ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਚੋਰੀ ਕੀਤਾ ਮੁਕੰਮਲ ਸਰਮਾਇਆ ਵਾਪਸ ਨਹੀਂ ਪੁੱਜਾ:ਡਾ. ਰੂਪ ਸਿੰਘ

ਅੰਮ੍ਰਿਤਸਰ:ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਖ਼ਜ਼ਾਨੇ ਨੂੰ ਖ਼ੁਰਦ ਬੁਰਦ ਕੀਤੇ ਜਾਣ ਦੀਆਂ ਖ਼ਬਰਾਂ ‘ਰੋਜ਼ਾਨਾ ਸਪੋਕਸਮੈਨ’ ਵਲੋਂ ਪ੍ਰਮੁਖਤਾ ਨਾਲ ਪ੍ਰਕਾਸ਼ਤ ਕੀਤੇ ਜਾਣ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਵਲੋਂ ਅਪਣੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦੀ ਇਕ ਮੀਟਿੰਗ ਕੀਤੀ ਗਈ। ਇਸ ਦੀ ਪ੍ਰਧਾਨਗੀ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕੀਤੀ। ਮੰਨਿਆ ਜਾ ਰਿਹਾ ਸੀ ਕਿ ਇਸ ਮੀਟਿੰਗ ਵਿਚ ਸ਼ਾਇਦ ਉਹ ਦੋਸ਼ੀ ਜਨਤਕ ਕੀਤੇ ਜਾਣਗੇ ਜਿਨ੍ਹਾਂ ਦੀ ਮਿਲੀਭੁਗਤ ਨਾਲ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਸਿੱਖ ਸਰਮਾਏ ਦੀ ਲੁੱਟ-ਖਸੁੱਟ ਕੀਤੀ ਸੀ ਪਰ ਇਹ ਮੀਟਿੰਗ ਮਹਿਜ਼ ਰਸਮੀ ਬਣ ਕੇ ਰਹਿ ਗਈ ਤੇ 2 ਘੰਟੇ ਤੋਂ ਵਧ ਸਮਾਂ ਚਲੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਇਕ ਹਾਈ ਪਾਵਰ ਕਮੇਟੀ ਦਾ ਗਠਨ ਕਰਨ ਤਾਕਿ ਸਾਰੇ ਮਾਮਲੇ ਦੀ ਜਾਂਚ ਹੋ ਸਕੇ।
ਡਾਕਟਰ ਰੂਪ ਸਿੰਘ ਨੇ ਕਿਹਾ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਸਾਹਿਤਕ ਸਰਮਾਇਆ ਕੇਂਦਰ ਸਰਕਾਰ ਅਤੇ ਫ਼ੌਜ ਵਲੋਂ ਅਜੇ ਤਕ ਵੀ ਵਾਪਸ ਨਾ ਕੀਤੇ ਜਾਣ ਦਾ ਮੁੜ ਦਾਅਵਾ ਕੀਤਾ ਗਿਆ ਹੈ। ਜੂਨ 1984 ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ‘ਤੇ ਸਮੇਂ ਦੀ ਕੇਂਦਰੀ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਬੇਸ਼ੁਮਾਰ ਸਰਮਾਇਆ ਵੀ ਚੋਰੀ ਕਰ ਲਿਆ ਗਿਆ ਸੀ ਜਿਸ ਦੀ ਵਾਪਸੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਲੰਮੇ ਅਰਸੇ ਤੋਂ ਸਰਕਾਰ ਪਾਸੋਂ ਮੰਗ ਕਰਦੀ ਆ ਰਹੀ ਹੈ। ਪਰ ਹਾਲ ਹੀ ਵਿਚ ਮੀਡੀਆ ਵਲੋਂ ਖ਼ਬਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਕਿ ਕੇਂਦਰ ਸਰਕਾਰ ਵਲੋਂ ਲਾਇਬ੍ਰੇਰੀ ਦਾ ਸਮੂਹ ਸਰਮਾਇਆ ਵਾਪਸ ਕਰ ਦਿੱਤਾ ਗਿਆ ਸੀ।

Be the first to comment

Leave a Reply