Ad-Time-For-Vacation.png

ਕਠੂਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਅਦਾਲਤ ‘ਚ ਪੇਸ਼

ਕਠੂਆ/ਸ੍ਰੀਨਗਰ, 16 ਅਪ੍ਰੈਲ (ਮਨਜੀਤ ਸਿੰਘ)-ਕਠੂਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ‘ਚ ਕਾਬੂ ਕੀਤੇ ਗਏ 8 ਦੋਸ਼ੀਆਂ ਨੇ ਅੱਜ ਅਦਾਲਤ ਸਾਹਮਣੇ ਖੁਦ ਨੂੰ ਨਿਰਦੋਸ਼ ਦੱਸਦਿਆਂ ਨਾਰਕੋ ਟੈਸਟ ਕਰਵਾਏ ਜਾਣ ਦੀ ਮੰਗ ਕੀਤੀ। ਮਾਮਲੇ ਦੀ ਅੱਜ ਸ਼ੁਰੂ ਹੋਈ ਸੁਣਵਾਈ ਦੌਰਾਨ ਅੱਠ ਦੋਸ਼ੀਆਂ ‘ਚੋਂ ਸੱਤ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੀਵ ਗੁਪਤਾ ਸਾਹਮਣੇ ਪੇਸ਼ ਕੀਤਾ ਗਿਆ। ਜਿਨ੍ਹਾਂ ਨੇ ਸੂਬੇ ਦੀ ਪੁਲਿਸ ਦੀ ਅਪਰਾਧ ਸ਼ਾਖ਼ਾ ਨੂੰ ਉਨ੍ਹਾਂ ਨੂੰ ਦੋਸ਼ ਪੱਤਰ ਦੀਆਂ ਕਾਪੀਆਂ ਦੇਣ ਨੂੰ ਕਿਹਾ ਅਤੇ ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ ‘ਤੇ ਪਾ ਦਿੱਤੀ। ਦੱਸਣਯੋਗ ਹੈ ਕਿ ਅੱਠਵਾਂ ਦੋਸ਼ੀ ਨਾਬਾਲਗ ਹੈ, ਜਿਸ ਨੇ ਮੁੱਖ ਨਿਆਇਕ ਮੈਜਿਸਟ੍ਰੇਟ ਸਾਹਮਣੇ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ। ਅਪਰਾਧ ਸ਼ਾਖ਼ਾ ਵਲੋਂ ਦਾਇਰ ਦੋਸ਼ ਪੱਤਰਾਂ ਅਨੁਸਾਰ ਲੜਕੀ ਨੂੰ ਅਗਵਾ ਕਰਨਾ ਤੇ ਜਬਰ ਜਨਾਹ ਉਪਰੰਤ ਉਸ ਦੀ ਹੱਤਿਆ ਕਰਨਾ ਇਕ ਸੋਚੀ ਸਮਝੀ ਰਣਨੀਤੀ ਤਹਿਤ ਕੀਤਾ ਗਿਆ ਕਾਰਾ ਸੀ, ਤਾਂ ਜੋ ਇਲਾਕੇ ਤੋਂ ਬੱਕਰਵਾਲ ਭਾਈਚਾਰੇ ਨੂੰ ਹਟਾਇਆ ਜਾ ਸਕੇ। ਨਾਬਾਲਗ ਦੋਸ਼ੀ ਦੇ ਖ਼ਿਲਾਫ਼ ਵੱਖਰਾ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਦੋਸ਼ੀਆਂ ਦੇ ਵਕੀਲ ਨੇ ਅਪਰਾਧ ਸ਼ਾਖ਼ਾ ਵਲੋਂ ਬੀਤੀ 9 ਅਪ੍ਰੈਲ ਨੂੰ ਮੁੱਖ ਨਿਆਇਕ ਮੈਜਿਸਟ੍ਰੇਟ ਸਾਹਮਣੇ ਦਾਇਰ ਕੀਤੇ ਗਏ ਦੋਸ਼ ਪੱਤਰ ਦੀ ਕਾਪੀ ਦੀ ਮੰਗ ਕੀਤੀ। ਸੈਸ਼ਨ ਅਦਾਲਤ ‘ਚ ਥੋੜ੍ਹੇ ਸਮੇਂ ਦੀ ਸੁਣਵਾਈ ਤੋਂ ਬਾਅਦ ਸੱਤ ਦੋਸ਼ੀਆਂ ਨੂੰ ਭਾਰੀ ਸੁਰੱਖਿਆ ਪ੍ਰਬੰਧ ਹੇਠ ਮੁੜ ਜੇਲ੍ਹ ਭੇਜ ਦਿੱਤਾ ਗਿਆ। ਬੱਚੀ ਨਾਲ ਕਈ ਵਾਰ ਜਬਰ ਜਨਾਹ ਕਰਨ ਦੇ ਦੋਸ਼ੀ ਵਿਸ਼ੇਸ਼ ਪੁਲਿਸ ਅਧਿਕਾਰੀ ਦੀਪਕ ਖਜੂਰੀਆ ਨੇ ਪੁਲਿਸ ਦੀ ਵੈਨ ‘ਚੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਵੀ ਨਾਰਕੋ ਟੈਸਟ ਅਤੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਇਸ ਮੌਕੇ ਮੁੱਖ ਸਾਜਿਸ਼ਕਰਤਾ ਸਾਂਜੀ ਰਾਮ ਦੀ ਬੇਟੀ ਮਧੂ ਸ਼ਰਮਾ ਨੇ ਅਦਾਲਤ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਹੋਇਆ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ। ਅਪਰਾਧ ਸ਼ਾਖ਼ਾ ਦੇ ਦੋਸ਼ ਪੱਤਰ ‘ਚ ਦੀਪਕ ਖਜੂਰੀਆ, ਸੁਰੇਂਦਰ ਵਰਮਾ, ਪ੍ਰਵੇਸ਼ ਕੁਮਾਰ ਉਰਫ਼ ਮੰਨੂ, ਸਾਂਜੀ ਰਾਮ, ਵਿਸ਼ਾਲ ਜਨਗੋਤਰਾ ਉਰਫ ਸ਼ੰਮਾ ਤੇ ਇਕ ਨਾਬਾਲਗ ਲੜਕੇ ਦੇ ਨਾਂਅ ਸ਼ਾਮਿਲ ਹਨ। ਇਸ ਤੋਂ ਇਲਾਵਾ ਦੋਸ਼ ਪੱਤਰ ‘ਚ ਮਾਮਲੇ ਦੀ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਹੈਡ ਕਾਂਸਟੇਬਲ ਤਿਲਕ ਰਾਜ ਅਤੇ ਸਬ ਇੰਸਪੈਕਟਰ ਆਨੰਦ ਦੱਤਾ ਦਾ ਨਾਂਅ ਵੀ ਸ਼ਾਮਿਲ ਹੈ, ਇਨ੍ਹਾਂ ‘ਤੇ ਸਾਂਜੀ ਰਾਮ ਤੋਂ 4 ਲੱਖ ਰੁਪਏ ਲੈ ਕੇ ਅਹਿਮ ਸਬੂਤਾਂ ਨੂੰ ਮਿਟਾਉਣ ਦਾ ਦੋਸ਼ ਹੈ।

ਅੱਜ ਸੁਣਵਾਈ ਦੌਰਾਨ ਦੋਸ਼ੀਆਂ ਵਲੋਂ ਪੇਸ਼ ਹੋਏ ਵਕੀਲ ਅੰਕੁਰ ਸ਼ਰਮਾ ਤੇ ਏ. ਕੇ. ਸਹਾਨੀ ਨੇ ਅਦਾਲਤ ਨੂੰ ਦੱਸਿਆ ਕਿ ਮੁੱਖ ਨਿਆਇਕ ਮੈਜਿਸਟ੍ਰੇਟ ਨੇ ਦੋਵਾਂ ਧਿਰਾ ਨੂੰ ਸੁਣਨ ਦੇ ਬਾਅਦ ਪੁਲਿਸ ਦੀ ਅਪਰਾਧ ਸ਼ਾਖ਼ਾ ਨੂੰ ਦੋਸ਼ੀਆਂ ਨੂੰ ਦੋਸ਼ ਪੱਤਰ ਦੀਆਂ ਕਾਪੀਆਂ ਮੁਹੱਈਆ ਕਰਨ ਲਈ ਕਿਹਾ। ਜਿਸ ‘ਤੇ ਉਕਤ ਵਕੀਲਾਂ ਨੇ ਦੋਸ਼ ਪੱਤਰ ਨੂੰ ਪੜ੍ਹਨ ‘ਚ ਸਮਾਂ ਲੱਗਣ ਦੀ ਗੱਲ ਕਰਦਿਆਂ 28 ਅਪ੍ਰੈਲ ਨੂੰ ਅਗਲੀ ਸੁਣਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਮਾਮਲੇ ‘ਚ 239 ਗਵਾਹਾਂ ਨੂੰ ਪੇਸ਼ ਕਰਨ ਦੇ ਲਈ ਸਮਾਂ ਲੱਗੇਗਾ ਤੇ ਫ਼ਾਸਟ ਟਰੈਕ ਦੇ ਆਧਾਰ ‘ਤੇ 90 ਦਿਨ ਦੇ ਅੰਦਰ ਸੁਣਵਾਈ ਮੁਕੰਮਲ ਕਰਨੀ ਸੰਭਵ ਨਹੀਂ ਹੈ। ਲਗਪਗ ਇਕ ਘੰਟੇ ਚੱਲੀ ਸੁਣਵਾਈ ਦੌਰਾਨ ਅਦਾਲਤ ਲੋਕਾਂ ਤੇ ਮੀਡੀਆ ਕਰਮੀਆਂ ਨਾਲ ਖਚਾਖਚ ਭਰੀ ਸੀ। ਇਸ ਮਾਮਲੇ ‘ਚ ਗ੍ਰਿਫ਼ਤਾਰ ਨਾਬਾਲਗ ਸਮੇਤ ਸਾਰੇ ਅੱਠ ਦੋਸ਼ੀ ਸਾਂਜੀ ਰਾਮ, ਸ਼ੁਭਮ ਖਜੂਰੀਆ, ਪ੍ਰਵੇਸ਼, ਵਿਸ਼ਾਲ ਸ਼ਰਮਾ, ਸੁਰਿੰਦਰ ਸ਼ਰਮਾ, ਦੀਪਕ ਖਜੂਰੀਆ, ਤਿਲਕ ਰਾਜ ਤੇ ਆਨੰਦ ਦੱਤਾ ਅਦਾਲਤ ‘ਚ ਮੌਜੂਦ ਸਨ।
ਸੁਪਰੀਮ ਕੋਰਟ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੇ ਪੱਖ ‘ਚ ਨਹੀਂ
ਨਵੀਂ ਦਿੱਲੀ-ਸੁਪਰੀਮ ਕੋਰਟ ਕਠੂਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੇ ਪੱਖ ‘ਚ ਨਹੀਂ ਹੈ ਕਿਉਂਕਿ ਪੀੜਤ ਲੜਕੀ ਦੇ ਪਿਤਾ ਨੇ ਹੁਣ ਤੱਕ ਜੰਮੂ-ਕਸ਼ਮੀਰ ਪੁਲਿਸ ਦੀ ਅਪਰਾਧ ਸ਼ਾਖ਼ਾ ਵਲੋਂ ਕੀਤੀ ਗਈ ਜਾਂਚ ‘ਤੇ ਤਸੱਲੀ ਪ੍ਰਗਟਾਈ ਹੈ।
8 ਵਕੀਲਾਂ ਖ਼ਿਲਾਫ਼ ਕੇਸ ਦਰਜ
ਕਠੂਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ‘ਚ ਪੁਲਿਸ ਦੀ ਅਪਰਾਧ ਸ਼ਾਖ਼ਾ ਨੂੰ ਦੋਸ਼ ਪੱਤਰ ਦਾਇਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨ ਵਾਲੇ 8 ਵਕੀਲਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। 10 ਅਪ੍ਰੈਲ ਨੂੰ ਵਕੀਲਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਕਈ ਵਕੀਲਾਂ ਖ਼ਿਲਾਫ਼ ਐਫ਼. ਆਈ. ਆਰ. ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਅੱਠ ਵਕੀਲਾਂ ਦੀ ਭੂਮਿਕਾ ਸਾਹਮਣੇ ਆਈ ਹੈ ਅਤੇ ਇਸ ਅਨੁਸਾਰ ਉਨ੍ਹਾਂ ਦੇ ਨਾਵਾਂ ਨੂੰ ਐਫ਼. ਆਈ. ਆਰ. ‘ਚ ਸ਼ਾਮਿਲ ਕੀਤਾ ਗਿਆ ਹੈ।
ਰਾਜਪਾਲ ਵਲੋਂ ਮੰਤਰੀਆਂ ਦੇ ਅਸਤੀਫ਼ੇ ਪ੍ਰਵਾਨ
ਜੰਮੂ-ਕਸ਼ਮੀਰ ਦੇ ਰਾਜਪਾਲ ਐਨ. ਐਨ. ਵੋਹਰਾ ਨੇ ਅੱਜ ਦੋ ਭਾਜਪਾ ਮੰਤਰੀਆਂ, ਜਿਨ੍ਹਾਂ ਨੇ ਕਠੂਆ ਜ਼ਿਲ੍ਹੇ ‘ਚ 8 ਸਾਲਾ ਬੱਚੀ ਦੇ ਜਬਰ ਜਨਾਹ ਅਤੇ ਹੱਤਿਆ ਦੇ ਸਬੰਧ ‘ਚ ਗ੍ਰਿਫ਼ਤਾਰ ਕੀਤੇ ਲੋਕਾਂ ਦੇ ਸਮਰਥਨ ‘ਚ ਰੈਲੀ ਕੀਤੀ ਸੀ, ਦੇ ਅਸਤੀਫ਼ੇ ਪ੍ਰਵਾਨ ਕਰ ਲਏ।
ਵਕੀਲ ਨੂੰ ਧਮਕੀਆਂ
ਇਸ ਤੋਂ ਪਹਿਲਾਂ ਦੀਪਿਕਾ ਨੇ ਕਿਹਾ ਸੀ ਕਿ ਉਸ ਨੂੰ ਜਾਨ ਤੋਂ ਮਾਰਨ ਤੇ ਜਬਰ ਜਨਾਹ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੀਪਿਕਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਕਦ ਤੱਕ ਜਿਊਂਦੀ ਰਹਾਂਗੀ। ਮੈਨੂੰ ਧਮਕੀ ਦਿੱਤੀਆਂ ਗਈਆਂ ਹਨ ਕਿ ਅਸੀਂ ਤੈਨੂੰ ਮੁਆਫ਼ ਨਹੀਂ ਕਰਾਂਗੇ। ਦੀਪਿਕਾ ਨੇ ਖੁਦ ਨੂੰ ਮਿਲੀਆਂ ਧਮਕੀਆਂ ਬਾਰੇ ਜਦ ਸੁਪਰੀਮ ਕੋਰਟ ਨੂੰ ਦੱਸਿਆ ਤਾਂ ਸਰਬਉੱਚ ਅਦਾਲਤ ਨੇ ਸੁਰੱਖਿਆ ਸਬੰਧੀ ਉਕਤ ਆਦੇਸ਼ ਜਾਰੀ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.