ਐਬਟਸਫੋਰਡ,(ਏਜੰਸੀ) — ਕੈਨੇਡਾ ‘ਚ ਬੀਤੇ ਦਿਨ ‘ਕੈਨੇਡਾ ਡੇਅ’ ਮਨਾਇਆ ਗਿਆ ਅਤੇ ਇੱਥੇ ਰਹਿ ਰਹੇ ਇੰਡੋ-ਕੈਨੇਡੀਅਨ ਭਾਈਚਾਰੇ ਨੇ ਵੀ ਇਸ ‘ਚ ਹਿੱਸਾ ਲਿਆ ਪਰ ਇਸ ਦੌਰਾਨ ਇਕ ਹਾਦਸਾ ਵਾਪਰ ਗਿਆ। ਐਬਟਸਫੋਰਡ ਵਿਖੇ ਕੱਢੀ ਗਈ ਪਰੇਡ ਦੌਰਾਨ ਇੰਡੋ-ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਦੇ ਇਕ ਫਲੋਟ ‘ਚੋਂ ਇਕ ਪੰਜਾਬੀ ਬਜ਼ੁਰਗ ਹੇਠਾਂ ਡਿੱਗ ਗਿਆ ਅਤੇ ਉਸ ਦਾ ਦਿਹਾਂਤ ਹੋ ਗਿਆ। ਇਸ ਬਜ਼ੁਰਗ ਦੀ ਪਛਾਣ ਸੋਹਣ ਸਿੰਘ ਸੰਧੂ ਵਜੋਂ ਹੋਈ ਹੈ, ਜੋ ਇੱਥੇ ਟੂਰਿਸਟ ਵੀਜ਼ੇ ‘ਤੇ ਆਇਆ ਸੀ। ਜਾਣਕਾਰੀ ਮੁਤਾਬਕ ਇਹ ਪੰਜਾਬੀ ਬਜ਼ੁਰਗ ਪਿਕਅੱਪ ਟਰੱਕ ‘ਚ ਬੈਠਾ ਸੀ ਅਤੇ ਇਸ ਦੇ ਨਾਲ ਹੀ ਟਰਾਲੀ ਜੋੜੀ ਹੋਈ ਸੀ, ਜਿਸ ਦੇ ਥੱਲੇ ਆਉਣ ਨਾਲ ਉਸ ਦੀ ਮੌਤ ਹੋ ਗਈ ਤੇ ਭਾਈਚਾਰਾ ਸੋਗ ‘ਚ ਡੁੱਬ ਗਿਆ ਹੈ।
ਕੈਨੇਡੀਅਨ ਕਾਨੂੰਨ ਮੁਤਾਬਕ ਪਿਕਅੱਪ ਟਰੱਕ ਮਗਰ ਬੈਠਣ ਦੀ ਮਨਾਹੀ ਹੈ। ਐਬਟਸਫੋਰਡ ਪੁਲਸ ਦੀ ਸਰਜੈਂਟ ਜੁਡੀ ਬਰਡ ਮੁਤਾਬਕ ਇਹ ਹਾਦਸਾ ਸਿਮੋਨ ਐਵੇਨਿਊ ਅਤੇ ਗਲਾਡਵਿਨ ਰੋਡ ‘ਤੇ ਦੁਪਹਿਰ 12.45 ਵਜੇ ਵਾਪਰਿਆ।
ਜਾਣਕਾਰੀ ਮੁਤਾਬਕ ਬਜ਼ੁਰਗ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਉੱਥੇ ਉਸ ਨੇ ਦਮ ਤੋੜ ਦਿੱਤਾ। ਪਿਕਅੱਪ ਟਰੱਕ ਦਾ ਡਰਾਈਵਰ ਪੁਲਸ ਦੀ ਮਦਦ ਕਰ ਰਿਹਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਹੋ ਰਹੀ ਹੈ।