ਸ਼ਿਕਾਗੋ ’ਚ ਲਾਪਤਾ ਭਾਰਤੀ ਔਰਤ ਦੀ ਲਾਸ਼ ਉਸ ਦੀ ਆਪਣੀ ਕਾਰ ’ਚੋਂ ਮਿਲੀ

ਭਾਰਤੀ ਮੂਲ ਦੀ ਜਿਹੜੀ 34 ਸਾਲਾ ਔਰਤ ਸੁਰੀਲ ਡੱਬਾਵਾਲਾ ਗੁੰਮਸ਼ੁਦਾ ਦੱਸੀ ਜਾ ਰਹੀ ਸੀ, ਉਸ ਦੀ ਲਾਸ਼ ਉਸ ਦੀ ਆਪਣੀ ਹੀ ਕਾਰ ’ਚੋਂ ਬਰਾਮਦ ਹੋਈ ਹੈ। ਸੁਰੀਲ ਪਿਛਲੇ ਮਹੀਨੇ ਤੋਂ ਲਾਪਤਾ ਸੀ। ਸੁਰੀਲ ਨੇ ਸ਼ਿਕਾਗੋ ਸਥਿਤ ਲੋਯੋਲਾ ਯੂਨੀਵਰਸਿਟੀ ਤੋਂ MBA ਕੀਤੀ ਸੀ ਤੇ ਉਹ ਪਿਛਲੇ ਵਰ੍ਹੇ 30 ਦਸੰਬਰ ਤੋਂ ਲਾਪਤਾ ਸੀ। ਪਰ ਹੁਣ ਉਸ ਦੀ ਲਾਸ਼ ਸ਼ਿਕਾਗੋ ਦੇ ਵੈਸਟ ਗਾਰਫ਼ੀਲਡ ਪਾਰਕ ’ਚ ਖੜ੍ਹੀ ਉਸ ਦੀ ਆਪਣੀ ਹੀ ਕਾਰ ’ਚੋਂ ਬਰਾਮਦ ਹੋ ਗਈ ਹੈ। ਸੁਰੀਲ ਦੀ ਲਾਸ਼ ਇੱਕ ਕੰਬਲ਼ ’ਚ ਲਪੇਟੀ ਹੋਈ ਸੀ। ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਕਿਉਂਕਿ ਪੁਲਿਸ ਇਸ ਵੇਲੇ ਪੋਸਟ–ਮਾਰਟਮ ਰਿਪੋਰਟ ਉਡੀਕ ਰਹੀ ਹੈ। ਸੁਰੀਲ ਦੇ ਪਿਤਾ ਅਸ਼ਰਫ਼ ਡੱਬਾਵਾਲਾ ਸਕੌਮਬਰਗ ’ਚ ਡਾਕਟਰ ਹਨ ਤੇ ਇਹ ਪਰਿਵਾਰ ਗੁਜਰਾਤ ਤੋਂ ਹੈ। ਇਹ ਪਰਿਵਾਰ ਆਪਣੇ ਇਲਾਕੇ ’ਚ ਕਾਫ਼ੀ ਚਰਚਿਤ ਹੈ। ਡਾ. ਅਸ਼ਰਫ਼ ਪ੍ਰਵਾਸੀ ਭਾਰਤੀ ਭਾਈਚਾਰੇ ’ਚ ਕਾਫ਼ੀ ਹਰਮਨਪਿਆਰੇ ਹਨ। ਡੱਬਾਵਾਲਾ ਪਰਿਵਾਰ ਨੇ ਸੁਰੀਲ ਨੂੰ ਲੱਭਣ ਵਾਲੇ ਨੂੰ 10,000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਪੁਲਿਸ ਹੁਣ ਸੁਰੀਲ ਦੇ ਕਤਲ ਦਾ ਸੁਰਾਗ਼ ਲਾਉਣ ’ਚ ਜੁਟ ਗਈ ਹੈ। ਆਖ਼ਰ ਉਸ ਦਾ ਕਤਲ ਕਿਸ ਨੇ ਤੇ ਕਿਉਂ ਕੀਤਾ ਹੈ? ਅਜਿਹੇ ਸੁਆਲਾਂ ਦੇ ਜੁਆਬ ਪੁਲਿਸ ਅਧਿਕਾਰੀਆਂ ਨੂੰ ਲੱਭਣੇ ਹੋਣਗੇ। IANS ਦੀ ਰਿਪੋਰਟ ਮੁਤਾਬਕ ਹਾਲੇ ਟੌਕਸੀਕੌਲੋਜੀ ਰਿਪੋਰਟ ਵੀ ਨਹੀਂ ਆਈ, ਜਿਸ ਦੇ ਆਉਣ ’ਚ ਹਾਲੇ ਇੱਕ ਮਹੀਨਾ ਹੋਰ ਲੱਗ ਸਕਦਾ ਹੈ।

Be the first to comment

Leave a Reply