ਸਿੱਖ ਨਸਲਕੁਸ਼ੀ ਦੇ ੩੪ ਵਰ੍ਹੇ…!

ਹਰ ਵਰ੍ਹੇ ਇਹ ਖੂਨੀ ਹਫ਼ਤਾ ਆਉਂਦਾ ਹੈ, ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਲੂਣ ਛਿੜਕ ਕੇ ਸਿੱਖ ਦਾ ਮੂੰਹ ਚਿੜਾਉਂਦਾ ਲੰਘ ਜਾਂਦਾ ਹੈ। ਸਾਡੇ ਵਰਗੇ ਕਲਮ ਘੜੀਸਾਂ ਦੀਆਂ ਕਲਮਾਂ, ਇਨਸਾਫ਼ ਦੀ ਦੁਹਾਈ ਦੇ ਕੇ ਆਪਣੀ ਭੜਾਸ ਕੱਢ ਲੈਂਦੀਆਂ ਹਨ। ਜਿਨ੍ਹਾਂ ਨੇ ਉਹ ਵਹਿਸ਼ੀਆਨਾ ਕਤਲੇਆਮ ਆਪਣੇ ਪਿੰਡੇ ਤੇ ਹੰਡਾਇਆ ਹੋਇਆ ਹੈ, ਉਹ ਉਸ ਭਿਆਨਕ ਮੰਜ਼ਰ ਦਾ ਚੇਤਾ ਕਰਕੇ ਕੰਬ ਜਾਂਦੇ ਹਨ। ਫਿਰ ਠੰਡਾ ਹਉਕਾ ਲੈ ਕੇ, ਰੋਜ਼ਾਨਾ ਦੇ ਜੀਵਨ ਦੇ ਕੰਮਕਾਰਾਂ ‘ਚ ਗੁਆਚ ਜਾਂਦੇ ਹਨ। ਇਕ-ਅੱਧ ਨਾਲ ਅਜਿਹਾ ਵਹਿਸ਼ੀਆਨਾ ਕਾਰਾ ਹੋਇਆ ਹੋਵੇ ਤੇ ਹਮਲਾਵਰਾਂ ਦੀ ਉੱਚ ਪਹੁੰਚ ਕਾਰਣ, ਪੀੜ੍ਹਤ ਧਿਰ ਨੂੰ ਇਨਸਾਫ਼ ਨਾ ਮਿਲੇ ਸਮਝ ‘ਚ ਆਉਂਦਾ ਹੈ। ਪ੍ਰੰਤੂ ਇਕ ਕੌਮ ਨੂੰ ਉਹ ਵੀ ਉਸ ਕੌਮ ਨੂੰ ਜਿਸਨੂੰ ਦੇਸ਼ ਨੂੰ ਅਜ਼ਾਦ ਕਰਵਾਉਣ, ਭੁੱਖੇ ਦੇਸ਼ ਦਾ ਢਿੱਡ ਭਰਨ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖ਼ੀ ਕਰਨ ਦਾ ਸਿਹਰਾ ਪ੍ਰਾਪਤ ਹੋਏ, ਉਸ ਕੌਮ ਦਾ ਸਮੁੱਚੇ ਰੂਪ ‘ਚ ਕਤਲੇਆਮ ਹੋਵੇ ਤੇ ਫ਼ਿਰ ਕਾਤਲਾਂ ਨੂੰ ਸਜ਼ਾ ਨਹੀਂ ਮਿਲੇ, ਕਿਸੇ ਵੀ ਸੂਝਵਾਨ ਲਈ ਬੇਹੱਦ ਹੈਰਾਨੀਜਨਕ ਹੈ। ਜਾਬਰ ਸਰਕਾਰਾਂ ਨੇ ਸਿਰਫ਼ ਜ਼ੁਲਮ-ਤਸ਼ੱਦਦ ਕਰਨਾ ਹੁੰਦਾ ਹੈ। ਇਨਸਾਫ਼ ਦੇਣਾ, ਉਨ੍ਹਾਂ ਦੇ ਏਜੰਡੇ ਤੇ ਨਹੀਂ ਹੁੰਦਾ। ਕਿਉਂਕਿ ਧੱਕੇ, ਬੇਇਨਸਾਫ਼ੀ ਗਿਣੀ-ਮਿਥੀ ਸਾਜ਼ਿਸ ਅਧੀਨ ਹੀ ਹੁੰਦਾ ਹੈ। ਇਸ ਲਈ ਅਜਿਹੀ ਜਾਬਰ ਤੇ ਮਕਾਰ ਸਰਕਾਰਾਂ ਤੋਂ ਇਨਸਾਫ਼, ਕੌਮ ਦੇ ਡੌਲਿਆ ‘ਚ ਬਚਿਆ ਦਮ ਹੀ ਲੈ ਸਕਦਾ ਹੈ। ਜਿਸ ਤੋਂ ਸਿੱਖ ਕੌਮ ਹੁਣ ਸੱਖਣੀ ਹੁੰਦੀ ਜਾ ਰਹੀ ਹੈ।  ਸਿੱਖ ਨਸਲਕੁਸ਼ੀ ਦੇ ਹਫ਼ਤੇ ਦਾ ਪਹਿਲਾ ਦਿਨ ਹੈ, ਅੱਜ ਤੋਂ ੩੪ ਵਰ੍ਹੇ ਪਹਿਲਾ ਇਕ ਅਜ਼ਾਦ ਦੇਸ਼ ‘ਚ ਜਿਸਨੂੰ ਲੋਕਤੰਤਰੀ ਦੇਸ਼ ਆਖਿਆ ਜਾਂਦਾ ਹੈ, ਦੇਸ਼ ਦੀ ਇਕ ਘੱਟ ਗਿਣਤੀ ਦੀ ਜਿਸ ਤਰ੍ਹਾਂ ਇਕ ਗਿਣੀ-ਮਿਥੀ ਸਾਜ਼ਿਸ ਅਧੀਨ ਨਸਲਕੁਸ਼ੀ ਕੀਤੀ ਗਈ, ਉਹ ੨੦ਵੀਂ ਸਦੀ ਦੀ ਸਭ ਤੋਂ ਭਿਆਨਕ, ਜ਼ਾਲਮਾਨਾ ਤੇ ਦਰਿੰਦਗੀ ਭਰੀ ਘਟਨਾ ਸੀ, ਜਿਸ ਨਾਲ ਸਮੁੱਚੀ ਦੁਨੀਆ ਦੇ ਇਨਸਾਫ਼, ਪਸੰਦ ਲੋਕਾਂ ਦਾ ਕੰਬ ਜਾਣਾ ਕੁਦਰਤੀ ਸੀ। ਪ੍ਰੰਤੂ ਭਾਰਤੀ ਹਕੂਮਤ ਦੇ ਦਹਿਸ਼ਤ ਤੇ ਜ਼ੁਲਮ ਦੇ ਝੰਬੇ ਸਿੱਖ, ਆਪਣੇ ਨਾਲ ਵਾਪਰੇ ਇਸ ਭਿਆਨਕ ਕਾਲੇ ਕਾਂਡ ਨੂੰ ਸਮੁੱਚੀ ਦੁਨੀਆ ਸਾਹਮਣੇ, ਹਿੰਦ ਹਕੂਮਤ ਦੇ ਕੂੜ ਪ੍ਰਚਾਰ, ਜਿਸ ‘ਚ ਸਿੱਖਾਂ ਨੂੰ ‘ਅੱਤਵਾਦੀ’ ਵਜੋਂ ਬਦਨਾਮ ਕੀਤਾ ਜਾ ਰਿਹਾ ਸੀ, ਉਸ ਕੂੜ ਪ੍ਰਚਾਰ ਦਾ ਠੋਕਵਾ ਉਤਰ ਦੇ ਕੇ, ਦੇਸ਼ ਦੀ ਜ਼ਾਲਮ ਹਕੂਮਤ ਅਤੇ ਦੇਸ਼ ਦੀ ਫਿਰਕੂ ਜਾਨੂੰਨ ‘ਚ ਅੰਨ੍ਹੀ ਬਹੁਗਿਣਤੀ ਦੇ ਸਿੱਖਾਂ ਦੀ ਹੋਂਦ ਨੂੰ ਖ਼ਤਮ ਕਰਨ ਦੇ ਕਾਲੇ ਮਨਸੂਬਿਆਂ ਦਾ ਸੱਚ ਦੁਨੀਆ ਸਾਹਮਣੇ ਨਹੀਂ ਲਿਆ ਸਕੇ। ਅੱਜ ਜਦੋਂ ਇਸ ਭਿਆਨਕ ਤੇ ੨੦ਵੀਂ ਸਦੀ ਦੇ ਸਭ ਤੋਂ ਕਾਲੇ ਕਾਂਡ ਨੂੰ ਵਾਪਰਿਆ ੩੪ ਵਰ੍ਹੇ ਬੀਤ ਚੁੱਕੇ ਹਨ, ਪ੍ਰੰਤੂ ਸਿੱਖਾਂ ਨਾਲ ਹੋਏ ਜ਼ੁਲਮ, ਜ਼ੋਰ ਜਬਰ ਦਾ ਹਾਲੇਂ ਤੱਕ ਇਨਸਾਫ਼ ਵੀ ਨਹੀਂ ਦਿੱਤਾ ਗਿਆ, ਉਸ ਸਮੇਂ ਸਿੱਖਾਂ ਨੂੰ ਜਿਹੜੇ ਅੱਜ ਦੁਨੀਆ ਦੇ ਹਰ ਦੇਸ਼ ‘ਚ ਆਪਣੀ ਹੋਂਦ ਰੱਖਦੇ ਹਨ, ਹਿੰਦ ਹਕੂਮਤ ਅਤੇ ਇੱਥੋਂ ਦੀ ਬਹੁਗਿਣਤੀ ਦੇ ਕਾਲੇ ਚਿਹਰੇ ਨੂੰ ਨੰਗਾ ਕਰਨ ਦੀ ਹਰ ਸੰਭਵ ਕੋਸ਼ਿਸ ਜ਼ਰੂਰ ਕਰਨੀ ਚਾਹੀਦੀ ਹੈ।
ਪਹਿਲਾ ਕਨੇਡਾ ਦੀ ਪਾਰਲੀਮੈਂਟ ‘ਚ ੧੯੮੪ ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦੇਣ ਦਾ ਮਤਾ ਪੇਸ਼ ਹੋਇਆ ਜਿਸਦੀ ਵੱਡੇ ਪੱਧਰ ਤੇ ਚਰਚਾ ਵੀ ਹੋਈ, ਪ੍ਰੰਤੂ ਦੁਨੀਆ ਦੀ ਵੱਡੀ ਮੰਡੀ ਬਣ ਚੁੱਕੇ ਭਾਰਤ ਦੀ ਝੇਪ ਕਨੇਡਾ ਤੇ ਪ੍ਰਤੱਖ ਹੈ, ਜਿਸ ਕਾਰਣ ਉਹ ਮਾਮਲਾ ਉਸ ਰੂਪ ‘ਚ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਜਿਸ ਰੂਪ ‘ਚ ਆਉਣਾ ਚਾਹੀਦਾ ਸੀ। ਉਸ ਤੋਂ ਬਾਅਦ ਆਸਟਰੇਲੀਆ ਦੀ ਪਾਰਲੀਮੈਂਟ ‘ਚ ਵੀ ਅਜਿਹੀ ਕੋਸ਼ਿਸ ਹੋਈ ਸੀ ਜਿਸ ਵਿੱਚ ਆਸਟਰੇਲੀਅਨ ਪਾਰਲੀਮੈਂਟ ਦੇ ਫੈਡਰਲ ਮੈਂਬਰ ਵਾਰਨਇਨਟੈਕ ਵੱਲੋਂ ਸਿੱਖ ਨਸਲਕੁਸ਼ੀ ਨੂੰ ਲੈ ਕੇ ਇਕ ਪਟੀਸ਼ਨ ਪਾਰਲੀਮੈਂਟ ‘ਚ ਪੇਸ਼ ਕੀਤੀ ਗਈ ਸੀ। ਪ੍ਰੰਤੂ  ਕਨੇਡਾ ਦੀ ਤਰ੍ਹਾਂ ਇੱਥੇ ਵੀ ਕੋਈ ਠੋਸ ਪ੍ਰਾਪਤੀ ਨਹੀਂ ਹੋਈ।
ਭਾਰਤ ‘ਚ ਭਾਰਤੀ ਮੀਡੀਆ, ਸਿੱਖ ਨਸਲਕੁਸ਼ੀ ਤੇ ਅੱਖਾਂ ਮੀਚ ਛੱਡਦਾ ਹੈ, ਜਦੋਂਕਿ ੩੧ ਅਕਤੂਬਰ ਤੋਂ ੩ ਨਵੰਬਰ ਤੱਕ ਇੰਦਰਾ ਗਾਂਧੀ ਦੇ ਕਤਲ ਨੂੰ ਲੈ ਕੇ, ਸਿੱਖਾਂ ਵਿਰੁੱਧ ਮੁੜ ਤੋਂ ਨਫ਼ਰਤ ਦਾ ਮਾਹੌਲ ਸਿਰਜਣ ਦੀ ਭਰਪੂਰ ਕੋਸ਼ਿਸ ਕੀਤੀ ਜਾਂਦੀ ਹੈ। ਭਾਰਤੀ ਮੀਡੀਏ ਤੇ ਬਹੁਗਿਣਤੀ ਉਹ ਲੋਕ ਹੀ ਕਾਬਜ਼ ਹਨ, ਜਿਹੜੇ ਦੇਸ਼ ਦੀ ਬਹੁਗਿਣਤੀ ਦੀ ਸੋਚ ਦੀ ਨੁਮਾਇੰਦਗੀ ਕਰਦੇ ਹਨ, ਇਸ ਲਈ ਸਿੱਖਾਂ ਲਈ ਇਨਸਾਫ਼ ਜਾਂ ਸਿੱਖਾਂ ਨਾਲ ਦੇਸ਼ ਦੀ ਅਜ਼ਾਦੀ ਸਮੇਂ ਕੀਤੇ ਵਾਅਦਿਆਂ ਦੀ ਵਾਅਦਾ ਖਲਾਫ਼ੀ ਬਾਰੇ ਦੜ੍ਹ-ਵੱਟ ਲਈ ਜਾਂਦੀ ਹੈ, ਪ੍ਰੰਤੂ ਸਿੱਖਾਂ ਨੂੰ ਬਦਨਾਮ ਕਰਨ ਲਈ ਹਰ ਛੋਟੀ-ਵੱਡੀ ਘਟਨਾ ਨੂੰ ਤਰੋੜ ਮਰੋੜ ਕੇ, ਵਧਾ-ਚੜ੍ਹਾ ਕੇ ਪੇਸ਼ ਜ਼ਰੂਰ ਕੀਤਾ ਜਾਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਿੱਖ ਨਸਲਕੁਸ਼ੀ ਦਾ ਸੱਚ, ਸਮੁੱਚੀ ਦੁਨੀਆ ਸਾਹਮਣੇ ਜਾਣਾ ਚਾਹੀਦਾ ਹੈ ਅਤੇ ਇਸ ਭਿਆਨਕ ਕਾਂਡ ਨੇ ਸਿੱਖ ਮਾਨਸਿਕਤਾ ਨੂੰ ਕਿਸ ਹੱਦ ਤੱਕ ਝੰਜੋੜਿਆ ਹੈ ਅਤੇ ਦਰਬਾਰ ਸਾਹਿਬ ਸਾਕੇ ਤੇ ਸਿੱਖ ਨਸਲਕੁਸ਼ੀ ਕਾਰਣ ਸਿੱਖਾਂ ਦੇ ਜਖ਼ਮ ਹਾਲੇਂ ਤੱਕ ਕਿੰਨੇ ਰਿਸਦੇ ਹਨ, ਇਸਦਾ ਪਤਾ ਸਮੁੱਚੀ ਦੁਨੀਆ ਨੂੰ ਲੱਗਣਾ ਚਾਹੀਦਾ ਹੈ, ਉਸ ਲਈ ਜ਼ਰੂਰੀ ਹੈ ਕਿ ਹਰ ਉਸ ਦੇਸ਼ ‘ਚ ਜਿੱਥੇ ਸਿੱਖਾਂ ਦੀ ਪ੍ਰਭਾਵਸ਼ਾਲੀ ਗਿਣਤੀ ਹੈ, ਉਸ ਦੇਸ਼ ਦੀ ਪਾਰਲੀਮੈਂਟ ‘ਚ ਅਜਿਹੇ ਮਤੇ ਲਿਆਉਣ ਦਾ ਹਰ ਯਤਨ ਕੀਤਾ ਜਾਵੇ।
ਜਦੋਂ ਇਹ ਗੰਭੀਰ ਮਾਮਲਾ ਹਰ ਦੇਸ਼ ਦੀ ਪਾਰਲੀਮੈਂਟ ‘ਚ ਗੂੰਜੇਗਾ ਅਤੇ ਇਨਸਾਫ਼ ਪਸੰਦ ਲੋਕਾਂ ਦੇ ਦਿਲਾਂ ਨੂੰ ਹਲੂਣੇਗਾ ਤਾਂ ਇਸਦੀ ਦਸਤਕ ਯੂ. ਐਨ. ਓ. ਦੇ ਦਰਵਾਜ਼ੇ ਤੇ ਵੀ ਹੋਵੇਗੀ, ਜਿਸ ਕਾਰਣ ਭਾਰਤ ਸਰਕਾਰ ਨੂੰ ਜਿੱਥੇ ਸਿੱਖ ਨਸਲਕੁਸ਼ੀ ਦਾ ਇਨਸਾਫ਼ ਦੇਣ ਲਈ ਮਜ਼ਬੂਰ ਹੋਣਾ ਪਵੇਗਾ, ਉਥੇ ਸਿੱਖਾਂ ਨਾਲ ਦੇਸ਼ ‘ਚ ਹੁੰਦੇ ਵਿਤਕਰੇ ਅਤੇ ਉਨ੍ਹਾਂ ਨੂੰ ਦੋ ਨੰਬਰ ਦੇ ਸ਼ਹਿਰੀ ਮੰਨੇ ਜਾਣ ਤੇ ਕੁਝ ਹੱਦ ਤੱਕ ਰੋਕ ਜ਼ਰੂਰ ਲੱਗੇਗੀ। ਅੱਜ ਜਦੋਂ ਸਿੱਖ ਨਸਲਕੁਸ਼ੀ ਦੀ ੩੪ਵੀਂ ਵਰ੍ਹੇਗੰਢ ਆ ਗਈ ਹੈ, ਉਸ ਸਮੇਂ ਹਰ ਸਿੱਖ ਦਰਦੀ ਨੂੰ, ਚਾਹੇ ਉਹ ਦੁਨੀਆ ‘ਚ ਕਿੱਥੇ ਵੀ ਬੈਠਾ ਹੈ, ਇਸ ਭਿਆਨਕ ਕਾਂਡ ਦੀ ਸਚਾਈ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਹਰ ਸੰਭਵ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ ਅਤੇ ੩ ਨਵੰਬਰ ਵਾਲੇ ਦਿਨ ਸਿੱਖਾਂ ਨੂੰ ਪੂਰੇ ਵਿਸ਼ਵ  ‘ਚ ਸਿੱਖ ਨਸਲਕੁਸ਼ੀ ਦੀ ਯਾਦ ਨੂੰ ਇਕ ਅਨੋਖੇ, ਨਿਵਕੇਲੇ ਅਤੇ ਦਰਦ ਭਿੱਜੇ ਅੰਦਾਜ਼ ‘ਚ ਜ਼ਰੂਰ ਮਨਾਉਣਾ ਚਾਹੀਦਾ ਹੈ।
-ਜਸਪਾਲ ਸਿੰਘ ਹੇਰਾਂ

Be the first to comment

Leave a Reply