ਸਿੱਖ ਕੌਮ ਨੂੰ ਗੁਰੂ ਇਤਿਹਾਸ ਨੇ ਗੁਰਬਾਣੀ ਦੇ ਰੂਪ ‘ਚ ਗਿਆਨ ਦਾ ਵੱਗਦਾ ਸੂਰਜ ਦਿੱਤਾ, ਜਿਸਦੇ ਚਾਨਣ ਨਾਲ ਹਰ ਸਿੱਖ ਦੀ ਬੁੱਧੀ ਰੁਸ਼ਨਾਉਣੀ ਚਾਹੀਦੀ ਸੀ। ਬੌਧਕਿਤਾ, ਗਿਆਨ ਹੀ ਮਨੁੱਖ ਨੂੰ ਪਸ਼ੂਆਂ ਦੀ ਸ਼੍ਰੇਣੀ ‘ਚੋਂ ਕੱਢ ਕੇ ਮਨੁੱਖ ਤੇ ਪਰਮ ਮਨੁੱਖ ਬਣਾਉਂਦਾ ਹੈ। ਜਿਸ ਕੌਮ ਪਾਸ ਗਿਆਨ ਨਹੀਂ, ਉਹ ਕੌਮ ਜਾਹਲਾਂ ਦੀ ਕੌਮ ਹੀ ਰਹਿ ਜਾਂਦੀ ਹੈ, ਇਸ ਕਾਰਣ ਚੰਗੇ ਸਮਾਜ ਅਤੇ ਮਹਾਨ ਕੌਮ ਦੀ ਸਿਰਜਣਾ ‘ਚ ਸਿਖਿਆ ਦਾ ਸਭ ਤੋਂ ਅਹਿਮ ਰੋਲ ਮੰਨਿਆ ਗਿਆ ਹੈ। ਗੁਰੂ ਸਾਹਿਬਾਨ ਨੇ ਜੰਗਾਂ-ਯੁੱਧਾਂ ‘ਚ ਵੀ ਗਿਆਨ ਦੀ ਧਾਰਾ ਨੂੰ ਸੁੱਕਣ ਨਹੀਂ ਦਿੱਤਾ, ਕਿਉਂਕਿ ਜੰਗਾਂ-ਯੁੱਧਾਂ ‘ਚ ਤਾਂ ਭਾਵੇਂ ਅੱਧੀ ਕੌਮ ਇੱਕੋ-ਦਿਨ ਸ਼ਹੀਦ ਹੋਈ। ਮੀਰ-ਮਨੂੰ, ਜਕਰੀਆ ਖਾਨ ਤੇ ਅਹਿਮਦਸ਼ਾਹ ਅਬਦਾਲੀ ਵਰਗਿਆਂ ਵੱਲੋਂ ਕੌਮ ਨੂੰ ਖ਼ਤਮ ਕਰਨ ਦੇ ਕਈ ਵਾਰ ਦਾਅਵੇ ਕੀਤੇ ਗਏ, ਪ੍ਰੰਤੂ ਕੌਮ ਦੂਣ-ਸਵਾਈ ਹੁੰਦੀ ਰਹੀ। ਕੌਮ ਨੂੰ ਗੁਰੂ ‘ਤੇ ਭਰੋਸਾ ਸੀ, ਗੁਰਬਾਣੀ ਦਾ ਸਹਾਰਾ ਸੀ ਅਤੇ ਗੁਰਬਾਣੀ ਕਾਰਣ ਮਨ ਮਸਤਕ ‘ਚ ਗਿਆਨ ਦਾ ਦੀਵਾ ਲਟ-ਲਟ ਜੱਗਦਾ ਸੀ, ਜਿਸ ਕਾਰਣ ਮੌਤ ਦਾ ਖੌਫ਼ ਕਦੇ ਵੀ ਕੌਮ ਤੇ ਭਾਰੂ ਨਹੀਂ ਹੋਇਆ। ਅੱਜ ਦਾ ਦਿਨ ਕੌਮ ਦੇ ਬੁੱਧੀਜੀਵੀਆਂ ਨੂੰ ਝੰਜੋੜਨ ਵਾਲਾ ਹੈ।
ਅੱਜ ਫਿਰ ਕੌਮ ਦੀ ਹੋਂਦ ਤੇ ਪ੍ਰਸ਼ਨ ਚਿੰਨ ਖੜ੍ਹੇ ਹੋ ਰਹੇ ਹਨ, ਸਿੱਖ ਸਿਧਾਤਾਂ ਨੂੰ ਵੱਡਾ ਖੋਰਾ ਲੱਗਾ ਹੋਇਆ ਹੈ, ਗੁਰੂ ਦੀ ਸੁਣਨੀ ਬੰਦ ਕਰ ਦਿੱਤੀ ਹੈ ਅਤੇ ਕੌਮ ਦੀ ਜੁਆਨੀ ਪਤਿਤਪੁਣੇ, ਲੱਚਰਤਾ ਤੇ ਨਸ਼ਿਆਂ ਦੇ ਅੰਨ੍ਹੇ ਖੂਹ ‘ਚ ਛਾਲਾਂ ਮਾਰ ਰਹੀ ਹੈ। ਜਦੋਂ ਕੌਮ ਨੂੰ ਅੰਦਰੋਂ-ਬਾਹਰੋਂ ਦੋਵਾਂ ਪਾਸਿਆਂ ਤੋਂ ਘੇਰ ਕੇ, ਕੌਮੀ ਜਜ਼ਬੇ ਦਾ ਖਾਤਮਾ ਕੀਤਾ ਜਾ ਰਿਹਾ ਹੋਵੇ, ਉਸ ਸਮੇਂ ਅੱਜ ਦੇ ਦਿਨ 30 ਜੁਲਾਈ 1873, ਜਿਸ ਦਿਨ ਕੌਮ ਦੇ ਨੌਜਵਾਨਾਂ ‘ਚ ਧਰਮ ਬਦਲੀ ਦੀਆਂ ਘਟਨਾਵਾਂ ਨੂੰ ਲੈ ਕੇ ਕੌਮ ਦੇ ਦਰਦਮੰਦ ਬੁੱਧੀਜੀਵੀ ਬਾਬਾ ਖੇਮ ਸਿੰਘ ਬੇਦੀ, ਸਰਦਾਰ ਠਾਕਰ ਸਿੰਘ ਸੰਧਾਵਾਲੀਆ ਅਤੇ ਕੰਵਰ ਬਿਕਰਮ ਸਿੰਘ ਕਪੂਰਥਲੇ ਵਾਲੇ ਕੌਮ ‘ਚ ਸ਼ੁਰੂ ਹੋ ਰਹੇ ਨਿਘਾਰ ਨੂੰ ਰੋਕਣ ਲਈ ਸਿਰ ਜੋੜ੍ਹ ਕੇ ਬੈਠੇ ਸਨ ਅਤੇ ਕੌਮੀ ਨਿਘਾਰ ਦੇ ਖ਼ਾਤਮੇ ਲਈ ਸਿੰਘ ਸਭਾ ਲਹਿਰ ਚਲਾਉਣ ਦਾ ਦ੍ਰਿੜ੍ਹਤਾ ਨਾਲ ਫੈਸਲਾ ਲਿਆ ਸੀ, ਅੱਜ ਜਦੋਂ ਡੇਢ ਕੁ ਸੋ ਸਾਲ ਬਾਅਦ ਕੌਮ ‘ਚ ਮੁੜ ਤੋਂ ਉਹੋ ਜਿਹੀ ਸਥਿੱਤੀ ਪੈਦਾ ਹੋ ਗਈ ਹੈ, ਕੌਮੀ ਜਜ਼ਬੇ ਦਾ ਖ਼ਾਤਮਾ ਕਰਨ ਲਈ ਕੌਮ ਦੀਆਂ ਧਾਰਮਿਕ ਸੰਸਥਾਵਾਂ ਦੀ ਹੋਂਦ ‘ਤੇ ਪ੍ਰਸ਼ਨ ਚਿੰਨ ਲੱਗ ਰਹੇ ਹਨ, ਕੌਮ ‘ਚ ਗੁਰੂ ਦੀ ਥਾਂ ਆਪੋ-ਆਪਣੀ ਸੁਣਨ ਤੇ ਸੁਣਾਉਣ ਦੀ ਦੀ ਆਪਾ-ਧਾਪੀ ਪੈ ਚੁੱਕੀ ਹੈ, ਧਾਰਮਿਕ ਆਗੂ, ਲੋਭੀ ਲਾਲਸੀ, ਪਾਖੰਡੀ ਤੇ ਸੁਆਰਥੀ ਹੋ ਚੁੱਕੇ ਹਨ, ਸਿੱਖ ਇਤਿਹਾਸ ਤੇ ਪ੍ਰੰਪਰਾਵਾਂ ਦਾ ਘਾਣ ਹੋਣ ਲੱਗ ਪਿਆ ਹੈ, ਕੌਮ ਦੇ ਨਿਆਰੇਪਣ ਨੂੰ ਖੋਰਾ ਲੱਗ ਚੁੱਕਾ ਹੈ, ਉਸ ਸਮੇਂ ਵੀ ਜੇ ਕੌਮ ਦੇ ਬੁੱਧੀਜੀਵੀ ਚੁੱਪ ਬੈਠੇ ਰਹੇ, ਉਨ੍ਹਾਂ ਨੂੰ ਅੱਜ ਦੇ ਦਿਨ ਦੇ ਸੁਨੇਹੇ ਨੇ ਝੰਜੋੜ ਕੇ ਜਗਾਇਆ ਨਾ, ਫ਼ਿਰ ਉਹ ਗੁਰੂ ਵੱਲੋਂ ਬਖ਼ਸੀ ਸਿਆਣੀ ਮੱਤ ਨੂੰ ਕੌਮ ਦੇ ਭਲੇ ਹਿੱਤ ਲਈ ਨਾਂਹ ਵਰਤਣ ਦੇ ਦੋਸ਼ੀ ਹੀ ਨਹੀਂ ਸਗੋਂ ਅਕ੍ਰਿਤਘਣ ਵੀ ਹੋਣਗੇ।
ਸਿਆਸੀ ਤੇ ਧਾਰਮਿਕ ਆਗੂ ਸੁਆਰਥੀ ਤੇ ਪਦਾਰਥੀ ਹੋ ਚੁੱਕੇ ਹਨ, ਉਨ੍ਹਾਂ ਵੱਲ ਸੱਚ ਤੇ ਧਰਮ ਦੀ ਰਾਖ਼ੀ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ, ਸਗੋਂ ਉਹ ਸੱਚ ਤੇ ਧਰਮ ਦੇ ਖ਼ਾਤਮੇ ਲਈ ਖ਼ੁਦ ਕਾਹਲੇ ਹਨ, ਕਿਉਂਕਿ ਸੱਚ ਦਾ ਸੂਰਜ ਉਨ੍ਹਾਂ ਦੇ ਚਿਹਰਿਆਂ ਤੇ ਚੜ੍ਹੀ ਪਾਖੰਡ ਦੀ ਕਾਲਖ਼ ਨੂੰ ਨੰਗਾ ਕਰਦਾ ਹੈ। ਕੌਮ ਨੂੰ ਸੇਧ ਦੇਣ ਦੀ ਜੁੰਮੇਵਾਰੀ ਆਗੂਆਂ ਦੇ ਨਾਲ-ਨਾਲ ਬੁੱਧੀਜੀਵੀਆਂ ਸਿਰ ਵੀ ਬਰਾਬਰੀ ਦੀ ਹੁੰਦੀ ਹੈ। ਹੁਣ ਜਦੋਂ ਆਗੂ ਹੀ ਕੂੜ ਦੇ ਠੇਕੇਦਾਰ ਹੋ ਗਏ ਹਨ, ਫ਼ਿਰ ਅਗਲੀ ਜੁੰਮੇਵਾਰੀ ਬੁੱਧੀਜੀਵੀਆਂ ਸਿਰ ਆਉਂਦੀ ਹੈ। ਆਪਣੇ ਗਿਆਨ ਦੇ ਹਥਿਆਰ ਨਾਲ ਉਹ ਇਨ੍ਹਾਂ ਕੂੜ ਦੇ ਸੌਦਾਗਰਾਂ ਦੇ ਖ਼ਾਤਮੇ ਲਈ ਅੱਗੇ ਆਉਣ। ਹੁਣ ਸਮਾਂ ਮੰਗ ਕਰਦਾ ਹੈ ਕਿ ਸਿੰਘ ਸਭਾ ਲਹਿਰ ਮੁੜ ਤੋਂ ਆਰੰਭੀ ਜਾਵੇ। ਕੌਮ ਨੂੰ ਪਾਖੰਡ ਤੇ ਆਡੰਬਰਾਂ ਤੋਂ ਅਜ਼ਾਦ ਕਰਵਾਇਆ ਜਾਵੇ ਅਤੇ ਦੰਭੀ ਆਗੂਆਂ ਤੋਂ ਕੌਮ ਦੀ ਮੁਕਤੀ ਕਰਵਾਈ ਜਾਵੇ ਤਾਂ ਕਿ ਜਿਸ ਨਿਆਰੇ ਨਿਰਾਲੇ ਪੰਥ ਦੀ ਸਾਜਨਾ ਦਸਮੇਸ਼ ਪਿਤਾ ਨੇ ਦੁਨੀਆ ਦੀ ਅਗਵਾਈ ਕਰਨ ਲਈ ਕੀਤੀ ਸੀ, ਉਹ ਕੌਮ ਸੱਚੀ-ਮੁੱਚੀ ਸਮੁੱਚੀ ਦੀਆਂ ਨੂੰ ਗਿਆਨ ਵੰਡਣ ਤੇ ਸਰਬੱਤ ਦੇ ਭਲੇ ਨੂੰ ਯਕੀਨੀ ਬਣਾ ਸਕੇ।