
ਟੋਰਾਂਟੋ:-ਕੈਨੇਡਾ ‘ਚ ਚੋਣ ਪ੍ਰਚਾਰ ਦੌਰਾਨ ਬੀਤੇ ਬੁੱਧਵਾਰ ਨੂੰ ਫਰੈਂਚ ‘ਚ ਵਾਤਾਵਰਣ ਦੇ ਮੁੱਦੇ ਨੂੰ ਲੈ ਕੇ ਸਭ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਵਿਚਾਲੇ ਤਿੱਖੀ ਬਹਿਸ ਹੋਈ | ਬਹਿਸ ‘ਚ ਸ਼ਾਮਿਲ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਦੇ ਵਾਤਾਵਰਣ ਸਬੰਧੀ ਕੀਤੀਆਂ ਪਹਿਲ ਕਦਮੀਆਂ ਦਾ ਬਚਾਅ ਕੀਤਾ | ਇਸ ਬਹਿਸ ‘ਚ ਸ਼ਾਮਿਲ ਹੁੰਦਿਆਂ ਨਿਊ ਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਲੋਕਾਂ ਨੂੰ ਇਕੱਠੇ ਕਰਨ ਵਾਲੇ ਕਾਨੂੰਨਾਂ ਦੇ ਹੱਕ ਵਿਚ ਹਨ | ਕਿਊਬਕ ਵਿਚ ਸਰਕਾਰੀ ਮੁਲਾਜ਼ਮਾਂ ਲਈ ਡਿਊਟੀ ਸਮੇਂ ਧਾਰਮਿਕ ਚਿੰਨ੍ਹ ਪਹਿਨਣ ਦੀ ਪਾਬੰਦੀ ਬਾਰੇ ਬੀਤੇ ਜੂਨ ਮਹੀਨੇ ਵਿਚ ਬਣਾਏ ਗਏ ਕਾਨੂੰਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਵਿਤਕਰਾ ਕਰਨ ਵਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹਨ | ਜਗਮੀਤ ਨੇ ਕਿਹਾ ਕਿ ਸਾਨੂੰ ਲੋਕਾਂ ਨੂੰ ਇਕਜੁਟ ਕਰਨ ਬਾਰੇ ਸਰਗਰਮ ਰਹਿਣਾ ਚਾਹੀਦਾ ਹੈ | ਫਰੈਂਚ ਬਹਿਸ ਵਿਚ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ, ਕੰਜ਼ਰਵੇਟਿਵ ਪਾਰਟੀ ਦੇ ਆਗੂ ਐਾਡਰੀਊ ਸ਼ੀਅਰ ਅਤੇ ਬਲਾਕ ਕਿਊਬਕ ਪਾਰਟੀ ਦੇ ਆਗੂ ਇਵੇਸ ਫਰਾਂਸੁਆ ਬਲਾਂਚੇ ਵੀ ਸ਼ਾਮਿਲ ਹੋਏ | ਬਹਿਸ ਦਾ ਟੈਲੀਵਿਜ਼ਨ ਤੋਂ ਸਿੱਧਾ ਪ੍ਰਸਾਰਨ ਹੋਇਆ | ਸ੍ਰੀ ਟਰੂਡੋ ਨੇ ਆਪਣੇ ਮੁੱਖ ਵਿਰੋਧੀ ਸ੍ਰੀ ਸ਼ੀਅਰ ਨੂੰ ਕੁਝ ਮੁੱਦਿਆਂ ‘ਤੇ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਖੁੱਲ੍ਹ ਕੇ ਬਿੱਲ 21 (ਧਾਰਮਿਕ ਚਿੰਨ੍ਹਾਂ ਵਾਲੇ ਕਾਨੂੰਨ) ਨੂੰ ਵੰਗਾਰ ਨਹੀਂ ਸਕੇ | ਸ੍ਰੀ ਸ਼ੀਅਰ ਨੇ ਆਖਿਆ ਕਿ ਸ੍ਰੀ ਟਰੂਡੋ ਪਾਖੰਡੀ ਹੈ, ਕਿਉਂਕਿ ਇਕ ਪਾਸੇ ਉਹ ਵਾਤਾਵਰਣ ਦੇ ਰਾਖੇ ਹੋਣ ਦੀ ਗੱਲ ਕਰਦੇ ਹਨ ਅਤੇ ਦੂਸਰੇ ਪਾਸੇ ਚੋਣ ਪ੍ਰਚਾਰ ਲਈ ਉਨ੍ਹਾਂ ਵਲੋਂ ਤੇਲ ਨਾਲ ਚੱਲਣ ਵਾਲੇ ਦੋ ਜਹਾਜ਼ਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ | ਸ੍ਰੀ ਬਲਾਂਚੇ ਨੇ ਕੈਨੇਡਾ ਵਿਚ ਕਿਊਬਕ ਦੇ ਸਭਿਆਚਾਰ ਅਤੇ ਬੋਲੀ ਦੀ ਵੱਖਰੀ ਪਛਾਣ ਬਣਾਈ ਰੱਖਣ ‘ਤੇ ਜ਼ੋਰ ਦਿੱਤਾ ਅਤੇ ਆਖਿਆ ਕਿ ਕਿਊਬਕ ਦੀ ਨੁਮਾਇੰਦਗੀ ਲਈ ਬਲਾਕ ਕਿਊਬਕ ਦੇ ਵੱਧ ਤੋਂ ਵੱਧ ਸੰਸਦ ਮੈਂਬਰ ਚੁਣੇ ਜਾਣੇ ਚਾਹੀਦੇ ਹਨ | ਜਗਮੀਤ ਨੇ ਸ੍ਰੀ ਟਰੂਡੋ ਨੂੰ ਅਮੀਰਾਂ ਦੇ ਹਿਤਾਂ ਦੀ ਰਾਖੀ ਕਰਨ ਅਤੇ ਆਮ ਕਾਮਿਆਂ ਦੀ ਅਣਦੇਖੀ ਕਰਨ ਦਾ ਦੋਸ਼ ਵੀ ਲਗਾਇਆ | ਉਨ੍ਹਾਂ ਆਖਿਆ ਕਿ ਮੈਂ ਆਮ ਪ੍ਰਵਾਸੀ ਪਰਿਵਾਰ ‘ਚੋਂ ਹਾਂ ਅਤੇ ਅੱਗੇ ਵਧਣ ਲਈ ਜੂਝਣਾ ਜਾਂਦਾ ਹਾਂ |
Leave a Reply
You must be logged in to post a comment.