਨਾਂ ਵਲੋਂ ਦ੍ਰਿੜਤਾ ਨਾਲ ਕੀਤੇ ਗਏ ਮੁਕਾਬਲੇ ਸਦਕਾ, ਲੜਾਈ ਲਗਭਗ ਚਾਰ ਦਿਨ ਤਕ ਚਲਦੀ ਰਹੀ। ‘ਸੰਡੇ ਟਾਈਮਜ਼’ ਲੰਡਨ ਦੀ ਪੱਤਰਕਾਰ ਮੇਰੀ ਐਨੇ ਵੀਵਰ ਨੇ ਲਿਿਖਆ, ”ਫ਼ੌਜ ਨੂੰ ਯਕੀਨ ਸੀ ਕਿ ਉਹ ਦਰਬਾਰ ਸਾਹਿਬ ‘ਚੋਂ ਸਿੱਖ ਖਾੜਕੂਆਂ ਨੂੰ ਕੁਝ ਘੰਟਿਆਂ ਅੰਦਰ ਬਾਹਰ ਕੱਢ ਮਾਰੇਗੀ। ਪਰ ਇਸ ਨੂੰ ਚਾਰ ਦਿਨ ਲੱਗ ਗਏ। ਮੁਕਾਬਲਾ ਏਨਾ ਸਖਤ ਹੋਇਆ ਜਿੰਨਾ ਕਿ ਤੇਜ਼ ਮਿਜ਼ਾਜ ਸੰਤ ਭਿੰਡਰਾਂਵਾਲਿਆਂ ਨੇ ਪਹਿਲਾਂ ਕਹਿ ਦਿੱਤਾ ਸੀ-”ਜੇ ਫ਼ੌਜ ਅੰਦਰ ਆਈ ਤਾਂ ਅਸੀਂ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਇੰਦਰਾ ਦੀ ਗੱਦੀ ਹਿਲ ਜਾਵੇਗੀ…।” ਉਹ ਆਖਰੀ ਬੰਦੇ ਅਤੇ ਆਖਰੀ ਗੋਲੀ ਤਕ ਲੜਨ ਲਈ ਦ੍ਰਿੜ-ਸੰਕਲਪ ਸਨ। ਪਹਿਲੇ ਦੋ ਦਿਨਾਂ ਵਿਚ ਫ਼ੌਜ ਨੇ ਹਮਲੇ ਦੌਰਾਨ ਮਸ਼ੀਨ ਗੰਨਾਂ, ਮਾਰਟਰ ਅਤੇ ਰਾਕਟ ਵਰਤੋਂ ਵਿਚ ਲਿਆਂਦੇ ਪਰ ਸਖ਼ਤ ਨੁਕਸਾਨ ਉਠਾਉਣ ਮਗਰੋਂ ਵੀ ਕੋਈ ਸਫਲਤਾ ਪ੍ਰਾਪਤ ਨਾ ਕਰ ਸਕੀ। ਸੁਭਾਸ਼ ਕਿਰਪੇਕਰ ਜੋ ਆਪਣੇ ਹੋਟਲ ਦੇ ਕਮਰੇ ‘ਚ ਸਭ ਕੁੱਝ ਵੇਖ ਰਿਹਾ ਸੀ, ਉਸ ਨੇ ਲਿਿਖਆ, ”ਪਹਿਲੀ ਵਾਰੀ ਮੈਂ ਦੇਖ ਰਿਹਾ ਹਾਂ ਕਿ ਮੇਰੇ ਦੋਸਤ ਹੈਰਾਨ ਹੋ ਰਹੇ ਹਨ ਕਿ ਫ਼ੌਜ ਨੇ ਕੰਮ ਖਤਮ ਕਰਨ ਲਈ ਏਨਾ ਸਮਾਂ ਕਿਉਂ ਲਿਆ ਹੈ ਇਕ ਇਕੱਲੇ ਸੰਤ ਨੇ ਤਿੰਨ ਦਿਨਾਂ ਤੋਂ ਉਨ੍ਹਾਂ ਨੂੰ ਨੇੜੇ ਆਉਣੋਂ ਰੋਕਿਆ ਹੋਇਆ ਹੈ। ਦਰਬਾਰ ਸਾਹਿਬ ਦੇ ਚੌਗਿਰਦੇ ਦੀਆਂ ਕਈ ਮਾਰਕੀਟਾਂ ਅੱਗ ਦੀ ਲਪੇਟ ਵਿਚ ਆ ਚੁਕੀਆਂ ਹਨ। ਮੈਨੂੰ ਉਚੀਆਂ ਲਾਟਾਂ ਅਸਮਾਨ ਵਲ ਸ਼ੈਤਾਨੀ ਨਾਚ ਨਚਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜੇ ਅੱਗ ਫੈਲਦੀ ਗਈ ਤਾਂ ਮੈਨੂੰ ਡਰ ਹੈ ਕਿ ਸਾਰੇ ਸ਼ਹਿਰ ਨੂੰ ਕਲਾਵੇ ਵਿਚ ਲੈ ਲਵੇਗੀ।”
ਕਾਹਲੀ ਨਾਲ ਸਲਾਹ ਮਸ਼ਵਰੇ ਹੋਣ ਲੱਗੇ ਅਤੇ ਪ੍ਰਤੱਖ ਹੈ ਕਿ ਅਜਿਹੇ ਹੁਕਮ ਉਪਰੋਂ ਪ੍ਰਾਪਤ ਕਰ ਲਏ ਗਏ ਕਿ ਆਰਟਿਲਰੀ ਤੇ ਟੈਂਕਾਂ ਦੀ ਵਰਤੋਂ ਕਰ ਲਈ ਜਾਵੇ। ਆਪਣੀ ਕਿਸਮ ਦੀ ਇਹ ਪਹਿਲੀ ਕਾਰਵਾਈ ਸੀ ਜਿਸ ਵਿਚ ਫ਼ੌਜ ਦੀਆਂ ਸੱਤ ਡਵੀਜ਼ਨਾਂ ਤੈਨਾਤ ਕੀਤੀਆਂ ਗਈਆਂ ਸਨ ਅਤੇ ਫ਼ੌਜ ਦੇ ਤਿੰਨੇ ਭਾਗ-ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਨੂੰ ਇਕ ਘਰੇਲੂ ਸਮੱਸਿਆ ਦੇ ਹੱਲ ਲਈ ਝੋਕ ਦਿੱਤਾ ਗਿਆ ਸੀ। ਯੋਜਨਾ ਬਨਾਉਣ ਵਾਲੇ ਸ਼ਾਇਦ ਇਹ ਸੋਚਦੇ ਸਨ ਕਿ ਗੋਲੀ ਸਿੱਕੇ ਦਾ ਜ਼ਬਰਦਸਤ ਵਿਖਾਵਾ ਅਤੇ ਫ਼ੌਜ ਦੇ ਤਿੰਨਾਂ ਭਾਗਾਂ ਦੀ ਗਰਜ ਸੰਤ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਡਰਾ ਦੇਵੇਗੀ ਤੇ ਉਹ ਗੋਡੇ ਟੇਕ ਦੇਣਗੇ। ਪਰ ਉਹ ਭੁਲੇਖੇ ਵਿਚ ਸਨ, ਕਿਉਂਕਿ ਗੋਲੀਆਂ ਦੀ ਤੜ ਤੜ ਅਤੇ ਮਸ਼ੀਨਾਂ ਦੀ ਗੜ ਗੜ ਦਰਬਾਰ ਸਾਹਿਬ ਦੀ ਰਾਖੀ ਕਰਨ ਵਾਲਿਆਂ ਨੂੰ ਡੁਲਾ ਨਾ ਸਕੀ। ਇਕ ਬਰਤਾਨਵੀਂ ਪੱਤਰਕਾਰ ਮੇਰੀ ਐਨੇ ਵੀਵਰ ਨੇ ‘ਸੰਡੇ ਟਾਈਮਜ਼’ ਨੂੰ ਭੇਜੀ ਆਪਣੀ ਰੀਪੋਰਟ (7 ਜੂਨ, 1984) ਵਿਚ ਲਿਿਖਆ,” ਆਜ਼ਾਦੀ ਮਗਰੋਂ ਇਸ ਤੋਂ ਪਹਿਲਾਂ ਕਦੀ ਵੀ ਏਨੀ ਗਿਣਤੀ ਵਿਚ ਫ਼ੌਜ ਦੀ ਵਰਤੋਂ ਨਹੀਂ ਸੀ ਕੀਤੀ ਗਈ। ਲਗਭਗ 15000 ਜਵਾਨ ਸਿੱਧੇ ਹਮਲੇ ਵਿਚ ਸ਼ਾਮਲ ਹੋਏ ਤੇ 35000 ਅੰਦਰੂਨੀ ਬਗਾਵਤ ਨੂੰ ਕੁਚਲਣ ਲਈ ਤਿਆਰ ਖੜੇ ਸਨ। ਅੰਗਰੇਜ਼ੀ ਰਾਜ ਦੇ ਬੜੇ ਸਖਤੀ ਵਾਲੇ ਦਿਨਾਂ ਵਿਚ ਵੀ ਏਨੇ ਮਹੱਤਵਪੂਰਨ ਧਰਮ-ਅਸਥਾਨ ਤੇ ਹਮਲਾ ਕਰਨ ਲਈ ਫ਼ੌਜ ਦੀ ਵਰਤੋਂ ਨਹੀਂ ਸੀ ਕੀਤੀ ਗਈ।”
ਸੰਤ ਭਿੰਡਰਾਂਵਾਲਿਆਂ ਦੇ ਸਾਥੀਆਂ ਨੇ ਭਾਰਤੀ ਫ਼ੌਜ ਦਾ ਦੋ ਦਿਨ ਡੱਟ ਕੇ ਮੁਕਾਬਲਾ ਕੀਤਾ ਪਰ ਉਨ੍ਹਾਂ ਕੋਲ ਜੋ ਸੀਮਿਤ ਜਹੇ ਹਥਿਆਰ ਸਨ, ਉਨ੍ਹਾਂ ਨਾਲ ਟੈਂਕਾਂ ਦੇ ਹਮਲੇ ਦਾ ਮੁਕਾਬਲਾ ਕਰਨਾ ਸੰਭਵ ਨਹੀਂ ਸੀ। ਜਿਵੇਂ ਕਈ ਮੌਕੇ ਦੇ ਗਵਾਹਾਂ ਨੇ ਦਸਿਆ, ਦਰਬਾਰ ਸਾਹਿਬ ਦੀ ਫ਼ੌਜ ਤੋਂ ਰਾਖੀ ਕਰਨ ਵਾਲਿਆਂ ਦੀ ਗਿਣਤੀ 50 ਤੋਂ ਲੈ ਕੇ 100 ਤੱਕ ਸੀ। ਹਮਲੇ ਦੌਰਾਨ 13 ਟੈਂਕਾਂ ਦੀ ਵਰਤੋਂ ਕੀਤੀ ਗਈ। ਇਨ੍ਹਾਂ ‘ਚੋਂ ਸੱਤ ਟੈਂਕ ਅਕਾਲ ਤਖ਼ਤ ਸਾਹਿਬ ਉਤੇ ਹਮਲਾ ਕਰਨ ਲਈ ਵਰਤੇ ਗਏ। ਉਨ੍ਹਾਂ ‘ਚੋਂ ਇਕ ਨੂੰ 16 ਸਾਲ ਦੇ ਇਕ ਭੁਝੰਗੀ ਨੇ, ਆਪਣੇ ਜਿਸਮ ਦੁਆਲੇ ਬਾਰੂਦ ਬੰਨ੍ਹ ਕੇ ਅਤੇ ਚਲਦੇ ਟੈਂਕ ਵਿਚ ਛਾਲ ਮਾਰ ਕੇ, ਤਬਾਹ ਕਰ ਦਿੱਤਾ। ਪੁੱਜੇ ਨੁਕਸਾਨ ਸਦਕਾ, ਟੈਂਕ ਬਾਬਾ ਦੀਪ ਸਿੰਘ ਦੀ ਸਮਾਧੀ ਸਾਹਮਣੇ ਪਰਕਰਮਾ ਵਿਚ ਜਾਮ ਹੋ ਕੇ ਰਹਿ ਗਿਆ। ਮਗਰੋਂ ਫ਼ੌਜ ਨੇ ਬੜੀ ਮੁਸ਼ਕਲ ਨਾਲ ਉਥੋਂ ਹਟਾਇਆ। ਬ੍ਰਹਮ ਚੇਲਾਨੀ ਨੇ ਲਿਿਖਆ, ”6 ਜੂਨ ਨੂੰ ਰਾਤ ਨੌਂ ਵਜੇ ਦੇ ਕਰੀਬ, 7 ਲੱਖ ਦੀ ਵਸੋਂ ਵਾਲਾ ਸਾਰਾ ਸ਼ਹਿਰ ਬਿਜਲੀ ਬੰਦ ਹੋਣ ਨਾਲ ਹਨੇਰੇ ਵਿਚ ਡੁੱਬ ਗਿਆ। ਅੱਧੇ ਘੰਟੇ ਮਗਰੋਂ, ਅੰਮ੍ਰਿਤਸਰ ਸ਼ਹਿਰ ਜ਼ੋਰਦਾਰ ਧਮਾਕਿਆਂ, ਮਾਰਟਰ ਫਟਣ ਅਤੇ ਮਸ਼ੀਨ-ਗੰਨ ਦੀ ਉਗਲਦੀ ਅੱਗ ਨਾਲ ਕੰਬ ਉਠਿਆ। ਵੱਡੀ ਜੰਗ ਸ਼ੁਰੂ ਹੋ ਗਈ ਸੀ। ਅੱਧਾ ਸ਼ਹਿਰ ਕੋਠਿਆਂ ਤੇ ਚੜ੍ਹ ਕੇ ਜੰਗ ਵੇਖਣ ਲੱਗਾ। ਰੋਸ਼ਨੀ ਕਰਨ ਵਾਲੇ ਗੋਲਿਆਂ ਨਾਲ ਅਸਮਾਨ ਚਮਕ ਉਠਦਾ। ਦਰਬਾਰ ਸਾਹਿਬ ਅੰਦਰ ਹੋਣ ਵਾਲੇ ਧਮਾਕਿਆਂ ਨਾਲ ਖਿੜਕੀਆਂ ਦਰਵਾਜ਼ੇ ਮੀਲਾਂ ਤੱਕ ਹਿਲ ਜਾਂਦੇ। ਜਦੋਂ ਭਿਆਨਕ ਲੜਾਈ ਜਾਰੀ ਸੀ ਤਾਂ ਸਰਕਾਰੀ ਕਬਜ਼ੇ ਹੇਠਲੇ ਰੇਡੀਓ ਤੋਂ ਐਲਾਨ ਕੀਤਾ ਜਾ ਰਿਹਾ ਸੀ ਕਿ ਸ਼ਹਿਰ ਵਿਚ ਮੁਕੰਮਲ ‘ਸ਼ਾਂਤੀ’ ਸੀ। ਰਾਤ ਸਾਢੇ ਦੱਸ ਵਜੇ ਤੋਂ ਅੱਧੀ ਰਾਤ ਤਕ, ਅਸੀਂ ਸ਼ਹਿਰ ਦੇ ਚੁਫੇਰਿਉਂ ਨਾਹਰਿਆਂ ਦੀਆਂ ਆਵਾਜ਼ਾਂ ਸੁਣੀਆਂ। ਕਈ ਪਾਸਿਆਂ ਤੋਂ ਪਿੰਡਾਂ ਦੇ ਵਸਨੀਕ ਦਰਬਾਰ ਸਾਹਿਬ ਵਲ ਵਧਣ ਦਾ ਯਤਨ ਕਰ ਰਹੇ ਸਨ। ਨਾਹਰੇ ਲੱਗ ਰਹੇ ਸਨ, ‘ਪੰਥ ਕੀ ਜੀਤ’ ਅਤੇ ‘ਸਾਡਾ ਨੇਤਾ-ਭਿੰਡਰਾਂਵਾਲਾ’। ਹਰ ਵਾਰ ਜਦੋਂ ਨਾਹਰੇ ਲਗਦੇ ਤਾਂ ਤੁਰੰਤ ਮਗਰੋਂ ਤੇਜ਼ੀ ਨਾਲ ਮਸ਼ੀਨਗੰਨ ਦੀ ਗੋਲੀਬਾਰੀ ਦੀ ਆਵਾਜ਼ ਆਉਂਦੀ ਤੇ ਫਿਰ ਚੀਕਾਂ ਸੁਣਾਈ ਦੇਂਦੀਆਂ।”
ਗੈਸ ਦੇ ਬੰਬ ਅਤੇ ਸਟੱਨ ਬੰਬ (ਵਿਰੋਧੀ ਨੂੰ ਹੈਰਾਨ ਪ੍ਰੇਸ਼ਾਨ ਕਰਨ ਲਈ) ਫਰਸਟ ਪੈਰਾ ਕਮਾਂਡੋਜ਼ ਅਤੇ ਟੈੱਨ ਗਾਰਡਜ਼ ਦੀ ਸਹਾਇਤਾ ਲਈ ਅਕਾਲ ਤਖ਼ਤ ਉਤੇ ਉਸ ਸਮੇਂ ਦਾਗੇ ਗਏ ਜਦੋਂ ਇਹ ਅਕਾਲ ਤਖ਼ਤ ਉਤੇ ਹਮਲਾ ਕਰਨ ਲਈ ਅੱਗੇ ਵਧੇ। ਪਰ ਤੇਜ਼ ਹਵਾ ਅਤੇ ਕਮਰਿਆਂ ਦੀ ਸਖਤ ਮੋਰਚਾਬੰਦੀ ਕਾਰਨ ਗੋਲੇ ਆਪਣਾ ਅਸਰ ਨਾ ਵਿਖਾ ਸਕੇ। ਕਮਾਂਡੋ ਹੋਰ ਜ਼ਿਆਦਾ, ਹੋਰ ਜ਼ਿਆਦਾ ਸਹਾਇਤਾ ਦੀ ਮੰਗ ਕਰਦੇ ਰਹੇ ਜੋ ਉਨ੍ਹਾਂ ਨੂੰ ਪਹੁੰਚਾਈ ਜਾਂਦੀ ਰਹੀ। ਇਸ ਸਭ ਕਾਸੇ ਦੇ ਬਾਵਜੂਦ, ਕਮਾਂਡੋਆਂ ਦਾ ਭਾਰੀ ਨੁਕਸਾਨ ਹੋਇਆ। ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲੇ ਦੀ ਖਬਰ ਪੰਜਾਬ ਵਿਚ ਪੁੱਜੀ ਤਾਂ ਬੜਾ ਖਿਚਾਅ ਪੈਦਾ ਹੋ ਗਿਆ ਅਤੇ ਪੇਂਡੂ ਖੇਤਰਾਂ ਵਿਚ ਲੋਕ ਉਠ ਖੜੇ ਹੋਏ। ਫ਼ੌਜੀ ਹੈਲੀਕਾਪਟਰਾਂ ਨੇ ਕਈ ਥਾਵਾਂ ਤੇ ਲੋਕਾਂ ਨੂੰ ਇਕੱਤਰ ਹੋ ਕੇ ਦਰਬਾਰ ਸਾਹਿਬ ਵਲ ਕੂਚ ਕਰਦਿਆਂ ਵੇਖ ਲਿਆ। ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੀ ਦੂਰੀ ਤੇ, ਇਕ ਪਿੰਡ ਗੋਹਲਵਾੜ ਵਿਚ ਲਗਭਗ 30,000 ਸਿੱਖ ਇਕੱਠੇ ਹੋ ਗਏ ਤਾਂ ਕਿ ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਅੰਮ੍ਰਿਤਸਰ ਵਲ ਚਾਲੇ ਪਾਏ ਜਾਣ। ਅੰਮ੍ਰਿਤਸਰ ਜ਼ਿਲ੍ਹੇ ਵਿਚ ਹੀ ਰਾਜਾਸਾਂਸੀ ਤੇ ਹੇਅਰ-ਪਿੰਡਾਂ ਵਿਚ ਹਜ਼ਾਰਾਂ ਵਿਅਕਤੀ ਇਕੱਤਰ ਹੋ ਕੇ ਅੰਮ੍ਰਿਤਸਰ ਵਲ ਕੂਚ ਕਰਦੇ ਵੇਖੇ ਗਏ।
ਬਟਾਲਾ ਅਤੇ ਗੁਰਦਾਸਪੁਰ ਤੋਂ ਵੀ ਗੁੱਸੇ ਨਾਲ ਭਰੇ ਪੀਤੇ ਸਿੱਖਾਂ ਦੀਆਂ ਵਹੀਰਾਂ ਵਲੋਂ ਅੰਮ੍ਰਿਤਸਰ ਵਲ ਚਾਲੇ ਪਾਉਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ। ਫ਼ੌਜ ਨੇ ਫੈਸਲਾ ਲਿਆ ਕਿ ਤੇਜ਼ੀ ਨਾਲ ਵਧਦੀਆਂ ਜਾ ਰਹੀਆਂ ਬਾਗੀ ਭੀੜਾਂ ਤੇ ਕਾਬੂ ਪਾਉਣ ਦਾ ਇਕੋ ਇਕ ਤਰੀਕਾ ਇਹ ਸੀ ਕਿ ਭੀੜਾਂ ਨੂੰ ਗੋਲੀ ਨਾਲ ਭੁੰਨ ਦਿੱਤਾ ਜਾਏ। ਨਤੀਜੇ ਵਜੋਂ, ਦਰਬਾਰ ਸਾਹਿਬ ਵਲ ਕੂਚ ਕਰ ਰਹੇ ਸ਼ਾਂਤਮਈ ਸਿੱਖਾਂ ਦੀਆਂ ਵਹੀਰਾਂ ਉਤੇ ਅਸਮਾਨ ਤੋਂ ਬੰਬ ਸੁੱਟੇ ਗਏ ਅਤੇ ਮਸ਼ੀਨਗੰਨ ਨਾਲ ਅੰਨ੍ਹੀ ਫਾਇਰਿੰਗ ਕੀਤੀ ਗਈ ਜਿਸ ਨਾਲ ਹਜ਼ਾਰਾਂ ਨਿਹੱਥੇ ਲੋਕ ਮਾਰੇ ਗਏ।
ਕਰਫ਼ੀਊ ਜੋ ਕਿ ਸ਼ੁਰੂ ਵਿਚ 36 ਘੰਟਿਆਂ ਲਈ ਲਾਇਆ ਗਿਆ ਸੀ, ਹੋਰ 30 ਘੰਟਿਆਂ ਲਈ ਵਧਾ ਦਿੱਤਾ ਗਿਆ। 5-6 ਜੂਨ ਦੀ ਰਾਤ ਨੂੰ, ਲੜਾਈ ਹੋਰ ਵੀ ਭਿਆਨਕ ਰੂਪ ਧਾਰ ਗਈ। ਜਨਰਲ ਕੇ ਐਸ ਬਰਾੜ ਅਨੁਸਾਰ, 6 ਜੂਨ ਨੂੰ ਸਵੇਰੇ ਸਾਢੇ ਚਾਰ ਵਜੇ, ਤੀਹ ਫ਼ੌਜੀ ਅਕਾਲ ਤਖ਼ਤ ਅੰਦਰ ਦਾਖਲ ਹੋਣ ਵਿਚ ਸਫਲ ਹੋ ਗਏ। ”ਲੜਾਈ ਹੋਰ ਦੋ ਘੰਟੇ ਚਲੀ ਅਤੇ ਅਤਿਵਾਦੀ ਆਖਰੀ ਬੰਦਾ ਜੀਵਤ ਰਹਿਣ ਤਕ ਲੜਦੇ ਰਹੇ।” ਲਗਾਤਾਰ ਧਮਾਕਿਆਂ ਕਾਰਨ, ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋ ਗਈ ਤੇ ਮਲਬੇ ਦਾ ਰੂਪ ਧਾਰ ਗਈ। ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀ, ਦਰਬਾਰ ਸਾਹਿਬ ਦੀ ਰਾਖੀ ਕਰਦੇ ਹੋਏ ਪ੍ਰਾਣ ਨਿਛਾਵਰ ਕਰ ਗਏ ਅਤੇ ਜਿਵੇਂ ਕਿ ਮਗਰੋਂ ਕੌਮ ਨੇ ਵੀ ਪੁਸ਼ਟੀ ਕੀਤੀ, ਉਹ ਸਿੱਖ ਰਵਾਇਤਾਂ ਅਨੁਸਾਰ ਸ਼ਹੀਦੀ ਪ੍ਰਾਪਤ ਕਰ ਗਏ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪ੍ਰਣ ਉੱਤੇ ਆਪਣੇ ਖੂਨ ਦੀ ਮੋਹਰ ਲਾ ਦਿੱਤੀ। ਸਿੱਖਾਂ ਦੀਆਂ ਬਹਾਦਰੀ ਵਾਲੀਆਂ ਰਵਾਇਤਾਂ ਸ਼ਹੀਦੀ ਪ੍ਰਾਪਤ ਕਰਨ ਨੂੰ ਅਤੇ ਔਖੇ ਹਾਲਾਤ ਵਿਚ ਮੁਕਾਬਲਾ ਕਰਨ ਨੂੰ ਬੜਾ ਉੱਚਾ ਰੁਤਬਾ ਦੇਂਦੀਆਂ ਹਨ। ”ਉਨ੍ਹਾਂ ਬਾਰੇ ਕੋਈ ਕੁੱਝ ਵੀ ਆਖੇ, ਜਿਸ ਤਰ੍ਹਾਂ ਉਹ ਆਖਰੀ ਸਾਹਾਂ ਤੱਕ ਲੜੇ, ਉਸ ਨਾਲ ਸਿੱਖਾਂ ਦੀਆਂ ਨਜ਼ਰਾਂ ਵਿਚ ਨਾ ਕੇਵਲ ਉਹ ਆਪ ਹੀ ਸ਼ਹੀਦ ਦਾ ਰੁਤਬਾ ਪ੍ਰਾਪਤ ਕਰ ਗਏ ਸਗੋਂ ਅਜੋਕੇ ਯੁਗ ਵਿਚ ਸ਼ਹੀਦੀ ਦੇ ਸੰਕਲਪ ਦੀ ਸਾਰਥਕਤਾ ਵੀ ਸਿਧ ਕਰ ਗਏ।”
ਸੰਤ ਭਿੰਡਰਾਂਵਾਲਿਆਂ ਵਲੋਂ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਜਾਨ ਵਾਰ ਦੇਣ ਦੀ ਗੱਲ ਲੋਕ-ਕਥਾ ਬਣ ਗਈ। ਉਨ੍ਹਾਂ ਦੇ ਬਹਾਦਰੀ ਦੇ ਕਾਰਨਾਮਿਆਂ ਨੂੰ ਉਜਾਗਰ ਕਰਨ ਵਾਲੀਆਂ ਵਾਰਾਂ ਤੇ ਕਬਿੱਤਾਂ ਸ਼ਹਿਰਾਂ ਤੇ ਪਿੰਡਾਂ ਵਿਚ ਹਰ ਇਕ ਦੀ ਜ਼ੁਬਾਨ ਤੇ ਚੜ੍ਹ ਗਈਆਂ। ‘ਸਾਕਾ’ ਨਾਂ ਦੀ ਵਾਰ, ਜਿਸ ਨੂੰ ਨਾਭੇ ਦੀਆਂ ਬੀਬੀਆਂ ਨੇ ਗਾਇਆ ਸੀ (ਜਿਨ੍ਹਾਂ ਨੂੰ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ), ਬਹੁਤ ਹੀ ਲੋਕ-ਪ੍ਰਿਯ ਹੋ ਗਈ। ਵਾਰ ਵਿਚ ਫ਼ੌਜ ਵਲੋਂ ਸਿੱਖਾਂ ਉਤੇ ਢਾਹੇ ਗਏ ਕਹਿਰ ਦਾ ਵਰਨਣ ਸੀ ਤੇ ਇਹ ਵੀ ਦਸਿਆ ਸੀ ਕਿ ਇਨ੍ਹਾਂ ਸਿੱਖਾਂ ਨੇ ਹੀ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਸਨ। ਇਸ ਵਿਚ ਉਨ੍ਹਾਂ ਨੂੰ ਹਲੂਣਾ ਦਿੱਤਾ ਗਿਆ ਸੀ ਕਿ ਆਪਣੀ ਪੱਗ ਅਤੇ ਦਾਹੜੀ ਦੀ ਰੱਖਿਆ ਲਈ ਜ਼ੁਲਮ ਦਾ ਡੱਟ ਕੇ ਟਾਕਰਾ ਕਰਨ।
ਸੰਤ ਭਿੰਡਰਾਂਵਾਲਿਆਂ ਦਾ ਅੰਤਮ ਸਸਕਾਰ 7 ਜੂਨ ਦੀ ਸ਼ਾਮ ਨੂੰ ਕੀਤਾ ਗਿਆ। ਦਰਬਾਰ ਸਾਹਿਬ ਦੇ ਨੇੜੇ 10 ਹਜ਼ਾਰ ਲੋਕਾਂ ਦੀ ਭੀੜ ਇਕੱਤਰ ਹੋ ਗਈ ਸੀ ਪਰ ਫ਼ੌਜ ਨੇ ਉਸ ਨੂੰ ਅੱਗੇ ਵਧਣੋਂ ਰੋਕ ਦਿੱਤਾ। ਚਿਤਾ ਨੂੰ ਅੱਗ ਲਗਾਏ ਜਾਣ ਸਮੇਂ, ਮੌਕੇ ਤੇ ਤੈਨਾਤ ਕਈ ਪੁਲਸੀਆਂ ਨੂੰ ਅਥਰੂਆਂ ਨਾਲ ਸੰਤ ਜੀ ਨੂੰ ਅੰਤਮ ਵਿਦਾਇਗੀ ਦੇਂਦਿਆਂ ਵੇਖਿਆ ਗਿਆ। ਦੂਜੇ ਪਾਸੇ ਹਿੰਦੂ ਜੋ ਕਿ ਉਨ੍ਹਾਂ ਨੂੰ ਖਲਨਾਇਕ ਸਮਝਦੇ ਸਨ, ਉਨ੍ਹਾਂ ਨੇ ਸੁੱਖ ਦਾ ਸਾਹ ਲਿਆ ਅਤੇ ਉਹ ਹਸਦੇ ਤੇ ਫ਼ੌਜੀ ਜਵਾਨਾਂ ਨੂੰ ਮਠਿਆਈ ਵੰਡਦੇ ਵੇਖੇ ਗਏ। ਉਨ੍ਹਾਂ ਲਈ ਕਰਫੀਊ ਦਾ ਹੁਕਮ ਢਿੱਲਾ ਕਰ ਦਿੱਤਾ ਗਿਆ ਲਗਦਾ ਸੀ।
ਫ਼ੌਜ ਨੇ ਦਾਅਵਾ ਕੀਤਾ ਕਿ ਉਸ ਨੇ ਬੜੇ ਜ਼ਬਤ ਤੋਂ ਕੰਮ ਲਿਆ ਸੀ। ਪਰ ਅਕਾਲ ਤਖ਼ਤ ਨੂੰ ਪੁੱਜਾ ਨੁਕਸਾਨ ਗਵਾਹੀ ਦੇਂਦਾ ਸੀ ਕਿ ਜ਼ਬਤ ਨੂੰ ਕਿੱਲੀ ਤੇ ਟੰਗ ਦਿੱਤਾ ਗਿਆ ਸੀ। ਟੈਂਕਾਂ ਦੇ ਹਮਲੇ ਦਾ ਇਮਾਰਤਾਂ ਉਤੇ ਭਿਆਨਕ ਅਸਰ ਹੋਇਆ ਸੀ। ਪਵਿੱਤਰ ਤਖ਼ਤ ਦਾ ਸਾਰਾ ਅਗਲਾ ਹਿੱਸਾ ਤਬਾਹ ਹੋ ਗਿਆ ਸੀ ਤੇ ਇਕ ਵੀ ਕੌਲਾ ਨਹੀਂ ਸੀ ਬਚਿਆ। ਸੁਨਹਿਰੀ ਗੁੰਬਦ ਵੀ ਬਾਰੂਦ ਦੀ ਮਾਰ ਹੇਠ ਆ ਕੇ ਤਬਾਹ ਹੋ ਗਿਆ ਸੀ। ਸਿੱਖਾਂ ਦਾ ਅਕਾਲ ਤਖਤ ਸਾਹਿਬ ਟੁਕੜੇ ਟੁਕੜੇ ਹੋਇਆ ਪਿਆ ਸੀ। ਟੈਲੀਗਰਾਫ, ਲੰਡਨ ਦਾ ਪੱਤਰਕਾਰ ਡੇਵਿਡ ਗਰੇਵਜ਼ ਪਹਿਲਾ ਪੱਤਰਕਾਰ ਸੀ ਜਿਸ ਨੂੰ ਹਮਲੇ ਮਗਰੋਂ ਦਰਬਾਰ ਸਾਹਿਬ ਜਾਣ ਦੀ ਆਗਿਆ ਦਿੱਤੀ ਗਈ ਸੀ। ਉਸ ਨੇ ਲਿਿਖਆ, ”ਅਕਾਲ ਤਖਤ ਸਾਹਿਬ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਸ ਤੇ ਬੰਬ ਸੁੱਟੇ ਗਏ ਹੋਣ। ਇਸ ਨੂੰ ਵੇਖ ਕੇ ਲੱਗਦਾ ਹੈ ਜਿਵੇਂ ਬਰਲਿਨ ਵਿਚ ਹੁਣੇ ਸੰਸਾਰ ਯੁੱਧ ਹੋਇਆ ਹੋਵੇ। ਸਮੂਹ ਦੀ ਹਰ ਇਮਾਰਤ ਗੋਲੀਆਂ ਨਾਲ ਵਿੰਨ੍ਹੀ ਹੋਈ ਸੀ ਤੇ ਹਵਾ ਵਿਚ ਅਜੇ ਵੀ ਮੌਤ ਦੀ ਮੁਸ਼ਕ ਆ ਰਹੀ ਸੀ।” ਹਰਿਮੰਦਰ ਉਤੇ ਵੀ 300 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਸਨ। ਕਈ ਗੋਲੀਆਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਜ਼ਖਮੀ ਕਰ ਗਈਆਂ ਸਨ। ”ਸੂਰੀਆ” ਮੈਗਜ਼ੀਨ ਨਾਲ ਇਕ ਮੁਲਾਕਾਤ ਦੌਰਾਨ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪੂਰਨ ਸਿੰਘ ਨੇ ਦਸਿਆ ਕਿ 23 ਜੂਨ ਨੂੰ ਜਦੋਂ ਇੰਦਰਾ ਗਾਂਧੀ ਦਰਬਾਰ ਸਾਹਿਬ ਗਈ ਤਾਂ ਉਸ ਨੂੰ ਹਰਿਮੰਦਰ ਸਾਹਿਬ ਉੱਪਰ ਗੋਲੀਆਂ ਦੇ ਨਿਸ਼ਾਨ ਵਿਖਾਏ ਗਏ ਸਨ। ਗਿਆਨੀ ਪੂਰਨ ਸਿੰਘ ਨੇ ਇੰਦਰਾ ਗਾਂਧੀ ਨੂੰ ਇਹ ਵੀ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ 700 ਬੀੜਾਂ ਸਾੜ ਦਿੱਤੀਆਂ ਗਈਆਂ ਸਨ। ”ਇਕ ਰਾਗੀ, ਅਮਰੀਕ ਸਿੰਘ (ਨੇਤਰਹੀਨ)ਹਰਿਮੰਦਰ ਸਾਹਿਬ ਦੇ ਅੰਦਰ ਹੀ ਮਾਰ ਦਿੱਤਾ ਗਿਆ ਸੀ। ਫਿਰ ਵੀ ਉਹ ਕਹਿੰਦੇ ਹਨ ਕਿ ਹਰਿਮੰਦਰ ਸਾਹਿਬ ਉਤੇ ਇਕ ਵੀ ਗੋਲੀ ਨਹੀਂ ਸੀ ਦਾਗੀ ਗਈ।”ਦਰਬਾਰ ਸਾਹਿਬ ਸਮੂਹ ਵਿਚ ਮਾਰੇ ਗਏ ਲੋਕਾਂ ਬਾਰੇ ਘੱਟ ਤੋਂ ਘੱਟ ਅੰਦਾਜ਼ਾ ਤਿੰਨ ਹਜ਼ਾਰ ਦਾ ਹੈ। ਪਰ ਹੋਰ ਅੰਦਾਜ਼ਿਆਂ ਅਨੁਸਾਰ, ਇਹ ਗਿਣਤੀ 8000 ਸੀ ਤੇ ਸ਼ਾਇਦ ਇਸ ਤੋਂ ਵੀ ਵੱਧ। ਮਰਨ ਵਾਲਿਆਂ ਵਿਚ ਨਾ ਕੇਵਲ ਉਹ ਨੌਜਵਾਨ ਹੀ ਸਨ ਜਿਨ੍ਹਾਂ ਨੇ ਫ਼ੌਜ ਦਾ ਡੱਟ ਕੇ ਟਾਕਰਾ ਕੀਤਾ ਸਗੋਂ ਇਨ੍ਹਾਂ ਵਿਚ ਬਜ਼ੁਰਗ, ਬੱਚੇ, ਤੀਵੀਆਂ, ਨਵੇਂ ਵਿਆਹੇ ਜੋੜੇ ਅਤੇ ਬਾਹਾਂ ਵਿਚ ਨਵੇਂ ਜੰਮੇ ਬਾਲ ਚੁੱਕੀ ਜਵਾਨ ਇਸਤਰੀਆਂ ਵੀ ਸ਼ਾਮਲ ਸਨ। ਇਹ ਹੋਲਨਾਕ ਕਤਲੇਆਮ ਕਿਸੇ ਦੋਸ਼ੀ ਤੇ ਨਿਰਦੋਸ਼, ਜਵਾਨ ਅਤੇ ਬਜ਼ੁਰਗ ਦਾ ਫ਼ਰਕ ਰੱਖੇ ਬਗੈਰ ਕੀਤਾ ਗਿਆ ਸੀ।
ਬਹੁਤ ਸਾਰੇ ਸਿੱਖਾਂ ਦੇ ਹੱਥ ਉਨ੍ਹਾਂ ਦੀਆਂ ਪੱਗਾਂ ਨਾਲ ਪਿਛਲੇ ਪਾਸੇ ਬੰਨ੍ਹਣ ਉਪਰੰਤ ਉਨ੍ਹਾਂ ਨੂੰ ਨੇੜਿਉਂ ਗੋਲੀ ਮਾਰ ਦਿੱਤੀ ਗਈ ਸੀ। ਸੰਡੇ ਟਾਈਮਜ਼ ਦੀ ਪੱਤਰਕਾਰ ਮੇਰੀ ਐਨੇ ਵੀਵਰ ਨੇ ਲਿਿਖਆ, ”ਫ਼ੌਜ ਅਜਿਹੇ ਹੁਕਮਾਂ ਅਧੀਨ ਕੰਮ ਕਰ ਰਹੀ ਲਗਦੀ ਸੀ ਕਿ ”ਕੈਦੀ ਕਿਸੇ ਨੂੰ ਨਾ ਬਣਾਓ” ਅਤੇ ਕਿਸੇ ਵੀ ਖਾੜਕੂ ਨੂੰ ਜ਼ਿੰਦਾ ਨਹੀਂ ਸੀ ਰਹਿਣ ਦੇਣਾ ਚਾਹੁੰਦੀ।” ਇਹ ਕਤਲੇਆਮ, ਆਜ਼ਾਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਸਾਕਾ ਮੰਨਿਆ ਜਾਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.