ਗ਼ਜ਼ਲ ਮੰਚ ਸਰੀ ਦੀ ਸਥਾਪਨਾ- ਉੱਘੇ ਗ਼ਜ਼ਲਗੋ ਜਸਵਿੰਦਰ ਬਣੇ ਪ੍ਰਧਾਨ

ਸਰੀ, (ਹਰਦਮ ਮਾਨ)-ਕੈਨੇਡਾ ਵਿਚ ਸਰੀ ਪੰਜਾਬੀ ਗ਼ਜ਼ਲਗੋਆਂ ਦਾ ਵੱਡਾ ਕੇਂਦਰ ਬਣ ਚੁੱਕਾ ਹੈ। ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਗ਼ਜ਼ਲਗੋ ਜਸਵਿੰਦਰ, ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਕਵਿੰਦਰ ਚਾਂਦ ਜਿਹੇ ਪ੍ਰਸਿੱਧ ਗ਼ਜ਼ਲਗੋ ਸਰੀ ਦੇ ਵਸਨੀਕ ਹਨ। ਪਿਛਲੇ ਦਿਨੀਂ ਗ਼ਜ਼ਲਗੋ ਰਾਜਵੰਤ ਰਾਜ ਅਤੇ ਦਵਿੰਦਰ ਗੌਤਮ ਦੇ ਯਤਨਾਂ ਸਦਕਾਂ ਸਰੀ ਦੇ ਇਨ੍ਹਾਂ ਗ਼ਜ਼ਲਗੋਆਂ ਨੇ ਆਪਸੀ ਵਿਚਾਰ ਵਟਾਂਦਰੇ ਉਪਰੰਤ ਗ਼ਜ਼ਲ ਮੰਚ ਸਰੀ ਦਾ ਗਠਨ ਕਰਕੇ ਗ਼ਜ਼ਲ ਕਹਿਣ ਵਾਲੇ ਸ਼ਾਇਰਾਂ ਲਈ ਇਕ ਵੱਖਰਾ ਪਲੇਟਫਾਰਮ ਕਾਇਮ ਕੀਤਾ ਹੈ। ਇਸ ਮੰਚ ਲਈ ਸਰਬਸੰਮਤੀ ਨਾਲ ਜਸਵਿੰਦਰ ਨੂੰ ਪ੍ਰਧਾਨ, ਕਵਿੰਦਰ ਚਾਂਦ ਨੂੱ ਸਕੱਤਰ ਅਤੇ ਹਰਦਮ ਸਿੰਘ ਮਾਨ ਨੂੰ ਮੀਡੀਆ ਸਕੱਤਰ ਬਣਾਇਆ ਗਿਆ ਹੈ। ਮੰਚ ਦੇ ਪ੍ਰਧਾਨ ਜਸਵਿੰਦਰ ਨੇ ਦੱਸਿਆ ਹੈ ਕਿ ਇਸ ਮੰਚ ਦੇ ਮੁੱਖ ਕਾਰਜਾਂ ਵਿਚ ਗ਼ਜ਼ਲ ਲਈ ਉਸਾਰੂ ਮਾਹੌਲ ਕਾਇਮ ਕਰਨਾ, ਉੱਚ ਪੱਧਰੀ ਮੁਸ਼ਾਇਰੇ ਕਰਵਾਉਣੋ, ਨਵੇਂ ਗ਼ਜ਼ਲਗੋਆਂ ਦੀ ਅਗਵਾਈ ਕਰਨਾ, ਮਹਿਮਾਨ ਗ਼ਜ਼ਲਗੋਆਂ ਨਾਲ ਸੰਵਾਦ ਰਚਾਉਣਾ ਸ਼ਾਮਲ ਹੈ। ਮੰਚ ਦੀ ਇਹ ਕੋਸ਼ਿਸ਼ ਰਹੇਗੀ ਕਿ ਗ਼ਜ਼ਲ ਸਿਰਫ਼ ਲੇਖਕਾਂ ਤੀਕਰ ਨਾ ਸੀਮਤ ਨਾ ਰਹੇ ਸਗੋਂ ਆਮ ਲੋਕਾਂ ਤੱਕ ਵੀ ਪਹੁੰਚੇ ਅਤੇ ਇਸ ਵਾਸਤੇ ਗ਼ਜ਼ਲ ਮੁਸ਼ਾਇਰੇ ਅਤੇ ਸੰਗੀਤਕ ਪ੍ਰੋਗਰਾਮ ਕਰਵਾਉਣਾ ਵੀ ਇਸ ਦੇ ਕਾਰਜਾਂ ਵਿੱਚ ਸ਼ਾਮਲ ਰਹੇਗਾ। ਮੰਚ ਦੀ ਪਲੇਠੀ ਮੀਟਿੰਗ ਵਿਚ ਜਸਵਿੰਦਰ, ਕਵਿੰਦਰ ਚਾਂਦ, ਕ੍ਰਿਸ਼ਨ ਭਨੋਟ, ਹਰਦਮ ਸਿੰਘ ਮਾਨ, ਇੰਦਰਜੀਤ ਸਿੰਘ ਧਾਮੀ, ਰਾਜਵੰਤ ਰਾਜ ਅਤੇ ਦਵਿੰਦਰ ਗੌਤਮ ਸ਼ਾਮਲ ਸਨ।
ਇਸੇ ਦੌਰਾਨ ਪੰਜਾਬ ਤੋਂ ਆਏ ਗ਼ਜ਼ਲਗੋ ਰਾਜਦੀਪ ਤੂਰ ਨਾਲ ਮੰਚ ਵੱਲੋਂ ਵਿਸ਼ੇਸ਼ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਰਾਜਦੀਪ ਤੂਰ ਨੇ ਆਪਣੀ ਸਾਹਿਤਕ ਯਾਤਰਾ ਦੇ ਨਾਲ ਨਾਲ ਆਪਣੀਆਂ ਕੁਝ ਗ਼ਜ਼ਲਾਂ ਸਾਂਝੀਆਂ ਕੀਤੀਆਂ। ਮੰਚ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।

Be the first to comment

Leave a Reply