ਵਾਸ਼ਿੰਗਟਨ ਸਟੇਟ ਵਲੋਂ ਅਪ੍ਰੈਲ ਮਹੀਨਾ ਸਿੱਖ ਮਹੀਨੇ ਵਜੋਂ ਮਨਾਉਣ ਲਈ ਮਤਾ ਪਾਸ, ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ

ਬੋਲੇ-ਸੋ-ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਸਦਨ

ਸਿਆਟਲ, ( ਅਵਤਾਰ ਸਿੰਘ ਆਦਮਪੁਰੀ ) ਵਾਸ਼ਿੰਗਟਨ ਸਟੇਟ ਸਰਕਾਰ ਵਲੋਂ ਸਿੱਖਾਂ ਦਾ ਸਭ ਤੋਂ ਵੱਡਾ ਤਿਉਹਾਰ ਵਿਸਾਖੀ ਤੇ ਖ਼ਾਲਸੇ ਦੇ ਜਨਮ ਦਿਹਾੜੇ ਨੂੰ ਪੂਰੀ ਵਾਸ਼ਿੰਗਟਨ ਸਟੇਟ ਵਿਚ ਸਰਕਾਰੀ ਤੌਰ ‘ਤੇ ਸਿੱਖ ਮਹੀਨੇ ਵਜੋਂ ਮਨਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਅੱਜ ਵਾਸ਼ਿੰਗਟਨ ਸਟੇਟ ਕੈਪੀਟਲ ਹਾਊਸ ਉਲੰਪੀਆ ਵਿਖੇ ਸਟੇਟ ਦੇ ਸਾਰੇ ਸੈਨੇਟਰਾਂ ਨੇ ਸਟੇਟ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਊਸ ਵਿਚ ਮੌਜੂਦਗੀ ਦੌਰਾਨ ਇਹ ਮਤਾ ਪਾਸ ਕੀਤਾ। ਕੈਂਟ ਸਿਟੀ ਤੋਂ ਸਟੇਟ ਸੈਨੇਟਰ ਮੋਨਾ ਦਾਸ ਨੇ ਇਹ ਮਤਾ ਹਾਊਸ ਵਿਚ ਪੇਸ਼ ਕੀਤਾ, ਜਿਸ ਨੂੰ ਬਾਕੀ ਸਾਰੇ ਸੈਨੇਟਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਜਦੋਂ ਇਹ ਮਤਾ ਪਾਸ ਹੋਇਆ ਤਾਂ ਹਾਊਸ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਬੋਲਦੇ ਮੋਨਾ ਦਾਸ ਨੇ ਸਿੱਖਾਂ ਵਲੋਂ ਕੀਤੇ ਜਾਂਦੇ ਸੋਸ਼ਲ ਕੰਮਾਂ ਬਾਰੇ ‘ਤੇ ਸਿੱਖ ਕੌਮ ਵਲੋਂ ਕੀਤੀਆਂ ਕੁਰਬਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਮੋਨਾ ਦਾਸ ਕਾਫ਼ੀ ਭਾਵੁਕ ਵੀ ਹੋ ਗਈ। ਹਾਊਸ ਦੀ ਸਪੀਕਰ ਮੈਡਮ ਕੈਰਨ ਕਾਈਜਰ ਨੇ ਇਸ ਮੌਕੇ ਸਿੱਖਾਂ ਦੀ ਖੂਬ ਤਾਰੀਫ਼ ਕੀਤੀ ਤੇ ਕਿਹਾ ਕਿ ਅਮਰੀਕਾ ਦੀ ਤਰੱਕੀ ਵਿਚ ਸਿੱਖਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਅਪ੍ਰੈਲ ਮਹੀਨੇ ਨੂੰ ਸਿੱਖ ਮਹੀਨੇ ਵਜੋਂ ਮਨਾਉਣ ਦਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਬੋਲਣ ਵਾਲੇ ਸੈਨੇਟਰਾਂ ਵਿਚ ਮੋਨਿਕਾ ਢੀਂਗਰਾ, ਮਿਸਟਰ ਬੈਕਰ, ਮਿ: ਕੁੰਡਰਰ, ਮਿ: ਨੈਗੁਅਨ, ਮਿ: ਵਿਲਸਨ, ਮਿ: ਸਾਲਦਾਨਾ ਸ਼ਾਮਲ ਸਨ। ਹਾਊਸ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਦਲਜੀਤ ਸਿੰਘ (ਹੈੱਡ ਗ੍ਰੰਥੀ ਗੁਰਦੁਆਰਾ ਗੁਰੂ ਤੇਗ਼ ਬਹਾਦਰ ਜੀ) ਨੇ ਅਰਦਾਸ ਕੀਤੀ ਅਤੇ ਅਮਰਜੀਤ ਸਿੰਘ ਨੇ ਇੰਗਲਿਸ਼ ਵਿਚ ਅਰਦਾਸ ਦਾ ਤਰਜਮਾਨਾ ਕੀਤਾ। ਅੱਜ ਤਕਰੀਬਨ ਸਟੇਟ ਦੇ ਸਾਰੇ ਗੁਰੂਘਰਾਂ ਦੇ ਨੁਮਾਇੰਦੇ ਸ਼ਾਮਲ ਸਨ। ਆਏ ਸਾਰੇ ਮਹਿਮਾਨਾਂ ਲਈ ਚਾਹ-ਪਾਣੀ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ। ਅੱਜ ਦੇ ਇਸ ਇਤਿਹਾਸਕ ਦਿਨ ‘ਤੇ ਇਸ ਸਮੇਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ, ਜਿਨ੍ਹਾਂ ਵਿਚ ਗੁਰਦੁਆਰਾ ਸਿੰਘ ਸਭਾ ਰੈਂਟਨ ਦੇ ਪ੍ਰਧਾਨ ਜਗਮੋਹਰ ਸਿੰਘ ਵਿਰਕ, ਜਨਰਲ ਸਕੱਤਰ ਅਵਤਾਰ ਸਿੰਘ ਆਦਮਪੁਰੀ, ਗੁਰਦੁਆਰਾ ਸੱਚਾ ਮਾਰਗ ਦੇ ਜਨਰਲ ਸਕੱਤਰ ਹਰਸ਼ਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਾਨ ਸਾਬਕਾ ਪ੍ਰਧਾਨ, ਕੈਂਟ ਸਿਟੀ ਕੌਂਸਲ ਮੈਂਬਰ ਸਤਵਿੰਦਰ ਕੌਰ, ਡਾ: ਸਰਬਜੀਤ ਸਿੰਘ ਵਿਰਕ, ਜਗਦੇਵ ਸਿੰਘ ਧਾਲੀਵਾਲ, ਰਘੁਬੀਰ ਸਿੰਘ, ਯੂਨਾਈਟਿਡ ਸਿੱਖਸ ਦੇ ਬਲਵੰਤ ਸਿੰਘ, ਜੁਝਾਰ ਸਿੰਘ, ਤਨਵੀਰ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਚਾਵਲਾ, ਸਤਪਾਲ ਸਿੰਘ ਸਿੱਧੂ, ਸਤਿੰਦਰ ਕੌਰ ਚਾਵਲਾ, ਇਕਬੀਰ ਸਿੰਘ ਬਰ੍ਹਮ, ਮੋਹਨ ਸਿੰਘ, ਮਾਸਟਰ ਦਲਬੀਰ ਸਿੰਘ, ਸਤਪਾਲ ਸਿੰਘ ਪੁਰੇਵਾਲ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

Be the first to comment

Leave a Reply