ਕੈਨੇਡਾ— ਜ਼ਿੰਦਗੀ ‘ਚ ਕੁੱਝ ਪਲ ਅਜਿਹੇ ਹੁੰਦੇ ਹਨ ਜਦ ਉਹ ਅਚਾਨਕ ਹੀ ਸੁਰਖੀਆਂ ‘ਚ ਆ ਜਾਂਦੇ ਹਨ। ਅਜਿਹਾ ਹੀ ਕੁੱਝ ਕੈਨੇਡਾ ‘ਚ ਵੀ ਦੇਖਣ ਨੂੰ ਮਿਲਿਆ, ਜਿੱਥੇ ਡਾਕਟਰ ਨੇ ਇਕ ਬੱਚੇ ਦਾ ਆਪਰੇਸ਼ਨ ਕਰਨ ਤੋਂ ਪਹਿਲਾਂ ਉਸ ਦੇ ਟੈਡੀ ਬੀਅਰ ਦਾ ਆਪਰੇਸ਼ਨ ਕੀਤਾ ਕਿਉਂਕਿ ਬੱਚਾ ਚਾਹੁੰਦਾ ਸੀ ਕਿ ਉਸ ਦੇ ਇਲਾਜ ਤੋਂ ਪਹਿਲਾਂ ਉਸ ਦੇ ਟੈਡੀ ਬੀਅਰ ਦਾ ਇਲਾਜ ਕੀਤਾ ਜਾਵੇ। ਡਾਕਟਰ ਨੇ ਅਜਿਹਾ ਹੀ ਕੀਤੇ ਤੇ ਉਸ ਦੇ ਇਸ ਕੰਮ ਦੀਆਂ ਸੋਸ਼ਲ ਮੀਡੀਆ ‘ਤੇ ਸਿਫਤਾਂ ਹੋ ਰਹੀਆਂ ਹਨ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪ੍ਰੇਸ਼ਨ ਮੁਤਾਬਕ ਡਾਕਟਰ ਮੈਕਨੇਲੀ ਨੇ 8 ਸਾਲ ਦੇ ਜੈਕਸਨ ਮੈਕੀ ਦਾ ਆਪਰੇਸ਼ਨ ਕਰਨਾ ਸੀ। ਬੱਚਾ ਦਿਮਾਗ ਨਾਲ ਜੁੜੀ ਹੋਈ ਗੰਭੀਰ ਬੀਮਾਰੀ ਹਾਈਡ੍ਰੋਸੈਫਲਿਸ ਤੋਂ ਪੀੜਤ ਸੀ। ਬੱਚਾ ਸਿਰਫ ਇਹ ਜਾਣਦਾ ਸੀ ਕਿ ਡਾਕਟਰ ਹਰ ਬੀਮਾਰੀ ਨੂੰ ਦੂਰ ਕਰ ਸਕਦੇ ਹਨ। ਮੈਕੀ ਨੇ ਡਾਕਟਰ ਨੈਕਨਲੀ ਤੋਂ ਆਪਣੇ ਟੈਡੀ ਬੀਅਰ ਦਾ ਇਲਾਜ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ। ਉਸ ਨੇ ਕਿਹਾ ਕਿ ਉਸ ਦੇ ਟੈਡੀ ਬੀਅਰ ਨੂੰ ਵੀ ਟਾਂਕੇ ਲਗਾਉਣ ਦੀ ਸਖਤ ਜ਼ਰੂਰਤ ਹੈ।ਡਾਕਟਰ ਨੇ ਦੱਸਿਆ ਕਿ ਬੱਚਾ ਇਸ ਖਿਡੌਣੇ ਲਈ ਜਜ਼ਬਾਤੀ ਸੀ ਅਤੇ ਉਹ ਉਸ ਨੂੰ ਟਾਲ ਨਾ ਸਕਿਆ। ਡਾਕਟਰ ਨੇ ਆਪ੍ਰੇਸ਼ਨ ਥਿਏਟਰ ‘ਚ ਟੈਡੀ ਬੀਅਰ ਦਾ ਆਪਰੇਸ਼ਨ ਕੀਤਾ ਅਤੇ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਬੱਚੇ ਨੇ ਵੀ ਖੁਸ਼ੀ-ਖੁਸ਼ੀ ਆਪਣਾ ਆਪਰੇਸ਼ਨ ਕਰਵਾਇਆ ਅਤੇ ਉਸ ਦੀ ਸਿਹਤ ਹੁਣ ਠੀਕ ਹੈ। ਡਾਕਟਰ ਦੀ ਕੋਸ਼ਿਸ਼ ਸਫਲ ਹੋਈ। ਲੋਕਾਂ ਨੇ ਡਾਕਟਰ ਦੇ ਇਸ ਕੰਮ ਦੀ ਬਹੁਤ ਸਿਫਤ ਕੀਤੀ ਕਿਉਂਕਿ ਉਸ ਨੇ ਬੱਚੇ ਦੇ ਜਜ਼ਬਾਤਾਂ ਦਾ ਧਿਆਨ ਰੱਖਿਆ ਅਤੇ ਬੱਚਾ ਵੀ ਆਪਣੇ ਆਪਰੇਸ਼ਨ ਲਈ ਤਿਆਰ ਹੋ ਗਿਆ। ਇਸ ਪੋਸਟ ਨੂੰ 28000 ਲੋਕਾਂ ਨੇ ਲਾਈਕ ਕੀਤਾ ਅਤੇ 13000 ਲੋਕਾਂ ਨੇ ਰੀਟਵੀਟ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਜਾਣਕਾਰੀ ਸਿਫਤਾਂ ਲਈ ਨਹੀਂ ਸਗੋਂ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਦੇਖਣ ਲਈ ਸਾਂਝੀ ਕੀਤੀ ਤਾਂ ਕਿ ਲੋਕ ਸਮਝ ਸਕਣ ਕਿ ਉਨ੍ਹਾਂ ਦੇ ਇਕ ਚੰਗੇ ਕੰਮ ਨਾਲ ਕਈ ਲੋਕਾਂ ਨੂੰ ਕਿੰਨੀ ਖੁਸ਼ੀ ਮਿਲਦੀ ਹੈ।