ਸਿੱਖ ਉਬਰ ਟੈਕਸੀ ਡਰਾਇਵਰ ’ਤੇ ਅਮਰੀਕਾ ’ਚ ਨਸਲੀ ਹਮਲਾ

ਅਮਰੀਕਾ ’ਚ ਉਬਰ ਟੈਕਸੀ ਚਲਾਉਂਦੇ ਇੱਕ ਸਿੱਖ ਡਰਾਇਵਰ ਨਾਲ ਨਸਲੀ ਆਧਾਰ ’ਤੇ ਵਧੀਕੀ ਹੋਈ ਹੈ। ਇੱਕ ਯਾਤਰੀ ਨੇ ਉਸ ਦਾ ਗਲ਼ਾ ਘੁੱਟ ਕੇ ਜਾਨ ਲੈਣ ਦੀ ਕੋਸ਼ਿਸ਼ ਕੀਤੀ।

ਇਹ ਘਟਨਾ ਅਮਰੀਕੀ ਸੂਬੇ ਵਾਸ਼ਿੰਗਟਨ ਦੇ ਬੇਲਿੰਘਮ ਸ਼ਹਿਰ ’ਚ ਬੀਤੀ 5 ਦਸੰਬਰ ਨੂੰ ਵਾਪਰੀ। ਦਰਅਸਲ, ਸਿੱਖ ਡਰਾਇਵਰ ਨੇ ਗ੍ਰਿਫ਼ਿਨ ਲੇਵੀ ਸੇਅਰਜ਼ ਨੂੰ ਇੱਕ ਯਾਤਰੀ ਵਜੋਂ ਆਪਣੀ ਟੈਕਸੀ ’ਚ ਬਿਠਾਇਆ ਸੀ। ਇਸ ਬਾਰੇ ਰਿਪੋਰਟ ‘ਦਿ ਅਮੈਰਿਕਨ ਬਾਜ਼ਾਰ’ ਨੇ ਪ੍ਰਕਾਸ਼ਿਤ ਕੀਤੀ ਹੈ।

ਫਿਰ ਪੁਲਿਸ ਕੋਲ ਐਮਰਜੈਂਸੀ 911 ਨੰਬਰ ’ਤੇ ਸ਼ਿਕਾਇਤ ਆਈ ਕਿ ਇੱਕ ਯਾਤਰੀ ਨੇ ਡਰਾਇਵਰ ਨਾਲ ਧੱਕੇਸ਼ਾਹੀ ਕੀਤੀ ਹੈ। ਤਦ ਪੁਲਿਸ ਨੇ 22 ਸਾਲਾ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਅਗਲੇ ਦਿਨ 13,000 ਡਾਲਰ ਦੇ ਜ਼ਮਾਨਤੀ ਮੁਚੱਲਕੇ ’ਤੇ ਰਿਹਾਅ ਕਰ ਦਿੱਤਾ ਗਿਆ। ਪੀੜਤ ਸਿੱਖ ਡਰਾਇਵਰ ਨੇ ਦੱਸਿਆ ਕਿ ਸਾਇਰਜ਼ ਨੇ ਕੋਈ ਖ਼ਰੀਦਦਾਰੀਆਂ ਕਰਨ ਲਈ ਟੈਕਸੀ ਬੁੱਕ ਕੀਤੀ ਸੀ ਤੇ ਫਿਰ ਆਪਣਾ ਕੰਮ ਕਰ ਕੇ ਆਪਣੇ ਟਿਕਾਣੇ ’ਤੇ ਪਰਤਿਆ। ਉੱਥੇ ਉਸ ਨੇ ਡਰਾਇਵਰ ਨੂੰ ਗਾਲ਼ਾਂ ਕੱਢਣਾ ਸ਼ੁਰੂ ਕਰ ਦਿੱਤਾ ਤੇ ਉਸ ਦਾ ਗਲ਼ਾ ਵੀ ਘੁੱਟਿਆ। ਉਸ ਨੇ ਡਰਾਇਵਰ ਉੱਤੇ ਨਸਲੀ ਟਿੱਪਣੀਆਂ ਵੀ ਕੀਤੀਆਂ।

ਪਰ ਡਰਾਇਵਰ ਉਸ ਯਾਤਰੀ ਦੇ ਸ਼ਿਕੰਜੇ ’ਚੋਂ ਬਚ ਨਿੱਕਲਿਆ। ਤਦ ਉਸ ਨੇ 911 ਉੱਤੇ ਕਾੱਲ ਕਰ ਕੇ ਪੁਲਿਸ ਨੂੰ ਇਸ ਬਾਰੇ ਦੱਸਿਆ। ਪੁਲਿਸ ਨੇ ਮੁਲਜ਼ਮ ਨੂੰ ਛੇਤੀ ਹੀ ਫੜ ਲਿਆ।

‘ਅਮੈਰਿਕਨ ਬਾਜ਼ਾਰ’ ਮੁਤਾਬਕ ਅਮਰੀਕਾ ’ਚ ਸਿੱਖ ਅਕਸਰ ਨਸਲੀ ਹਮਲਿਆਂ ਤੇ ਹਿੰਸਾ ਦੇ ਸ਼ਿਕਾਰ ਹੁੰਦੇ ਹੀ ਰਹਿੰਦੇ ਹਨ। ਸਾਲ 2017 ਦੇ ਬਾਅਦ ਅਜਿਹੀਆਂ ਘਟਨਾਵਾਂ ਵਿੱਚ 200 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ।

Be the first to comment

Leave a Reply