Ad-Time-For-Vacation.png

ਸ. ਹਰਕੀਰਤ ਸਿੰਘ ਕੁਲਾਰ (ਸੰਪਾਦਕ ਪੰਜਾਬ ਗਾਰਡੀਅਨ) ਦੀ ਪੰਜਾਬ ਫੇਰੀ (ਇੰਟਰਵਿਊ) ਰਸ਼ਪਾਲ ਸਿੰਘ ਗਿੱਲ

ਸ. ਹਰਕੀਰਤ ਸਿੰਘ ਕੁਲਾਰ ਸਰੀ ਤੋਂ 1996 ਤੋਂ ਛੱਪਦੇ ਪ੍ਰੱਸਿਧ ਅਖਬਾਰ ਪੰਜਾਬ ਗਾਰਡੀਅਨ ਦੇ ਮੁੱਖ ਸੰਪਾਦਕ ਵਲੋਂ ਜਿਮੇਵਾਰੀਆਂ ਨਿਭਾ ਰਹੇ ਹਨ। ਪੱਤਰਕਾਰੀ ਦੇ ਖੇਤਰ ਵਿਚ ਉਹਨਾ ਦਾ ਚੰਗਾ-ਚੌਖਾ ਤਜ਼ਰਬਾ ਹੈ। ਭਾਈਚਾਰੇ ਵਿਚ ਵੀ ਚੰਗੀ ਜਾਣ-ਪਛਾਣ ਰੱਖਦੇ ਹਨ।ਬੀਤੇ ਦਿਨੀਂ ਸ. ਰਹਕੀਰਤ ਸਿੰਘ ਪੰਜਾਬ ਫੇਰੀ ਤੇ ਗਏ ਸਨ। ਵਾਪਸ ਵਰਤਿਦਆਂ ਉਹਨਾ ਨੇ ਸਾਡੇ ਨਾਲ ਪੰਜਾਬ ਫੇਰੀ ਦੇ ਪ੍ਰਭਾਵ ਸਾਂਝੇ ਕੀਤੇ। ਪੇਸ਼ ਹੈ ਉਹਨਾਂ ਨਾਲ ਵਿਸ਼ੇਸ਼ ਭੇਟ ਵਾਰਤਾ। ਆਸ ਹੈ ਪਾਠਕਾਂ ਲਈ ਦਿਲਚਸਪ ਹੋਵੇਗੀ।
ਸਵਾਲ:-ਸ. ਹਰਕੀਰਤ ਸਿੰਘ ਜੀ ਤੁਹਾਡੀ ਪੰਜਾਬ ਫੇਰੀ ਦਾ ਕੀ ਮੰਤਵ ਸੀ
-ਮੰਤਵ ਤਾਂ ਸਿਰਫ ਇਕੋ ਸੀ, ਮੇਰੇ ਪਿਤਾ ਜੀ ਰਾਗੀ ਜਸਵੰਤ ਸਿੰਘ ਕੁਲਾਰ ਜਿਹਨਾਂ ਦਾ ਗੁਰਮਤਿ ਸੰਗੀਤ ਦੇ ਖੇਤਰ ਵਿਚ ਕਾਫੀ ਨਾਮ-ਸਨਮਾਨ ਹੈ, ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼ਸ਼ੋਭਿਤ ਕੀਤੀ ਜਾਣੀ ਸੀ। ਸੋ੍ਰਮਣੀਂ ਕਮੇਟੀ ਵੱਲੋਂ 10 ਫਰਵਰੀ ਦਾ ਦਿਨ ਨਿਸ਼ਚਤ ਕੀਤਾ ਗਿਆ ਸੀ । ਸਾਡਾ ਪਰਿਵਾਰ ਸ੍ਰੀ ਦਰਬਾਰ ਸਾਹਿਬ ਇਸ ਦਿਨ ਪਹੁੰਚ ਗਿਆ। ਸ਼ੋਮਣੀਂ ਕਮੇਟੀ ਦੇ ਮੱੁਖ ਸੇਵਾਦਾਰ ਸ. ਗੋਬਿੰਦ ਸਿੰਘ ਲੌਗੋਂਵਾਲ ਵੀ ਉਥੇ ਹਾਜ਼ਰ ਸਨ। ਜੋ ਕਿ ਬਚਪਨ ਮੇਰੇ ਪਿਤਾ ਜੀ ਤੋਂ ਕੀਰਤਨ ,ਤਬਲਾ ਸਿਖਦੇ ਰਹੇ ਹਨ।ਬਚਪਨ ਵਿੱਚ ਮਸਤੂਆਣਾ ਸਾਹਿਬ ਅਤੇ ਪਿੰਡ ਲੌਗੋਵਾਲ ਦੀਆ ਸਾਡੀਆ ਬਹੁਤ ਸਾਰੀਆ ਬਚਪਨ ਦੀਆ ਯਾਦਾਂ ਹਨ ।ਸਕੂਲੀ ਵਿਦਿਆ ਸਮੇਂ ਮੈਂ ਵੀ ਕਈ ਕਈ ਦਿਨ ਲੌਗੋਂਵਾਲ ਜਾ ਕੇ ਰਹਿੰਦਾ ਰਿਹਾ ਹਾਂ। ਉਹਨਾਂ ਤੋਂ ਇਲਾਵਾ ਮੇਰੇ ਪਿਤਾ ਜੀ ਦੇ ਸ਼ਗਿਰਦਾਂ ਨੂੰ ਉਥੇ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਉਦੋਂ ਬੜੀ ਖੁਸ਼ੀ ਹੋਈ ਉਨਾ ਦੇ ਬੱਚੇ ਵੀ ਹੁਣ ਵੱਡੇ ਸਥਾਨਾ ਦੇ ਹਜੂਰੀ ਰਾਗੀ ਹਨ।ਉਹਨਾਂ ਨੇ ਬੜੇ ਮਾਣ-ਸਨਮਾਨ ਨਾਲ ਪਿਤਾ ਜੀ ਦੀ ਤਸਵੀਰ ਅਜਾਇਬ ਘਰ ਵਿਚ ਲਗਾ ਕੇ ਸਾਡੇ ਪ੍ਰੀਵਾਰ ਨੂੰ ਮਾਣ ਬਖਸ਼ਿਆ।
ਸਵਾਲ:-ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਕੀ ਮਹਿਸੂਸ ਕੀਤਾ?
– ‘ਸ੍ਰੀ ਅਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਹਰ ਰੋਜ ਸਿੱਖ ਅਰਦਾਸ ਕਰਦਾ ਹੈ’।ਹਰ ਸਿੱਖ ਜੋ ਦੇਸ਼ ਵਿਚ ਆ ਜਾਂ ਬਾਹਰ ਹਰ ਇਕ ਦੀ ਤੜਫ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਸਦਾ ਹੀ ਰਹਿੰਦੀ ਹੈ। ਮੈਨੂੰ ਵੀ ਦਰਸ਼ਨ ਕਰਕੇ ਅਥਾਹ ਖੁਸ਼ੀ ਤੇ ਮਨ ਨੂੰ ਸ਼ਾਂਤੀ ਮਲੀ ਜਿਸ ਦਾ ਸ਼ਾਬਦਿਕ ਵਰਨਣ ਕਠਿਨ ਹੈ। ਹੋਰ ਹਰਿਆਲੀ ਦੀ ਉਥੇ ਲੋੜ ਹੈ। ਬੇਲੋੜੇ ਪੱਥਰ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸੇਵਾ, ਸਫਾਈ ਸੰਗਤਾਂ ਪਰਕਰਮਾ ਵਿਚ ਤਾਂ ਬਹੁਤ ਕਰਦੀਆਂ ਹਨ ਲੇਕਿਨ ਬਾਹਰਲੇ ਪਾਸੇ ਬਜਾਰਾਂ ਵਲ ਅਜਿਹਾ ਨਹੀਂ। ਆਲਾ-ਦੁਆਲਾ ਵੀ ਸਾਫ ਹੋਣਾ ਜ਼ਰੂਰੀ ਹੈ।

ਸਵਾਲ-ਤੁਸੀਂ ਪੰਜਾਬ ਜਾ ਕੇ ਕੀ ਬਦਲਾਓ ਦੇਖਿਆ
-ਬਹੁਤਾ ਬਦਲਾਅ ਤਾਂ ਦਿੱਸਿਆ ਨਹੀਂ। ਪੰਜਾਬ ਉਹੋ ਜਿਹਾ ਹੀ ਆ ਜੋ ਤਰੱਕੀ ਹੋਈ ਉਹ ਪ੍ਰਦੂਸਣ ਅਤੇ ਟਰੈਫਿਕ ਵਿੱਚ ਹੀ ਹੋਈ ਲੱਗਦੀਆ।ਮੈਂ ਸਮਝਦਾ ਇਹ ਵਿਨਾਸ਼ ਹੈ।ਲੋਕ ਆਪਣੀ ਜਿਮੇਵਾਰੀ ਤਾਂ ਸਮਝ ਨਹੀਂ ਰਹੇ। 3-4 ਸਾਲ ਪਹਿਲਾਂ ਵੀ ਗਿਆ ਸੀ। ਲੇਕਿਨ ਹੁਣ ਟਰੈਫਿਕ ਬਹੁਤ ਵਧ ਚੁੱਕਾ ਆ। ਲੋਕ ਆਪ ਮੰਨ ਰਹੇ ਆ ਕਿ ਇਥੇ ਸੁਧਾਰ ਨਹੀਂ ਹੋਣਾ ਜੇ।ਲੋਕ ਕੀ ਲੀਡਰ ਵੀ ਕਹਿ ਰਹੇ ਹਨ ਇਥੇ ਤਾਂ ਰੱਬ ਹੀ ਰਾਖਾ! ਹੱਥੀ ਕਿਰਤ ,ਪਿਆਰ-ਮੁਹੱਬਤ ਦੀ ਵੀ ਘਾਟ ਨਜ਼ਰ ਆ ਰਹੀ ਹੈ। ਕਾਰਾਂ ਮੋਟਰਾਂ ਨਵੀਆਂ ਤੋਂ ਨਵੀਆਂ ਆ ਰਹੀਆਂ। ਜੁਵਾਕ ਮੋਟਰ-ਸਾਈਕਲਾਂ ਤੇ ਧੂੜਾਂ ਪੁੱਟ ਰਹੇ ਹਨ।ਟਰੈਫਿਕ ਪੁਲਿਸ ਵਾਲੇ ਕਿਸੇ ਨੂੰ ਕੁਝ ਨਹੀਂ ਆਖ ਰਹੇ ਹਨ। ਆਰਾਮ ਨਾਲ ਖੜੇ ਦੇਖੀ ਜਾਂਦੇ ਹਨ। ਜੋ ਮਰਜੀ ਹੋਈ ਜਾਵੇ। ਨਸ਼ਿਆਂ ਵਿਚ ਵੀ ਪੰਜਾਬ ਦੇ ਹਾਲਤ ਪਹਿਲੋਂ ਵਾਲੇ ਹੀ ਲੱਗਦੇ ਹਨ। ਲੋਕਾਂ ਦੇ ਚਿਹਰਿਆਂ ਤੇ ਖੁਸ਼ੀਹਾਲੀ ਨਜ਼ਰ ਨਹੀਂ ਆ ਰਹੀ। ਕਿਸਾਨੀ ਹੁਣ ਘਾਟੇ ਵਾਲਾ ਸੌਦਾ ਬਣ ਚੁੱਕਿਆ ਹੈ। ਗਰੀਬ ਮਜ਼ਦੂਰ ਦਾ ਹਾਲ ਵੀ ਬਹੁਤਾ ਵਧੀਆ ਨਹੀਂ ਰਿਹਾ।ਇਕ ਹਾਸੇ ਵਾਲੀ ਗੱਲ ਦੱਸਾਂ ਮੈਂ ਨਾਮ ਤਾਂ ਨਹੀਂ ਲਵਾਂਗਾ, ਪਰ ਹੈ ਇੱਕ ਰਾਜਸੀ ਪਾਰਟੀ ਦਾ ਆਗੂ ਮੈਨੂੰ ਕਹਿੰਦਾ ਇਥੇ ਸੁਧਾਰ ਨਹੀਂ ਹੋਣਾਂ।ਇਥੇ ਤਾਂ ਵ੍ਨਡੇ ਵੱਡੇ ਸ਼ਹਿਰਾਂ ਤੇ ਵੱਡੇ ਵੱਡੇ ਬੰਬ ਡਿੱਗਣ,ਇਹ ਮੁਲਕ ਤਾਂ ਢਹਿ ਕੇ ਬਣੇਗਾ ਫਿਰ। ਇਹ ਸੁਣ ਕੇ ਮੈਂ ਸੁੰਨ ਹੀ ਹੋ ਗਿਆ।ਕਿਹੋ ਜਿਹੀ ਸੋਚ ਹੋ ਗਈ ਪੰਜਾਬ ਦੀ।ਸ਼ਾਇਦ ਇਹੀ ਕਾਰਣ ਹੈ ਕਿ ਹਰ ਕੋਈ ਆਪਣੇਂ ਬੱਚੇ ਨੂੰ ਵਿਦੇਸ਼ ਭੇਜਣ ਦਾ ਜੁਗਾੜ ਬਣਾਈ ਜਾਂਦਾ ਹੈ।

ਸਵਾਲ:ਤੁਸੀਂ ਕਿਸੇ ਹਿਊਮਨ ਰਾਈਟਸ ਗਰੁੱਪ ਨਾਲ ਵੀ ਮਿਲੇ?
-ਹਾਂ ਜੀ ਅੰਤਰ-ਰਾਸ਼ਟਰੀ ਹਿਊਮਨ ਰਾਈਟਸ ਆਰਗੀਨਾਈਜੇਸ਼ਨ ਦੇ ਚੇਅਰਮੈਨ ਡੀ. ਐਸ. ਗਿੱਲ ਸਾਹਿਬ ਨਾਲ ਮੁਲਾਕਤ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿਚ ਹੋਰ ਹੀ ਤਰਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ। ਭਾਵੇਂ ਪਹਿਲਾਂ ਵਾਂਗ ਪੁਲਸ ਵਧੀਕੀਆਂ ਤਾਂ ਨਹੀਂ ਕਰਦੀ। ਪਰ ਬੱਚਿਆ ਉਪਰ ਗੈਂਗਸਟਰ ਕਲਚਰ ਭਾਰੂ ਹੋ ਰਿਹਾ ਹੈ। ਭਾਵੇਂ ਗੈਗਸਟਰਾਂ ਂ ਦਾ ਮੰਤਵ ਰਾਜਨੀਤਕ ਨਹੀਂ ਜਾਪਦਾ ਪਰ ਫਿਰ ਵੀ ਅਜਿਹਾ ਮਹੌਲ ਬੇ-ਇਨਸਾਫੀ ਵਿੱਚੋਂ ਉਪਜਦਾ ਹੈ।ਪੰਜਾਬ ਦੀ ਮਿੱਟੀ ਬਦਲਾਅ ਭਾਲਦੀ ਰਹਿੰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਅਕਾਲੀਆਂ ਤੋਂ ਤੰਗ ਆ ਕੇ ਹੀ ਸਰਕਾਰ ਬਦਲੀ।
ਆਮ ਆਦਮੀ ਪਾਰਟੀ ਚੰਗੀ ਰਹੇਗੀ ਜੇਕਰ ਪੰਜਾਬ ਖੇਤਰੀ ਸਮੱਸਿਆਵਾਂ ਅਤੇ ਭਾਵਨਾਵਾਂ ਸਮਝੇ।ਪੰਜਾਬ ਦੇ ਸਿੱਖ ਚਿਹਰਿਆਂ ਨੂੰ ਅੱਗੇ ਕਰੇ ਬਿਹਤਰ ਰਹੇਗਾ।ਦਿੱਲੀ ਵਿੱਚ ਬੈਠ ਕੇ ਪੰਜਾਬ ਤੇ ਰਾਜ ਕਰਨ ਵਾਲਿਆ ਨੂੰ ਪੰਜਾਬ ਦੇ ਲੋਕ ਬਹੁਤਾ ਚੰਗਾ ਨਹੀਂਂ ਮੰਨਦੇ।ਪਹਿਰੇਦਾਰ ਅਖਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਨਾਲ ਵੀ ਮੁਲਾਕਤ ਵਧੀਆ ਰਹੀ। ਉਥੇ ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਨਾਲ ਵੀ ਮੁਲਾਕਤ ਹੋਈ।ਕਰਮਜੀਤ ਸਿੰਘ ਬੁੱਟਰ ਜੋ ਸਿੱਖ ਮਸਿਲਆਂ ਤੇ ਸਭਿਆਚਾਰ ਬਾਰੇ ਚੰਗੀ ਚੌਖੀ ਜਾਣਕਾਰੀ ਰੱਖਦੇ ਹਨ ਨਾਲ ਵੀ ਕਈ ਥਾਈਂ ਵਿਚਰਨ ਦਾ ਮੌਕਾ ਮਿਲਿਆ।ਸ.ਜਸਪਾਲ ਸਿੰਘ ਦਾ ਵੀ ਇਹੀ ਕਹਿਣਾ ਸੀ ਕਿ ਰਾਜਸੀ ਲੋਕ ਕੁਰਸੀ ਖਾਤਰ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਲੈਂਦੇ ਹਨ ਫਿਰ ਪੂਰੇ ਨਹੀਂ ਉਤਰਦੇ ਜਿਸ ਕਾਰਣ ਲੋਕ ਨਿਰਾਸ਼ ਹੋ ਜਾਂਦੇ ਹਨ।ਉਨਾ ਸਿੱਖਾਂ ਵਿੱਚ ਵੱਧ ਰਹੀ ਗਰੱੁਪ ਬਾਜ਼ੀ ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਇਸ ਨਾਲ ਸਿੱਖਾਂ ਦਾ ਕੌਮੀ ਤੌਰ ਤੇ ਬਹੁਤ ਨੁਕਸਾਨ ਹੁੰਦਾ ਹੈ।

ਸਵਾਲ:ਤੁਹਾਡੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲਤ ਨਾਲ ਮੁਲਾਕਾਤ ਕਾਫੀ ਚਰਚਿਤ ਰਹੀ। ਮਿਲਣ ਦਾ ਸਬੱਬ ਕੀ ਸੀ ?
-ਮੇਰਾ ਸ. ਸੁਖਬੀਰ ਸਿੰਘ ਬਾਦਲ ਨੂੰ ਮਿਲਣ ਦਾ ਇਰਾਦਾ ਬਿਲਕੁਲ ਵੀ ਨਹੀਂ ਸੀ।ਨਾ ਮੈਂ ਕਦੇ ਸੋਚਿਆ ਹੀ ਸੀ। ਮੇਰਾ ਇਸ ਦਿਨ ਲੁਧਿਆਣੇ ਜਾਣ ਦਾ ਪ੍ਰੋਗਰਾਮ ਸੀ।ਲੇਕਿਨ ਉਥੇ ਮਿਉਂਸਪੈਲਟੀ ਦੀਆਂ ਪੈ ਰਹੀਆਂ ਵੋਟਾਂ ਕਰਕੇ ਕਾਫੀ ਹੀ ਖਿਚੋਤਾਣ ਵਾਲਾ ਮਹੌਲ ਬਣਿਆ ਹੋਇਆ ਸੀ।ਹਰ ਰੋਜ ਹੀ ਵੱਖ ਵੱਖ ਪਾਰਟੀਆਂ ਦੇ ਵਰਕਰ ਡਾਂਗ ਸੋਟਾ ਹੋ ਜਾਂਦੇ ਸਨ।ਜਿਵੇਂ ਬਿਹਾਰ ਵਿੱਚ ਸੁਣਦੇ ਸੀ ਕਿ ਬੂਥਾਂ ਤੇ ਕਬਜ਼ੇ ਹੋ ਜਾਂਦੇ ਹਨ,ਇਸੇ ਤਰਾਂ ਹੀ ਸੱਤਾ ਧਾਰੀਆ ਦਾ ਲੁਧਿਆਣੇ ਵਿੱਚ ਰਵੱਈਆ ਸੀ।ਬਹੁਤ ਬੂਥਾਂ ਤੇ ਜਦੋਂ ਲੋਕ ਵੋਟਾਂ ਪਾਉਂਣ ਆਏ ਤੇ ਉਨਾ ਨੂੰ ਕਹਿ ਦਿੱਤਾ ਕਿ ਵੋਟਾਂ ਪੈ ਗਈਆ ਹਨ! ਉਨਾ ਦੀਆ ਵੋਟਾਂ ਕੌਣ ਪਾ ਗਿਆ ਸਮਝ ਤੋਂ ਬਾਹਰ ਵਾਲੀ ਗੱਲ ਸੀ! ਇਸ ਦਿਨ ਮੈਨੂੰ ਸ਼ਰੋਮਣੀਂ ਕਮੇਟੀ ਦੇ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਦਾ ਫੋਨ ਆ ਗਿਆ।ਉਸਨੇ ਕਿਹਾ ਸ਼੍ਰੋਮਣੀਂ ਕਮੇਟੀ ਮੈਬਰਾਂ ਦੀ ਸੁਖਬੀਰ ਸਿੰਘ ਬਾਦਲ ਦੇ ਪਿੰਡ ਹੀ ਮੀਟਿੰਗ ਹੈ।ਗੁਰਪ੍ਰੀਤ ਸਿੰਘ ਝੱਬਰ ਨੂੰ ਮੈਂ ਜੁਆਬ ਦੇ ਦਿੱਤਾ ਕਿ ਮੇਰਾ ਕੋਈ ਇਰਾਦਾ ਨਹੀਂ ਮਿਲਣ ਦਾ।ਉਸਨੇ ਮੈਨੂੰੂ ਤਾਅਨਾ ਮਾਰਿਆ ਕਿ ‘ਜਦੋਂ ਮੈਂ ਕੈਨੇਡਾ ਤੁਹਾਡੇ ਕੋਲ ਆਇਆ ਸੀ ਤਾਂ ਤੁਸੀ ਬਹੁਤੇ ਸੁਆਲ ਕਰਦੇ।ਬਾਦਲਾਂ ਬਾਰੇ ਕੌੜੀਆ ਕੁਸੈਲੀਆ ਗੱਲਾਂ ਕਰਦੇ ਸੀ। ਬਾਹਰ ਰਹਿ ਕੇ ਗੱਲਾਂ ਤਾਂ ਹਰ ਕੋਈ ਕਰ ਸਕਦਾ ਪਰ ਸਾਹਮਣੇਂ ਅਤੇ ਮੂੰਹ ਤੇ ਗੱਲ ਕਰੋ?।ਮੈਂ ਫਿਰ ਵੀ ਨਾ ਜਾਣ ਵਿੱਚ ਭਲਾ ਸਮਝਦਾ ਸੀ। ਜਦੋਂ ਝੱਬਰ ਸਾਹਿਬ ਨਾਲ ਗੱਲ ਚੱਲ ਰਹੀ ਸੀ ਤਾਂ ਪਿੰਡ ਦੇ ਦੋ ਚਾਰ ਹੋਰ ਮੇਰੇ ਪੁਰਣੇਂ ਮਿਤਰ ਮੇਰੇ ਕੋਲ ਬੈਠੇ ਸਨ ਤੇ ਚਾਹ ਨਾਲ ਜੱਕੜ ਮਾਰ ਰਹੇ ਸਨ।ਜਦੋਂ ਉਨਾ ਪੁਛਿਆ ਕਿ ਫੋਨ ਤੇ ਕੌਣ ਸੀ ਮੈਂ ਕਿਹਾ ਕਿ ਸਾਡਾ ਮਿੱਤਰ ਹੈ ਸੁਖਬੀਰ ਬਾਦਲ ਨੂੰ ਮਿਲਾਉਂਣਾ ਚਹੁੰਦਾ ਹੈ ਤੇ ਮੈਂ ਨਾਹ ਕਰ ਦਿੱਤੀ ਹੈ।ਉਹ ਮੇਰਾ ਮਖੌਲ ਬਣਾਉਂਣ ਲੱਗ ਪਏ, ਸਾਨੂੰ ਮੂਰਖ ਬਣਾਉਂਣੈ ਐਵੇਂ ਗਪੌੜ ਛੱਡਦਾਂ!ਮੈ ਕਿਹਾ ਗਪੌੜ ਨਹੀਂ ਸੱਚੀ ਗੱਲ ਹੈ। ਉਹ ਕਹਿੰਦੇ ਜੇ ਸੱਚੀ ਹੈ ਤਾਂ ਤੁਰ ਹੁਣ,ਸਕੂਲ ਸਮੇਂ ਹੀ ਤੂੰ ਸਾਨੂੰ ਬਥੇਰੀਆ ਠਿਬੀਆਂ ਲਾਈਆ ਹੁਣ ਨਹੀਂ ਮੰਨਦੇ ਸੱਚ। ਮੈਂ ਝੱਬਰ ਸਾਹਿਬ ਨੂੰ ਫੋਨ ਕਰ ਦਿੱਤਾ ਕਿ ਮਿਲਦੇ ਹਾਂ। ਅਸੀਂ ਬੈਠਿਆਂ ਹੀ ਬੈਠਿਆਂ ਗੱਡੀ ਲੁਧਿਆਣੇ ਦੀ ਬਜਾਇ ਬਾਦਲਾਂ ਦੇ ਪਿੰਡ ਨੂੰ ਸਿੱਧੀ ਕਰ ਲਈ।ਚਾਰ ਘੰਟਿਆ ਅਸੀਂ ਬਾਦਲਾਂ ਦੇ ਕਿਲੇ ਵਰਗੇ ਘਰ ਬਾਦਲ ਪਿੰਡ ਪਹੁੰਚ ਗਏ। ਮੀਟਿੰਗ ਵਿਚ ਕਾਫੀ ਗਹਿਮਾ-ਗਹਿਮੀ ਰਹੀ। ਹਰ ਕੋਈ ਆਪਣੀ ਭੜਾਸ ਕੱਢ ਰਿਹਾ ਸੀ।ਮੇਰੀ ਜਾਣ-ਪਹਿਚਾਣ ਸ. ਝੱਬਰ ਨੇ ਕਰਾਈ ਕਿ ਇਹ ਕੈਨੇਡਾ ਤੋਂ ਹਨ। ਬੀਬੀ ਜਗੀਰ ਕੌਰ ਨੇ 5-10 ਮਿੰਟ ਖੂਬ ਲਗਾਏ ਕਿ ਲੋਕ ਮਾਨ ਦੀਆਂ ਚ੍ਨਿਠੀਆ ਲੈ ਕੇ ਬਾਹਰ ਪੱਕੇ ਹੋ ਜਾਂਦੇ ਹਨ ਤੇ ਫਿਰ ਸਾਨੂੰ ਹੀ ਗਾਲਾ ਕੱਢਦੇ ਹਨ?ਸਾਡੇ ਪ੍ਰਚਾਰਕ ਵੀ ਬਾਹਰ ਜਾ ਕੇ ਸਾਡੇ ਵਿਰੁਧ ਹੀ ਬੋਲਦੇ ਆ? ਇਸ ਤਰਾਂ ਦੀਆ ਉਨਾ ਨੇ ਇਤਰਾਜ਼ ਭਰਪੂਰ ਗੱਲਾਂ ਕੀਤੀਆਂ। ਮੈਂ ਸਰਸਰੀ ਜਿਹੀ ਕਿਹਾ ਕਿ ਮੇਰਾ ਆਪਣਾਂ ਵੀਚਾਰ ਹੈ ਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਪੰਜਾਬ ਛੱਡ ਕੇ ਬਾਹਰ ਨੂੰ ਕਿਉਂ ਭੱਜਦੇ ਹਨ? ਜੇ ਮਾਨ ਸਾਹਿਬ ਦੀਆ ਚਿੱਠੀਆਂ ਤੇ ਲੋਕ ਪੱਕੇ ਹੁੰਦੇ ਹਨ ਤਾਂ ਹੀ ਲੋਕ ਉਹ ਚਿੱਠੀ ਵਰਤਦੇ ਹਨ?ਕੱਲ ਨੂੰ ਕਿਸੇ ਹੋਰ ਦੀ ਚਿੱਠੀ ਨਾਲ ਪੱਕੇ ਹੋਣ ਲੱਗ ਪੈਣ ਤਾਂ ਲੋਕਾਂ ਨੇ ਉਹ ਵਰਤ ਲੈਂਣੀ ਹੈ? ਅੱਜ ਸਟੂਡੈਂਟ ਬਣਕੇ ਸਾਡੇ ਬੱਚੇ ਬਾਹਰ ਨੂੰ ਭੱਜ ਰਹੇ ਹਨ ਤੇ ਪੱਕੇ ਹੋਣ ਲਈ ਹੱਥ ਪੈਰ ਮਾਰ ਰਹੇ ਹਨ।ਮੇਰੇ ਵਿਚਾਰ ਅਨੁਸਾਰ ਕਿ ਲੋਕ ਨਿਜ਼ੀ ਤੌਰ ਤੇ ਕਿਸੇ ਦੇ ਵਿਰੁੱਧ ਨਹੀਂ ਹੁੰਦੇ ਕੰਮਾਂ ਅਤੇ ਕਰਤੂਤਾਂ ਦੇ ਵਿਰੋਧ ਵਿੱਚ ਆਪਣੇਂ ਵੀਚਾਰ ਰੱਖਦੇ ਹਨ।ਮੀਟਿੰਗ ਵਿਚ ਮਹਿਲਾ ਦਿਵਸ ਮਨਾਉਣ ਦੀਆਂ ਗੱਲਾਂ ਚੱਲ ਰਹੀਆਂ ਸਨ।ਇਸਤੇ ਮੈਂ ਆਪਣੇਂ ਵੀਚਾਰ ‘ਚ ਕਿਹਾ ਕਿ ਮਹਿਲਾ ਦਿਵਸ ਤਾਂ ਸਾਰੀ ਦੁਨੀਆ ਨੇ ਮਨਉਂਣਾ।ਸਿੱਖ ਧਰਮ ਵਿੱਚ ਬੀਬੀਆਂ ਨੂੰ ਗੁਰੂ ਸਾਹਿਬ ਨੇ ਪ੍ਰਮੁੱਖਤਾ ਦਿੱਤੀ ਹੈ।ਮੇਰੇ ਖਿਆਲ ਅਨੁਸਾਰ ਇਸ ਦਿਨ ਨੂੰ ਮਾਤਾ ਸਾਹਿਬ ਕੌਰ ਜੀ ਦੇ ਨਾਮ ਕਰਕੇ ਬੀਬੀਆਂ ਵਿੱਚ ਬਹਾਦਰੀ ਤੇ ਸਿੱਖੀ ਸਪਰਿਟ ਵਾਲੀ ਭਾਵਨਾ ਪ੍ਰਚੰਡ ਕਰਨੀ ਚਾਹੀਦੀ ਹੈ। ਬੀਬੀਆਂ ਦੇ ਗੱਤਕਾ ਮੁਕਾਬਲੇ ਕਰਵਾਕੇ ਉਨਾ ਨੂੰ ਸਵੈ ਰੱਖਿਆ ਲਈ ਜੁਲਮ ਵਿਰੁੱਧ ਖੜੇ ਹੋਣ ਲਈ ਤਿਆਰ ਕਰਨਾ ਚਾਹੀਦਾ ਹੈ।ਖੈਰ ਉਸ ਸਮੇਂ ਮੇਰੀ ਗੱਲ ਨਾਲ ਕਈ ਸਹਿਮਤ ਹੁੰਦੇ ਵੀ ਦਿਖੀ ਦਿੰਦੇ ਨਜ਼ਰ ਆਏ। ਬਾਅਦ ਚ ਉਹਨਾ ਇਹ ਦਿਵਸ ਮਾਤਾ ਸਾਹਿਬ ਕੌਰ ਦੇ ਨਾਮ ਤੇ ਹੀ ਮਨਾਇਆ ਜਿਸ ਵਿੱਚ ਬੀਬੀਆ ਨੇ ਢਾਡੀ ਵਾਰਾਂ ,ਲੈਕਚਰ ਆਦਿ ਦਿੱਤੇ।ਤੁਸੀਂ ਵੀ ਰੇਡੀਓ,ਟੀ. ਵੀ. ਅਤੇ ਅਖਬਾਰਾਂ ਚ ਦੇਖਿਆ ਹੀ ਹੋਣਾ ਆ।
ਇਸ ਤੋਂ ਬਾ ਅਦ ਸੁਖਬੀਰਸਿੰਘ ਨਾਲ ਗੱਲ ਹੋਈ ਉਨਾ ਨੇ ਮੇਰੇ ਨਾਲ ਗੱਲ ਕਰਦੇ ਕਿਹਾ ਕਿ ਬਾਹਰ (ਇੱਕ ਕਾਂਗਰਸੀ ਆਗੂ ਦਾ ਨਾ ਲੈ ਕੇ ਕਿਹਾ) ਉਸਨੂੰ ਸਿਰੋਪੇ ਦਿੰਦੇ ਹਨ ਸਾਡੇ ਛਿੱਤਰ ਫੇਰਦੇ ਆ। ਦੱਸੋ, ਸਾਡਾ ਕਸੂਰ ਕੀ ਆ।ਪਹਿਲਾਂ ਤਾਂ ਮੈਂ ਕਿਹਾ ਕਿ ਮੈਂ ਕੋਈ ਬਾਹਰਲੇ ਸਿੱਖਾਂ ਦਾ ਨੁਮਾਇੰਦਾ ਜਾਂ ਬੁਲਾਰਾ ਨਹੀਂ, ਨਾ ਹੀ ਕਿਸੇ ਪਾਰਟੀ ਜਾਂ ਜਥੇਬੰਦੀ ਦਾ ਮੈਂਬਰ ਹਾਂ ਕਿ ਉਨਾ ਦੀ ਤਰਫੋਂ ਤੁਹਾਡੇ ਸਵਾਲ ਦਾ ਉ੍ਨਤਰ ਦਿਆਂ।ਮੈਂ ਨਾਰਥ ਅਮਰੀਕਾ ਵਿੱਚ ਛਪਦੇ ‘ਪੰਜਾਬ ਗਾਰਡੀਅਨ’ ਅਖਬਾਰ ਦਾ ਐਡੀਟਰ ਹਾਂ।ਮੈਂ ਆਪਣੀਂ ਨਿਜ਼ੀ ਜਾਂ ਤਜ਼ਰਬੇ ਨਾਲ ਕਹਿ ਸਕਦਾਂ ਹਾਂ ਕਿ ਤੁਹਾਡੀ ਜਾਣਕਾਰੀ ਹੀ ਗਲਤ ਆ। ਬਾਹਰ ਕਾਂਗਰਸੀ ਹੋਣ ਜਾਂ ਅਕਾਲੀ ਕਿਸੇ ਵੱਡੇ ਪ੍ਰੋਗਰਾਮ ਚ ਸ਼ਾਮਲ ਨਹੀਂ ਹੋ ਰਹੇ ਸਿਰਫ ਰਿਸ਼ਤੇਦਾਰੀਆਂ ਜਾਂ ਨਿਜ਼ੀ ਘਰਾਂ ਵਿੱਚ ਇਹ ਰਾਜਸੀ ਲੋਕ ਜਾਂਦੇ ਹਨ ਇਕੱਠਾਂ ਚ ਨਹੀਂ ਵਿਚਰਦੇ।ਘਰਾਂ ਵਿੱਚ ਹੀ ਇੱਕ ਦੂਸਰੇ ਦੇ ਸਿਰੋਪੇ ਪਾ ਕੇ ਅਖਬਾਰਾਂ ਵਿੱਚ ਫੋਟੋਆ ਛਪਵਾ ਲੈਂਦੇ ਹਨ। ਮੈਂ ਸਮਝਦਾ ਕਿ ਬਾਹਰਲੇ ਸਿੱਖ ਨੂੰ ਦੁੱਖ ਕਿ ਜਿਹੜੀ ਪਾਰਟੀ ਸਿੱਖ ਕੌਮ ਦੇ ਹੱਕਾਂ ਹਕੂਕਾਂ ਲਈ ਬਣੀਂਂ ਸੀ ਉਸਨੇ ਸਿੱਖ ਮੁਦਿਆਂ ਭੁਲਾ ਕੇ ਸਿਰਫ ਕੁਰਸੀ ਦੇ ਇਰਦ ਗਿਰਦ ਕਰ ਲਿਆ। ਇਸ ਲਈ ਸਿੱਖ ਕੌਮ ਤੇ ਸਿੱਖੀ ਪਿਆਰ ਕਰਨ ਵਾਲੇ ਲੋਕ ਅਕਾਲੀਆਂ ਤੋਂ ਨਰਾਜ਼ ਹਨ।ਅਕਾਲੀ ਪਾਰਟੀ ਜਿਸ ਮਕਸਦ ਲਈ ਬਣੀ ਉਸ ਤੋਂ ਭਟਕ ਚੁੱਕੀ ਆ ਤੁਸੀਂ ਸਹਿਮਤ ਹੋਵੋ ਜਾਂ ਨਾ ਹੋਵੋ। ਮੈ ਇਹ ਵੀ ਸਮਝਦਾ ਕਿ ਸੁਖਬੀਰ ਸਿੰਘ ਜੀ ਤੁਹਾਡੇ ਵੱਲੋਂ ਧਾਰਮਿਕ ਸੰਸਥਾਵਾਂ ਚ ਦਖਲ ਅੰਦਾਜੀ, ਜਥੇਦਾਰਾਂ ਦੀ ਚੋਣ, ਅਸਲੀ ਨਾਨਕ ਸ਼ਾਹੀ ਕਲੰਡਰ ਨੂੰ ਲਾਗੂ ਨਾ ਕਰਨਾ ਆਦਿ ਇਸ ਵਾਸਤੇ ਤੁਹਾਨੂੰ ਦੋਸ਼ੀ ਸਮਝਿਆ ਜਾਂਦਾ ਹੈ।ਸੁਖਬੀਰ ਸਿੰਘ ਦਾ ਉ੍ਨਤਰ ਸੀ ਪਾਲ ਸਿੰਘ ਪੁਰੇਵਾਲ ਦਾ ਇਕੱਲੇ ਦਾ ਕੈਲੰਡਰ ਹੈ। ਉਨਾ ਦਲੀਲ ਦਿੱਤੀ ਕਿ ਗੁਰੂ ਸਾਹਿਬ ਦੀਆਂ ਪੁਰਾਤਨ ਚੀਜਾਂ ਜਿਵੇਂ ਖੜਵਾਂ ਆਦਿ ਜੋ ਹੈ ਉਹ ਉਸੇ ਤਰਾਂ ਰੱਖਣੀਆਂ ਹਨ ਉਨਾ ਨੂੰ ਸੰਗਮਰ-ਮਰ ਜਾਂ ਸੋਨੇ ਦੀਆਂ ਦੀਆਂ ਤਾਂ ਨਹੀਂ ਬਣਾ ਸਕਦੇ? ਮੈਂ ਕਿਹਾ ਪੁਰੇਵਾਲ ਸਾਹਿਬ ਇਸ ਕੈਲੰਡਰ ਦੇ ਵਿਸ਼ੇ ਦੇ ਮਾਹਿਰ ਹਨ,ਬਾਹਰ ਬੈੈਠੇ ਸਿੱਖ ਤੇ ਸੰਸਥਾਵਾਂ ਕੈਲੰਡਰ ਨੂੰ ਮੰਨ ਰਹੀਆ ਹਨ? ਤੁਹਾਡੀ ਗੱਲ ਵੀ ਠੀਕ ਹੈ ਚੀਜਾਂ ਉਵੇਂ ਰਹਿਣੀਆਂ ਚਾਹੀਦੀਆ ਹਨ।ਪਰ ਉਨਾ ਚੀਜਾ ਨੂੰ ਚੰਗੀ ਤਰਾਂ ਮਹਿਫੂਜ ਤਾਂ ਕਰ ਸਕਦੇ ਹਾਂ।ਗੁਰੂ ਰਾਮ ਦਾਸ ਜੀ ਨੇ ਦਰਬਾਰ ਸਾਹਿਬ ਦਾ ਸਰੋਵਰ ਤਿਆਰ ਕਰਵਾਇਆ ਪਰ ਸੌ ਸਾਲ ਪਹਿਲਾਂ ਸੰਗਮਰਮਰ ਆਪਾਂ ਹੀ ਲਾਇਆ ਜਾਂ ਦਰਬਾਰ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਇਟਾਂ ਦਾ ਹੀ ਬਣਾਇਆ ਸੀ। ਪਰ ਸੋਨਾ ਤਾਂ ਸਿੱਖਾਂ ਨੇ ਹੀ ਲਾਇਆ।ਇਸ ਤੋਂ ਇਲਾਵਾ ਸੌ ਸਾਲ ਪਹਿਲਾਂ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਮੂਰਤੀਆਂ ਹੁੰਦੀਆਂ ਸਨ ਪਰ ਜਦੋਂ ਸਿੱਖ ਕੌਮ ਵਿੱਚ ਵਿਦਵਾਨਾਂ ਨੇ ਸੋਝੀ ਲਿਆਦੀ ਤਾਂ ਉਥੋਂ ਉਹ ਚੁੱਕੀਆਂ ਗਈਆ।ਇੱਕ ਪਾਸੇ ਤੁਸੀਂ ਹੁਣ ਫਿਰ ਧਾਰਾ 25 ਦਾ ਮੁੱਦਾ ਚੁੱਕਦੇ ਹੋ ਕਿ ਸਿੱਖ ਕੌਮ ਵੱਖਰੀ ਕੌਮ ਹੈ ਪਰ ਜੋ ਸਿੱਖ ਕੌਮ ਨੂੰ ਵੱਖਰੀ ਦਿੱਖ ਦਿੰਦਾ ਨਾਨਕਸ਼ਾਹੀ ਕੈਲੰਡਰ ਹੈ ਉਸਨੂੰ ਤੁਸੀ ਲਾਗੂ ਨਹੀਂ ਹੋਣ ਦਿੰਦੇ ।ਜਦੋਂ ਟੌਹੜਾ ਸਾਹਿਬ ਜਾਂ ਬੀਬੀ ਜੰਗੀਰ ਕੌਰ ਦੀ ਪ੍ਰਧਾਨਗੀ ਸਮੇਂ ਇਹ ਕਈ ਸਾਲ ਲਾਗੂ ਵੀ ਰਿਹਾ।ਪਰ ਹੁਣ ਬਾਹਰਲੇ ਸਿੱਖ ਇਹ ਸਮਝਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਦਾ ਭੋੋਗ ਪਾਉਂਣ ਵਿੱਚ ਸੁਖਬੀਰ ਬਾਦਲ ਦਾ ਹੱਥ ਹੈ।ਇਹ ਮੇਰਾ ਆਪਣਾ ਹੀ ਵਿਚਾਰ ਆ ਕਿ ਬਾਹਰਲੇ ਸਿੱਖ ਬੀ.ਜੇ.ਪੀ. ਨਾਲ ਅਕਾਲੀਆਂ ਦੀ ਸਾਂਝ ਪੰਜਾਬ ਲਈ ਮਾਰੂ ਸਮਝਦੇ ਆ।ਜੇ ਕਾਂਗਰਸ ਨੇ ਸਿੱਖਾਂ ਨਾਲ ਵਧੀਕੀਆਂ ਕੀਤੀਆਂ ਤਾਂ ਬੀ.ਜੇ.ਪੀ ਉਪਰ ਮੁਸਲਮਾਨਾ,ਈਸਾਈਆਂ ਤੇ ਹੋਰ ਘੱਟ ਗਿਣਤੀਆਂ ਨੂੰ ਤੰਗ ਕਰਨ ਦੇ ਦੋਸ਼ ਲੱਗ ਰਹੇ ਹਨ?ਅਕਾਲੀ ਪਾਰਟੀ ਜਾਂ ਸਿੱਖਾਂ ਦੀ ਪਾਰਟੀ ਦਾ ਸਿਧਾਂਤ ਤਾਂ ਮਜਲੂੰਮਾਂ ਦੇ ਹੱਕਾਂ ਦੀ ਗੱਲ ਕਰਨੀ ਹੁੰਦੀ ਹੈ। ਬਾਹਰ ਇਹ ਵੀ ਚਰਚਾ ਹੁੰਦੀ ਹੈ ਕਿ ਜਦੋਂ ਬਾਦਲ ਦਲ ਪਾਵਰ ਚ (ਸੱਤਾ ਚ) ਹੋਵੇ ਉਦੋਂ ਪੰਜਾਬ ਦੇ ਮੁੱਦੇ ਭੁਲ ਜਾਂਦੇ ਆ।ਜਦੋਂ ਸੱਤਾ ਤੋਂ ਬਾਹਰ ਹੋਣ ਉਦੋਂ ਕੁਰਸੀ ਲਈ ਪੰਜਾਬ ਦੀਆਂ ਮੰਗਾਂ ਦਾ ਡੰਕਾ ਵਜਾ ਦਿੰਦੇ ਆ।ਮੇਰੀ ਕਲੰਡਰ ਵਾਲੀ ਗੱਲ ਤੇ ਸੁਖਬੀਰ ਸਿੰਘ ਨੇ ਕਿਹਾ ਕਿ ਮੈਨੂੰ ਤਾਂ ਇਹਦਾ ਬਹੁਤਾ ਗਿਆਨ ਜਾਂ ਜਾਣਕਾਰੀ ਨਹੀਂ।ਮੈਂ ਕਿਹਾ ਕਿ ਫਿਰ ਤੁਸੀਂ ਵਿਚਾਰ ਕਰੋ। ਦੋਨਾ ਪੱਖਾਂ ਨੂੰ ਲੈ ਕੇ ਕਮੇਟੀਆਂ ਬਣਾਓ। ਵਿਦਵਾਨਾ ਨੂੰ ਨਾਲ ਲੈ ਕੇ ਹੱਲ ਕੱਢੋ,ਤੁਹਾਡੀ ਮੁਖਾਲਫਤ ਦਾ ਇਹ ਵੀ ਕਾਰਣ ਹੈ ਕਿ ਜਦੋਂ ਕੋਈ ਵੀ ਮਸਲਾ ਸਮੇਂ ਸਿਰ ਹੱਲ਼ ਨਹੀਂ ਹੁੰਦਾ ਜਾਂ ਲਮਕਾਇਆ ਜਾਂਦਾ ਹੈ ਤਾਂ ਉਲਝਨਾ ਵੱਧਦੀਆ ਹੀ ਜਾਂਦੀਆਂ ਹਨ।ਬਾਕੀ ਸਰਕਾਰਾਂ ਤਾਂ ਆਉਂਦੀਆਂ ਜਾਂਦੀਆ ਹਨ ਰਹਿਦੀਆਂ ਹਨ ਅਗਲੀ ਵਾਰ ਲੋਕ ਤੁਹਾਨੂੰ ਜਿਤਾ ਸਕਦੇ ਹਨ ਪਰ ਜਿਨਾ ਚਿਰ ਸਿੱਖ ਕੌਮ ਦੀਆਂ ਉਮੰਗਾਂ ਜਾਂ ਪੰਜਾਬ ਦਾ ਭਲਾ ਆਦਿ ਇਹ ਗੱਲਾਂ ਪਾਰਟੀ ਕੇਡਰ ਚੋਂ ਮਨਫੀ ਰਹਿਣਗੀਆਂ ਉਨਾ ਚਿਰ ਅਲੋਚਨਾ ਜਾਂ ਵਿਰੋਧਤਾ ਦਾ ਸ਼ਿਕਾਰ ਹੁੰਦੇ ਰਹੋਗੇ।ਬੱਸ ਇਸ ਤਰਾਂ ਦੀਆ ਗੱਲਾਂ ਚੱਲਦੀਆ ਰਹੀਆਂ। ਮੈਂ ਇਹ ਵੀਚਾਰ ਵੀ ਦਿੱਤਾ ਕਿ ਤੁਹਾਡਾ ਕੋਈ ਛੋਟਾ ਵੱਡਾ ਲੀਡਰ ਜਦੋਂ ਬਾਹਰ ਜਾਂਦਾ ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਬੈਠ ਕੇ ਆਪਣੇ ਰਿਸ਼ਤੇਦਾਰਾਂ ਤੇ ਮਿਤਰਾਂ ਦਾ ਅਕਾਲੀ ਦਲ ਬਣਾ ਆਉਂਦਾ ਹੈ।ਉਸਦੇ ਆਉਂਣ ਤੋਂ ਬਾਅਦ ਉਸਦਾ ਭੋਗ ਪੈ ਜਾਂਦਾ ਹੈ!ਫਿਰ ਥੋੜਾ ਹਾਸਾ ਮਖੌਲ ਵੀ ਚਲਿਆ ਏਨਾਂ ਆਖਦੇ ਹੋਏ ਅਸੀਂ ਚਾਹ ਪਾਣੀ ਪੀ ਕੇ ਆਪਣੇ ਪਿੰਡ ਨੂੰ ਚਾਲੇ ਪਾ ਦਿੱਤੇ।ਪਰ ਬਾਅਦ ਵਿੱਚ ਮੈਂ ਝੱਬਰ ਸਾਹਿਬ ਨੂੰ ਕਿਹਾ ਕਿ ਕੁਝ ਗੱਲਾਂ ਹੋਰ ਵੀ ਕਰਨ ਵਾਲੀਆ ਸਨ ਪਰ ਸਮਾਂ ਘੱਟ ਸੀ ਇੱਕ ਤਾਂ ਇਹ ਕਿ ਜੋ ਪੀ.ਟੀ.ਸੀ ਚੈਨਲ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਾਦਲ ਪ੍ਰੀਵਾਰ ਦਾ ਹੈ ਇਹ ਇੱਕ ਪਾਸੜ ਹੀ ਹੈ ਮਿਸਾਲ ਦੇ ਤੌੌਰ ਤੇ ਵਿਦੇਸ਼ਾਂ ਵਿੱਚਲੇ ਨਗਰ ਕੀਰਤਨਾ ਦੀ ਸਾਰੀ ਕਵਰੇਜ਼ ਨਹੀਂ ਕਰਦਾ ਬੱਸ ਜਿਨੀ ਕੁ ਉਨਾ ਨੂੰ ਫਾਇਦੇਮੰਦ ਲੱਗਦੀ ਹੈ ਉਹੀ ਦਿਖਾਉਂਦੇ ਹਨ।ਇਸ ਨੂੰ ਵੀ ਆਮ ਸਿੱਖ ਬਹੁਤਾ ਚੰਗਾ ਨਹੀਂ ਸਮਝਦੇ ਹਨ।
ਸਵਾਲ :-ਇਸਤੋਂ ਇਲਾਵਾ ਹੋਰ ਕੋਈ ਗੱਲ?
-ਪੰਜਾਬ ਜਾਕੇ ਆਪਣੇਂ ਪਿੰਡ, ਆਪਣੇਂ ਜੱਦੀ ਸ਼ਹਿਰ ਚ ਜਾਕੇ ਮਿਤਰਾਂ, ਦੋਸਤਾਂ ਰਿਸਤੇਦਾਰਾਂ ਨੂੰ ਮਿਲਣਾ ਚੰਗਾ ਲੱਗਿਆ।ਪਰ ਖਾਣ ਪੀਣ ਸਮੇਂ ਸੰਕੋਚ ਕਰਨਾ, ਬੇਗਾਨੇ ਪਣ ਦਾ ਅਹਿਸਾਸ ਦਿਵਾਉਂਦਾ ਹੈ।ਜਿਨਾ ਨਲਕਿਆਂ,ਖੂਹਾਂ ਦਾ ਪਾਣੀਂ ਅੰਮ੍ਰਿਤ ਸਮਝ ਕੇ ਪੀਂਦੇ ਸੀ ਉਹ ਜਹਿਰੀਲਾ ਹੋ ਗਿਆ।ਜਿਸ ਹਵਾ ਵਿੱਚ ਲੰਮੇ ਸਾਹ ਲੈ ਕੇ ਜਵਾਨ ਹੋਏ ਉਹ ਵੀ ਜਹਿਰੀਲੀ ਹੋ ਗਈ।ਤੰਦਰੁਸਤੀ ਨਾਲ ਵਾਪਸ ਚਲੇ ਜਾਈਏ ਹਰ ਵਿਦੇਸ਼ੀ ਪੰਜਾਬੀ ਦੀ ਇਹੀ ਖਾਹਸ਼ ਹੁੰਦੀ ਹੈ।ਪਿੰਡ ਹੇੜੀ ਕੇ (ਸੰਗਰੂਰ) ਵਿਖੇ ਕੀਰਤਨ ਸਿਖਾਉਂਣ ਵਾਲੇ, ਬੀਮਾਰੀ ਦਾ ਸਾਹਮਣਾ ਕਰ ਰਹੇ ਮੱਘਰ ਖਾਨ ਦੀ ਮਦਦ,ਲੁਧਿਆਣੇ ਵਿੱਚ ਨੇਤਰਹੀਣਾਂ ਦੀ ਸਹਾਇਤਾ ਅਤੇ ਮੁਲਾਪੁਰ ਦਾਖਾਂ( ਲੁਧਿਆਣਾ) ਵਿੱਚ ਚੱਲ ਰਹੇ ਗੁਰਮਤਿ ਭਵਨ ਵਿੱਚ ਸਿਖਿਆ ਲੈ ਬੱਚਿਆਂ ਦੀ ਆਰਥਿਕ ਮੱਦਦ ਕਰਨਾ ਮੈਂ ਸਮਝਦਾ ਮੇਰੇ ਲਈ ਵੱਡਭਾਗੀ ਗੱਲ ਸੀ।ਮੈਂ ਇਹ ਦੱਸਣਾਂ ਚਹੁੰਨਾ ਕਿ ਜੋ ਵੀ ਮਾਇਕ ਸਹਾਇਤਾ ਉਪ੍ਰੋਕਤ ਕੀਤੀ ਹੈ ਉਹ 100-100 ਜਾਂ 50-50 ਡਾਲਰ ਮੈਂ ਤੇ ਮੇਰੇ ਹੋਰ ਦੋਸਤ ਇਕੱਠੇ ਕਰਦੇ ਹਾਂ ਇਸ ਬਹਾਨੇ ਹਰੇਕ ਸਾਲ ਲੋੜਵੰਦਾਂ ਸਹਾਇਤਾ ਹੋ ਜਾਂਦੀ ਹੈ।ਮੈਂ ਉਨਾ ਸਾਰੇ ਭਰਾਵਾ ਭੈਣਾਂ ਦਾ ਧੰਨਵਾਦ ਕਰਦਾਂ ਜਿਨਾ ਨੇ ਮੇਰੇ ਤੇ ਭਰੋਸਾ ਕਰਕੇ ਇਸ ਨੇਕ ਕੰਮ ਵਿੱਚ ਹਿੱਸਾ ਪਾਇਆ।ਜਦੋਂ ਕਦੇ ਫਿਰ ਮੌਕਾ ਮਿਲਿਆ ਪੰਜਾਬ ਜਾਣ ਦਾ ਫਿਰ ਜਿਨੀ ਕੁ ਅਕਾਲ ਪੁਰਖ ਨੇ ਸੋਝੀ ਦਿੱਤੀ ਜਾਂ ਬਖਸ਼ਸ਼ ਕੀਤੀ ਫਿਰ ਸੇਵਾ ਵਿੱਚ ਹਿੱਸਾ ਪਾ ਲਵਾਂਗੇੇ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.