ਸਾਕਾ ਜੂਨ 84: ਭਿੰਡਰਾਂਵਾਲੇ ਅਤਿਵਾਦੀ ਜਾਂ ਹੀਰੋ

ਪੰਜਾਬ ‘ਚ ਅੱਜ ਵੀ ਸ਼ਹੀਦ ਭਗਤ ਸਿੰਘ ਅਤੇ ਸੰਤ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਵੱਧ ਵਿਕਦੀਆਂ ਹਨ

ਸੰਤ ਭਿੰਡਰਾਂ ਵਾਲੇ ਪੰਜਾਬ ਮਸਲੇ ਦਾ ਸਨਮਾਨਜਨਕ ਤੇ ਸਾਂਤੀਪੂਰਨ ਤਰੀਕੇ ਨਾਲ ਹੱਲ ਲੱਭਣ ਦੇ ਵਿਰੁੱਧ ਨਹੀਂ ਸਨ

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ ‘ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ।ਸੰਤ ਭਿੰਡਰਾਂਵਾਲਿਆ ਨੇ ਹਿੰਦੂਆਂ ਦੇ ਮਾਰੇ ਜਾਣ ਤੇ ਅਫਸੋਸ ਪ੍ਰਗਟ ਕੀਤਾ ਪਰ ਮੀਡੀਏ ਇਸ ਨੂੰ ਪ੍ਰਮੱੁਖਤਾ ਨਾਲ ਨਾ ਛਾਪਿਆ।ਸਗੋਂ ਉਨਾ ਦੇ ਅਕਸ ਨੂੰ ਵਿਗਾੜਨ ਲਈ ਪੂਰਾ ਤਾਣ ਲਾਇਆ। ਪੰਜਾਬ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ ‘ਆਪਰੇਸ਼ਨ ਬਲੂ ਸਟਾਰ’ ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ। ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਭਿੰਡਰਾਂਵਾਲਿਆਂ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵ੍ਹਾਈਟ ਪੇਪਰ ਮੁਤਾਬਕ ਹਮਲੇ ‘ਚ 83 ਫੌਜੀ ਤੇ 493 ਆਮ ਲੋਕ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ।
1980 ਦੇ ਦਹਾਕੇ ਵਿਚ ਸਿੱਖਾਂ ਦਾ ਨਾਮ ਦੁਨੀਆਂ ਭਰ ਵਿੱਚ ਚਮਕਾਉਂਣ ਵਾਲੇ ਨੌਜਵਾਨ ਜਿਸਦੇ ਮਾਪਿਆਂ ਨੇ ਉਸ ਨੂੰ ਜਰਨੈਲ ਸਿੰਘ ਨਾਮ ਦਿੱਤਾ ਸੀ।ਜਰਨੈਲ ਸਿੰਘ ਦੇ ਨਾਮ ਨਾਲ ਸੰਤ ਤੇ ਭਿੰਡਰਾਂਵਾਲਾ ਸ਼ਬਦ ਉਦੋਂ ਜੁੜੇ ਜਦੋਂ ਉਹ ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦਾ ਪ੍ਰਚਾਰ ਤੇ ਪਸਾਰ ਕਰਨ ਵਾਲੀ ਸੰਸਥਾ ਦਮਦਮੀ ਟਕਸਾਲ ਦੇ ਪ੍ਰਧਾਨ ਚੁਣੇ ਗਏ।ਪੇਂਡੂ ਪਿਛੋਕੜ ਵਾਲੇ ਇਸ ਨੌਜਵਾਨ ਨੂੰ ਬਹੁਤੀ ਰਸਮੀ ਸਿੱਖਿਆ ਹਾਸਲ ਨਹੀਂ ਸੀ। ਉਨ੍ਹਾਂ ਦਾ ਰਹੱਸਮਈ ਪਰ ਆਸਾਧਾਰਨ ਤਰੀਕੇ ਨਾਲ ਉਭਰਨਾ, ਪੰਜਾਬ ਦੇ ਹੱਕਾਂ ਦੀ ਲੜਾਈ ਦੇ ਸਭ ਤੋਂ ਖ਼ਤਰਨਾਕ ਦੌਰ ਵਿੱਚ ਪਹੁੰਚਣ ਬਾਰੇ ਕਾਫ਼ੀ ਕੁਝ ਬਿਆਨ ਕਰਦਾ ਹੈ। ਇਸ ਸੰਘਰਸ਼ ਨੂੰ ਕੌਮਾਂਤਰੀ ਪੱਧਰ ਉੱਤੇ ਸਿੱਖ ਕੌਮ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ।ਇਹ ਅੰਦੋਲਨ ਭਾਰਤ ਸਰਕਾਰ ਦੀ ਤਾਕਤ ਨਾਲ ਲੜਨ ਵਿੱਚ ਭਾਂਵੇਂ ਨਾਕਾਮ ਦਿੱਸ ਰਿਹਾ ਹੈ ਪਰ ਸੰਤ ਭਿੰਡਰਾਵਾਲਿਆਂ ਦੀ ਸ਼ਖ਼ਸੀਅਤ ਅਤੇ ਸੋਚ ਅੱਜ ਵੀ ਜ਼ਿੰਦਾ ਹੈ।ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਜਿਨ੍ਹਾਂ ਦੋ ਆਗੂਆਂ ਦੀਆਂ ਤਸਵੀਰਾਂ ਸਭ ਤੋਂ ਵੱਧ ਵਿਕੀਆਂ ਹਨ, ਉਹ ਨੇ ਭਾਰਤੀ ਆਜ਼ਾਦੀ ਘੁਲਾਟੀਏ ਭਗਤ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਦੋਵਾਂ ਆਗੂਆਂ ਦੀ ਤੁਲਨਾ ਨਹੀਂ ਹੋ ਸਕਦੀ ਜਿੱਥੇ ਭਗਤ ਸਿੰਘ ਦੀ ਪਛਾਣ ਇੱਕ ਵਿਚਾਰਕ ਦੇ ਤੌਰ ਉੱਤੇ ਹੁੰਦੀ ਹੈ, ਉੱਥੇ ਸੰਤ ਭਿੰਡਰਾਵਾਲਿਆਂ ਦਾ ਨਾਂ ‘ਗਨ ਕਲਚਰ’ ਜਾਂ ਬੰਦੂਕ ਸੱਭਿਆਚਾਰ ਨਾਲ ਜੋੜ ਦਿੱਤਾ ਜਾਂਦਾ ਹੈ।ਜਦੋਂ ਕਿ ਭਗਤ ਸਿੰਘ ਨੇ ਇੱਕ ਪੁਲੀਸ ਅਫਸਰ ਅਤੇ ਇੱਕ ਸਿਪਹੀ ਨੂੰ ਗੋਲੀ ਮਾਰੀ ਅਤੇ ਅੰਗਰੇਜ਼ੀ ਰਾਜ ਸਮੇਂ ਪਾਰਲੀਮੈਂਟ ਵਿੱਚ ਬੰਬ ਸੁਟਿਆ।ਦੂਸਰੇ ਪਾਸੇ ਸੰਤ ਭਿੰਡਰਾਂ ਵਾਲਿਆਂ ਨੇ ਨਾ ਕਿਸੇ ਦੇ ਗੋਲੀ ਮਾਰੀ ਨਾ ਹੀ ਬੰਬ ਸੁਟਿਆ।ਫਿਰ ਵੀ ਸਿੱਖ ਵਿਰੋਧੀਆਂ ਵਿੱਚ ਉਨਾ ਨੂੰ ਅਤਿਵਾਦੀ ਕਿਹਾ ਜਾਂਦਾ ਹੈ । ਜਦੋਂ ਕਿ ਸੰਤ ਭਿੰਡਰਾਂਵਾਲੇ ਸਿਰਫ ਸਿੱਖ ਕੌਮ ਦਾ ਸਨਮਾਨ ਚਹੁੰਦੇ ਸਨ ਅਤੇ ਭਾਰਤ ਵਿੱਚ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਮੰਨਣ ਲਈ ਸੰਘਰਸ਼ ਕਰਦੇ ਸਨ।ਉਹ ਸਿੱਖਾਂ ਨੂੰ ਹੋਰਾਂ ਕੌਮਾਂ ਨਾਲੋਂ ਵੱਖਰਾ ਮੰਨਦੇ ਸਨ।
ਕੋਈ ਵਿਅਕਤੀ ਕਿਸੇ ਲਈ ਹੀਰੋ ਹੋ ਸਕਦਾ ਹੈ ਤਾਂ ਦੂਜੇ ਲਈ ਅੱਤਵਾਦੀ। ਇਹ ਗੱਲ ਸਿਧਾਂਤਕ ਵਖਰੇਵੇਂ ਵਾਲੀ ਧਾਰਨਾ ਉੱਤੇ ਆਧਾਰਿਤ ਹੈ।ਜਿਸ ਵੇਲੇ ਸੰਤ ਭਿੰਡਰਾਂਵਾਲੇ ਨੇ ਦਮਦਮੀ ਟਕਸਾਲ ਦੇ ਮੁਖੀ ਦਾ ਅਹੁਦਾ ਸੰਭਾਲਿਆ ਸੀ ਉਦੋਂ ਉਨ੍ਹਾਂ ਦੀ ਉਮਰ 30 ਸਾਲ ਦੀ ਸੀ। ਕਿਸੇ ਨੇ ਇਸ ਗੱਲ ਦੀ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਗਲੇ ਕੁਝ ਮਹੀਨਿਆਂ ਵਿੱਚ ਉਹ ਪੰਜਾਬ ਦੀ ਫਿਜ਼ਾ ਨੂੰ ਬਦਲ ਦੇਣਗੇ।
ਸਾਲ 1977 ਵਿੱਚ ਉਨ੍ਹਾਂ ਨੂੰ ਦਮਦਮੀ ਟਕਸਾਲ ਦਾ ਪ੍ਰਮੁੱਖ ਬਣਾਏ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਸਨ। ਉਹ ਵੀ ਮੁਬਾਰਕਬਾਦ ਕਹਿਣ ਲਈ ਉੱਥੇ ਹਾਜ਼ਰ ਸਨ।
1978 ਦੀ ਵਿਸਾਖੀ ਦੇ ਖ਼ੂਨੀ ਨਿਰੰਕਾਰੀ ਕਾਂਡ ਤੋਂ ਬਾਅਦ ਪੰਜਾਬ ਹਮੇਸ਼ਾ ਲਈ ਬਦਲ ਗਿਆ। ਇਹ ਕਦੇ ਵੀ ਮੁੜ ਕੇ, ਪਹਿਲਾਂ ਵਰਗਾ ਨਹੀਂ ਹੋ ਸਕਿਆ। ਇਸ ਕਾਂਡ ਦੌਰਾਨ ਮਰਨ ਵਾਲੇ ਸਿੱਖ ਕਾਰਕੁਨ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਨਾਲ ਸਬੰਧਿਤ ਸਨ।ਇਕ ਪੱਤਰਕਾਰ (ਜਗਤਾਰ ਸਿੰਘ)ਦੇ ਰੂਪ ਵਿੱਚ ਮੇਰੀ ਸੰਤ ਭਿੰਡਰਾਂਵਾਲੇ ਨਾਲ ਰਸਮੀ ਅਤੇ ਗੈਰ-ਰਸਮੀ ਗੱਲਬਾਤ ਦੌਰਾਨ ਇਸ ਤਰ੍ਹਾਂ ਜਾਪਦਾ ਸੀ ਕਿ ਉਸ ਸਮੇਂ ਸੰਤ ਭਿੰਡਰਾਂਵਾਲੇ ਨੇ ਆਪਣਾ ਮਨ ਬਣਾ ਲਿਆ ਸੀ ਕਿ ਉਹ ਪੰਥ ਲਈ ਕੁਝ ਖ਼ਾਸ ਕਰਨ ਦਾ ਮਨ ਬਣਾ ਰਹੇ ਹਨ-ਜੋ ਜ਼ਿੰਦਗੀ ਦੀ ਕੁਰਬਾਨੀ ਵੀ ਹੋ ਸਕਦੀ ਹੈ। ਇਹ ਗੁਣ ਉਨ੍ਹਾਂ ਨੂੰ ਰਵਾਇਤੀ ਅਕਾਲੀ ਲੀਡਰਸ਼ਿਪ ਤੋਂ ਪੂਰੀ ਤਰ੍ਹਾਂ ਵੱਖ ਕਰਦਾ ਸੀ।
ਹਾਲਾਤ ਬਾਅਦ ਵਿਚ ਭਾਰਤ ਦੇ ਵਿਰੁੱਧ ਸੰਘਰਸ਼ ਵਿੱਚ ਬਦਲ ਗਏ, ਭਾਵੇਂ ਕਿ ਇਨ੍ਹਾਂ ਹਾਲਾਤ ਦਾ ਮਕਸਦ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾ ਤੱਕ ਸਪੱਸ਼ਟ ਨਹੀਂ ਸੀ।ਪਰ ਇੱਕ ਗੱਲ ਸਪੱਸ਼ਟ ਹੈ ਕਿ ਸੰਤ ਜਰਨੈਲ ਸਿੰਘ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ।ਇਹ ਸੱਚ ਹੈ ਕਿ ਉਨ੍ਹਾਂ ਨੇ ਅਕਾਲੀ ਦਲ ਵੱਲੋਂ 1973 ਵਿੱਚ ਪਾਸ ਕੀਤੇ ਆਨੰਦਪੁਰ ਸਾਹਿਬ ਦੇ ਮਤੇ ਦਾ ਸਮਰਥਨ ਕੀਤਾ ਸੀ ਪਰ ਇਹ ਪ੍ਰਸਤਾਵ ਖੁਦਮੁਖਤਿਆਰੀ ਦੀ ਗੱਲ ਕਰਦਾ ਹੈ, ਵੱਖਰੇ ਦੇਸ ਦੀ ਨਹੀਂ।
ਸੰਤ ਭਿੰਡਰਾਂਵਾਲੇ ਦੀ ਚਰਚਾ ਉਸ ਸਮੇਂ ਹੋਰ ਤੇਜ਼ ਹੋ ਗਈ ਜਦੋਂ ਨਿਰੰਕਾਰੀ ਸੰਪਰਦਾਇ ਦੇ ਆਗੂ ਗੁਰਬਚਨ ਸਿੰਘ ਦੀ ਹੱਤਿਆ ਕੀਤੀ ਗਈ ਅਤੇ ਸੰਤ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਮੁੱਖ ਦਫ਼ਤਰ ਚੌਂਕ ਮਹਿਤਾ ਨੂੰ ਛੱਡ ਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚ ਗਏ ।ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਕੋਲ ਆਉਣ ਲੱਗ ਪਏ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨਹੀਂ ਆਏ ਫੌਜੀ ਕਾਰਵਾਈ ਦੌਰਾਨ ਸਹੀਦ ਹੋ ਗਏ।ਸਿੱਖ ਭਾਈਚਾਰੇ ਦੇ ਉਹ ਲੋਕ ਜਿਹੜੇ ਉਨ੍ਹਾਂ ਦੇ ਸਮਰਥਕ ਸਨ, ਉਹ ਸਮਾਜ ਵਿਚ ਵੱਖ-ਵੱਖ ਅਹੁਦਿਆਂ ਅਤੇ ਖੇਤਰਾਂ ਵਿਚ ਸਰਗਰਮ ਸਨ। ਇਨ੍ਹਾਂ ਵਿੱਚ ਸੇਵਾਮੁਕਤ ਫੌਜੀ ਅਫਸਰ, ਨੌਕਰਸ਼ਾਹ, ਅਤੇ ਸਿੱਖਿਆ ਮਾਹਰ ਸ਼ਾਮਲ ਸਨ। ਜਿਸ ਗੱਲ ਨੇ ਉਹਨਾਂ ਨੂੰ ਕ੍ਰਿਸ਼ਮਈ ਸ਼ਖਸੀਅਤ ਵੱਜੋਂ ਉਭਾਰਿਆ, ਉਹ ਸੀ ਆਮ ਲੋਕਾਂ ਨਾਲ ਸਿੱਧਾ ਸੰਵਾਦ ਅਤੇ ਲੋਕਾਂ ਦੀ ਉਨ੍ਹਾਂ ਵਿੱਚ ਭਰੋਸੇਯੋਗਤਾ।
ਇਹ ਭਰੋਸੇਯੋਗਤਾ ਕਾਫ਼ੀ ਹੱਦ ਤੱਕ ਸ਼੍ਰੋਮਣੀ ਅਕਾਲੀ ਦਲ ਗੁਆ ਰਿਹਾ ਸੀ। ਉਨ੍ਹਾਂ ਦੀ ਸੋਚ ਸਪੱਸ਼ਟਵਾਦੀ ਸੀ ਅਤੇ ਉਹ ਦੋਗਲੇਪਣ ਉੱਤੇ ਵਿਸ਼ਵਾਸ਼ ਨਹੀਂ ਕਰਦੇ ਸਨ।ਇਸ ਸਮੈ ਉਨਾ ਨੂੰ ਸਮਝੌਤਾ ਕਰਨ ਲਈ ਕਰੋੜਾ ਰੁਪਿਆਂ ਦੀ ਆਫਰ ਵੀ ਹੋਈ ਪਰ ਉਨ੍ਹਾਂ ਕੌਮ ਨੂੰ ਤਰਜੀਹ ਦਿੱਤੀ।ਪੈਸਾ ਉਨਾ ਲਈ ਕੋਈ ਮਹੱਤਤਾ ਨਹੀਂ ਰੱਖਦਾ ਸੀ।ਇਸ ਲੇਖਕ (ਜਗਤਾਰ ਸਿੰਘ ਪੱਤਰਕਾਰ) ਨੇ 26 ਮਈ 1984 ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ, ਜਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਫੌਜ ਨੂੰ ਆਪਰੇਸ਼ਨ ਲਈ ਹਰੀ-ਝੰਡੀ ਦਿੱਤੀ ਜਾ ਚੁੱਕੀ ਸੀ। ਇਹ ਇਕ ਘੰਟੇ ਤੋਂ ਵੱਧ ਸਮੇਂ ਲਈ ਆਹਮੋ-ਸਾਹਮਣੇ ਬੈਠ ਕੇ ਕੀਤੀ ਗਈ ਮੁਲਾਕਾਤ ਸੀ। ਉਹ ਉਦੋਂ ਹੀ ਜਾਣਦੇ ਸਨ ਕਿ ਕੀ ਹੋਣ ਜਾ ਰਿਹਾ ਹੈ ਅਤੇ ਉਹ ਹਾਲਾਤ ਤੋਂ ਵਾਕਫ਼ ਸਨ।ਉਹ ਇਸ ਮਸਲੇ ਦਾ ਸਨਮਾਨਜਨਕ ਤੇ ਸਾਂਤੀਪੂਰਨ ਤਰੀਕੇ ਨਾਲ ਹੱਲ ਲੱਭਣ ਦੇ ਵਿਰੁੱਧ ਨਹੀਂ ਸਨ।
ਉਨ੍ਹਾਂ ਨੇ ਜਿਹੜਾ ਰਾਹ ਚੁਣਿਆ ਸੀ , ਉਹ ਉਨ੍ਹਾਂ ਨੂੰ ਅੰਤ ਤੱਕ ਲੈ ਗਿਆ, ਜਿਸ ਨੂੰ ਉਹ ਕਾਫ਼ੀ ਸਮਾਂ ਪਹਿਲਾਂ ਤੋਂ ਲੱਭ ਰਹੇ ਸੀ।
-ਬੀ.ਬੀ ਸੀ ਤੋਂ ਧੰਨਵਾਦ ਸਹਿਤ

Be the first to comment

Leave a Reply