ਤਿਰੂਵੰਤਪੁਰਮ : ਭਾਰਤੀ ਜਨਤਾ ਪਾਰਟੀ ਦੀ ਸੰਸਥਾ ਭਾਰਤੀ ਯੁਵਾ ਮੋਰਚਾ ਦੇ ਵਰਕਰਾਂ ਨੇ ਤਿਰੂਵੰਤਪੁਰਮ ਸਥਿਤ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੇ ਦਫ਼ਤਰ ‘ਤੇ ਹਮਲਾ ਕਰ ਦਿਤਾ। ਦਫ਼ਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੇ ਉਸ ਦੇ ਅੰਦਰ ਤੋੜਫੋੜ ਕੀਤੀ। ਯੁਵਾ ਮੋਰਚਾ ਦੇ ਵਰਕਰਾਂ ਨੇ ਸ਼ਸ਼ੀ ਥਰੂਰ ਦੇ ਹਾਲ ਹੀ ਵਿਚ ਦਿਤੇ ਗਏ ‘ਹਿੰਦੂ ਪਾਕਿਸਤਾਨ’ ਦੇ ਵਿਰੋਧ ਵਿਚ ਇਸ ਘਟਨਾ ਨੂੰ ਅੰਜ਼ਾਮ ਦਿਤਾ ਹੈ। ਇਨ੍ਹਾਂ ਵਰਕਰਾਂ ਨੇ ਦਫ਼ਤਰ ਦੇ ਪ੍ਰਮੁੱਖ ਦੁਆਰਾ ‘ਤੇ ਕਾਲਾ ਤੇਲ ਸੁੱਟਿਆ ਅਤੇ ਕਾਲੇ ਝੰਡੇ ਲਗਾ ਦਿਤੇ। ਇਸ ਦੇ ਨਾਲ ਹੀ ਪਹਿਲਾਂ ਲੱਗੇ ਹੋਏ ਬੋਰਡ ਨੂੰ ਉਖਾੜ ਕੇ ਉਸ ਦੀ ਜਗ੍ਹਾ ਇਕ ਨਵਾਂ ਬੋਰਡ ਲਗਾ ਦਿਤਾ।
ਇਸ ਬੋਰਡ ‘ਤੇ ‘ਥਰੂਰ ਦਾ ਪਾਕਿਸਤਾਨ ਦਫ਼ਤਰ’ ਲਿਖਿਆ ਹੋਇਆ ਹੈ। ਇਹ ਜਾਣਕਾਰੀ ਪੁਲਿਸ ਨੇ ਦਿਤੀ ਹੈ। ਜਦੋਂ ਸ਼ਸ਼ੀ ਥਰੂਰ ਦੇ ਦਫ਼ਤਰ ‘ਤੇ ਹਮਲਾ ਕੀਤਾ ਗਿਆ, ਉਦੋਂ ਨਾ ਤਾਂ ਥਰੂਰ ਅਤੇ ਨਾ ਹੀ ਹੋਰ ਉਥੇ ਮੌਜੂਦ ਸੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਸਾਰੇ ਪ੍ਰਦਰਸ਼ਨਕਾਰੀ ਉਥੋਂ ਭੱਜ ਗਏ। ਪੁਲਿਸ ਨੇ ਅਣਪਛਾਤੇ ਲੋਕਾਂ ਦੀ ਭੀੜ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਕਾਂਗਰਸ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਕਿਹਾ ਕਿ ਕੀ ਇਹ ਉਹੀ ਹਿੰਦੂਤਵ ਹੈ, ਜਿਸ ਨੂੰ ਮੈਂ ਜਾਣਦਾ ਹਾਂ।ਰਾਜ ਦੇ ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇਨਿਥਲਾ ਨੇ ਕਿਹਾ ਕਿ ਇਹ ਕਾਇਰਾਂ ਦਾ ਹਮਲਾ ਹੈ। ਇਸ ਨਾਲ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਕਾਂਗਰਸ ਨੇ ਥਰੂਰ ਦੇ ਹਿੰਦੂ ਪਾਕਿਸਤਾਨ ਵਾਲੇ ਬਿਆਨ ਤੋਂ ਦੂਰੀ ਬਣਾ ਲਈ ਸੀ ਪਰ ਪਾਰਟੀ ਦੀ ਕੇਰਲ ਯੂਨਿਟ ਥਰੂਰ ਦੇ ਬਿਆਨ ਦਾ ਸਮਰਥਨ ਕਰ ਰਹੀ ਹੈ। ਦਸ ਦਈਏ ਕਿ ਥਰੂਰ ਨੇ ਹਾਲ ਹੀ ਵਿਚ ਕਿਹਾ ਸੀ ਕਿ ਜੇਕਰ ਭਾਜਪਾ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੁਬਾਰਾ ਜਿੱਤਦੀ ਹੈ ਤਾਂ ਭਾਰਤ ਇਕ ‘ਹਿੰਦੂ ਪਾਕਿਸਤਾਨ’ ਦੇਸ਼ ਬਣ ਜਾਵੇਗਾ।