ਸਿੱਖ ਕਤਲੇਆਮ ਦੇ ਜ਼ਖ਼ਮਾਂ ‘ਤੇ ੩੪ ਸਾਲ ਬਾਅਦ ਵੀ ਨਹੀਂ ਲੱਗੀ ਇਨਸਾਫ਼ ਦੀ ਮੱਲ੍ਹਮ

ਚੰਡੀਗੜ੍ਹ:੧੯੮੪ ਨੂੰ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਇੱਕ ਦਿਨ ਬਾਅਦ ਸਿੱਖਾਂ ਲਈ ਕਾਲ਼ਾ ਸੂਰਜ ਚੜ੍ਹਿਆ। ਪਹਿਲੀ ਨਵੰਬਰ ੧੯੮੪ ਨੂੰ ਦੁਨੀਆ ਦੇ ਇਤਿਹਾਸ ਦੇ ਸਭ ਤੋਂ ਵਹਿਸ਼ੀਆਨਾ ਕਤਲੇਆਮ ਦੀ ਸ਼ੁਰੂਆਤ ਹੋਈ। ਦੇਸ਼ ਦੀ ਰਾਖੀ ਲਈ ਦੁਸ਼ਮਣ ਦੀਆਂ ਗੋਲ਼ੀਆਂ ਅੱਗੇ ਛਾਤੀਆਂ ਡਾਹੁਣ ਵਾਲੇ ਸਿੱਖਾਂ ਦੀਆਂ ਲਾਸ਼ਾਂ ਦਿੱਲੀ ਸ਼ਹਿਰ ਦੀਆਂ ਗਲ਼ੀਆਂ ਵਿੱਚ ਖਿਲਾਰੀਆਂ ਪਈਆਂ ਸਨ। ੩੪ ਸਾਲ ਬਾਅਦ ਵੀ ਦਿੱਲੀ ਵੱਲੋਂ ਦਿੱਤਾ ਦਰਦ ਹਾਲੇ ਵੀ ਕਤਲੇਆਮ ਪੀੜਤਾਂ ਦੇ ਜ਼ਿਹਨ ‘ਚ ਤਾਜ਼ਾ ਹੈ।ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਦੇ ਬਲਾਕ ੩੨ ਵਿੱਚ ਕਾਫੀ ਸਿੱਖ ਪਰਿਵਾਰ ਘੁੱਗ ਵੱਸਦੇ ਸਨ ਪਰ ਹੁਣ ਇੱਥੋਂ ਬਚੇ ਕਿਸਮਤ ਵਾਲੇ ਸਿੱਖਾਂ ਨੂੰ ਤਿਲਕ ਵਿਹਾਰ ਦੀ ਰੀਸੈਟਲਮੈਂਟ ਕਾਲੋਨੀ ਵਿੱਚ ਰੱਖਿਆ ਹੈ। ਇੱਥੇ ਰਹਿੰਦੀਆਂ ਗੋਪੀ ਕੌਰ ਤੇ ਵਿੱਦਿਆ ਦੇਵੀ ਨੇ ਇਨਸਾਨਾਂ ਨੂੰ ਰਾਖ਼ਸ਼ਾਂ ਵਾਲਾ ਵਿਹਾਰ ਕਰਦੇ ਹੋਏ ਅੱਖੀਂ ਦੇਖਿਆ। ਵਿੱਦਿਆ ਦੇਵੀ ਮੁਤਾਬਕ ਉਨ੍ਹਾਂ ਦੇ ਪਤੀ ਗੁਆਂਢੀਆਂ ਦੇ ਘਰ ਵਿੱਚ ਲੁਕੇ ਸਨ, ਪਰ ਮੁਹੱਲੇ ਦੇ ਹੀ ਕੁਝ ਲੋਕਾਂ ਨੇ ਇਸ ਦੀ ਖ਼ਬਰ ਭੀੜ ਨੂੰ ਦੇ ਦਿੱਤੀ।ਯੋਜਨਾਬੱਧ ਤਰੀਕੇ ਨਾਲ ਕੀਤੀ ਕਤਲੋਗਾਰਤ ਤੋਂ ਇਲਾਵਾ ਦਿੱਲੀ ਵਿੱਚ ਵੱਸਦੇ ਸਿੱਖਾਂ ਦੀ ਪੂਰੀ ਇੱਕ ਪੀੜ੍ਹੀ ਬੇਹੱਦ ਜ਼ਿਆਦਾ ਮਾਨਸਿਕ ਤਸ਼ੱਦਦ ਵਿੱਚੋਂ ਗੁਜ਼ਰੀ ਹੈ। ਇਹ ਪੀੜ੍ਹੀ ਨਾ ਤਾਂ ਠੀਕ ਤਰੀਕੇ ਨਾਲ ਪੜ੍ਹ-ਲਿਖ ਪਾਈ ਹੈ ਤੇ ਨਾ ਹੀ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕੀ ਹੈ। ਘਰ ਦੇ ਮੁਖੀ ਦੇ ਚਲੇ ਜਾਣ ਤੋਂ ਬਾਅਦ ਪਰਿਵਾਰ ਦੇ ਬਾਕੀ ਜੀਆਂ ਦੀ ਜ਼ਿੰਦਗੀ ਕਦੇ ਵੀ ਸੰਭਲ ਨਹੀਂ ਸਕੀ।ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੀ ਗਿਣਤੀ ‘ਚ ਸਿੱਖਾਂ ਦੇ ਕਤਲ ਹੋਏ। ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਵਿੱਚ ੨੭੦੦ ਤੋਂ ਵੱਧ ਸਿੱਖਾਂ ਦੀ ਹੱਤਿਆ ਹੋਈ, ਪਰ ਮੌਤਾਂ ਦੀ ਗਿਣਤੀ ‘ਤੇ ਹਾਲੇ ਵੀ ਵਿਵਾਦ ਹੈ। ਲੁਧਿਆਣਾ ਦੇ ਮਨਵਿੰਦਰ ਸਿੰਘ ਗਿਆਸਪੁਰਾ ਦੱਸਦੇ ਹਨ ਕਿ ਉਹ ਪੰਜਾਬ ਵਿੱਚ ਆਰਾਮ ਨਾਲ ਰਹਿ ਰਹੇ ਸਨ ਪਰ ਉਨ੍ਹਾਂ ਨੂੰ ਸਾਲ ੨੦੧੧ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦਾ ਪਰਿਵਾਰ ਹਰਿਆਣਾ ਦੇ ਰੇਵਾੜੀ ਸ਼ਹਿਰ ਵਿੱਚ ਚਿੱਲ੍ਹੜ ਪਿੰਡ ਰਹਿੰਦਾ ਸੀ ਤੇ ੧੯੮੪ ਦੇ ਕਤਲੇਆਮ ਦੀ ਭੇਟ ਚੜ੍ਹ ਚੁੱਕਿਆ ਸੀ। ਮਨਵਿੰਦਰ ਸਿੰਘ ਨੇ ਨਿਆਂ ਲਈ ਕਾਨੂੰਨੀ ਲੜਾਈ ਛੇੜੀ ਹੋਈ ਹੈ।ਕਾਂਗਰਸ ਰਾਜ ਵਿੱਚ ਹਜ਼ਾਰਾਂ ਸਿੱਖਾਂ ਦੇ ਕਤਲ ਦੇ ਬਾਵਜੂਦ ਰਾਜੀਵ ਗਾਂਧੀ ਨੇ ਤਿੰਨ ਨਵੰਬਰ ੧੯੮੪ ਨੂੰ ਦਿੱਲੀ ਵਿੱਚ ਭਾਸ਼ਣ ਦਿੰਦਿਆਂ ਇਨ੍ਹਾਂ ਕਤਲਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਗਾਂਧੀ ਨੇ ਕਿਹਾ ਸੀ ਕਿ ਜਦ ਇੱਕ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਵਾਲ ਇਹ ਉੱਠਦਾ ਹੈ ਕਿ ਕਈ ਹਜ਼ਾਰ ਸਿੱਖ ਦਿਨ ਦਿਹਾੜੇ ਕਤਲ ਕਰ ਦਿੱਤੇ, ਕਿਸ ਨੇ ਮਾਰੇ, ਕਿਓਂ ਮਾਰੇ, ਇਹ ਜਵਾਬ ਸਿੱਖਾਂ ਨੂੰ ਹਾਲੇ ਤਕ ਨਹੀਂ ਮਿਲਿਆ।
ਹਰ ਸਾਲ ਇੱਕ ਤੋਂ ਲੈ ਕੇ ਤਿੰਨ ਨਵੰਬਰ ਤਕ ਗੁਰੂ ਘਰਾਂ ਵਿੱਚ ਵਿਸ਼ੇਸ਼ ਪਾਠ ਹੁੰਦੇ ਹਨ, ਇਨਸਾਫ਼ ਦੀ ਪ੍ਰਾਪਤੀ ਲਈ ਅਰਦਾਸਾਂ ਹੁੰਦੀਆਂ ਹਨ। ਇਨਸਾਫ਼ ਤਾਂ ਦੂਰ ਦੀ ਗੱਲ ਸਰਕਾਰਾਂ ਨੇ ਉੱਜੜੇ ਸਿੱਖਾਂ ਦੇ ਮੁੜ ਵਸੇਬੇ ਲਈ ਵੀ ਲੋੜੀਂਦੇ ਯਤਨ ਨਹੀਂ ਕੀਤੇ। ਪੀੜਤਾਂ ਨੂੰ ਨੌਕਰੀਆਂ ਬਿਲਕੁਲ ਨਹੀਂ ਮਿਲੀਆਂ ਤੇ ਮੁਆਵਜ਼ੇ ਖੁਣੋਂ ਵੀ ਕਈ ਬਾਕੀ ਰਹਿੰਦੇ ਹਨ। ਇੰਨਾ ਤਸ਼ੱਦਦ ਝੱਲ ਵੀ ਪੂਰੀ ਸਰਕਾਰਾਂ ਤੇ ਨਿਆਂ ਪਾਲਿਕਾ ਤੋਂ ਇਨਸਾਫ਼ ਦੀ ਆਸਵੰਦ ਸਿੱਖ ਕੌਮ ਸਰਬੱਤ ਦੇ ਭਲੇ ਲਈ ਅਰਦਾਸ ਕਰਨਾ ਬਿਲਕੁਲ ਨਹੀਂ ਭੁੱਲਦੀ।

Be the first to comment

Leave a Reply