ਸ੍ਰੀਲੰਕਾ ਖ਼ਿਲਾਫ਼ ਆਖ਼ਰੀ ਟੀ-20 ਮੂਕਾਬਲੇ ਵਿਚ ਮੁੜ ਲੈਅ ਹਾਸਲ ਕਰਨ ਵਾਲੇ ਧਵਨ ਨੇ 90 ਗੇਂਦਾਂ ‘ਤੇ 96 ਦੌੜਾਂ ਬਣਾਈਆਂ ਜਦਕਿ ਪਿਛਲੇ ਮੈਚ ਦੀ ਨਾਕਾਮੀ ਤੋਂ ਬਾਅਦ ਮੁੜ ਆਪਣੇ ਪਸੰਦੀਦਾ ਤੀਜੇ ਨੰਬਰ ‘ਤੇ ਮੁੜੇ ਕੋਹਲੀ ਨੇ 76 ਗੇਂਦਾਂ ‘ਤੇ 78 ਦੌੜਾਂ ਦੀ ਪਾਰੀ ਖੇਡੀ। ਉਥੇ ਜ਼ਖ਼ਮੀ ਰਿਸ਼ਭ ਪੰਤ ਦੀ ਗ਼ੈਰਹਾਜ਼ਰੀ ਵਿਚ ਇਸ ਮੈਚ ਵਿਚ ਬਤੌਰ ਵਿਕਟਕੀਪਰ ਬੱਲੇਬਾਜ਼ ਉਤਰੇ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 52 ਗੇਂਦਾਂ ‘ਤੇ 80 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਧਵਨ ਨੇ ਰੋਹਿਤ ਸ਼ਰਮਾ (42) ਨਾਲ ਪਹਿਲੀ ਵਿਕਟ ਲਈ 81 ਦੌੜਾਂ ਦੀ ਭਾਈਵਾਲੀ ਕੀਤੀ ਹਾਲਾਂਕਿ ਰੋਹਿਤ ਬੱਲੇਬਾਜ਼ੀ ਲਈ ਢੁੱਕਵੀਂ ਪਿੱਚ ‘ਤੇ ਸੈੱਟ ਹੋਣ ਤੋਂ ਬਾਅਦ ਵੱਡਾ ਸਕੋਰ ਨਾ ਬਣਾ ਸਕੇ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਖੱਬੇ ਹੱਥ ਦੇ ਬੱਲੇਬਾਜ਼ ਧਵਨ ਨੇ ਕਪਤਾਨ ਕੋਹਲੀ ਨਾਲ ਦੂਜੀ ਵਿਕਟ ਲਈ 103 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਕੋਹਲੀ ਤੇ ਰਾਹੁਲ ਦੀ ਜੋੜੀ ਨੇ ਸਿਰਫ਼ 10.3 ਓਵਰਾਂ ਵਿਚ 78 ਦੌੜਾਂ ਜੋੜੀਆਂ। ਧਵਨ ਨੇ ਆਪਣੀ ਪਾਰੀ ਵਿਚ 13 ਚੌਕੇ ਤੇ ਇਕ ਛੱਕਾ ਲਾਇਆ ਜਦਕਿ ਕੋਹਲੀ ਨੇ ਛੇ ਚੌਕੇ ਜੜੇ। ਰਾਹੁਲ ਨੇ ਛੇ ਚੌਕਿਆਂ ਤੇ ਤਿੰਨ ਛੱਕਿਆਂ ਨਾਲ ਸ਼ਾਨਦਾਰ ਪਾਰੀ ਖੇਡੀ। ਇਸ ਮੈਚ ਵਿਚ ਭਾਰਤੀ ਪਾਰੀ ਦੌਰਾਨ ਅੰਪਾਇਰਾਂ ਨੇ ਭਾਰਤ ‘ਤੇ ਪੰਜ ਦੌੜਾਂ ਦੀ ਪੈਨਲਟੀ ਲਾਈ ਸੀ ਪਰ ਆਸਟ੍ਰੇਲੀਆ ਦੀ ਪਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੰਪਾਇਰਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਨੇ ਭਾਰਤ ‘ਤੇ ਲਾਈ ਪੈਨਲਟੀ ਨੂੰ ਹਟਾ ਲਿਆ। ਦਰਅਸਲ ਭਾਰਤ ਦੇ ਵਿਰਾਟ ਕੋਹਲੀ ਤੇ ਰਵਿੰਦਰ ਜਡੇਜਾ ਨੇ ਪਿੱਚ ਵਿਚਾਲੇ ਦੌੜ ਲਾਈ ਸੀ।