ਸੱਤਵੇਂ ਪਾਤਸ਼ਾਹ ਨੂੰ ਯਾਦ ਕਰਦਿਆਂ…

*ਜਸਪਾਲ ਸਿੰਘ ਹੇਰਾਂ

ਗੁਰੂ ਨਾਨਕ ਸਾਹਿਬ ਦੀ ਸੱਤਵੀਂ ਜੋਤ, ਸਿੱਖਾਂ ਦੇ ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਪਵਿੱਤਰ ਗੁਰਤਾਗੱਦੀ ਦਿਹਾੜਾ ਅੱਜ ਮਨਾਇਆ ਜਾ ਰਿਹਾ ਹੈ, ਪ੍ਰੰਤੂ ਪਤਾ ਨਹੀਂ ਕਿਉਂ? ਕੌਮ, ਜਿਹੜੀ ਸੰਗਰਾਂਦ, ਪੁੰਨਿਆ ਤੇ ਮੱਸਿਆ ਮਨਾਉਣੀ ਤਾਂ ਹਰ ਮਹੀਨੇ ਭੁੱਲਦੀ ਨਹੀਂ, ਤਿੰਨ-ਚਾਰ ਗੁਰੂ ਸਾਹਿਬਾਨ ਤੋਂ ਇਲਾਵਾ ਬਾਕੀ ਗੁਰੂਆਂ ਦੇ ਪਵਿੱਤਰ ਦਿਹਾੜੇ ਮਨਾਉਣੇ ਭੁੱਲ ਜਾਂਦੀ ਹੈ ਅਤੇ ਜੇ ਮਨਾਏ ਵੀ ਜਾਂਦੇ ਹਨ ਤਾਂ ਉਨਾਂ ਨੂੰ ਸੀਮਤ ਰੂਪ ‘ਚ ਹੀ ਮਨਾਇਆ ਜਾਂਦਾ ਹੈ। ਜਿਸ ਪਾਸੇ ਅੱਜ ਤੱਕ ਨਾਂ ਤਾਂ ਸਾਡੇ ਧਾਰਮਿਕ ਆਗੂਆਂ ਅਤੇ ਨਾਂ ਹੀ ਸ਼੍ਰੋਮਣੀ ਕਮੇਟੀ ਨੇ ਕਦੇ ਧਿਆਨ ਦੇਣ ਜਾਂ ਕੌਮ ਨੂੰ ਜਾਗਰੂਕ ਕਰਨ ਦੀ ਲੋੜ ਸਮਝੀ ਹੈ। ਖੈਰ, ਅੱਜ ਅਸੀਂ ਸੱਤਵੇਂ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ ਅਤੇ ਜਦੋਂ ਸਿੱਖ ਧਰਮ ‘ਚ ਸ਼ਰਧਾ ਰੱਖਣ ਵਾਲਾ ਸਿੱਖ ਸੱਤਵੇਂ ਗੁਰੂ ਨੂੰ ਯਾਦ ਕਰਦਾ ਹੈ ਤਾਂ ਉਨਾਂ ਦੀ ਬਾਣੀ ਪ੍ਰਤੀ ਸ਼ਰਧਾ ਤੇ ਦ੍ਰਿੜਤਾ, ਮਨੁੱਖਤਾ ਤੇ ਵਾਤਾਵਰਣ ਪ੍ਰਤੀ ਪਿਆਰ, ਸ਼ਾਂਤੀ ਲਈ ਯੁੱਧ ਵਾਸਤੇ ਤਿਆਰ ਰਹਿਣ ਦੀ ਸੋਚ ਅਤੇ ਸੱਚਾਈ ਤੇ ਆਡੋਲਤਾ ਨਾਲ ਪਹਿਰਾ ਦੇਣ ਦੀ ਭਾਵਨਾ, ਨਾਲ ਗੜੁੱਚ ਰੂਹਾਨੀ ਸਖ਼ਸੀਅਤ ਨੂੰ ਆਪਣੇ ਸਾਹਮਣੇ ਪ੍ਰਤੱਖ ਵੇਖਦਾ ਹੈ। ਅੱਜ ਜਦੋਂ ਗੁਰਬਾਣੀ ਨੂੰ ਤਰੋੜਨ-ਮਰੋੜਨ ਤੇ ਸਿੱਖ ਇਤਿਹਾਸ ‘ਚ ਰਲੇਵੇਂ ਦੇ ਯਤਨ ਹੋ ਰਹੇ ਹਨ ਤਾਂ ਹਰ ਸਿੱਖ ਸਾਹਮਣੇ ਸ੍ਰੀ ਗੁਰੂ ਹਰਿਰਾਇ ਸਾਹਿਬ ਦੀ ਦ੍ਰਿੜਤਾ ਭਰੀ ਉਦਾਹਰਣ ਰਹਿਣੀ ਚਾਹੀਦੀ ਹੈ, ਜਿਨਾਂ ਨੇ ਆਪਣੇ ਵੱਡੇ ਪੁੱਤਰ ਵੱਲੋਂ, ਜਿਸਨੂੰ ਉਨਾਂ ਖੁਦ ਆਪਣੇ ਦੂਤ ਦੇ ਰੂਪ ‘ਚ ਔਰਗਜ਼ੇਬ ਦੇ ਦਰਬਾਰ ‘ਚ ਘੱਲਿਆ ਸੀ, ਸਿਰਫ਼ ਇੱਕ ‘ਸ਼ਬਦ’ ਨੂੰ ਬਦਲਣ ਦੇ ਦੋਸ਼ ‘ਚ ਹਮੇਸ਼ਾ-ਹਮੇਸ਼ਾ ਲਈ ਸਿੱਖੀ ਅਤੇ ਆਪਣੇ ਜੀਵਨ ‘ਚੋਂ ਖਾਰਜ ਕਰ ਦਿੱਤਾ ਸੀ।
ਗੁਰੂ ਹਰਿਰਾਇ ਸਾਹਿਬ ਨੇ ਗੁਰਬਾਣੀ ਬਾਰੇ ”ਧੁਰ ਕੀ ਬਾਣੀ” ਦੇ ਦਰਜੇ ਦੀ ਮਹਾਨਤਾ ਨੂੰ ਪ੍ਰਪੱਕ ਕਰਵਾਉਣ ਲਈ ਹੀ ਇਹ ਉਦਾਹਰਣ ਪੈਦਾ ਕੀਤੀ ਸੀ ਕਿ ਇਸ ਮਾਮਲੇ ਵਿੱਚ ਕਿਸੇ ਵਿਅਕਤੀ ਨੂੰ ਭਾਵੇਂ ਉਹ ਗੁਰੂ-ਪੁੱਤਰ ਹੀ ਕਿਉਂ ਨਾ ਹੋਵੇ, ਕਿਸੇ ਤਰਾਂ ਦੀ ਹੇਰ-ਫੇਰ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਸ ਲਈ ਗੁਰਬਾਣੀ ਸਬੰਧੀ ਜੇ ਕੋਈ ਬਿਖੇੜਾ ਖੜਾ ਕਰਨ ਦਾ ਯਤਨ ਕਰਦਾ ਹੈ, ਤਾਂ ਉਸ ਨਾਲ ਸੱਤਵੇਂ ਪਾਤਸ਼ਾਹ ਵੱਲੋਂ ਵਿਖਾਈ ਰੋਸ਼ਨੀ ਦੇ ਚਾਨਣ ‘ਚ ਸਮੁੱਚੀ ਕੌਮ ਨੂੰ ਨਿਜੱਠਣਾ ਚਾਹੀਦਾ ਹੈ। ਦੂਸਰਾ ਸ੍ਰੀ ਗੁਰੂ ਹਰ ਰਾਇ ਸਾਹਿਬ ਵੱਲੋਂ ਆਪਣੇ ਪੂਰਵਜ਼ ਗੁਰੂ ਸਾਹਿਬਾਨ ਵਾਗੂੰ ਗੁਰਬਾਣੀ ਪ੍ਰਤੀ ਵਿਖਾਈ ਅਥਾਹ ਸ਼ਰਧਾ ਨੂੰ ਹੋਰ ਦ੍ਰਿੜ ਕਰਵਾਉਂਦਿਆਂ, ਸ਼ਬਦ ਦੀ ਅਵਾਜ਼ ਕੰਨੀ ਪੈਣ ਤੇ ਤੁਰੰਤ ਮੰਜੇ ਤੋਂ ਉੱਠ ਖੜਨਾ ਅਤੇ ਕਾਹਲੀ ‘ਚ ਲੱਗੀ ਸੱਟ ਦੀ ਪ੍ਰਵਾਹ ਕੀਤੇ ਬਿਨਾਂ ਥੱਲੇ ਆ ਕੇ ‘ਸ਼ਬਦ’ ਦੇ ਸਤਿਕਾਰ ‘ਚ ਖੜੇ ਹੋ ਜਾਣਾ, ਸਿੱਖਾਂ ਨੂੰ ਬਾਣੀ ਪ੍ਰਤੀ ਅਥਾਹ ਸ਼ਰਧਾ ਦੇ ਪਾਠ ਨੂੰ ਪੱਕਾ ਕਰਵਾਉਂਦਾ ਹੈ। ਅੱਜ ਜਦੋਂ ਅਸੀਂ ਵਾਤਾਵਰਣ ਦੇ ਦਿਨੋ-ਦਿਨ ਗੰਧਲੇ ਹੋਣ ਤੇ ਚਿੰਤਤ ਹਾਂ ਤਾਂ ਸਾਨੂੰ ਸੱਤਵੀਂ ਜੋਤ ਵੱਲੋਂ ਵਿਖਾਈ ਰੋਸ਼ਨੀ ਦੇ ਮਾਰਗ ਤੇ ਚੱਲਣ ਦੀ ਲੋੜ ਹੈ। ਗੁਰੂ ਸਾਹਿਬ ਵੱਲੋਂ ਵਾਤਾਵਰਣ ਪ੍ਰਤੀ ਅਥਾਹ ਪਿਆਰ, ਦੁੱਖੀਆਂ ਦੀ ਸੇਵਾ ਅਤੇ ਖ਼ਾਸ ਕਰਕੇ ਰੋਗੀਆਂ ਦੀ ਸੰਭਾਲ ਲਈ ਆਪਣੀ ਹੱਥੀਂ ਕੀਤੀ ਸੇਵਾ ਨੂੰ, ਸਿੱਖ ਸੰਗਤਾਂ ਨੂੰ ਦ੍ਰਿੜ ਕਰਵਾਉਣ ਦੀ ਅੱਜ ਵੱਡੀ ਲੋੜ ਹੈ।
ਅੱਜ ਸਿੱਖਾਂ ‘ਚ ਵੱਡੀ ਗਿਣਤੀ ਖੁਸ਼ਹਾਲ ਵੀ ਹੈ ਅਤੇ ਸਾਧਨਾਂ ਨਾਲ ਭਰਪੂਰ ਵੀ ਹੈ, ਫ਼ਿਰ ਵੀ ਸਿੱਖਾਂ ਵੱਲੋਂ ਸਥਾਪਿਤ ਚੈਰੀਟੇਬਲ ਹਸਪਤਾਲ ਕਿਸੇ ਗਰੀਬ ਸਿੱਖ ਦਾ ਮੁਫ਼ਤ ‘ਚ ਇਲਾਜ ਕਰਨ ਦੇ ਸਮਰੱਥ ਨਹੀਂ ਹਨ, ਜਦੋਂ ਕਿ ਗੁਰੂ ਹਰਿਰਾਇ ਸਾਹਿਬ ਨੇ ਉਸ ਸਮੇਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਦੇਸੀ ਦਵਾਖਾਨੇ ਦੀ ਲਹਿਰ ਆਰੰਭੀ ਸੀ, ਜਿਥੇ ਕੀਮਤੀ ਜੜੀ-ਬੂਟੀਆਂ ਦੇ ਨਾਲ ਮੁਫ਼ਤ ਇਲਾਜ ਹੁੰਦੇ ਸਨ। ਲੰਗਰ ‘ਚ ਹੱਥੀਂ ਸੇਵਾ ਕਰਕੇ, ਜਾਨਵਰਾਂ ਦੀ ਆਪਣੇ ਕਰ ਕਮਲਾਂ ਨਾਲ ਪਾਲਣਾ ਕਰਕੇ, ਗੁਰੂ ਸਾਹਿਬ ਨੇ ਸਿੱਖੀ ‘ਚ ਕਿਰਤ, ਸੱਭਿਆਚਾਰ ਦੀ ਮਹਾਨਤਾ ਨੂੰ ਅੱਗੇ ਤੋਰਿਆ ਅਤੇ ਸਿੱਖ ਸੰਗਤਾਂ ਨੂੰ ਪ੍ਰਪੱਕ ਕਰਵਾਉਣ ਦਾ ਯਤਨ ਕੀਤਾ। ਪੀਰੀ-ਮੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੀਰੀ-ਪੀਰੀ ਦੀਆਂ ਧਾਰਣ ਕੀਤੀਆਂ ਦੋ ਤਲਵਾਰਾਂ ਦੇ ਸਿਧਾਂਤ ਨੂੰ ਸੱਤਵੇਂ ਪਾਤਸ਼ਾਹ ਨੇ ਹੋਰ ਅੱਗੇ ਲੈ ਕੇ ਜਾਂਦਿਆ, ਇਸ ਸਿਧਾਂਤ ਨੂੰ ਪਕੇਰਾ ਕੀਤਾ ਕਿ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਜੰਗ ਲਈ ਤਿਆਰ ਰਹੋ। ਉਨਾਂ 2200 ਘੋੜ ਸਵਾਰਾਂ ਦੀ ਫੌਜ ਅਤੇ ਕਿਲਿਆਂ ਦਾ ਨਿਰਮਾਣ ਇਸੇ ਸੋਚ ਦੀ ਪ੍ਰਪੱਕਤਾ ਲਈ ਕਰਵਾਇਆ।
ਸਿੱਖਾਂ ਦੀ ਵਰਤਮਾਨ ਲਾਚਾਰਤਾ ਤੇ ਬਲਹੀਣਤਾ ਇਸ ਸਿਧਾਂਤ ਤੋਂ ਥਿੜਕ ਜਾਣ ਕਾਰਣ ਹੀ ਹੈ। ਸਿੱਖ ਰਾਜਨੀਤੀ ਨੂੰ ਸੇਧ ਦੇਣ ਅਤੇ ਵਿਸ਼ਵ ਭਰ ਦੇ ਆਗੂਆਂ ਨੂੰ ਚੰਗੇ ਆਗੂ ਬਣਨ ਲਈ ਗੁਰੂ ਸਾਹਿਬ ਨੇ ਜਿਹੜਾ ਇੱਕੋ-ਇੱਕ ‘ਮੰਤਰ’ ਦੱਸਿਆ, ਉਹ ਇਹੋ ਸੀ ਕਿ ਜਦੋਂ ਤੁਹਾਡੇ ਪਾਸ ਤਾਕਤ ਤੇ ਜੁੰਮੇਵਾਰੀ ਆ ਜਾਂਦੀ ਹੈ ਤਾਂ ਉਸਨੂੰ ਵਰਤਣ ਤੇ ਨਿਭਾਉਣ ਦੀ ਜਾਂਚ ਸੱਭ ਤੋਂ ਪਹਿਲਾਂ ਸਿੱਖੋ। ਅੱਜ ਜਦੋਂ ਅਸੀਂ ਗੁਰੂ ਸਾਹਿਬ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ ਤਾਂ ਉਨਾਂ ਵੱਲੋਂ ਦਰਸਾਏ ਮਾਰਗ ਤੇ ਸਿਖਾਏ ਸਿਧਾਂਤਾਂ ਤੇ ਨਜ਼ਰ ਮਾਰਨੀ ਵੀ ਹਰ ਸਿੱਖ ਦਾ ਮੁੱਢਲਾ ਫਰਜ਼ ਹੈ। ਸਾਡੇ ਵਰਤਮਾਨ ਆਗੂ ਜੇ ‘ਆਗੂ’ ਦੇ ਉਹ ਗੁਣ, ਜਿਨਾਂ ਦੀ ਗੁਰੂ ਸਾਹਿਬ ਨੇ ਗੁੜਤੀ ਦਿੱਤੀ ਸੀ, ਨੂੰ ਵਿਰਸੇ ‘ਚੋਂ ਲੈ ਲੈਂਦੇ ਤਾਂ ਅੱਜ ਜਿਸ ਸਥਿੱਤੀ ‘ਚ ਸਾਡੀ ਕੌਮ ਪੁੱਜ ਚੁੱਕੀ ਹੈ, ਉਹ ਸਥਿੱਤੀ ਕਦੇ ਨਾ ਆਉਂਦੀ। ਇਸ ਲਈ ਗੁਰੂ ਸਾਹਿਬਾਨ ਦੇ ਪਵਿੱਤਰ ਦਿਹਾੜਿਆਂ ਮੌਕੇ, ਉਸ ਸੇਧ ਦਾ ਜਿਹੜੀ ਗੁਰੂ ਸਾਹਿਬਾਨ ਸਾਨੂੰ ਦੇ ਕੇ ਗਏ ਹਨ, ਜ਼ਿਕਰ ਕਰਨਾ ਅਤੇ ਅਸੀਂ ਕਿਥੇ ਖੜੇ ਹਾਂ? ਬਾਰੇ ਆਤਮ ਚਿੰਤਨ ਕਰਨਾ ਬੇਹੱਦ ਜ਼ਰੂਰੀ ਹੋਣਾ ਚਾਹੀਦਾ ਹੈ। ਤਦ ਹੀ ਅਸੀਂ ਉਸ ਫੁੱਲਵਾੜੀ ਦੀ ਸੁਗੰਧੀ, ਜਿਸਦੇ ਫੁੱਲ ਹੋਣ ਦਾ ਸਾਨੂੰ ਮਾਣ ਹਾਸਲ ਹੋਇਆ ਹੈ, ਨੂੰ ਦੁਨੀਆਂ ਭਰ ‘ਚ ਲੈ ਕੇ ਜਾਣ ਦੇ ਸਮਰੱਥ ਹੋਵਾਂਗੇ, ਨਹੀਂ ਤਾਂ ਉਲਟਾ ਉਸ ਫੁੱਲਵਾੜੀ ਦੀ ਸੁੰਦਰਤਾ ਤੇ ਸੁੰਗਧੀ ਦੋਵਾਂ ਨੂੰ ਵਿਗਾੜਨ ਦੇ ਦੋਸ਼ੀ ਬਣਾਂਗੇ।

Be the first to comment

Leave a Reply