ਹਾਦਸੇ ’ਚ ਕਾਰ ਸਵਾਰ ਦੋ ਔਰਤਾਂ ਦੀ ਮੌਤ, 4 ਜ਼ਖ਼ਮੀ

ਇੱਥੋਂ ਦੇ ਨਵੀਂ ਆਬਾਦੀ ਵਾਸੀ ਇੱਕ ਪਰਿਵਾਰ ਦੇ ਵਿਆਹ ਦੀਆਂ ਖੁਸ਼ੀਆਂ ਉਦੋਂ ਸੋਗ ਵਿੱਚ ਬਦਲ ਗਈਆਂ ਜਦੋਂ ਵਾਪਿਸ ਆ ਰਹੀ ਬਰਾਤ ’ਚ ਸ਼ਾਮਲ ਕਾਰ ਸੜਕ ਕੰਢੇ ਖੜ੍ਹੇ ਟਰੱਕ ਵਿੱਚ ਜਾ ਵੱਜੀ ਤੇ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ  ਗਈ ਤੇ ਇੱਕ ਬੱਚੇ ਸਣੇ 4 ਵਿਅਕਤੀ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਇੱਥੋਂ ਦੇ ਨਵੀਂ ਆਬਾਦੀ ਗਲੀ ਨੰਬਰ 2 ਵਾਸੀ ਪ੍ਰਹਿਲਾਦ ਚੰਦ ਦੇ ਪੁੱਤਰ ਮਨੋਜ ਦਾ ਵਿਆਹ ਬੀਤੀ ਰਾਤ ਸਾਦੁਲ ਸ਼ਹਿਰ ਵਿੱਚ ਹੋਇਆ ਅਤੇ ਉਹ ਆਪਣੇ ਰਿਸ਼ਤੇਦਾਰਾਂ ਸਣੇ ਅੱਜ ਤੜਕੇ ਵਹੁਟੀ ਲੈ ਕੇ ਵਾਪਸ ਅਬੋਹਰ ਆ ਰਹੇ ਸਨ। ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਇੱਕ ਕਾਰ ਤੜਕੇ ਕਰੀਬ 7 ਵਜੇ ਹਨੂਮਾਨਗੜ੍ਹ ਬਾਈਪਾਸ ਦੇ ਨੇੜੇ ਪੁੱਜੀ ਤਾਂ ਡਰਾਈਵਰ ਦੀ ਅਚਾਨਕ ਅੱਖ ਲੱਗਣ ਕਾਰਨ ਕਾਰ ਸੜਕ ਕੰਢੇ ਖੜ੍ਹੇ ਕਣਕ ਦੇ ਭਰੇ ਟਰੱਕ ਵਿੱਚ ਜਾ ਵੱਜੀ ਤੇ ਲਾੜੇ ਮਨੋਜ ਦੀ ਭੂਆ ਮੀਰਾ ਦੇਵੀ ਪਤਨੀ ਭੂਪ ਚੰਦ ਵਾਸੀ ਹਿਸਾਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਦ ਕਿ ਕਾਰ ਵਿੱਚ ਸਵਾਰ ਲਾੜੇ ਦੀ ਭਰਜਾਈ ਰੇਖਾ, ਭਰਾ ਪ੍ਰਦੀਪ ਕੁਮਾਰ, ਭਤੀਜੀ ਤਨਵੀ, ਭਤੀਜਾ ਦਿਸ਼ੂ ਸਾਰੇ ਵਾਸੀ ਪਿੰਡ ਦੁਤਾਰਾਂਵਾਲੀ, ਰਿਸ਼ਤੇਦਾਰ ਪਾਇਲ ਪੁੱਤਰੀ ਭੂਪ ਚੰਦ ਅਤੇ ਅਕਾਸ਼ ਪੁੱਤਰ ਪੁਸ਼ਕਰ ਗੰਭੀਰ ਰੂਪ ਤੋਂ ਜਖ਼ਮੀ ਹੋ ਗਏ। ਰੇਖਾ ਹਸਪਤਾਲ ਲੈ ਜਾਂਦਿਆਂ ਦਮ ਤੋੜ ਗਈ।108 ਐਂਬੂਲੈਂਸ ਦੇ ਵਾਹਨ ਮੈਡੀਕਲ ਸਹਾਇਕ ਕੁਲਦੀਪ ਅਤੇ ਚਾਲਕ ਜਗਬੀਰ ਨੇ ਮੌਕੇ ਉੱਤੇ ਪੁੱਜ ਕੇ ਟਰੱਕ ਚਾਲਕਾਂ ਦੀ ਮੱਦਦ ਨਾਲ ਕਾਰ ਨੂੰ ਭੰਨ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ। ਹਸਪਤਾਲ ਲਿਜਾਂਦੇ ਸਮੇਂ ਮਨੋਜ ਦੀ ਭਰਜਾਈ ਰੇਖਾ ਨੇ ਦਮ ਤੋੜ ਦਿੱਤਾ। ਬਾਕੀ ਜ਼ਖ਼ਮੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਸ਼੍ਰੀ ਗੰਗਾਨਗਰ ਰੈਫਰ ਕਰ ਦਿੱਤਾ ਗਿਆ ਹੈ।

Be the first to comment

Leave a Reply