ਸ਼ਹੀਦ ਭਗਤ ਸਿੰਘ ਮੈਮੋਰੀਅਲ ਦੌੜ ਦਾ ਪਰੋਗਰਾਮ ਸਫਲਤਾ ਨਾਲ ਸੰਪੂਰਨ ਹੋਇਆ

10 ਜੂਨ ਨੂੰ ਸ਼ਹੀਦ ਭਗਤ ਸਿੰਘ ਮੈਮੋਰੀਅਲ ਸੁਸਾਇਟੀ ਵਲੋਂ 5 ਕਿਲੋਮੀਟਰ ਦੌੜ ਤੇ 3 ਕਿਲੋਮੀਟਰ ਵਾਕ ਕਰਵਾਈ ਗਈ। ਇਸ ਦੌੜ ਦਾ ਮੁੱਖ ਮਕਸਦ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਮਨੁੱਖਤਾਵਾਦੀ ਸੋਚ ਨੂੰ ਬੱਚਿਆਂ ਤੱਕ ਲੈ ਕੇ ਜਾਣਾ ਅਤੇ ਸਮਾਜ ਨੂੰ ਸਿਹਤਮੰਦ ਅਤੇ ਨਰੋਈਆਂ ਕਦਰਾਂ ਕੀਮਤਾਂ ਨਾਲ ਪਰਫੁੱਲਤ ਕਰਨਾ ਹੈ ਕਿਉਂਕਿ ਇਸ ਕੈਨੇਡੀਅਨ ਸਮਾਜ ਵਿੱਚ ਵੀ ਬਹੁਤ ਕੁੱਝ ਗਿਰਾਵਟ ਵਾਲਾ ਪਨਪ ਰਿਹਾ ਹੈ, ਉਸ ਬਾਰੇ ਜਾਗਰੂਕ ਹੋਣਾ ਲਾਜ਼ਮੀ ਹੈ। ਕਾਫੀ ਜ਼ਿਆਦਾ ਠੰਢੇ ਮੌਸਮ ਦੇ ਬਾਵਜੂਦ ਬਹੁਤ ਸਾਰੇ ਬੱਚੇ, ਜਵਾਨ ਤੇ ਬਜ਼ੁਰਗਾਂ ਨੇ ਸ਼ਮੂਲੀਅਤ ਕਰਕੇ ਇਸ ਈਵੈਂਟ ਦੀ ਕਾਮਯਾਬੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਲੋਕ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਕੇ 10 ਵਜੇ ਤੱਕ ਰਜਿਸਟ੍ਰੇਸ਼ਨ ਕਰਵਾਉਂਦੇ ਰਹੇ ਜਿਸਦੀ ਦੇਖ ਰੇਖ ਕਮਲ ਅਟਵਾਲ ਤੇ ਪਰਮਿੰਦਰ ਸਵੈਚ ਦੀ ਹਾਜ਼ਰੀ ਵਿੱਚ ਹੋਈ। ਤਕਰੀਬਨ ਸਾਢੇ ਅੱਠ ਵਜੇ ਲੋਕਾਂ ਨੂੰ ਦੌੜ ਦੀ ਤਿਆਰੀ ਲਈ ਆਕਸੀਜ਼ਨ ਯੋਗਾ ਕਰਵਾਇਆ ਗਿਆ ਤਾਂ ਕਿ ਬੱਚਿਆਂ ਵਿੱਚ ਦੌੜ ਦਾ ਆਕਰਸ਼ਣ ਵਧਾਇਆ ਜਾਵੇ। ਠੀਕ 9 ਵਜੇ ਛੋਟੇ ਬੱਚਿਆਂ ਦੀਆਂ ਦੌੜਾਂ ਸੰਤੋਖ ਢੇਸੀ ਨੇ ਮਾਇਕ ਤੋਂ ਬੋਲਦਿਆਂ ਹੋਇਆਂ ਸ਼ੁਰੂ ਕਰਵਾਈਆਂ। 6 ਸਾਲ ਤੋਂ ਛੋਟੇ ਬੱਚੇ ਜਿਨ੍ਹਾਂ ਨੇ 50 ਮੀਟਰ ਦੀ ਦੌੜ ਦੌੜੀ, ਉਸ ਵਿੱਚ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਲੜਕਿਆਂ ਵਿਚੋਂ ਕ੍ਰਮਵਾਰ ਗੁਰਸ਼ਾਨ ਥਾਂਦੀ, ਸੁਬੇਗ ਤੇ ਅਰਮਾਨ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਇਸੇ ਤਰ੍ਹਾਂ ਲੜਕੀਆਂ ਵਿੱਚੋਂ ਗੁਰਦਇਆ ਤੂਰ ਪਹਿਲੇ ਤੇ, ਆਰੀਆ ਦੂਜੇ ਤੇ ਅਤੇ ਪਰਮਜੀਤ ਤੀਜੇ ਨੰਬਰ ਤੇ ਰਹੀਆਂ। ਉਸ ਤੋਂ ਬਾਅਦ 200 ਮੀਟਰ ਦੀ ਦੌੜ ਵਿੱਚ 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਹਿੱਸਾ ਲਿਆ ਜਿਸ ਵਿੱਚ ਲੜਕਿਆਂ ਵਿੱਚੋਂ ਪਹਿਲੇ ਤੇ ਏਡਨ, ਦੂਜੇ ਤੇ ਗੁਰਅਨਹਦ ਤੇ ਤੀਸਰੇ ਤੇ ਵਰਦਾਨ ਰਿਹਾ। ਲੜਕੀਆਂ ਵਿੱਚੋਂ ਚਾਹਤ ਸਿੱਧੂ ਪਹਿਲੇ ਤੇ, ਜਸਕਰਨ ਢੇਸੀ ਦੂਜੇ ਤੇ ਅਤੇ ਅਵਰੀਨ ਤੇ ਹਰਸਾਇਆ ਤੀਜੇ ਸਥਾਨ ਤੇ ਰਹੀਆਂ। 400 ਮੀਟਰ ਦੀ ਦੌੜ ਵਿੱਚ 12 ਸਾਲ ਤੋਂ ਥੱਲੇ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਵਿੱਚ ਲੜਕਿਆਂ ਵਿਚੋਂ ਪਹਿਲੇ ਸਥਾਨ ਤੇ ਕਰਮਬੀਰ, ਦੂਜੇ ਸਥਾਨ ਤੇ ਸਿਹਾਨ ਤੇ ਤੀਜੇ ਸਥਾਨ ਤੇ ਅਜੀਤ ਰਿਹਾ। ਲੜਕੀਆਂ ਵਿੱਚੋਂ ਨੇਹਾ ਮਾਨ ਪਹਿਲੇ ਤੇ, ਜਸਕਰਨ ਢੇਸੀ ਦੂਜੇ ਤੇ ਅਤੇ ਜੈਯਾ ਲੂਪਰਾ ਤੀਸਰੇ ਤੇ ਰਹੀਆਂ।
ਇਸ ਤੋਂ ਬਾਅਦ 50 ਸਾਲ ਤੋਂ ਉੱਪਰ ਵਾਲਿਆਂ ਦੀ 100 ਮੀਟਰ ਦੀ ਦੌੜ ਕਰਵਾਈ ਗਈ ਜਿਸ ਵਿੱਚ ਮਰਦਾਂ ਵਿੱਚੋਂ ਪਹਿਲੇ ਸਥਾਨ ਤੇ ਨਗੇਸ਼, ਦੂਜੇ ਤੇ ਮੋਹਨ ਅਤੇ ਤੀਜੇ ਤੇ ਨਿਰੰਜਨ ਰਹੇ। ਇਸੇ ਤਰ੍ਹਾਂ ਔਰਤਾਂ ਵਿੱਚੋਂ ਹਰਬੰਸ ਪੁਰੇਵਾਲ ਪਹਿਲੇ ਤੇ, ਮਨਜੀਤ ਕੌਰ ਤੇ ਹਰਪਾਲ ਢਿੱਲੋਂ ਦੂਸਰੇ ਤੇ ਅਤੇ ਅਮਰਜੀਤ ਕੌਰ ਤੀਸਰੇ ਸਥਾਨ ਤੇ ਰਹੀਆਂ। ਇਸ ਦੌੜ ਦਾ ਮੁੱਖ ਈਵੈਂਟ 5 ਕਿਲੋਮੀਟਰ ਵਿੱਚ ਮਰਦਾਂ ਵਿੱਚੋਂ ਜੈਵੀਰ ਟਿਵਾਣਾ ਨੇ 17.16 ਮਿੰਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਦੂਸਰਾ ਸਪੈਂਸਰ ਫਾਸਮੁਸਨ ਨੇ 19.12 ਮਿੰਟ ਵਿੱਚ ਤੇ ਜਸ ਬਾਜਵਾ ਨੇ 19.54 ਮਿੰਟ ਵਿੱਚ ਤੀਸਰਾ ਸਥਾਨ ਲੈ ਕੇ ਫਾਸਲਾ ਤਹਿ ਕੀਤਾ। ਇਸੇ ਤਰ੍ਹਾਂ ਔਰਤਾਂ ਦੀ ਪੰਜ ਕਿਲੋਮੀਟਰ ਦੌੜ ਵਿੱਚ ਨਵਦੀਪ ਬੈੱਗ ਨੇ 22.50 ਮਿੰਟ ਵਿੱਚ ਪਹਿਲਾ, ਸ਼ਾਂਤਾ ਅਧਿਕਾਰੀ ਨੇ 22.25 ਮਿੰਟ ਵਿੱਚ ਦੂਜਾ ਤੇ ਜਸਵਿੰਦਰ ਢੱਟ ਨੇ 27.58 ਮਿੰਟ ਵਿੱਚ ਤੀਸਰਾ ਸਥਾਨ ਹਾਸਲ ਕੀਤਾ। 60 ਸਾਲਾਂ ਤੋਂ ਉਪਰ ਮਰਦਾਂ ਵਿੱਚ ਪਹਿਲੇ ਸਥਾਨ ਤੇ ਮੋਹਨ ਸ਼ਰਿਸ਼ਟਾ ਤੇ ਦੂਸਰੇ ਸਥਾਨ ਤੇ ਦੇਵਿੰਦਰਾ ਹਮਲ ਰਿਹਾ ਅਤੇ ਔਰਤਾਂ ਵਿੱਚ ਚੀਥਮ ਫੰਡੇ ਨੇ ਪਹਿਲਾ ਸਥਾਨ ਹਾਸਲ ਕੀਤਾ। ਉਸ ਤੋਂ ਬਾਅਦ ਇਨਾਮ ਵੰਡ ਸਮਾਰੋਹ ਕੀਤਾ ਗਿਆ ਜਿਸ ਵਿੱਚ ਸਭ ਤੋਂ ਪਹਿਲਾ ਕਮੇਟੀ ਦੇ ਆਗੂ ਮੈਂਬਰ ਹਰਭਜਨ ਚੀਮਾ ਨੇ ਭਗਤ ਸਿੰਘ ਦੀ ਸੋਚ ਬਾਰੇ ਵਿਚਾਰ ਦਿੰਦਿਆਂ ਇਥੋਂ ਦੀਆਂ ਸਮੱਸਿਆਵਾਂ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ। ਇਸ ਸਮੇਂ ਸ਼ਹੀਦ ਭਗਤ ਸਿੰਘ ਵਿਚਾਰਧਾਰਾ ਨੂੰ ਲੋਕਾਂ ਵਿੱਚ ਲਿਜਾਣ ਲਈ ਇੱਕ ਲੀਫਲੈੱਟ ਵੀ ਦਿੱਤਾ ਗਿਆ। ਲੋਕ ਇਸ ਦੌੜ ਵਿੱਚ ਹੁਮ ਹੁਮਾ ਕੇ ਆਏ ਅਤੇ ਨਾਲ ਸਰ੍ਹੀ ਫੂਡ ਬੈਂਕ ਲਈ ਕਾਫੀ ਫੂਡ ਵੀ ਇਕੱਠਾ ਹੋਇਆ ਜਿਹੜਾ ਬਾਅਦ ਵਿੱਚ ਕੁੱਝ ਕੈਸ਼ ਡਾਲਰਾਂ ਦੇ ਨਾਲ ਕਮੇਟੀ ਵਲੋਂ ਉਨ੍ਹਾਂ ਤੱਕ ਪਹੁੰਚਾ ਦਿੱਤਾ ਜਾਵੇਗਾ। ਆਖਰ ਵਿੱਚ ਕ੍ਰਿਪਾਲ ਬੈਂਸ, ਇਕਬਾਲ ਪੁਰੇਵਾਲ ਤੇ ਬਾਕੀ ਸਾਰੇ ਕਮੇਟੀ ਮੈਂਬਰਾਂ ਨੇ ਜੇਤੂਆਂ ਨੂੰ ਇਨਾਮ ਦਿੱਤੇ। ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਵਲੰਟੀਅਰਾਂ ਨੇ ਆਪਣੇ ਆਪਣੇ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਮੀਡੀਏ ਦਾ ਵੀ ਬਹੁਤ ਯੋਗਦਾਨ ਹੈ ਕਿਉਂਕਿ ਉਹਨਾਂ ਦੀ ਪਹੁੰਚ ਤੋਂ ਬਿਨ੍ਹਾਂ ਇਹੋ ਜਿਹੇ ਸਾਰਥਕ ਕੰਮ ਕਰਨੇ ਮੁਸ਼ਕਲ ਹੁੰਦੇ ਹਨ। ਅਸੀਂ ਸਾਰੇ ਵਲੰਟੀਅਰਾਂ, ਮੈਂਬਰਾਂ, ਮੀਡੀਆ, ਦੌੜ ਵਿੱਚ ਹਿੱਸਾ ਲੈਣ ਵਾਲਿਆਂ ਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਵਡਮੁੱਲਾ ਸਮਾਂ ਇਸ ਯੋਗ ਤੇ ਸਾਰਥਕ ਕੰਮ ਦੇ ਲੇਖੇ ਲਾਇਆ ਹੈ।

Be the first to comment

Leave a Reply