ਵਾਸ਼ਿੰਗਟਨ (ਪੀਟੀਆਈ) : ਅਮਰੀਕਾ ‘ਚ ਬੀਤੇ ਮੰਗਲਵਾਰ ਨੂੰ ਹੋਈਆਂ ਸਥਾਨਕ ਅਤੇ ਸੂਬਾਈ ਚੋਣਾਂ ‘ਚ ਇਕ ਮੁਸਲਿਮ ਔਰਤ ਸਮੇਤ ਭਾਰਤੀ ਮੂਲ ਦੇ ਚਾਰ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਭਾਰਤਵੰਸ਼ੀ ਗਜ਼ਾਲਾ ਹਾਸ਼ਮੀ ਵਰਜੀਨੀਆ ਦੀ ਸੂਬਾਈ ਸੈਨੇਟ ਲਈ ਚੁਣੀ ਗਈ ਹੈ। ਉਹ ਇਸ ਸਦਨ ਵਿਚ ਪੁੱਜਣ ਵਾਲੀ ਪਹਿਲੀ ਮੁਸਲਿਮ ਔਰਤ ਹੈ। ਸੁਹਾਸ ਸੁਬਰਾਮਣੀਅਮ ਇਸ ਸੂਬੇ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਹਨ ਜਦਕਿ ਭਾਰਤੀ ਮੂਲ ਦੇ ਐੱਮ ਰਾਜੂ ਅਤੇ ਡਿੰਪਲ ਅਜਮੇਰਾ ਨੇ ਸਥਾਨਕ ਚੋਣਾਂ ਵਿਚ ਜਿੱਤ ਦਰਜ ਕੀਤੀ ਹੈ। ਡੈਮੋਕ੍ਰੇਟਿਕ ਉਮੀਦਵਾਰ ਦੇ ਤੌਰ ‘ਤੇ ਪਹਿਲੀ ਵਾਰ ਚੋਣ ਵਿਚ ਉਤਰੀ ਹਾਸ਼ਮੀ ਰਿਪਬਲਿਕਨ ਆਗੂ ਤੇ ਮੌਜੂਦਾ ਸਟੇਟ ਸੈਨੇਟਰ ਗਲੇਨ ਸਟੂਅਰਟਵੈਂਟ ਨੂੰ ਹਰਾ ਕੇ ਕੌਮੀ ਪੱਧਰ ‘ਤੇ ਸੁਰਖੀਆਂ ਵਿਚ ਆ ਗਈ ਹੈ। ਹਾਸ਼ਮੀ ਨੇ ਆਪਣੀ ਜਿੱਤ ਪਿੱਛੋਂ ਕਿਹਾ ਕਿ ਇਹ ਉਨ੍ਹਾਂ ਸਾਰੇ ਲੋਕਾਂ ਦੀ ਜਿੱਤ ਹੈ ਜੋ ਇਹ ਮੰਨਦੇ ਹਨ ਕਿ ਸਾਨੂੰ ਵਰਜੀਨੀਆ ‘ਚ ਪ੍ਰਗਤੀਸ਼ੀਲ ਵਿਕਾਸ ਦੀ ਲੋੜ ਹੈ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਹਾਸ਼ਮੀ ਨੂੰ ਵਧਾਈ ਦਿੱਤੀ ਹੈ। 50 ਸਾਲ ਪਹਿਲੇ ਆਪਣੇ ਪਰਿਵਾਰ ਨਾਲ ਅਮਰੀਕਾ ਆਈ ਹਾਸ਼ਮੀ ਜਾਰਜੀਆ ਸ਼ਹਿਰ ਵਿਚ ਪਲੀ ਤੇ ਵੱਡੀ ਹੋਈ। ਉਸ ਨੇ ਜਾਰਜੀਆ ਸਦਰਨ ਯੂਨੀਵਰਸਿਟੀ ਤੋਂ ਬੀਏ ਅਤੇ ਏਮਰੀ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ।

ਸੁਬਰਾਮਣੀਅਮ ਨੂੰ ਓਬਾਮਾ ਨੇ ਬਣਾਇਆ ਸੀ ਸਲਾਹਕਾਰ

ਭਾਰਤੀਆਂ ਦੇ ਪ੍ਰਭਾਵ ਵਾਲੀ ਲਾਊਡਨ ਐਂਡ ਪ੍ਰਿੰਸ ਵਿਲੀਅਮ ਡਿਸਟਿ੍ਕਟ ਸੀਟ ਤੋਂ ਵਰਜੀਨੀਆ ਦੀ ਪ੍ਰਤੀਨਿਧੀ ਸਭਾ ਵਿਚ ਪੁੱਜਣ ਵਾਲੇ ਸੁਬਰਾਮਣੀਅਮ ਦੀ ਮਾਂ ਬੈਂਗਲੁਰੂ ਦੀ ਰਹਿਣ ਵਾਲੀ ਹੈ। ਉਹ 1979 ਵਿਚ ਅਮਰੀਕਾ ਵਿਚ ਵੱਸ ਗਈ ਸੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਕਾਰਜਕਾਲ ਵਿਚ ਸੁਬਰਾਮਣੀਅਮ ਨੂੰ ਤਕਨੀਕੀ ਨੀਤੀ ‘ਤੇ ਵ੍ਹਾਈਟ ਹਾਊਸ ਦਾ ਸਲਾਹਕਾਰ ਬਣਾਇਆ ਸੀ।

ਦੁਬਾਰਾ ਚੁਣੇ ਗਏ ਐੱਮ ਰਾਜੂ

ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਐੱਮ ਰਾਜੂ ਸਾਨ ਫਰਾਂਸਿਸਕੋ ਦੇ ਪਬਲਿਕ ਡਿਫੈਂਡਰ ਅਹੁਦੇ ਲਈ ਦੁਬਾਰਾ ਚੁਣੇ ਗਏ ਹਨ। ਕੋਲੰਬੀਆ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੇ ਰਾਜੂ ਇਸੇ ਸਾਲ ਪਹਿਲੀ ਵਾਰ ਡਿਫੈਂਡਰ ਆਫਿਸ ‘ਚ ਪੁੱਜੇ ਸਨ।

ਡਿੰਪਲ ਨੂੰ ਨਹੀਂ ਆਉਂਦੀ ਸੀ ਅੰਗਰੇਜ਼ੀ

ਨਾਰਥ ਕੈਰੋਲੀਨਾ ਵਿਚ ਡਿੰਪਲ ਅਜਮੇਰਾ ਸਾਰਲੇਟ ਸਿਟੀ ਕੌਂਸਲ ਲਈ ਦੁਬਾਰਾ ਚੁਣੀ ਗਈ ਹੈ। ਡਿੰਪਸ 16 ਸਾਲ ਦੀ ਉਮਰ ਵਿਚ ਆਪਣੇ ਮਾਤਾ-ਪਿਤਾ ਨਾਲ ਭਾਰਤ ਤੋਂ ਅਮਰੀਕਾ ਆਈ ਸੀ। ਤਦ ਉਸ ਨੂੰ ਅੰਗਰੇਜ਼ੀ ਬੋਲਣਾ ਨਹੀਂ ਆਉਂਦਾ ਸੀ।